ਚੰਡੀਗੜ੍ਹ: ਫਤਿਹਗੜ੍ਹ ਜ਼ਿਲ੍ਹੇ ਦੇ ਪਿੰਡ ਮੁਛਰਾਈ ਖੁਰਦ ਦੇ ਰਹਿਵਾਸੀ ਬਲਜਿੰਦਰ ਕੌਰ ਅਤੇ ਉਸ ਦੇ ਪਰਿਵਾਰ ਨੂੰ ਇੱਥੋਂ ਦੇ ਅਸਰਦਾਰ ਹਰਦੀਪ ਸਿੰਘ ਸਾਧੂ ਦੀ ਜ਼ਬਰ ਜਨਾਈ ਦਾ ਸਾਹਮਣਾ ਕਰਨਾ ਪਿਆ। ਮਸਲਾ ਸ਼ਾਮਲਾਤ ਜ਼ਮੀਨ ਨੂੰ ਠੇਕੇ ‘ਤੇ ਲੈਣ ਦਾ ਸੀ। ਬਲਜਿੰਦਰ ਕੌਰ ਅਤੇ ਉਸਦਾ ਪਰਿਵਾਰ ਅਸਰਦਾਰਾਂ ਦੀ ਦਹਿਸ਼ਤ ਕਾਰਨ ਬਹੁਤ ਡਰਿਆ ਹੋਇਆ ਹੈ।
ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਦੇ ਸਾਹਮਣੇ ਪੂਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੀੜਤ ਬਲਜਿੰਦਰ ਕੌਰ ਨੇ ਦੱਸਿਆ ਕਿ ਬੀਤੀ 14 ਜੂਨ ਨੂੰ ਪਿੰਡ ਵਿੱਚ 22-23 ਕਿਲੇ ਸ਼ਾਮਲਾਤ ਜ਼ਮੀਨ ਨੂੰ ਠੇਕੇ ‘ਤੇ ਲੈਣ ਲਈ ਬੋਲੀ ਹੋਈ ਸੀ ਜਿਸ ਵਿੱਚ ਉਨ੍ਹਾਂ ਸਭ ਤੋਂ ਵੱਧ ਬੋਲੀ ਲਾਈ। ਇਹ ਗੱਲ ਪਿੰਡ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਰਦੀਪ ਸਿੰਘ ਸਾਧੂ ਨੂੰ ਚੰਗੀ ਨਹੀਂ ਲੱਗੀ ਅਤੇ ਉਸਨੇ ਅਧਿਕਾਰੀਆਂ, ਜਿਨ੍ਹਾਂ ਵਿੱਚ ਅਧਿਕਾਰੀ ਬਲਕਾਰ ਸਿੰਘ ਅਤੇ ਸਕੱਤਰ ਤੇਜਿੰਦਰ ਸਿੰਘ ਸ਼ਾਮਲ ਸਨ, ਨਾਲ ਮਿਲੀਭੁਗਤ ਕਰਕੇ ਨਾ ਸਿਰਫ ਬੋਲੀ ਰੱਦ ਕਰਵਾ ਦਿੱਤੀ ਸਗੋਂ ਉਸੇ ਰਾਤ ਕਿਰੀਬ ਸਵਾ ਅੱਠ ਵਜੇ 15-16 ਗੁੰਡੇ ਤੱਤਾਂ ਨੂੰ ਲੈ ਕੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰਕੇ ਤੋੜਫੋੜ ਕੀਤੀ ਅਤੇ ਪੱਥਰ ਮਾਰੇ। ਉਨ੍ਹਾਂ ਦੇ ਪੁੱਤਰ ਹਰਜੀਤ ਸਿੰਘ, ਕਸ਼ਮੀਰ ਸਿੰਘ ਅਤੇ ਕੋਮਲਜੀਤ ਸਿੰਘ ਨਾਲ ਮਾਰਪੀਟ ਕੀਤੀ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਜਦੋਂ ਉਨ੍ਹਾਂ ਨੇ 100 ਨੰਬਰ ‘ਤੇ ਕਾਲ ਕੀਤੀ ਤਾਂ ਪੁਲਿਸ ਆ ਗਈ ਪਰ ਕੋਈ ਕਾਰਵਾਈ ਕੀਤੇ ਬਿਨਾ ਹੀ ਚਲੀ ਗਈ। ਦੋ ਘੰਟੇ ਬਾਅਦ ਇਹ ਗੁੰਡੇ ਫਿਰ ਆ ਗਏ ਅਤੇ ਦੁਬਾਰਾ ਹੰਗਾਮਾ ਕਰਨ ਲੱਗੇ ਪਰ ਇਸ ਵਾਰ ਜਦੋਂ ਪੁਲਿਸ ਨੂੰ ਕਾਲ ਕੀਤੀ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕਿਹਾ ਕਿ ਉਨ੍ਹਾਂ ਨੂੰ ਉੱਪਰੋਂ ਫ਼ੋਨ ਆ ਗਿਆ ਹੈ ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਜਦੋਂ ਉਹ ਜ਼ਖ਼ਮੀਆਂ ਦਾ ਮੈਡੀਕਲ ਕਰਵਾਉਣ ਸਰਕਾਰੀ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਨਿੱਜੀ ਡਾਕਟਰ ਦੇ ਕੋਲ ਜਾਣਾ ਪਿਆ। ਬਾਅਦ ਵਿੱਚ ਸਾਧੂ ਨੇ ਉਲਟੇ ਉਨ੍ਹਾਂ ‘ਤੇ 307 ਦਾ ਕੇਸ ਦਰਜ ਕਰਵਾ ਦਿੱਤਾ।
ਬਲਜਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੇ ਬੂਥ ਦੀ ਜ਼ਿੰਮੇਵਾਰੀ ਸੰਭਾਲੀ ਸੀ, ਇਸ ਲਈ ਵੀ ਸਾਧੂ ਨੂੰ ਗੁੱਸਾ ਸੀ। ਉਨ੍ਹਾਂ ਨੇ ਦੱਸਿਆ ਕਿ ਹਰਦੀਪ ਸਿੰਘ ਸਾਧੂ ਹਮੇਸ਼ਾਂ ਅਮਲੋਹ ਦੇ ਵਿਧਾਇਕ ਗੈਰੀ ਵੜਿੰਗ ਦੇ ਨਾਮ ਦੀ ਧੌਂਸ ਦਿੰਦਾ ਰਹਿੰਦਾ ਹੈ।
ਉਥੇ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਦੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਕਵਰਜੀਤ ਸਿੰਘ ਟੋਡਾ ਕਿਸੇ ਕਾਰਨ ਕਰਕੇ ਨਹੀਂ ਆ ਸਕੇ, ਪਰ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਆਪ ਪਾਰਟੀ ਦੇ ਨੇਤਾਵਾਂ ਦੀ ਗੁੰਡਾਗਿਰਦੀ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪੀੜਤ ਪਰਿਵਾਰ ਨੂੰ ਨਿਆਇ ਦਿਲਾਉਣ ਦੀ ਮੰਗ ਕੀਤੀ ਹੈ।