ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ

IMG-20240501-WA0723.resizedਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਓਹਨਾਂ ਦੇ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਸ: ਤਰਸੇਮ ਸਿੰਘ ਜੀ ਨੇ ਇਤਿਹਾਸਿਕ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ, ਪਤਨੀ ਸ਼ਹੀਦ ਸ: ਜਸਵੰਤ ਸਿੰਘ ਖਾਲੜਾ ਵੀ ਓਹਨਾਂ ਦੇ ਨਾਲ ਸਨ।

ਗੁਰੂ ਤੇਗ ਬਹਾਦਰ ਸਾਹਿਬ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦੀ ਅਰਦਾਸ ਕਰਨ ਉਪਰੰਤ ਕਾਫ਼ਲਾ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤੇ ਪੁੱਜਾ। ਜਿੱਥੇ ਪ੍ਰਬੰਧਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਣ ਦਾ ਫੈਸਲਾ ਕੀਤਾ ਹੈ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ: ਤਰਸੇਮ ਸਿੰਘ ਹੁਣਾਂ ਨੇ ਕਿਹਾ ਕਿ ਸਾਡਾ ਮੁੱਖ ਮੁੱਦਾ ਨੌਜਵਾਨਾਂ ਨੂੰ ਨਸ਼ਾ ਛੁਡਾਓਣਾ ਅਤੇ ਅੰਮ੍ਰਿਤ ਛਕਾ ਗੁਰੂ ਵਾਲੇ ਬਣਾਓਣਾ ਹੈ। ਨਸ਼ਾ ਹੀ ਸਮਾਜ ‘ਚ ਫੈਲੀਆਂ ਸਾਰੀਆਂ ਅਲਾਮਤਾਂ ਦਾ ਧੁਰਾ ਹੈ। ਨਸ਼ਾ ਰੋਕਣ ਵਿੱਚ ਹੁਣ ਤੱਕ ਸਾਰੀਆਂ ਸਰਕਾਰਾਂ ਅਸਮਰਥ ਰਹੀਆਂ ਹਨ। ਸਰਕਾਰਾਂ ਵਿੱਚਲੇ ਬੰਦੇ ਤੇ ਪ੍ਰਸ਼ਾਸਨ ਹੀ ਨਸ਼ਾ ਵਿਕਾਉਂਦੇ ਰਹੇ ਹਨ। ਨਸ਼ਾ ਕਰਕੇ ਨਸ਼ੇੜੀ ਪਹਿਲਾਂ ਆਪਣਾ ਘਰ ਤੋੜਦਾ ਹੈ, ਆਪਣੇ ਪਰਿਵਾਰ ਨੂੰ ਤਬਾਹ ਕਰਦਾ ਹੈ। ਫਿਰ ਨਸ਼ੇੜੀ ਜੁਰਮ ਦੀ ਦੁਨੀਆਂ ਵਿੱਚ ਵੜਦੇ ਨੇ। ਏਥੇ ਇਹ ਜੇਲ੍ਹਾਂ ‘ਚੋਂ ਕੰਮ ਕਰਦੇ ਗੈਂਗਸਟਰਾਂ ਦੇ ਹੱਥੇ ਚੜਦੇ ਹਨ। ਇਹ ਗੈਂਗਸਟਰ ਸਰਕਾਰਾਂ ਦੀ ਸ਼ਹਿ ਨਾਲ ਆਮ ਸ਼ਹਿਰੀਆਂ, ਜਿੰਨਾਂ ਵਿੱਚ ਹਿੰਦੂ ਤੇ ਸਿੱਖ ਦੋਵੇਂ ਹਨ, ਤੋਂ ਨਸ਼ੇੜੀਆਂ ਰਾਹੀਂ ਫਿਰੌਤੀਆਂ ਲੈਂਦੇ ਹਨ। ਪੰਜਾਬ ਵਿੱਚ ਕਿੰਨੇ ਹੀ ਕਤਲ ਹੋਏ ਨੇ ਜੋ ਨਸ਼ੇੜੀਆਂ ਨੇ ਕੁਝ ਪੈਸਿਆਂ ਖਾਤਰ ਕੀਤੇ। ਤਾਂ ਕਿ ਗੈਂਗਸਟਰਾਂ ਦੀ ਦਹਿਸ਼ਤ ਬਣੀ ਰਹੇ। ਬੇਸ਼ਕ ਗੈਂਸਟਰਾਂ ਨੂੰ ਵੀ ਸਿਸਟਮ ਵਰਤ ਰਿਹਾ ਹੈ। ਪਰ ਇਹ ਇੱਕ ਚੇਨ ਹੈ। ਇਸ ਸਾਰੇ ਤੰਤਰ ਤੋਂ ਬਚਣ ਲਈ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਰਹੇ ਹਨ। ਕੋਈ ਨਸ਼ੀਆਂ ਤੋੰ ਬਚਣ ਲਈ ਬਾਹਰ ਜਾਂਦਾ ਹੈ ਤੇ ਕੋਈ ਗੈਂਗਸਟਰਾਂ ਤੋਂ ਆਪਣੀ ਜਾਇਦਾਦ ਬਚਾਉਣ ਲਈ। ਪਰ ਬਾਹਰ ਭੱਜਿਆਂ ਨਸ਼ਿਆਂ ਤੋਂ ਖਹਿੜਾ ਨਹੀਂ ਛੁੱਟਣਾ। ਕਿਉਂਕਿ ਨਸ਼ੇ, ਗੈਂਗਸਟਰਾਂ ਦੀਆਂ ਧਮਕੀਆਂ ਤੇ ਗੋਲ਼ੀਆਂ ਓਥੇ ਵੀ ਪਹੁੰਚ ਗਈਆਂ ਹਨ ਜਿੱਥੇ ਤੁਸੀਂ ਪੰਜਾਬ ਛੱਡ ਕੇ ਜਾ ਰਹੇ ਹੋ। ਇਸ ਕਰਕੇ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਲੜਣੀ ਹੀ ਪਵੇਗੀ। ਨਸ਼ੇ ਪੰਜਾਬ ਨੂੰ ਸਿਆਸੀ ਤੌਰ ‘ਤੇ ਤਾਂ ਖੋਖਲਾ ਕਰ ਹੀ ਰਹੇ ਨੇ ਪਰ ਨਾਲ ਹੀ ਸਾਨੂੰ ਅਧਿਆਤਮਿਕ ਤੌਰ ‘ਤੇ ਵੀ ਕਮਜ਼ੋਰ ਕਰ ਰਹੇ ਹਨ। ਅਧਿਆਤਮ ਹੀ ਇੱਕ ਅਜਿਹਾ ਰਾਹ ਹੈ ਜਿਸ ਨਾਲ ਨਸ਼ਿਆਂ ਨੂੰ ਪੁੱਠਾ ਮੋੜਾ ਪਾਇਆ ਜਾ ਸਕਦਾ। ਇਹੀ ਕੋਸ਼ਿਸ਼ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕੀਤੀ ਸੀ।

ਓਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਸਰਕਾਰ ਨੇ ਬਹਾਨਾ ਜੋ ਵੀ ਬਣਾਇਆ ਹੋਵੇ, ਪਰ ਅੰਮ੍ਰਿਤਪਾਲ ਸਿੰਘ ਅਤੇ ਓਹਨਾਂ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਤਾਂ ਭੇਜਿਆ ਗਿਆ ਹੈ ਕਿਉਂਕਿ ਓਹਨਾਂ ਨਸ਼ਿਆਂ ਖ਼ਿਲਾਫ ਇੱਕ ਵੱਡੀ ਜੰਗ ਵਿੱਢ ਦਿੱਤੀ ਸੀ। ਓਹਨਾਂ ਕਿਹਾ ਕਿ ਨਸ਼ਿਆਂ ਖਿਲਾਫ ਸਾਡੀ ਇਹ ਲੜਾਈ ਜਾਰੀ ਰਹੇਗੀ। ਇਹ ਚੋਣ ਜਿੱਤਣਾ ਨਸ਼ਿਆਂ ਖ਼ਿਲਾਫ਼ ਲੜਾਈ ਦਾ ਇੱਕ ਅਹਿਮ ਪੜਾਅ ਹੈ। ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਨਸ਼ਿਆਂ ਖ਼ਿਲਾਫ਼ ਸਰਕਾਰਾਂ ਵੱਲੋਂ ਮੱਠੀ ਪਾਈ ਲੜਾਈ ਨੂੰ ਫੇਰ ਮਘਾਉਣ ਲਈ ਇਸ ਲੜਾਈ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿਓ।

ਇਸ ਪ੍ਰਚਾਰ ਮੁਹਿੰਮ ਦੌਰਾਨ ਗੁਰਿੰਦਰ ਸਿੰਘ ਮੋਹਾਲੀ ਸੀਨੀਅਰ ਨੌਜਵਾਨ ਲੀਡਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਲਖਵੀਰ ਸਿੰਘ ੰਫ ਉਮੀਦਵਾਰ ਚੰਡੀਗੜ੍ਹ, ਰਵਿੰਦਰ ਸਿੰਘ ਚੈੜੀਆਂ ਕਿਸਾਨ ਆਗੂ ਰੋਪੜ ਨੇ ਵੀ ਸਾਥ ਦਿੱਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>