ਕੁਦਰਤ ਅਤੇ ਮਨੁਖ ਦਾ ਰਿਸ਼ਤਾ : ਭੂਤ ਅਤੇ ਵਰਤਮਾਨ

ਮਨੁਖ ਦੀ ਹੋਂਦ ਅਤੇ ਆਰੰਭ ਨੂੰ ਕੁਦਰਤ ਤੋਂ ਵਖ ਨਹੀਂ ਕੀਤਾ ਜਾ ਸਕਦਾ ਹੈ। ਆਦਿ ਮਨੁਖ ਕੁਦਰਤੀ ਵਾਤਾਵਰਨ ਵਿਚ ਜੀਵਿਆ ਅਤੇ ਹੌਲੀ ਹੌਲੀ ਸੂਝ-ਸਮਝ ਦੀ ਸ਼ਕਤੀ ਨਾਲ ਅਜੋਕੇ ਸਥਾਨ ’ਤੇ ਪਹੁੰਚਿਆ। ਮਨੁਖ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਅਤੇ ਨੇੜੇ ਦਾ ਰਿਹਾ ਹੈ। ਹਰ ਮਨੁਖੀ ਜਰੂਰਤ ਨੂੰ ਕੁਦਰਤ ਨੇ ਪੂਰਾ ਕੀਤਾ ਹੈ। ਜੰਗਲਾਂ-ਬੇਲਿਆਂ ਵਿਚ ਰਹਿੰਦਾ ਹੋਇਆ ਵੀ ਮਨੁਖ ਅਗੇ ਵਧਿਆ। ਪਸ਼ੂ-ਪੰਛੀ ਅਤੇ ਜੰਗਲੀ ਜਾਨਵਰ ਉਸ ਦੇ ਮਿਤਰ ਬਣੇ। ਰੁੱਖਾਂ ਨੇ ਉਸ ਨੂੰ ਆਵਾਸ ਅਤੇ ਭੋਜਨ ਦਿਤਾ। ਹਰ ਵਸਤੂ ਜੋ ਮਨੁਖ ਲਈ ਜਰੂਰੀ ਸੀ, ਉਸ ਨੂੰ ਕੁਦਰਤ ਤੋਂ ਮਿਲੀ। ਕੁਦਰਤ ਨੇ ਮਨੁਖ ਨੂੰ ਅਪਣਤ ਦਾ ਅਹਿਸਾਸ ਦਿਤਾ। ਇਸ ਤਰ੍ਹਾਂ ਇਹ ਰਿਸ਼ਤਾ ਹੀ ਮਨੁਖੀ ਹੋਂਦ ਅਤੇ ਭਵਿਖ ਦਾ ਆਧਾਰ ਵੀ ਹੈ।

ਆਦਿ ਮਨੁਖ ਦਾ ਵਿਸ਼ਵਾਸ਼ ਕੁਦਰਤ ਨਾਲ ਸਾਂਝ ਭਰਪੂਰ ਸੀ, ਜਿਸ ਵਿਚ ਉਹ ਕੁਦਰਤੀ ਰੁੱਖਾਂ, ਜਾਨਵਰਾਂ ਅਤੇ ਵਰਤਾਰਿਆਂ ਦੀ ਉਪਾਸਨਾ ਕਰਦਾ ਸੀ। ਇਹੀ ਪ੍ਰਾਚੀਨ ਮਨੁਖ ਦਾ ਧਰਮ ਸੀ, ਜਿਸ ਨੂੰ ਧਰਮ ਅਧਿਐਨ ਵਿਚ ਆਤਮਵਾਦ, ਮਾਨਾ, ਟੋਟਮ ਫਟਿਸ਼ ਆਦਿ ਦੇ ਨਾਂ ਨਾਲ ਸਮਝਿਆ ਜਾਂਦਾ ਹੈ। ਪ੍ਰਕਿਰਤੀਵਾਦ ਸਮੁਚੀ ਕੁਦਰਤ ਨੂੰ ਪਰਾਭੌਤਿਕਤਾ ਤਕ ਲੈ ਜਾਂਦਾ ਹੈ, ਜਿਸ ਵਿਚ ਕੁਦਰਤ ਦੇ ਦਿਸਦੇ ਪਸਾਰ ਤੋਂ ਅਗੇ ਇਸ ਦੀ ਅੰਦਰੂਨੀ ਸ਼ਕਤੀ ਨੂੰ ਵੀ ਮਹਿਸੂਸ ਕੀਤਾ ਜਾਂਦਾ ਹੈ। ਵਖ ਵਖ ਧਰਮ ਪਰੰਪਰਾਵਾਂ ਵਿਚ ਕੁਦਰਤ ਨਾਲ ਇਕ ਪਵਿੱਤਰਤਾ ਅਤੇ ਦਿਵਯਤਾ ਦਾ ਅਹਿਸਾਸ ਜੁੜਿਆ ਹੋਣਾ ਇਹ ਸਪਸ਼ਟ ਕਰਦਾ ਹੈ ਕਿ ਮਨੁਖ ਲਈ ਹਮੇਸ਼ਾਂ ਹੀ ਕੁਦਰਤ ਬਹੁਤ ਅਹਿਮ ਰਹੀ ਹੈ। ਵਖ ਵਖ ਸਭਿਅਤਾਵਾਂ ਵਿਚ ਕੁਦਰਤ ਨਾਲ ਸਾਂਝ ਅਤੇ ਮਿੱਥਾਂ ਅਜ ਵੀ ਪ੍ਰਾਪਤ ਹੁੰਦੀਆਂ ਹਨ। ਉਪਰੋਕਤ ਸਥਿਤੀ ਦੀ ਜੇਕਰ ਵਰਤਮਾਨ ਸਮੇਂ ਨਾਲ ਤੁਲਨਾ ਕਰਨੀ ਹੋਵੇ ਤਾਂ ਬਹੁਤ ਵਡਾ ਫਰਕ ਦੇਖਣ ਨੂੰ ਮਿਲਦਾ ਹੈ। ਇਹ ਫਰਕ ਵਿਸ਼ਵਾਸ਼ ਤੋਂ ਲੈ ਕੇ ਮਨੁਖੀ ਅੰਤਰਮਨ ਦੀ ਹਰ ਤਹਿ ਤਕ ਫੈਲਿਆ ਹੋਇਆ ਹੈ, ਜਿਸ ਵਿਚ ਮਨੁਖ ਆਪਣੇ ਕੁਦਰਤ ਨਾਲ ਸੰਬੰਧ ਨੂੰ ਮੁੜ ਪਰਿਭਾਸ਼ਤ ਕਰਦਾ ਹੈ।

ਵਰਤਮਾਨ ਸਥਿਤੀ ਇਹ ਹੈ ਮਨੁਖ ਲਈ ਕੁਦਰਤ ਅਤੇ ਇਸ ਨਾਲ ਸੰਬੰਧਿਤ ਹਰ ਵਸਤੂ ਮਹਿਜ਼ ਸਰੋਤ ਬਣ ਕੇ ਰਹਿ ਗਈ ਹੈ। ਇਸ ਸਰੋਤ ਦੀ ਖੁਲ੍ਹੇਆਮ ਮਨੁਖੀ ਲਾਲਚ, ਸੁਆਰਥ ਅਤੇ ਹਿਤ ਲਈ ਲੁਟ ਕੀਤੀ ਜਾ ਰਹੀ ਹੈ। ਮੁਲਕ ਇਕ ਦੂਜੇ ਨਾਲ ਕੁਦਰਤੀ ਸਰੋਤਾਂ ’ਤੇ ਕਬਜ਼ਿਆਂ ਦੀ ਦੌੜ ਵਿਚ ਜੰਗਾਂ ਲੜ ਰਹੇ ਹਾਂ। ਇਸ ਨਾਲ ਘਾਣ ਕੁਦਰਤ ਦਾ ਹੀ ਕੀਤਾ ਜਾ ਰਿਹਾ ਹੈ। ਇਥੇ ਅਹਿਮ ਨੁਕਤਾ ਇਹੀ ਹੈ ਕਿ ਕੁਦਰਤੀ ਸਰੋਤਾਂ ਦੀ ਲੋੜ ਤਾਂ ਸਭ ਨੂੰ ਹੈ ਪਰ ਇਸ ਨੂੰ ਸੰਭਾਲਣ ਦਾ ਅਹਿਸਾਸ ਨਹੀਂ ਹੈ। ਕੁਦਰਤੀ ਵਾਤਾਵਰਨ ਦੀ ਹਰ ਵਿਅਕਤੀ ਨੂੰ ਲੋੜ ਹੈ, ਖਾਹਿਸ਼ ਹੈ ਕਿ ਉਹ ਸਾਫ ਹਵਾ ਵਿਚ ਸਾਹ ਲਵੇ ਅਤੇ ਕੁਦਰਤੀ ਭੋਜਨ ਦੀ ਪ੍ਰਾਪਤੀ ਹੋਵੇ ਪਰ ਇਸ ਲਈ ਕੁਦਰਤ ਨਾਲ ਆਪਣਾ ਰਿਸ਼ਤਾ ਸੁਧਾਰਨ ਦਾ ਜਤਨ ਨਹੀਂ ਕੀਤਾ ਜਾ ਰਿਹਾ ਹੈ। ਇਹ ਇਸੇ ਪ੍ਰਕਾਰ ਹੀ ਵਾਪਰ ਰਿਹਾ ਹੈ ਕਿ ਪਾਲਤੂ ਜਾਨਵਰ ਸਾਨੂੰ ਆਪਣੇ ਘਰਾਂ ਵਿਚ ਰਖਣ ਦਾ ਸ਼ੌਕ ਹੈ, ਪਰ ਉਨ੍ਹਾਂ ਦੇ ਕੁਦਰਤੀ ਠਕਾਣਿਆਂ ਦੀ ਹੁੰਦੀ ਤਬਾਹੀ ਨੂੰ ਰੋਕਣ ਵਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ। ਮਨੁਖੀ ਦੌੜ ਵਿਚ ਜੰਗਲਾਂ-ਬੇਲਿਆਂ ਅਤੇ ਕੁਦਰਤੀ ਸਥਾਨਾਂ ਦਾ ਹੋ ਰਿਹਾ ਘਾਣ ਮਨੁਖ ਦੁਆਰਾ ਕੀਤਾ ਜਾ ਰਿਹਾ ਨਜ਼ਾਇਜ ਕਬਜ਼ਾ ਹੀ ਹੈ। ਇਸ ਵਿਚ ਪਸ਼ੂ-ਪੰਛੀਆਂ ਅਤੇ ਜਾਨਵਰਾਂ ਦਾ ਇਸ ਧਰਤੀ ’ਤੇ ਜੋ ਹੱਕ ਹੈ, ਉਸ ਨੂੰ ਮਨੁਖ ਦੁਆਰਾ ਮਾਰਿਆ ਜਾ ਰਿਹਾ ਹੈ। ਮਨੁਖ ਆਪਣੇ ਮਨ ਦੀ ਸ਼ਾਂਤੀ ਲਈ ਪਹਾੜਾਂ ਅਤੇ ਜੰਗਲਾਂ ਵਿਚ ਜਾਂਦਾ ਹੈ, ਜਿਥੇ ਉਹ ਸਕੂਨ ਮਹਿਸੂਸ ਕਰਦਾ ਹੈ ਪਰ ਇਸ ਦੇ ਉਲਟ ਆਪਣੇ ਪੱਥਰਾਂ ਦੇ ਘਰਾਂ ਵਿਚ ਬੈਠ ਕੇ ਤਬਾਹੀ ਜੰਗਲਾਂ ਅਤੇ ਕੁਦਰਤ ਦੀ ਕਰਦਾ ਹੈ। ਕੁਦਰਤ ਨਾਲ ਉਸ ਦਾ ਪਿਆਰ ਜਾਂ ਨੇੜਤਾ ਹੁਣ ਮਹਿਜ਼ ਕੇਵਲ ਮਤਲਬ ਦੀ ਰਹਿ ਗਈ ਹੈ। ਇਸ ਵਿਚ ਕੋਈ ਪਵਿਤਰਤਾ ਜਾਂ ਪਿਆਰ ਦਾ ਅਹਿਸਾਸ ਨਹੀਂ ਹੈ। ਪ੍ਰਾਚੀਨ ਮਨੁਖ ਕੁਦਰਤ ਨਾਲ ਮੁਹਬਤ ਕਰਦਾ ਸੀ, ਸਤਿਕਾਰ, ਵਿਸ਼ਵਾਸ਼ ਅਤੇ ਪੂਜਾ ਕਰਦਾ ਸੀ। ਇਹ ਸਭ ਕੁਦਰਤ ਦੁਆਰਾ ਮਨੁਖ ਦੀ ਕੀਤੀ ਜਾਂਦੀ ਸੇਵਾ ਦੇ ਇਵਜ਼ ਵਜੋਂ ਹੁੰਦਾ ਹੈ। ਕੁਦਰਤ ਮਨੁਖ ਦੀ ਜ਼ਰੂਰਤ ਨੂੰ ਸਦਾ ਪੂਰਾ ਕਰਦੀ ਆਈ ਹੈ ਅਤੇ ਕਰਦੀ ਰਹੇਗੀ ਪਰ ਮਨੁਖੀ ਲਾਲਚ ਇਸ ਪ੍ਰਕਿਰਿਆ ਨੂੰ ਤਬਾਹ ਕਰ ਦੇਵੇਗਾ। ਅਜੋਕੇ ਮਨੁਖ ਦੀ ਪ੍ਰਵਿਰਤੀ ਆਪਣੇ ਆਲੇ ਦੁਆਲੇ ਪ੍ਰਤੀ ਨਫੇ-ਨੁਕਸਾਨ ਦੇ ਮਾਪਦੰਡ ‘ਤੇ ਟਿਕਦੀ ਹੈ। ਉਹ ਆਪਣੇ ਸਮਾਜਿਕ, ਪਰਿਵਾਰਕ ਅਤੇ ਕੁਦਰਤੀ ਨਾਲ ਰਿਸ਼ਤਿਆਂ ਨੂੰ ਅਜਿਹੇ ਫੋਕਟ ਪੈਮਾਨਿਆਂ ਰਾਹੀਂ ਪਰਖਦਾ ਅਤੇ ਨਿਭਾਂਉਂਦਾ ਹੈ, ਇਹੀ ਕਾਰਨ ਹੈ ਕਿ ਅਜ ਮਨੁਖ ਲਈ ਨੈਤਿਕ, ਸਮਾਜਕ ਅਤੇ ਕੁਦਰਤੀ ਕੀਮਤਾਂ ਕੋਈ ਥਾਂ ਨਹੀਂ ਰਖਦੀਆਂ। ਇਹ ਮਨੁਖ ਦਾ ਹੋਛਾਪਣ ਹੀ ਹੈ, ਉਹ ਭਾਵਨਾ, ਪਿਆਰ ਅਤੇ ਜਿੰਮੇਵਾਰੀ ਨੂੰ ਵੀ ਵਸਤੂ ਦੀ ਤਰ੍ਹਾਂ ਹੀ ਮਾਪਦਾ ਹੈ। ਵਿਸ਼ਵ ਵਿਚ ਕੁਦਰਤ ਦੀ ਸੰਭਾਲ ਅਤੇ ਪੈਦਾ ਹੁੰਦੇ ਖਤਰਿਆਂ ਸੰਬੰਧੀ ਸੰਮੇਲਨਾਂ ਵਿਚ ਵਖ ਵਖ ਮੁਲਕ ਕੁਦਰਤੀ ਪ੍ਰਤੀ ਆਪਣੇ ਜਿੰਮੇਵਾਰੀ ਤਹਿ ਕਰਨ ਪਿਛੇ ਹੀ ਲੜੀ ਜਾ ਰਹੇ ਹਨ। ਇਸ ਸੰਬੰਧੀ ਉਹ ਕੇਵਲ ਮਨੁਖੀ ਹੋਂਦ ਦੇ ਖਾਤਮੇ ਦੇ ਡਰ ਕਾਰਨ ਜੁੜ ਤਾਂ ਬੈਠੇ ਹਨ, ਪਰ ਉਨ੍ਹਾਂ ਦੀ ਪ੍ਰਵਿਰਤੀ ਜਾਂ ਸੁਭਾਅ ਵਿਚ ਕੋਈ ਪਰਿਵਰਤਨ ਨਹੀ ਹੈ। ਸੋ ਇਸ ਲਈ ਅਹਿਮ ਲੋੜ ਹੈ ਅਸੀਂ ਕੁਦਰਤ ਨਾਲੋਂ ਟੁਟੀ ਹੋਈ ਮੁਹਬਤ ਦੀ ਤੰਦ ਨੂੰ ਮੁੜ ਜੋੜੀਏ। ਆਪਸੀ ਪਿਆਰ ਨੂੰ ਮੁੜ ਸੁਰਜੀਤ ਕਰੀਏ…। ਇਹ ਕਿਸੇ ਡਰ ਕਾਰਨ ਨਹੀਂ…ਸਗੋਂ ਜਿੰਮੇਵਾਰੀ ਨਾਲ ਤੇ ਜਿੰਮੇਵਾਰੀ ਤੋਂ ਵੀ ਅਗੇ ਪਿਆਰ ਜਾਂ ਅਹਿਸਾਸ ਨਾਲ ਹੋਵੇ ਤੇ ਕੁਦਰਤ ਵਲ ਪਰਤੀਏ। ਕੁਦਰਤ ਦੀਆਂ ਬਾਹਾਂ ਸਾਨੂੰ ਸਦਾ ਫੈਲੀਆਂ ਹੋਈਆਂ ਮਿਲਣਗੀਆਂ। ਇਹ ਯਕੀਨੀ ਹੈ ਮਨੁਖ ਦਾ ਮਨੁਖਤਵ ਜੋ ਉਸ ਪਾਸੋਂ ਗੁਆਚ ਚੁਕਾ ਹੈ, ਉਹ ਵੀ ਪਰਤ ਆਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>