ਕ੍ਰਾਂਤੀਕਾਰੀ ਗ਼ਦਰੀ ਬਾਗੀ ਸ਼ਾਇਰ : ਮੁਨਸ਼ਾ ਸਿੰਘ ਦੁਖੀ

ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਵਿੱਚ ਸਭ ਤੋਂ ਵਧੇਰੇ ਯੋਗਦਾਨ ਪੰਜਾਬੀਆਂ/ਸਿੱਖਾਂ ਨੇ ਪਾਇਆ ਹੈ। ਉਹ ਫ਼ਾਂਸੀਆਂ ਤੇ ਚੜ੍ਹੇ ਅਤੇ ਕਾਲੇ ਪਾਣੀ ਦੀਆਂ ਸਜਾਵਾਂ ਭੁਗਤੀਆਂ ਪ੍ਰੰਤੂ ਉਹ ਆਪਣੇ ਨਿਸ਼ਾਨੇ ਤੋਂ ਪਿੱਛੇ ਨੀਂ ਹਟੇ, ਸਗੋਂ ਹਰ ਜ਼ਿਆਦਤੀ ਤੋਂ ਬਾਅਦ ਅੰਦੋਲਨ ਨੂੰ ਹੋਰ ਗਰਮਜੋਸ਼ੀ ਨਾਲ ਤੇਜ ਕਰ ਦਿੰਦੇ ਸਨ। ਸਮਾਜ ਦੇ ਹਰ ਵਰਗ ਨੇ ਤਨੋ ਮਨੋ ਆਜ਼ਾਦੀ ਦੀ ਜਦੋਜਹਿਦ ਨੂੰ ਸਫ਼ਲ ਬਣਾਉਣ ਦੇ ਉਪਰਾਲੇ ਕੀਤੇ ਹਨ ਪ੍ਰੰਤੂ ਗ਼ਦਰੀ ਕ੍ਰਾਂਤੀਕਾਰੀਆਂ ਦਾ ਯੋਗਦਾਨ ਸਾਰਿਆਂ ਨਾਲੋਂ ਵਧੇਰੇ ਤੇ ਵੱਖਰੀ ਕਿਸਮ ਦਾ ਹੈ। ਉਨ੍ਹਾਂ ਕ੍ਰਾਂਤੀਕਾਰੀ ਗ਼ਦਰੀ ਬਾਬਿਆਂ ਵਿੱਚੋਂ ਜਝਾਰੂ ਇਨਕਲਾਬੀ ਕਵੀ ਮੁਨਸ਼ਾ ਸਿੰਘ ਦੁਖੀ ਦਾ ਯੋਗਦਾਨ ਬਹੁਪੱਖੀ ਤੇ ਬਹੁਪ੍ਰਤੀ ਹੈ। ਉਹ ਨਿਡਰ, ਬੇਪ੍ਰਵਾਹ, ਦ੍ਰਿੜ੍ਹ ਇਰਾਦੇ ਵਾਲਾ ਕ੍ਰਾਂਤੀਕਾਰੀ ਸੀ, ਜਿਸ ਨੇ ਆਪਣੀਆਂ ਬੀਰ ਰਸੀ ਕਵਿਤਾਵਾਂ ਅਤੇ ਜ਼ਜ਼ਬਾਤੀ ਲੇਖਾਂ ਰਾਹੀਂ ਪੰਜਾਬੀਆਂ/ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਬਣਨ ਲਈ ਪ੍ਰੇਰਿਤ ਹੀ ਨਹੀਂ ਕੀਤਾ ਸਗੋਂ ਮਰ ਮਿਟਣ ਲਈ ਤਿਆਰ ਕੀਤਾ। ਉਸ ਦੇ ਜੋਸ਼ੀਲੇ ਭਾਸ਼ਣ ਅਤੇ ਕਵਿਤਾਵਾਂ ਨੌਜਵਾਨਾ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਲਈ ਉਤਸ਼ਾਹਤ ਕਰਦੀਆਂ ਸਨ। ਉਹ 1913 ਵਿੱਚ ਗ਼ਦਰ ਲਹਿਰ ਦੀ ਨੀਂਹ ਰੱਖਣ ਵਾਲੇ ਗ਼ਦਰੀ ਮੋਢੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਕਾਮਾ ਗਾਟਾ ਮਾਰੂ ਜਹਾਜ ਕਾਂਡ ਦੇ ਨਾਇਕ ਵੀ ਕਿਹਾ ਜਾਂਦਾ ਹੈ।  