ਸਾਡੀ ਡਿਜ਼ੀਟਲ ਲਾਈਫ਼

ਐਜ਼ਰਾ ਕਲੇਨ ˈਦਾ ਨਿਊਯਾਰਕ ਟਾਈਮਜ਼ˈ ਦਾ ਕਾਲਮਨਵੀਸ ਹੈ।  ਚਰਚਿਤ ਪੱਤਰਕਾਰ ਹੈ ਅਤੇ ˈਐਜ਼ਰਾ ਕਲੇਨ ਸ਼ੋਅˈ ਨਾਂਅ ਦਾ ਟੈਲੀਵਿਜ਼ਨ ਪ੍ਰੋਗਰਾਮ ਪੇਸ਼ ਕਰਦਾ ਹੈ।

ਬੀਤੇ ਦਿਨੀਂ ਮੈਂ ਉਸਦਾ ਇਕ ਆਰਟੀਕਲ ਪੜ੍ਹ ਰਿਹਾ ਸਾਂ ਜਿਸ ਵਿਚ ਉਸਨੇ ਆਪਣੀ ਡਿਜ਼ੀਟਲ ਲਾਈਫ਼ ਵਿਚ ਜਮ੍ਹਾਂ ਹੋਏ ਕਬਾੜ ਦੇ ਢੇਰਾਂ ਦਾ ਜ਼ਿਕਰ ਕੀਤਾ ਸੀ।  ਉਸਨੇ ਦੱਸਿਆ ਸੀ ਕਿ 10 ਲੱਖ ਦੇ ਕਰੀਬ ਈ ਮੇਲ ਬਿਨ੍ਹਾਂ ਪੜ੍ਹੇ ਪਈਆਂ ਹਨ।  ਉਹ ਇਹ ਵੀ ਜਾਣਦਾ ਹੈ ਕਿ ਉਨ੍ਹਾਂ ਵਿਚ ਯਕੀਨਨ ਕੁਝ ਜ਼ਰੂਰੀ ਈ ਮੇਲ ਵੀ ਹਨ।  ਪਰ ਉਸਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਕਿਵੇਂ ਢੰਗ-ਸਿਰ ਕਰੇ ਅਤੇ ਜ਼ਰੂਰੀ ਦੀ ਛਾਂਟੀ ਕਰਕੇ ਉਨ੍ਹਾਂ ਨੂੰ ਪੜ੍ਹ ਸਕੇ।  ਇਹਦੇ ਵਿਚ ਅਜਿਹੀ ਕੋਈ ਵੀ ਤਕਨੀਕੀ ਸਹੂਲਤ ਉਸਦੇ ਕੰਮ ਨਹੀਂ ਆ ਰਹੀ।

ਅਖ਼ੀਰ ਵਿਚ ਉਹ ਕਹਿੰਦਾ ਹੈ ਕਿ ਮੇਰੀ ਡਿਜ਼ੀਟਲ ਲਾਈਫ਼ ਬਾਗ਼-ਬਗੀਚੇ ਵਰਗੀ ਹੋਣੀ ਚਾਹੀਦੀ ਹੈ ਜਿੱਥੇ ਉਹ ਤਰੋਤਾਜ਼ਾ ਹੋਣ ਲਈ ਜਾਵੇ।  ਨਾਲ ਹੀ ਪੁੱਛਦਾ ਹੈ – ਕੀ, ਅਜਿਹਾ ਸੰਭਵ ਹੈ?  ਸੱਚਮੁਚ ਸਾਡੀ ਡਿਜ਼ੀਟਲ ਲਾਈਫ਼ ਬੜੀ ਗੁੰਝਲਦਾਰ, ਬੜੀ ਉਕਾਊ, ਬੜੀ ਤਣਾਓ ਭਰੀ ਹੋ ਗਈ ਹੈ।  ਹਰ ਕੋਈ ਇਹਦੇ ਵਿਚ ਰਹਿਣਾ ਵੀ ਚਾਹੁੰਦਾ ਹੈ, ਨਹੀਂ ਵੀ ਰਹਿਣਾ ਚਾਹੁੰਦਾ।  ਸੋਸ਼ਲ ਮੀਡੀਆ ਦੇ ਵੱਡੇ ਵੱਡੇ ਫੰਨੇ ਖਾਂ ਇਸਤੋਂ ਤੌਬਾ ਕਰ ਗਏ ਹਨ।  ਫੇਸਬੁੱਕ ਦੇ ਧਨੰਤਰ ਇਸ ਨੂੰ ਅਲਵਿਦਾ ਕਹਿ ਗਏ ਹਨ।  ਇੰਟਰਨੈਟ ਦੀ ਦੁਨੀਆਂ ਤੋਂ ਕਰੋੜਾਂ ਲੋਕ ਅੱਕੇ ਪਏ ਹਨ।  ਈ ਮੇਲ, ਮੈਸਜ, ਵੱਟਸਐਪ ਦਾ ਕਚਰਾ ਸਾਫ਼ ਕਰ ਕਰ ਥੱਕੇ ਪਏ ਹਨ।

ਕੋਈ ਬੇਨਤੀਆਂ ਕਰ ਰਿਹਾ ਮੈਨੂੰ ਟੈਗ ਨਾ ਕਰੋ।  ਕੋਈ ਤਰਲੇ ਲੈ ਰਿਹਾ ਮੈਨੂੰ ਬਲੋੜੇ ਮੈਸਜ਼ ਨਾ ਭੇਜੋ।  ਕੋਈ ਧਮਕੀਆਂ ਦੇ ਰਿਹਾ ਮੈਨੂੰ ਧੱਕੇ ਨਾਲ ਗਰੁੱਪਾਂ ਵਿਚ ਸ਼ਾਮਲ ਨਾ ਕਰੋ।  ਡਿਜ਼ੀਟਲ ਲਾਈਫ਼ ਲੜਾਈ ਦਾ ਮੈਦਾਨ ਬਣ ਗਈ ਹੈ।
ਮੈਂ ਇਕ ਡਾਕਟਰ ਨੂੰ ਵੇਖਿਆ ਕਿ ਇਕ ਮਰੀਜ਼ ਤੋਂ ਦੂਸਰੇ ਮਰੀਜ਼ ਵਿਚਾਲੇ ਮਿਲਦੇ ਭੋਰਾ ਜਿਹੇ ਵਕਤ ਨੂੰ ਉਹ ਫਾਲਤੂ ਈ ਮੇਲ ਡਲੀਟ ਕਰਨ ਲਈ ਵਰਤ ਰਿਹਾ ਸੀ।

ਮਨੁੱਖ ਅਤੇ ਮਸ਼ੀਨ ਵਿਚ ਅੰਤਰ ਹੈ।  ਇਹ ਕੁਦਰਤ ਦੀ ਸਿਰਜੀ ਹੋਈ ਮਸ਼ੀਨ ਹੈ।  ਪਰ ਅਜੋਕੇ ਡਿਜ਼ੀਟਲ ਦੌਰ ਵਿਚ ਮਨੱਖ ਦੁਆਰਾ ਬਣਾਈਆਂ ਅਤੇ ਕੁਦਰਤ ਦੁਆਰਾ ਸਿਰਜੀ ਇਸ ਮਸ਼ੀਨ ਵਿਚਲਾ ਅੰਤਰ ਘੱਟਦਾ ਜਾ ਰਿਹਾ ਹੈ।
ਜਦੋਂ ਤੁਸੀਂ ਸੋਸ਼ਲ ਮੀਡੀਆ ʼਤੇ ਕਿਸੇ ਨੂੰ ਬੁਰਾ ਭਲਾ ਕਹਿੰਦੇ ਹੋ, ਬੋਲ ਕਬੋਲ ਲਿਖਦੇ ਹੋ, ਗਾਲੀ ਗਲੋਚ ਕਰਦੇ ਹੋ।  ਕਿਸੇ ਨੂੰ ਨਿਸ਼ਾਨਾ ਬਣਾ ਕੇ ਪੋਸਟਾਂ ਪਾਉਂਦੇ ਹੋ ਤਾਂ ਤੁਸੀਂ ਤੰਦਰੁਸਤ ਨਹੀਂ ਹੋ।  ਕੋਈ ਨਾ ਕੋਈ ਸਰੀਰਕ ਮਾਨਸਿਕ ਵਿਗਾੜ ਉੱਭਰ ਆਏ ਹਨ ਅਤੇ ਉਹ ਡਿਜ਼ੀਟਲ ਲਾਈਫ਼ ਦੇ ਹੀ ਪੈਦਾ ਕੀਤੇ ਹੋਏ ਹਨ।

