“ਸਤਾ ਦੀਆਂ ਕੁਰਸੀਆਂ ਖਾਤਰ ਇੱਧਰ ਉੱਧਰ ਟਪੂਸੀਆਂ ਮਾਰਦੇ ਲੋਕ”

ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਨਾ ਹੀ ਕੋਈ ਦੋ ਰਾਵਾਂ ਹਨ ਕਿ ਅਸੀਂ ਮੱਧ ਵਰਗੀ ਪੰਜਾਬੀ ਲੋਕਾਂ ਨੇ…! ਪੰਜਾਬ ਵਿੱਚ ਰਹਿੰਦਿਆਂ ਹੋਇਆਂ ਨੇ ਗਰੀਬੀ ਹੋਣ ਕਰਕੇ, ਬੇਰੁਜਗਾਰੀ ‘ਤੇ ਰੁਜਗਾਰ ਦੇ ਸਾਧਨਾਂ ਦੀ ਘਾਟ ਕਰਕੇ, ਬੇਇਨਸਾਫੀ ਕਰਕੇ 25,25-30,30 ਸਾਲ ਤੱਕ ਵੀ ਇਨਸਾਫ ਨਾ ਮਿਲਣ ਕਰਕੇ, ਜੀਵਨ ਦੀ ਕੋਈ ਵੀ ਸੁਰਖਿਆ ਦੀ ਗਰੰਟੀ ਨਾ ਹੋਣ ਕਰਕੇ, ਟ੍ਰੈਫਿਕ ਨਿਯਮਾਂ ਦੀ ਘਾਟ ਕਾਰਨ ਰੋਜਾਨਾ ਹੀ ਸੈਕੜੇ ਜਾਨਾਂ ਦਾ ਸੜਕਾਂ ਉੱਤੇ ਰੁਲ਼ਣਾ,ਸਰਕਾਰੀ ਦਫਤਰੀ ਢਾਂਚੇ ਵਿੱਚ ਉਪਰੋਂ ਹੇਠ ਤੱਕ ਸਾਰਾ ਹੀ ਦਫਤਰੀ ਤਾਣਾ-ਬਾਣਾ ਭ੍ਰਿਸ਼ਟਾਚਾਰ ਰਿਸ਼ਵਤਖੋਰੀ ‘ਚ ਡੁੱਬਿਆ ਹੋਣ ਕਰਕੇ ਅਤੇ ਕਰਜਿਆਂ ਦੀ ਮਾਰ ਨੂੰ ਨਾ ਸਹਿੰਦਿਆਂ ਹੋਇਆਂ ਨੇ ਅਸੀਂ ਬੱਚਿਆਂ ਨੂੰ ਸੁਰਖਿਅਤ ਰੱਖਣ ਲਈ ਵਿਦੇਸ਼ਾਂ ਵੱਲ਼ ਭੇਜਣਾ ਸ਼ੁਰੂ ਕੀਤਾ ਹੈ।ਜਿੱਥੇ ਜਾ ਕੇ ਉਨ੍ਹਾਂ ਵਿੱਚ ਪੜ੍ਹਨ ਦੇ ਨਾਲ ਨਾਲ ਸੱਖਤ ਮਹਿਨਤ ਕਰਨ ਅਤੇ ਕੰਮ ਕਰਨ ਲਈ ਆਤਮ ਵਿਸ਼ਵਾਸ਼ ਵੀ ਵਧਿਆ ਹੈ।ਕੰਮ ਕਰਨ ਨੂੰ ਉਹ ਆਪਣਾ ਮੁਕੱਦਰ ਵੀ ਸਮਝਣ ਲੱਗ ਪਏ ਹਨ।ਜਦ ਕਿ ਪੰਜਾਬ ਵਿੱਚ ਰਹਿੰਦੇ ਬੱਚੇ ਵਿਆਹ ਹੋਣ ਬਾਅਦ ਆਪਣੇ ਬੱਚਿਆਂ ਦੇ ਬਾਪ ਬਨਣ ਤੱਕ ਦੇ ਬਾਵਯੂਦ ਵੀ ਆਪਣੇ ਮਪਿਆਂ ‘ਤੇ ਹੀ ਨਿਰਭਰ ਰਹਿੰਦੇ ਹਨ।ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਾਪੇ ਹੀ ਪ੍ਰਦਾਨ ਕਰਦੇ ਰਹਿੰਦੇ ਹਨ।

ਕੀ ਅਜਾਦੀ ਮਿਲਣ ਦੇ 76 ਸਾਲ ਬੀਤ ਜਾਣ ਬਾਅਦ ਵੀ ਅਸੀਂ ਸਾਰੇ ਹੀ ਰਲ਼ ਮਿਲ਼ ਕੇ ਕੋਈ ਵੀ ਸੁਧਾਰ ਨਹੀਂ ਕਰਵਾ ਸਕਾਂਗੇ?ਕੀ ਆਪਣੇ ਬਾਹਰ ਵੱਲ਼ ਭੱਜ ਰਹੇ ਬੱਚਿਆਂ ਨੂੰ ਇੱਥੇ ਹੀ ਨੌਕਰੀਆਂ ਨਹੀਂ ਦੁਆ ਸਕਾਂਗੇ?ਕੀ ਭ੍ਰਿਸ਼ਟ ਅਤੇ ਕੁਰਪੱਟ ਹੋ ਚੁੱਕੇ ਰਿਸ਼ਵਤਖੋਰੀ ਵਾਲੇ ਸਰਕਾਰੀ ਤਾਣੇ ਬਾਣੇ ਨੂੰ ਸੁਧਾਰ ਨਹੀਂ ਸਕਾਂਗੇ?ਹੁਣ ਪੰਜਾਬੀਓ ਅਜਾਦੀ ਮਿਲਣ ਦੇ ਛਿਆਤਰ ਸਾਲ ਬਾਅਦ ਕਿਸਾਨੀ ਸ਼ੰਘਰਸ਼ ਵਿੱਚ ਇੱਕ ਆਸ ਬੱਝੀ ਸੀ ਕਿ ਹੁਣ ਸਮਾਂ ਆ ਗਿਆ ਹੈ, ਪੰਜਾਬ ਦੀ ਤਕਦੀਰ ਬਦਲਣ ਦਾ, ਅਤੇ ਖੁਸ਼ਹਾਲੀ ਲਿਆਉਣ ਦਾ।ਜਿਸ ਵਾਰੇ ਵੀ ਦਿਲ ਵਿੱਚ ਬਹੁਤ ਵੱਡਾ ਵਹਿਮ ਜਿਹਾ ਪੈਦਾ ਹੋ ਗਿਆ ਸੀ ਕਿ ਹੁਣ ਵਿਦੇਸ਼ਾਂ ਵਾਂਗ ਬਦਲਦੇ ਯੁੱਗ ਦੀ ਕਿਸਮ ਦੀਆਂ ਸਾਰੀਆਂ ਸਹੂਲਤਾਂ ਮਾਣਦਾ ਹੋਇਆ ਸਾਰਾ ਪੰਜਾਬ ਵੀ ਸਿਖਿਆਵਾਨ ਹੋ ਕੇ ਸੂਝਵਾਨ ਬਣ ਗਿਆ ਹੈ।ਪਰ ਕੀ ਪਤਾ ਸੀ ਕਿ ਪਹਿਲਾਂ ਵਾਂਗ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਪਿਛਲੇ ਇਲੈਕਸ਼ਨ ਦੇ ਨੇੜੇ ਆਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ‘ਤੇ ਝੂਠੇ ਲਾਰੇ ਲਾ ਕੇ ਮੁਫਤ ਵਾਲੀਆਂ ਸਹੂਲਤਾਂ ਵੰਡ ਕੇ ਅਤੇ 76 ਸਾਲਾਂ ਵਿੱਚ ਲੋਕਾਂ ਨੂੰ ਸਿਰਫ ‘ਤੇ ਸਿਰਫ ਗਲੀਆਂ ਨਾਲੀਆਂ ਦੇ ਵਿਕਾਸ ਵਾਲੇ ਚੱਕਰਵਿਉ ਦੇ ਚੱਕਰ ‘ਚ ਪਾ ਕੇ ਇਸ ਵਿਕਾਸ ਦੇ ਨਾਮ ਹੇਠ ਖੁਸ਼ ਕਰਨ ਲਈ ਪੰਜ ਸਾਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਗਰਾਟਾਂ ਨੂੰ ਐਨ੍ਹ ਚੋਣ ਜਾਬਤੇ ਤੋਂ ਕੁੱਝ ਦਿਨ ਪਹਿਲਾਂ ਹੀ ਦੇਣਾ ਕੀ ਅਸਲ ਵਿਕਾਸ ਸੀ? ਕੀ ਇਹ ਲੋਕਾਂ ਨਾਲ ਕੀਤਾ ਜਾਣ ਵਾਲਾ ਕੋਝਾ ਮਜਾਕ ਨਹੀ ਸੀ ? ਜਿਹੜੀਆਂ ਕਿ  ਚੋਣ ਜਾਬਤਾ ਲਗਣ ਕਰਕੇ ਖਰਚੀਆਂ ਵੀ ਨਹੀਂ ਸੀ ਜਾ ਸਕਦੀਆਂ।ਇਹੀ ਵਿਕਾਸ ਗਰਾਟਾਂ ਪੰਜ ਸਾਲ ਦੇ ਪਹਿਲੇ ਸਾਲਾਂ ਦੇ ਸਮੇਂ ਵਿੱਚ ਵੀ ਦਿੱਤੀਆਂ ਜਾ ਸਕਦੀਆਂ ਹੋਣਗੀਆਂ।ਪੰਜ ਸਾਲ ਖਤਮ ਹੋਣ ਵੇਲੇ ਕਿਉਂ ਦਿੱਤੀਆਂ ਜਾ ਰਹiਆਂ ਸਨ ਇਹ ਗਰਾਟਾਂ ? ਬੜੇ ਕਮਾਲ ਦੀ ਗੱਲ ਹੈ ਕਿ ਖਜਾਨਾ ਮੰਤਰੀ ਪੰਜ ਸਾਲ ਖਜਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਢਿਡੋਰਾ ਪਿੱਟੀ ਗਿਆ।ਇਹ ਵਰਤਾਰਾ ਕੋਈ ਇੱਕ ਇੱਕਲੀ ਕਾਗਰਸ ਪਾਰਟੀ ਦਾ ਨਹੀ ਹੈ ਜਾਂ ਇੱਕਲੀ ਅਕਾਲੀ ਪਾਰਟੀ ਦਾ ਵੀ ਨਹੀ ਹੈ ਜਾਂ ਭਾਜਪਾ ਜਾਂ ਆਪ ਜਾਂ ਕੋਈ ਹੋਰ ਵੀ ਹੋਣ ਦਾ ਵੀ ਨਹੀਂ ਹੈ।ਸਗੋਂ ਇਹ ਵਰਤਾਰਾ ਪੰਜਾਬ ਦੇ ਲੋਕਾਂ ਨੂੰ ਭਰਵਾਉਣ ਵਾਲੀਆਂ ਸਾਰੀਆਂ ਹੀ ਸਿਆਸੀ ਪਰਟੀਆਂ ਕਰ ਰਹੀਆਂ ਸਨ ਅਤੇ ਕਰ ਰਹੀਆਂ ਹਨ।ਸਾਡੇ ਭੋਲੇ ਭਾਲੇ ਪੰਜਾਬੀ ਲੋਕ ਇਨ੍ਹਾਂ ਸਾਰਿਆਂ ਦੀਆਂ ਛੱਲੇਦਾਰ ਚੋਪੜਵੀਆਂ ਗੱਲਾਂ ਵਿੱਚ ਫਸ ਕੇ ਛਿਆਤਰ ਸਾਲ ਸਤਾ ਦੀਆਂ ਕੁਰਸੀਆਂ ‘ਤੇ ਬਿਠਾ ਕੇ ਆਪ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਰਹੇ ‘ਤੇ ਹੋ ਰਹੇ ਹੋ ਅਤੇ ਇਹ ਵੀ ਲਗਦੈ ਹਾਲੇ ਹੋਰ ਸਮਾਂ ਵੀ ਹੁੰਦੇ ਰਹੋਗੇ।

ਪਿੰਡਾਂ ਸ਼ਹਿਰਾਂ ਸਮੇਤ ਉਸ ਸਟੇਟ ਅਤੇ ਦੇਸ਼ ਦਾ ਵਿਕਾਸ ਸਤਾ ‘ਤੇ ਬੈਠੀਆਂ ਸਿਆਸੀ ਧਿਰਾਂ ਵਲੋਂ ਕਰਵਾਉਣਾ ਉਨ੍ਹਾਂ ਦੀ ਨੈਤਿਕ ਜਿਮੇਂਵਾਰੀ ਅਤੇ ਮੁਢਲਾ ਫਰਜ ਹੁੰਦਾ ਹੈ।ਇਹ ਕੋਈ ਜਨਤਾ ਉੱਤੇ ਅਹਿਸਾਨ ਨਹੀਂ ਕਰਦੇ।ਇਹ ਸਤਾ ਦੀਆਂ ਕੁਰਸੀਆਂ ਦਾ ਨਿੱਘ ਮਾਨਣ ਵਾਲੇ ਲੋਕ ਆਪਣੇ ਕੋਲੋਂ ਜਾ ਅਪਣੀ ਜੇਬ ਵਿੱਚੋਂ ਕੁੱਝ ਵੀ ਨਹੀਂ ਕਰਦੇ।ਅਸੀ ਸਾਰੇ ਹੀ ਸਰਕਾਰ ਦੇ ਖਜਾਨੇ ਵਿੱਚ ਜਾਣ ਵਾਲਾ ਟੈਕਸ ਬਹੁਤ ਸਾਰੇ ਰੂਪਾਂ ਵਿੱਚ ਅਸੀਂ ਸਾਰੇ ਹੀ ਉਹ ਟੈਕਸ ਭਰਦੇ ਹਾਂ।ਉਹ ਸਾਰਾ ਪੈਸਾ ਸਾਡਾ ਸਾਰਿਆਂ ਦਾ ਸਾਂਝਾ ਹੈ ਜਿਹੜਾ ਕਿ ਸਾਡੇ ਦੇਸ਼ ਦੇ ਪਿੰਡਾਂ, ਸ਼ਹਿਰਾਂ ਦੇ ਵਿਕਾਸ ਸਮੇਤ ਆਮ ਜਨਤਾ ਦੀਆਂ ਜਰੂਰੀ ਸਹੂਲਤਾਂ ਲਈ ਖਰਚਿਆ ਜਾਣਾ ਹੁੰਦਾ ਹੈ।ਪਰ ਇਹ ਸਤਾ ਮਾਨਣ ਵਾਲੇ ਲੋਕ ਜਿਨ੍ਹਾਂ ਨੂੰ ਸਤਾ ਵੀ ਅਸੀਂ ਲੋਕ ਹੀ ਦਿੰਦੇ ਹਾਂ।ਇਹ ਲੋਕ ਆਪਣੀ ਮਰਜੀ ਨਾਲ ਗਰਾਂਟਾਂ ਅਲਾਟ ਕਰਕੇ ਅਫਸਰਾਂ ਨਾਲ ਉਪਰੋਂ ਹੇਠਾਂ ਤੱਕ ਗੱਢ ਤੁੱਪ ਕਰਕੇ ਆਮ ਜਨਤਾ ਨੂੰ ਮੂਰਖ ਬਣਾ ਕੇ ਅੱਧ ਤੋਂ ਵੀ ਵੱਧ ਇਹ ਲੋਕ ਰਲ਼ ਮਿਲ ਕੇ ਛਕ ਜਾਂਦੇ ਹਨ।ਜਨਤਾ ਦਾ ਹੀ ਪੈਸਾ ਜਨਤਾ ‘ਤੇ ਹੀ ਸਹੀ ਢੰਗ ਨਾਲ ਖਰਚਿਆ ਨਹੀਂ ਜਾ ਰਿਹਾ।