ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਕੈਨੇਡੀਅਨ ਪੁਲਿਸ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਕੀਤਾ ਗ੍ਰਿਫਤਾਰ

IMG_20240504_171046.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਕੈਨੇਡੀਅਨ ਨਾਗਰਿਕ ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਦੀ ਇਕ ਅਦਾਲਤ ਵਿਚ ਪੁਲਿਸ ਵਲੋਂ ਦਾਇਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਿਕ ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਦੱਸੇ ਗਏ ਹਨ, ਭਾਰਤੀ ਨਾਗਰਿਕ ਹਨ ਤੇ ਉਹ ਕੈਨੇਡਾ 2021 ਵਿਚ ਵਿਜਟਰ ਅਤੇ ਸਟੂਡੈਂਟ ਵੀਜ਼ੇ ਉਪਰ ਪੁੱਜੇ ਸਨ। ਪੁਲਿਸ ਨੇ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਕੀਤੀ ਗਈ ਕਾਰਵਾਈ ਦੌਰਾਨ ਐਡਮਿੰਟਨ ਨੇੜੇ ਸਪਰੋਵ ਗਰੂਵ ਤੋਂ ਗ੍ਰਿਫ਼ਤਾਰ ਕੀਤਾ ਹੈ । ਜਾਂਚ ਟੀਮ ਪਿਛਲੇ ਕੁਝ ਮਹੀਨਿਆਂ ਤੋਂ  ਇਹਨਾਂ ਸ਼ੱਕੀਆਂ ਦੀ ਨਿਗਰਾਨੀ ਕਰ ਰਹੀ ਸੀ। ਸ਼ੰਕਾ ਹੈ ਕਿ ਇਹਨਾਂ ਦਾ ਸਬੰਧ ਭਾਰਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਹੈ ਜਿਸਨੇ ਮਈ 2022 ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ।

ਪੁਲਿਸ ਨੂੰ ਇਹਨਾਂ ਸ਼ੱਕੀ ਕਾਤਲਾਂ ਦੇ ਨਿੱਝਰ ਕਤਲ ਤੋਂ ਇਲਾਵਾ ਵਿੰਨੀਪੈਗ ਸਤੰਬਰ 2023 ਵਿਚ  ਇਕ ਗੈਂਗਸਟਰ ਸੁਖਦੂਲ ਗਿੱਲ ਉਰਫ ਸੁੱਖਾ ਦੁਨੇਕੇ ਅਤੇ ਐਡਮਿੰਟਨ ਨਵੰਬਰ 2023 ਵਿਚ ਬਿਜਨੈਸਮੈਨ ਹਰਪ੍ਰੀਤ ਉਪਲ ਤੇ ਉਸਦੇ 11 ਸਾਲਾ ਪੁੱਤਰ ਦੀ ਹੱਤਿਆ ਦੇ ਮਾਮਲੇ ਵਿਚ ਵੀ ਸ਼ਾਮਿਲ ਹੋਣ ਦੀ ਸ਼ੰਕਾ ਹੈ। ਗੈਂਗਸਟਰ ਸੁੱਖਾ ਦੁਨੇਕੇ ਪੰਜਾਬ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਸੀ ਜੋ 2017 ਵਿਚ ਜਾਅਲੀ ਪਾਸਪੋਰਟ ਤੇ ਕੈਨੇਡਾ ਪੁੱਜਾ ਸੀ।

ਸਰੀ ਵਿਖੇ ਆਰ ਸੀ ਐਮ ਪੀ ਦੇ ਹੈਡਕੁਆਰਟਰ ਵਿਖੇ ਪੁਲਿਸ ਵਲੋਂ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਨਿਝਰ ਕਤਲ ਕੇਸ ਨਾਲ ਜੁੜੀ ਜਾਂਚ ਅਤੇ ਫੜੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ 22 ਸਾਲਾ ਕਰਨ ਬਰਾੜ, 22 ਸਾਲ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਨਪ੍ਰੀਤ ਸਿੰਘ ਖਿਲਾਫ  ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ।