ਸ਼ੁਰੂ ਵਿਚ ਛੇਤੀ ਕੀਤੇ ਅਜਿਹਾ ਵਿਅਕਤੀ ਮੰਨਣ ਸਮਝਣ ਲਈ ਤਿਆਰ ਨਹੀਂ ਹੁੰਦਾ ਕਿ ਉਹ ਬੁਰੀ ਤਰ੍ਹਾਂ ਡਿਜ਼ੀਟਲ ਲਾਈਫ਼ ਵਿਚ ਘਿਰ ਗਿਆ ਹੈ।  ਉਸਨੂੰ ਸੋਸ਼ਲ ਮੀਡੀਆ ਦੀ ਲੱਤ ਲੱਗ ਚੁੱਕੀ ਹੈ।  ਉਹ ਰੋਜ਼ਾਨਾ ਇਕ ਦੋ ਪੋਸਟਾਂ ਪਾਏ ਬਿਨ੍ਹਾਂ ਰਹਿ ਨਹੀਂ ਸਕਦਾ।  ਮਾਹਿਰ ਇਸ ਨੂੰ ਡਿਜ਼ੀਟਲ ਅਡਿਕਸ਼ਨ ਦਾ ਨਾਂ ਦਿੰਦੇ ਹਨ।  ਤੁਸੀਂ ਆਪਣੇ ਜ਼ਰੂਰੀ ਕੰਮ ਛੱਡ ਕੇ ਵਾਰ ਵਾਰ ਸਮਾਰਟ ਫੋਨ ਖੋਲ੍ਹਦੇ ਹੋ।  ਫੇਸਬੁੱਕ, ਵੱਟਸਐਪ, ਟਵਿੱਟਰ ʼਤੇ ਜਾਂਦੇ ਹੋ।  ਸਟੇਟਸ ਚੈੱਕ ਕਰਦੇ ਹੋ।  ਜਿਧਰ ਨਜ਼ਰ ਮਾਰੋ ਹਰ ਕੋਈ ਫੋਨ ʼਤੇ ਰੁੱਝਾ ਹੋਇਆ ਹੈ।  ਬੈਠਾ ਹੋਇਆ, ਖੜੋਤਾ ਹੋਇਆ, ਤੁਰਦਾ ਹੋਇਆ, ਇਕੱਲਾ, ਗਰੁੱਪ ਵਿਚ।  ਪਤਾ ਨਹੀਂ ਸ਼ੀਸ਼ੇ ਦੇ ਇਸ ਛੋਟੇ ਜਿਹੇ ਟੁਕੜੇ ਵਿਚੋਂ ਅਸੀਂ ਕੀ ਲੱਭਦੇ ਹਾਂ?  ਇਸ ਨਕਲੀ ਸੰਸਾਰ ਵਿਚ ਕੀ ਗਵਾਚ ਗਿਆ ਹੈ ਸਾਡਾ?  ਹਰ ਕਿਸੇ ʼਤੇ ਪ੍ਰਸਿੱਧ ਹੋਣ ਦੀ, ਚਰਚਿਤ ਹੋਣ ਦੀ, ਮਸ਼ਹੂਰ ਹੋਣ ਦੀ, ਵੱਡਾ ਵਿਅਕਤੀ ਦਿਸਣ ਦੀ ਧੁਨ ਸਵਾਰ ਹੈ।

80-85 ਫੀਸਦੀ ਪੋਸਟਾਂ ਬੇਕਾਰ ਹੁੰਦੀਆਂ ਹਨ।  ਪੰਜਾਹ ਪ੍ਰਤੀਸ਼ਤ ਇਕ ਦੂਸਰੇ ਨੂੰ ਨੀਵਾਂ ਵਿਖਾਉਣ, ਗਿਲੇ ਸ਼ਿਕਵੇ ਪ੍ਰਗਟਾੳਣ, ਧਮਕੀਆਂ ਦੇਣ ਲਈ ਪਾਈਆਂ ਹੁੰਦੀਆਂ ਹਨ।  ਦਸ-ਪੰਦਰਾਂ ਪ੍ਰਤੀਸ਼ਤ ਹੀ ਅਰਥ ਭਰਪੂਰ ਅਤੇ ਮਹੱਤਵਪੂਰਨ ਹੁੰਦੀਆਂ ਹਨ।

ਚਿੰਤਾ, ਗੁੱਸਾ, ਡਰ, ਤਣਾਅ, ਡਿਪਰੈਸ਼ਨ, ਬਦਲੇ ਦੀ ਭਾਵਨ, ਘਬਰਾਹਟ ਡਿਜ਼ੀਟਲ ਲਾਈਫ਼ ਕਾਰਨ ਹਨ।  ਇਨ੍ਹਾਂ ਕਾਰਨ ਅੱਗੋਂ ਅਨੇਕਾਂ ਸਰੀਰਕ ਮਾਨਸਿਕ ਬਿਮਾਰੀਆਂ ਦੇ ਰਾਹ-ਰਸਤੇ ਤਿਆਰ ਹੁੰਦੇ ਹਨ।

ਸਾਡਾ ਜੀਵਨ ਇੰਟਰਨੈਟ ʼਤੇ ਨਿਰਭਰ ਹੋ ਗਿਆ ਹੈ।  ਡਿਜ਼ੀਟਲ ਲਾਈਫ਼ ਬਚਪਨ ਵਿਚ ਹੀ ਸ਼ਖ਼ਸੀਅਤ ਵਿਕਾਸ, ਯਾਦਸ਼ਕਤੀ, ਪੜ੍ਹਨ-ਲਿਖਣ ਯੋਗਤਾ, ਸੋਚਣ-ਸ਼ਕਤੀ ਅਤੇ ਇਕਾਗਰਤਾ ਨੰ ਪ੍ਰਭਾਵਤ ਕਰ ਰਹੀ ਹੈ।