ਸਗੋਂ ਉਹ ਜਨਤਾ ਨੂੰ ਅਹਿਸਾਨ ਜਿੱਤਾ ਰਹੇ ਹਨ ਕਿ ਮੈਂ ਤੁਹਾਡੇ ਪਿੰਡ ਸ਼ਹਿਰ ਇਲਾਕੇ ਨੂੰ ਏਡੀ ਵੱਡੀ ਗਰਾਂਟ ਦਿੱਤੀ ਹੈ।ਜਦ ਕਿ ਅਸਲ ਵਿੱਚ ਉਸ ਨੇ ਸਾਨੂੰ ‘ਤੇ ਸਾਡੇ ਪਿੰਡ ਨੂੰ ਸਾਡੇ ਸ਼ਹਿਰ ਨੂੰ ਸਾਡੇ ਇਲਾਕੇ ਨੂੰ ਆਪਣੀ ਜੇਬ ਵਿਚੋਂ ਕੁੱਝ ਵੀ ਨਹੀਂ ਦਿੱਤਾ ਹੁੰਦਾ।ਸਗੋਂ ਸਾਡੀ ਜੇਬ ਵਿੱਚੋਂ ਕੱਟ ਹੋਏ ਸਾਡੇ ਟੈਕਸ ਦੇ ਪੈਸੇ ਵਿਚੋਂ ਹੀ ਦਿੱਤਾ ਗਿਆ ਹੁੰਦਾ ਹੈ।ਸਗੋਂ ਉਹ ਤਾਂ ਵਿੱਚੋਂ ਕਮਿਸ਼ਨ ਲੈ ਕੇ ਆਪਣੀ ਜੇਬ ਭਰ ਲੈਂਦੇ ਹਨ।

ਪੰਜਾਬ ਲਈ ਫਿਕਰ ਕਰਦੇ ਲੋਕੋ ਅਤੇ ਬੁੱਧੀਜੀਵੀਓ..! ਪੰਜਾਬੀਆਂ ਦੀ ਹੋ ਰਹੀ ਲੁੱਟ ਨੂੰ ਹੁਣ ਬਹੁਤ ਲੰਬਾ ਸਮਾਂ ਹੋ ਗਿਆ ਹੈ।ਇਹ ਲੁੱਟ ਬੰਦ ਹੋਣ ਦੇ ਕੋਈ ਵੀ ਅਸਾਰ ਵੀ ਨਜਰ ਨਹੀਂ ਆ ਰਹੇ।ਇਹ ਸਾਰੇ ਸਿਆਸੀ ਪਾਰਟੀਆਂ ਦੇ ਲੀਡਰ ਸਾਨੂੰ ਆਪਣੇ ਮਿੱਠੇ ਮਿੱਠੇ ਗੁੰਝਲਦਾਰ ਅਤੇ ਲੱਛੇਦਾਰ ਸ਼ਬਦਾਂ ਦੇ ਜਾਲ਼ਾਂ ਵਿੱਚ ਫਸਾ ਕੇ ਮਗਰ ਲਾ ਕੇ ਭਰਮਾ ਲੈਂਦੇ ਹਨ।ਅਸੀਂ ਵੀ ਬਿਨਾ ਸੋਚੇ ਸਮਝੇ ਇਨ੍ਹਾਂ ਵਲੋਂ ਬੁਣੇ ਹੋਏ ਜਾਲ਼ ਵਿੱਚ ਬਹੁਤ ਛੇਤੀ ਫਸਦੇ ਜਾ ਰਹੇ ਹਾਂ।ਜਦੋਂ ਇਨ੍ਹਾਂ ਨੂੰ ਲਗਦਾ ਹੈ ਕਿ ਮੈਨੂੰ ਕੁਰਸੀ ਨਹੀਂ ਮਿਲਣੀ ਅਥਵਾ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦੇਣੀ।ਇਹ ਲੋਕ ਬਿਨਾ ਕਿਸੇ ਦੀ ਪ੍ਰਵਾਹ ਕੀਤਿਆਂ ਕੁਰਸੀ ਦੇ ਲਾਲਚ ਵੱਸ ਕੁਰਸੀ ਤੱਕ ਪਹੁੰਚਣ ਲਈ ਸਾਰੇ ਅਸੂਲ ਛਿੱਕੇ ਟੰਗ ਕੇ ਦੂਜੀ ਹੋਰ ਸਿਆਸੀ ਪਾਰਟੀ ਵਿੱਚ ਵੱੜ ਕੇ ਜਿਸ ਨੂੰ ਪਹਿਲਾਂ ਬਹੁਤ ਬੁਰਾ ਭਲਾ ਕਹਿੰਦੇ ਸਨ।ਉਸੇ ਦੀਆਂ ਸਿਫਤਾਂ ਦੇ ਪੁਲ਼ ਬੰਨਣ ਲੱਗ ਜਾਂਦੇ ਹਨ।ਜਿਸ ਵਿੱਚੋਂ ਨਿਕਲੇ ਉਸੇ ਨੂੰ ਬੁਰਾ ‘ਤੇ ਮਾੜਾ ਕਹਿਣ ਲੱਗ ਜਾਂਦੇ ਹਨ।ਕਈ ਲੋਕਾਂ ਨੇ ਤਾਂ ਕੁਰਸੀ ਦੀ ਭੁੱਖ ਲਈ ਕੋਈ ਵੀ ਪਾਰਟੀ ਨਹੀਂ ਛੱਡੀ ਜਿਸ ਤੋਂ ਟਪੂਸੀ ਨਾ ਮਾਰੀ ਹੋਵੇ।ਇਹ ਲੋਕ ਸਾਡੇ ਕਿਸੇ ਦੇ ਵੀ ਹਿਤੈਸ਼ੀ ਨਹੀਂ ਹਨ ਸਾਡੇ ਲੋਕਾਂ ਨਾਲ ਇਨ੍ਹਾਂ ਦੀ ਕੋਈ ਹਮਦਰਦੀ ਵੀ ਨਹੀਂ ਹੁੰਦੀ।ਇਨ੍ਹਾਂ ਨੂੰ ਸਿਰਫ ‘ਤੇ ਸਿਰਫ ਕੁਰਸੀ ਹੀ ਪਿਆਰੀ ਹੁੰਦੀ ਹੈ।