ਕਤਲ ਕੇਸ ਦੀ ਜਾਂਚ ਟੀਮ ਦੇ ਅਧਿਕਾਰੀ ਮਨਦੀਪ ਮੂਕਰ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਐਡਮਿੰਟਨ ਵਿੱਚ 3 ਮਈ ਸ਼ੁੱਕਰਵਾਰ ਦੀ ਸਵੇਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਦਾ ਪੁਲਿਸ ਕੋਲ ਪਹਿਲਾਂ ਕੋਈ ਰਿਕਾਰਡ ਨਹੀ ਸੀ। ਉਹ ਤਿੰਨੇ ਭਾਰਤੀ ਨਾਗਰਿਕ ਹਨ ਤੇ ਤਿੰਨ -ਚਾਰ ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਹਨ।

ਆਰ ਸੀ ਐਮ ਪੀ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਨੇ ਦੱਸਿਆ ਕਿ ਪੁਲਿਸ  ਦੁਆਰਾ ਇਕੱਠੇ ਕੀਤੇ ਸਬੂਤਾਂ ਅਤੇ ਕਤਲ ਪਿਛਲੇ ਉਦੇਸ਼ ਬਾਰੇ ਅਜੇ ਕੁਝ ਕਿਹਾ ਨਹੀ ਜਾ ਸਕਦਾ ਕਿਉਂਕਿ ਅਜੇ ਕਤਲ ਦੇ ਕਈ ਹੋਰ ਪਹਿਲੂਆਂ ਬਾਰੇ ਜਾਂਚ ਚੱਲ ਰਹੀ ਹੈ। ਪੁਲਿਸ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀ ਕਰਦੀ ਇਹਨਾਂ ਦਾ ਭਾਰਤ ਵਿਚ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਨਹੀ। ਜਾਂਚ ਅਧਿਕਾਰੀ ਮਨਦੀਪ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਕੇਸ ਵਿਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਜਿ਼ਕਰਯੋਗ ਹੈ ਕਿ ਕਤਲ ਦੀ ਘਟਨਾ ਤੋਂ ਬਾਦ ਪੁਲਿਸ ਅਧਿਕਾਰੀ  ਟਿਮੋਥੀ ਪਿਰੋਟੀ ਨੇ ਦੋ ਸ਼ੱਕੀਆਂ ਦੇ ਵੇਰਵੇ ਸਾਂਝੇ ਕੀਤੇ ਸਨ। ਉਹਨਾਂ ਦੱਸਿਆ ਸੀ ਦੋ ਸ਼ੱਕੀ – ਜਿਨ੍ਹਾਂ ਨੇ ਚਿਹਰੇ ਨੂੰ ਢੱਕਿਆ ਹੋਇਆ ਸੀ -ਸਰੀ ਦੀ  122 ਸਟਰੀਟ ‘ਤੇ ਕਾਗਰ ਕ੍ਰੀਕ ਪਾਰਕ ਵੱਲ ਭੱਜੇ ਸਨ, ਜਿਥੇ  ਉਨ੍ਹਾਂ ਨੂੰ ਪਹਿਲਾਂ ਹੀ ਇਕ ਗੱਡੀ ਵਿਚ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ।

ਜਿ਼ਕਰਯੋਗ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦਾ ਕਤਲ ਪਿਛਲੇ ਸਾਲ 18 ਜੂਨ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿਚ ਕੀਤਾ ਗਿਆ ਸੀ। ਸਿੱਖ ਸੰਸਥਾਵਾਂ ਵਲੋਂ ਇਸ ਕਤਲ ਪਿਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ। ਇਸ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਦਨ ਵਿਚ ਇਕ ਬਿਆਨ ਰਾਹੀਂ ਨਿੱਝਰ ਕਤਲ ਕੇਸ ਵਿਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਸਬੂਤ ਮਿਲਣ ਦਾ ਖੁਲਾਸਾ ਕੀਤਾ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>