ਬੇਲੋੜੀ, ਫਾਲਤੂ ਦੀ ਜਾਣਕਾਰੀ ਸਿਰ ਵਿਚ ਭਰੀ ਜਾਂਦੇ ਹਾਂ।  ਜਦੋਂ ਇੰਟਰਨੈਟ ਨਹੀਂ ਸੀ, ਜਦੋ ਫੇਸਬੁਕ ਟਵਿੱਟਰ ਨਹੀਂ ਸਨ, ਕੀ ਉਦੋਂ ਜੀਵਨ ਨਹੀਂ ਸੀ।  ਕੀ ਸਾਡੇ ਵੱਡੇ ਵਡੇਰੇ ਸਾਡੇ ਨਾਲੋਂ ਚੰਗਾ, ਖੁਸ਼, ਸਹਿਜ, ਤੰਦਰੁਸਤ ਜੀਵਨ ਨਹੀਂ ਸੀ ਜਿਊਂਦੇ?  ਕੀ ਉਦੋਂ ਕਦੇ ਤਣਾਅ, ਡਿਪਰਸ਼ਨ ਬਾਰੇ ਕਿਸੇ ਨੇ ਸੁਣਿਆ ਸੀ?

ਜਾਣਕਾਰੀ ਦੀ ਵੰਨਸੁਵੰਨਤਾ ਐਨੀ ਵੱਧ ਗਈ ਹੈ ਕਿ ਸਹੀ ਗਲਤ ਦਾ ਨਿਰਣਾ ਕਰਨਾ ਕਠਿਨ ਹੋ ਗਿਆ ਹੈ।  ਗੂਗਲ, ਐਮਾਜ਼ੋਨ, ਮਾਈਕਰੋਸਾਫ਼ਟ ਅਤੇ ਫੇਸਬੁੱਕ ʼਤੇ 1200 ਪੇਟਾਬਾਈਟਸ ਬਣਦੀ ਹੈ।  ਇਕ ਟੇਰਾਬਾਈਟ 1000 ਗੀਗਾਬਾਈਟਸ ਦੇ ਬਰਾਬਰ ਹੈ।

ਜਾਣਕਾਰੀ ਦੇ ਇਨ੍ਹਾਂ ਢੇਰਾਂ ਨਾਲ ਸਪਸ਼ਟਤਾ ਦੀ ਬਜਾਏ ਭਰਮ-ਭੁਲੇਖੇ ਵਧਦੇ ਹਨ।  ਐਜ਼ਰਾ ਕਲੇਨ ਨੇ ਇਸਨੂੰ ਕਬਾੜ ਕਿਹਾ ਹੈ।  ਨਿਯਮ-ਕਾਨੂੰਨ ਦੇ ਨਾਲ ਨਾਲ ਸਵੈ-ਜ਼ਾਬਤਾ ਵੀ ਹੈ।  ਫਿਰ ਵੀ ਇਧਰੋਂ ਉਧਰੋਂ ਅਣਚਾਹੇ ਫੋਨ, ਮੈਸਜ, ਈ ਮੇਲ ਆਈ ਜਾ ਰਹੇ ਹਨ।  ਉਨ੍ਹਾਂ ਨੂੰ ਵੇਖਣਾ ਪੜ੍ਹਨਾ ਤਾਂ ਵੱਖਰੀ ਗੱਲ, ਹਟਾਉਣ ਮਿਟਾਉ ਲਈ ਵੀ ਵਾਹਵਾ ਸਮਾਂ ਚਾਹੀਦਾ ਹੈ।  ਉਹ ਸਮਾਂ ਕੋਈ ਕਿੱਥੋਂ ਲਿਆਵੇ?  ਐਜ਼ਰਾ ਕਲੇਨ ਲਈ ਇਹ ਕਬਾੜ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ।  ਮੇਰੇ ਲਈ ਵੀ।  ਮੇਰੇ ਈਮੇਲ, ਮੈਸਜ, ਵੱਟਸਐਪ ਭਰੇ ਪਏ ਹਨ।  ਆਓ ਡਿਜ਼ੀਟਲ ਲਈਫ਼ ਨੂੰ ਬਾਗ਼-ਬਗੀਚੇ ਵਰਗੀ ਬਣਾਈਏ ਜਿੱਥੇ ਤਰੋਤਾਜ਼ਾ ਹੋਣ ਲਈ ਜਾਈਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>