ਕਾਸ਼ ਇਨ੍ਹਾਂ ਲੋਕਾਂ ਨੇ ਗੁਰੁ ਸਹਿਬਾਨਾਂ ਦੇ ਵੇਲੇ ਦੇ ਸਿੱਖਾਂ ਦਾ ਇਤਹਾਸ ਪੜ੍ਹਿਆ ਹੁੰਦਾ ਸ਼ਹੀਦ ਭਾਈ ਸਤੀ ਦਾਸ, ਸ਼ਹੀਦ ਭਾਈ ਮਤੀ ਦਾਸ, ਭਾਈ ਦਿਆਲਾ ਜੀ ਸਮੇਤ ਅਣਗਿਣਤ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦਾ ਇਤਹਾਸ ਪੜ੍ਹਿਆ ਹੁੰਦਾ।ਜਿਨ੍ਹਾਂ ਸਿਰੜੀ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਆਪਣੇ ਗਲ਼ਾ ਵਿੱਚ ਪੁਆ ਕੇ ਵੀ ਉਹ ਅਡੋਲ ਰਹੀਆਂ ਸਨ।ਗੁਰੁ ਸਾਹਿਬ ਜੀ ਦੇ ਸ਼ਾਹਿਬਜਾਦਿਆਂ ਨੂੰ ਵੀ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ ਸਨ।ੳਨ੍ਹਾਂ ਵੀ ਆਪਣਾ ਸਿਦਕ ਕਾਇਮ ਰੱਖਿਆ ਸਾਹਮਣੇ ਖੜ੍ਹੀ ਮੌਤ ਤੋਂ ਵੀ ਘਬਰਾਏ ਨਹੀਂ ਸਨ।ਅਣਗਿਣਤ ਯੋਧਿਆਂ ਨੇ ਰਾਜ ਸਤਾ ਨੂੰ ਸੁਧਾਰਨ ਖਾਤਰ ਕੁਰਸੀਆਂ ਨੂੰ ਠੋਕਰਾਂ ਮਾਰ ਕੇ ਜਾਨਾਂ ਕੁਰਬਾਨ ਕਰਵਾਈਆਂ ਸਨ।ਗੁਰੁ ਨਾਨਕ ਦੇਵ ਪਹਿਲੇ ਪਾਤਸ਼ਾਹਿ ਜੀ ਨੇ ਤਾਂ ਦਿੱਲੀ ਦੇ ਤੱਖਤ ‘ਤੇ ਬੈਠੇ ਹੋਏ ਬਾਦਸ਼ਾਹ ਬਾਬਰ ਨੂੰ ਮੂੰਹ ‘ਤੇ ਹੀ ਜਾਬਰ ਕਿਹਾ ਸੀ।ਪੰਜਾਬੀਆਂ ਦੀ ਕੌਮ ਦਾ ਪਿਛੋਕੜ ਸਤਾ ਮਾਨਣਾ ਨਹੀਂ ਸੀ ਸਗੋਂ ਆਪਣੇ ਆਪ ਨੂੰ ਕੁਰਬਾਨ ਕਰਾ ਕੇ ਸਤਾ ਕਰਦੇ ਲੋਕਾਂ ਨੂੰ ਲੋਕਾਂ ਦੇ ਹਿੱਤਾਂ ਮੁਤਾਬਕ ਸੁਧਾਰ ਕਰਨ ਯੋਗ ਬਨਾਉਣ ਵਾਲਾ ਰਿਹਾ ਹੈ।ਸਾਡਾ ਸੱਭ ਦਾ ਗਲ਼ਾ ਭਰ ਕੇ ਅੱਖਾਂ ਨਮ ਹੋ ਜਾਣਗੀਆਂ ਜੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਸਮੇਤ ਕੇਨੇਡਾ ਅਮਰੀਕਾ ਦੀ ਧਰਤੀ ਤੋਂ ਵਿੱਢੀ ਗਈ ਗਦਰ ਲਹਿਰ ਦੇ ਗਦਰੀ ਬਾਬਿਆਂ ਸਮੇਤ ਪੰਜਾਬ ਵਿੱਚ ਚੱਲੀ ਬਬਰ ਲਹਿਰ ਦੀ ਗੱਲ ਕਰੀਏ।ਇਸ ਸਮੇਂ ਦੇ ਇਨ੍ਹਾਂ ਯੋਧਿਆਂ ਦੀਆਂ ਜਾਇਦਾਦਾਂ ਜਬਤ ਹੋਈਆਂ, ਕਾਲੇ ਪਾਣੀਆਂ ਦੀਆਂ ਸਜਾਵਾਂ ਹੋਈਆਂ, ਲੰਬੀਆਂ ਜੇਲ੍ਹਾਂ ਕੱਟਣ ਬਾਅਦ ਵੀ ਫਾਂਸੀਆਂ ‘ਤੇ ਚੜ੍ਹਾਏ ਗਏ।ਇਨ੍ਹਾਂ ਅਤੇ ਇਨ੍ਹਾਂ ਦੇ ਕਿਸੇ ਵੀ ਵਾਰਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਭੁੱਖ ਨਹੀਂ ਸੀ।ਜੇ ਉਨ੍ਹਾਂ ਨੂੰ ਭੁੱਖ ਹੁੰਦੀ ਤਾਂ ਉਹ ਅਤੇ ਉਨ੍ਹਾਂ ਦੇ ਵਾਰਿਸਾਂ ਨੇ ਵੀ ਅੱਜ ਸਤਾ ਦੀਆਂ ਕੁਰਸੀਆਂ ਦਾ ਨਿੱਘ ਮਾਣ ਰਹੇ ਹੋਣਾ ਸੀ।ਉਨ੍ਹਾਂ ਦੇਸ਼ ਭਗਤਾਂ ਨੂੰ ਸਿਰਫ ਲੋਕ ਅਤੇ ਲੋਕਾਂ ਦੇ ਅਧਿਕਾਰ ਅਤੇ ਦੇਸ਼ ਅਤੇ ਪੰਜਾਬ ਦੇ ਹਿੱਤ ਜਿਆਦਾ ਪਿਆਰੇ ਸਨ।ਉਹ ਸਤਾ ਨੂੰ ਨਕਾਰਦੇ ਹੋਏ ਲੋਕਾਂ ਦੀਆਂ ਸੁਖ ਸਹੂਲਤਾਂ ਨੂੰ ਜਿਆਦਾ ਪਹਿਲ ਦੇਣ ਵਾਲੇ ਲੋਕ ਸਨ।ਉਹ ਕੁਰਸੀਆਂ ਲੈਣ ਖਾਤਰ ਇੱਧਰ ਉੱਧਰ ਟਪੂਸੀਆਂ ਨਹੀਂ ਸਨ ਮਾਰਦੇ।ਜਿਵੇਂ ਅੱਜ ਦੇ ਸਿਆਸੀ ਨੇਤਾ ਕੁਰਸੀ ਦੀ ਦੌੜ ਲਈ ਕਪੜਿਆਂ ਦੀ ਤਰ੍ਹਾਂ ਨਿੱਤ ਨਵੀਆਂ ਪਾਰਟੀਆਂ ਬਦਲ ਰਹੇ ਹਨ।ਸਮਝਦਾਰ ਲੋਕੋ ਬੁੱਧੀਜੀੜੀਓ ਉਠੋ ‘ਤੇ ਜਾਗੋ ਤੁਹਾਡੇ ਸਾਰਿਆਂ ਵਲੋਂ ਸਰਕਾਰ ‘ਤੇ ਦਬਾਓ ਬਣਾਇਆ ਜਾਵੇ ਕਿ ਪਾਰਟੀ ਬਦਲਣ ਵਾਲੇ ਕਿਸੇ ਵੀ ਨੇਤਾ ਅਤੇ ਵਰਕਰ ਨੂੰ ਕੋਈ ਵੀ ਸਿਆਸੀ ਪਾਰਟੀ 10-15 ਸਾਲ ਤੱਕ ਉਸ ਨੂੰ ਕਿਸੇ ਵੀ ਕਿਸਮ ਦਾ ਪਾਰਟੀ ਅਤੇ ਸਰਕਾਰ ਵਿੱਚ ਕੋਈ ਵੀ ਅਹੁਦਾ ਨਾ ਦਿੱਤਾ ਜਾ ਸਕੇ।

ਪੰਜਾਬ ਪੰਜਾਬੀ ਪੰਜਾਬੀਅਤ ਅਤੇ ਪੰਜਾਬੀਆਂ ਦਾ ਸੱਚਮੁਚ ਹੀ ਬਿਨਾ ਕਿਸੇ ਸਿਆਸੀ ਲੋਭ ਲਾਲਚ ਦਾ ਲਾਹਾ ਲੈਣ ਤੋਂ ਦਰਦ ਰੱਖਣ ਵਾਲੇ ਸਮਝਦਾਰ ਲੋਕੋ ਬੁੱਧੀਜੀਵੀਓ ਹੁਣ ਸਮਾਂ ਆ ਗਿਆ ਹੈ ਜਾਗਣ ਦਾ ਜਾਗ ਜਾਵੋ ……! ਤੁਸੀ ਸਾਰੇ ਹੀ ਬਹੁਤ ਗੰਭੀਰਤਾ ਭਰੀ ਤਿਆਰੀ ਨਾਲ ਬਿਨਾ ਅਕਾਵ ਥਕਾਵ ਤੋਂ ਉਨ੍ਹਾਂ ਦਾ ਭਲਾ ਕਰਨ ਲਈ ਸਾਰਿਆਂ ਨੂੰ ਸਮਝਾਓ।ਤੁਸੀ ਸਾਰੇ ਹੀ ਪੰਜਾਬੀ ਇਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਮੁਫਤ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਾਰੇ ਲੱਛੇਦਾਰ ਤਕਰੀਰਾਂ ਸੁਣ ਕੇ ਸਵਾਲ ਜਵਾਬ ਕਰੋ।ਉਨ੍ਹਾਂ ਨੂੰ ਕਵੋ ਕਿ ਸਾਨੂੰ ਮੁਫਤ ਵਿੱਚ ਮਿਲਣ ਵਾਲਾ ਕੁਝ ਨਹੀਂ ਚਾਹੀਦਾ।ਜਿਸ ਨਾਲ ਸਾਡੇ ਵਲੋਂ ਸਾਡੇ ਟੈਕਸ ਨਾਲ ਭਰਿਆ ਹੋਇਆ ਖਜਾਨਾ ਖਾਲੀ ਹੋ ਜਾਵੇ।ਜਿਸ ਕਰਕੇ ਅਸੀਂ ਕੇਂਦਰ ਦੇ ਕਰਜੇ ਹੇਠ ਦੱਬ ਜਾਈਏ।ਸਾਨੂੰ ਮੁਫਤ ਵਿੱਚ ਮਿਲਣ ਵਾਲੀ ਬਿਜਲੀ ਨਹੀ ਚਾਹੀਦੀ।ਸਾਨੂੰ ਨਿਰਵਿਘਨ ਲਗਾਤਾਰ ਬਿਜਲੀ ਸਪਲਾਈ ਦੀ ਲੋੜ ਹੈ।ਸਾਨੂੰ ਸਕੂਲਾਂ ਦੀ ਗਿਣਤੀ ਬੇਸ਼ੱਕ ਘੱਟ ਹੋਵੇ ਪਰ ਬੱਚਿਆਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਮੁਤਾਬਕ ਅਤੇ ਕਲਾਸ ਵਾਈਜ ਅਧਿਆਪਕ ਪੂਰੇ ਹੋਣੇ ਜਰੂਰੀ ਚਾਹੀਦੇ ਹਨ।ਅਧਿਆਪਕਾਂ ਤੋਂ ਸਿਰਫ ਪੜ੍ਹਾਈ ਦਾ ਹੀ ਕੰਮ ਕਰਵਾਇਆ ਜਾਵੇ।ਮਰਦਮ ਸ਼ੁਮਾਰੀ ਸਮੇਤ ਹੋਰ ਕਈ ਤਰ੍ਹਾਂ ਦੀਆਂ ਡਾਕਾਂ ਇੱਕਠੀਆਂ ਕਰਵਾਉਣੀਆਂ ਸਰਵੇ ਕਰਵਾਉਣੇ ਸੱਭ ਤਰ੍ਹਾਂ ਦੀਆਂ ਫਾਲਤੂ ਵਗਾਰਾਂ ਲੈਣੀਆਂ ਬੰਦ ਕਰਵਾਈਆਂ ਜਾਣ।ਸਿਰਫ ‘ਤੇ ਸਿਰਫ ਪੜ੍ਹਾਈ ਕਰਵਾਉਣ ਨੂੰ ਹੀ ਜਰੂਰੀ ਬਣਾਇਆ ਜਾਵੇ।ਫਿਰ ਭਾਵੇਂ ਅਧਿਅਪਕਾਂ ਦੁਆਰਾ ਪੜ੍ਹਾਏ ਬੱਚਿਆਂ ਦੇ ਯੋਗਤਾ ਟੈਸਟ ਹਰ ਤਿੰਨ ਮਹੀਨੇ ਬਾਅਦ ਸਬੰਧਿਤ ਕਮਿਸ਼ਨਰ, ਜਿਲ੍ਹਾ ਅਤੇ ਬਲਾਕ ਪੱਧਰ ਦੇ ਅਫਸਰਾਂ ਤੋਂ ਇਲਾਵਾ ਨੇੜੇ ਦੇ ਹਾਈ ‘ਤੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਵਲੋਂ ਹਰ ਪ੍ਰਾਇਮਰੀ ‘ਤੇ ਮਿਡਲ ਸਕੂਲ ਸਮੇਤ ਹਾਈ ਸਕੂਲਾਂ ਦੀ ਹਰ ਜਮਾਤ ਦੇ ਹਰ ਇੱਕ  ਬੱਚੇ ਦਾ ਸਿਖਿਆ ਦਾ ਪੱਧਰ ਚੈੱਕ ਕਰਨ ਲਈ ਵੀ ਭਾਵੇਂ ਕਰਵਾਏ ਜਾਣ।ਕਿਸੇ ਵੀ ਕੌਮ ਦੇ ਨਿਰਮਾਤਾ ਨੂੰ ਕੋਈ ਇਤਰਾਜ ਨਹੀਂ ਹੋਵੇਗਾ।ਪਰ ਸ਼ਰਤ ਇਹ ਕਿ ਗੈਰ ਵਿਦਿਅਕ  ਕੰਮ ਅਧਿਅਪਕਾਂ ਤੋਂ ਨਾ ਕਰਵਾਇਆ ਜਾਵੇ।ਇਸ ਸੂਰਤ ਵਿੱਚ ਭਾਵੇਂ ਬੱਚਿਆਂ ਦੇ ਵਿਦਿਅਕ ਟੈਸਟ ਦਾ ਸਾਰਾ ਵੇਰਵਾ ਸਕੂਲ ਦੀ ਵਿਜਟ ਬੂਕ ਅਤੇ ਲੋੌਗ ਬੂਕ ਵਿੱਚ ਵੀ ਦਰਜ ਕਰਨ ਦਾ ਕਿਸੀ ਨੂੰ ਕੋਈ ਵੀ ਇਤਰਾਜ ਨਹੀਂ ਹੋਵੇਗਾ।ਇਸ ਨਾਲ ਤਾਂ ਸਗੋਂ ਪੰਜਾਬ ਦੇ ਵਿਦਿਆ ਵਿਭਾਗ ਦਾ ਥੱਲੇ ਡਿੱਗ ਰਿਹਾ ਵਿਦਿਆ ਦਾ ਮਿਆਰ ਹੋਰ ਵੀ ਉੱਚਾ ਹੋ ਸਕੇਗਾ।

ਇਸ ਤੋਂ ਇਲਾਵਾ ਹਰ ਇੱਕ ਲਈ ਵੱਧੀਆ ਸਿਹਤ ਸਹੂਲਤਾਂ ਮਿਲਣੀਆਂ ਜਰੂਰੀ ਬਣਾਇਆ ਜਾਵੇ।ਸਰਕਾਰੀ ਦਫਤਰਾਂ ਵਿੱਚ ਬੈਠੇ ਅਫਸਰਾਂ ਸਮੇਤ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਖੋਰੀ ਕਰਨ ‘ਤੇ ਨੌਕਰੀਓ ਬਾਹਰ ਕੀਤਾ ਜਾਵੇ।ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜਗਾਰ ਦਿੱਤੇ ਜਾਣ ਦੀ ਪੂਰੀ ਗਰੰਟੀ ਦਿੱਤੀ ਜਾਵੇ।ਕਿਸਾਨਾਂ ਦੀ ਹਰ ਫਸਲ ਦੇ ਘਟੋ-ਘਟ ਸਮਰਥਨ ਮੁੱਲ ਅਨੂਸਾਰ ਖਰੀਦ ਦੀ ਪੂਰੀ ਗਰੰਟੀ ਦਾ ਵਿਕਲਪ ਹੋਵੇ।ਮਜਦੂਰਾਂ ਦੀ ਮਜਦੂਰੀ ਦੇ ਦਿਹਾੜੀ ਰੇਟ ਪੱਕੇ ਫਿਕਸ ਹੋਣੇ ਚਾਹੀਦੇ ਹਨ।ਕੁਦਰਤੀ ਆਫਤਾ ਦੁਆਰਾ ਫਸਲਾਂ ਦੇ ਹੋਏ ਨੁਕਸਾਨ ਤੋਂ ਇਲਾਵਾ ਮਜਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਫਸਲੀ ਬੀਮਾਂ ਸਕੀਮਾਂ ਲਾਗੂ ਕੀਤੀਆਂ ਜਾਣ।ਇਸ ਸੱਭ ਕੁੱਝ ਲਈ ਕਿਸੇ ਵੀ ਸਿਆਸੀ ਪਾਰਟੀ ਨੇ ਕੁੱਝ ਨਹੀ ਕਰਨਾ।ਉਨ੍ਹਾਂ ਤਾਂ ਸਾਨੂੰ ਭਰਮਾ ਕੇ ਮੂਰਖ ਬਣਾ ਕੇ ਸਤਾ ਖਾਤਰ ਇੱਕ ਸਿਆਸੀ ਪਾਰਟੀ ਤੋਂ ਦੂਜੀ ਸਿਆਸੀ ਪਾਰਟੀ ਵਿੱਚ ਵੜਨ ਲਈ ਇਧਰ ਉਧਰ ਟਪੂਸੀਆਂ ਮਾਰ ਸਤਾ ਵਾਲੀਆਂ ਕੁਰਸੀਆਂ ਹੀ ਹੱਥਿਆਉਣੀਆਂ ਹਨ।ਇਸ ਸੱਭ ਕੁੱਝ ਨੂੰ ਬੰਦ ਕਰਵਾਉਣ ਲਈ ਸਾਨੂੰ ਆਪ ਹਿੰਮਤ ਕਰਕੇ ਸਾਰੇ ਲੋਕਾਂ ਨੂੰ ਸੱਭ ਕੁੱਝ ਦਸਣਾ ਪਏਗਾ।ਹੁਣ ਮੌਕਾ ਆ ਗਿਆ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਸਮਝਣ ਦਾ। ਹੁਣ ਸਮਝਣਾ ਨਾ ਸਮਝਣਾ ਸਾਡੀ ਤੁਹਾਡੀ ਸਾਰਿਆਂ ਦੀ ਮਰਜੀ ਹੈ।ਬਾਅਦ ਵਿੱਚ ਪਛਤਾਵਾ ਕਰਕੇ ਕਿਸੇ ‘ਤੇ ਗਿਲਾ ਵੀ ਨਾ ਕਰਿਓ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>