ਉਹ ਹਰਫ਼ਨ ਮੌਲਾ ਸਖ਼ਸ਼ੀਅਤ ਦਾ ਮਾਲਕ ਸੀ।IMG_1565 (1).resized ਮੁਨਸ਼ਾ ਸਿੰਘ ਦੁਖੀ ਨੂੰ ਤੀਜੇ ਲਾਹੌਰ ਸ਼ਾਜ਼ਸ਼ ਕੇਸ ਵਿੱਚ ਉਮਰ ਕੈਦ ਦੀ ਸਜਾ ਹੋਈ ਸੀ। ਉਨ੍ਹਾਂ ਨੂੰ ਬਿਹਾਰ ਦੀ ਹਜ਼ਾਰੀ ਬਾਗ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਅਨੇਕਾਂ ਅਣਮਨੁਖੀ ਤਸੀਹੇ ਦਿੱਤੇ ਗਏ ਸਨ। ਗ਼ਦਰੀ ਬਾਬਿਆਂ ਵਿੱਚੋਂ ਮੁਨਸ਼ਾ ਸਿੰਘ ਦੁਖੀ ਸਭ ਤੋਂ ਵਧੇਰੇ ਵਿਦੇਸ਼ਾਂ ਹਾਂਗਕਾਂਗ, ਚੀਨ, ਜਰਮਨੀ, ਇੰਗਲੈਂਡ, ਕੀਨੀਆ, ਤਨਜਾਨੀਆਂ, ਜਾਪਾਨ, ਕੈਨੇਡਾ ਅਤੇ ਅਮਰੀਕਾ ਵਿੱਚ ਜਾ ਕੇ ਭਾਰਤੀਆਂ/ਪੰਜਾਬੀਆਂ/ਸਿੱਖਾਂ ਵਿੱਚ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਦਾ ਹੋਇਆ ਲਾਮਬੰਦ ਕਰਦਾ ਰਿਹਾ। ਮੁਨਸ਼ਾ ਸਿੰਘ ਦੁਖੀ ਅਲੌਕਿਕ ਪ੍ਰਤਿਭਾ ਦਾ ਮਾਲਕ ਸੀ। ਉਸ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਉਹ ਸਿਰਫ਼ ਪ੍ਰਾਇਮਰੀ ਤੱਕ ਦੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਪੰਜਾਬੀ, ਹਿੰਦੀ, ਬੰਗਾਲੀ, ਚੀਨੀ, ਜਪਾਨੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗਿਆਤਾ ਸੀ। ਰੂਹਪੋਸ਼ ਹੋਣ ਸਮੇਂ ਜਿਥੇ ਵੀ ਉਹ ਜਾਂਦਾ ਸੀ, ਸਭ ਤੋਂ ਪਹਿਲਾਂ ਉਥੋਂ ਦੀ ਭਾਸ਼ਾ ਸਿੱਖਦਾ ਸੀ, ਜਿਸ ਕਰਕੇ ਉਸ ਨੂੰ ਆਪਣੀ ਇਲਕਲਾਬੀ ਜਦੋਜਹਿਦ ਵਿੱਚ ਕਦੀਂ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਕਿਸੇ ਵੀ ਦੇਸ਼ ਵਿੱਚ ਸਥਾਨਕ ਬੋਲੀ ਉਸ ਦੀਆਂ ਸਰਗਰਮੀਆਂ ਵਿੱਚ ਰੁਕਾਵਟ ਨਹੀਂ ਪਾ ਸਕੀ। ਉਸ ਨੇ ਕੁਝ ਸਮਾਂ ਵਿਦੇਸ਼ ਵਿੱਚ ਦੋਭਾਸ਼ੀਆ ਦਾ ਕੰਮ ਵੀ ਕੀਤਾ। 15 ਸਾਲ ਦੀ ਉਮਰ ਵਿੱਚ 1905 ਵਿੱਚ ਉਹ ਬਗਾਬਤੀ ਸੁਰਾਂ ਅਲਾਪਣ ਲੱਗ ਗਿਆ ਸੀ। ਹਾਲਾਂ ਕਿ ਉਸ ਦਾ ਪਿਤਾ ਬਰਤਾਨਵੀ ਫ਼ੌਜ ਵਿੱਚ ਸੂਬੇਦਾਰ ਸੀ। ਅੰਗਰੇਜ਼ਾਂ ਦੀ ਪੁਲਿਸ ਤੋਂ ਬਚਣ ਲਈ ਉਹ 5 ਮਈ 1908 ਨੂੰ 18 ਸਾਲ ਦੀ ਅਲ੍ਹੜ੍ਹ ਉਮਰ ਵਿੱਚ ਹੀ ਅਮਰੀਕਾ ਜਾਣ ਲਈ ਕਲਕੱਤੇ ਤੋਂ ਆਪਣੇ ਭਰਾ ਦੇ ਨਾਲ ਜਹਾਜ ਚੜ੍ਹਿਆ ਸੀ ਪ੍ਰੰਤੂ ਰਾਹ ਵਿੱਚ ਹੀ ਪਹਿਲਾਂ ਹਾਂਗਕਾਂਗ ਆਪਣੇ ਭਰਾ ਪਾਲਾ ਸਿੰਘ ਨਾਲ ਤੇ ਫਿਰ ਹੋਨੋਲੁਲੂ ਵਿੱਚ ਠਹਿਰ ਗਿਆ ਕਿਉਂਕਿ ਉਸ ਨੂੰ ਦੱਸਿਆ ਗਿਆ, ਸ਼ਾਇਦ ਅਮਰੀਕਾ ਵੜਨ ਨਾ ਦਿੱਤਾ ਜਾਵੇ। ਉਥੇ ਉਸ ਨੇ ਪਹਿਲਾਂ ਗੰਨਾ ਫਾਰਮ ਵਿੱਚ ਥੋੜ੍ਹੀ ਤਨਖ਼ਾਹ ‘ਤੇ ਅਤਿ ਕਠਨ ਕੰਮ ਕੀਤਾ ਅਤੇ ਫਿਰ ਸੈਟਲ ਹੋਣ ਲਈ ਕਈ ਪਾਪੜ ਵੇਲੇ। ਅਖ਼ੀਰ 1910 ਵਿੱਚ ਅਮਰੀਕਾ ਦੇ ਸਨਫਰਾਂਸਿਸਕੋ ਸ਼ਹਿਰ ਵਿੱਚ ਪਹੁੰਚ ਗਿਆ। ਉਥੇ ਦੋਭਾਸ਼ੀਏ ਦਾ ਕੰਮ ਕਰਦਾ ਰਿਹਾ। ਪਰਵਾਸ ਵਿੱਚ ਉਹ ਆਪਣੀ ਰੋਜੀ ਰੋਟੀ ਕਮਾਉਣ ਦੇ ਨਾਲ ਹੀ ਗਦਰੀ ਲਹਿਰ ਵਿੱਚ ਕੰਮ ਕਰਦਾ ਰਿਹਾ। ਪਰਵਾਸ ਵਿੱਚ ਰਹਿੰਦਿਆਂ ਉਹ ਗੁਰੂ ਘਰਾਂ ਵਿੱਚ ਜੋਸ਼ੀਲੇ ਭਾਸ਼ਣ ਦਿੰਦਾ ਰਿਹਾ।  ਉਹ ਤਿੰਨ ਵਾਰ 1908, 1951 ਅਤੇ 1969 ਵਿੱਚ ਵਿਦੇਸ਼ ਵਿੱਚ ਗਿਆ ਸੀ। ਉਹ ਲਗਪਗ 12 ਸਾਲ ਵਿਦੇਸ਼ ਵਿੱਚ ਰਿਹਾ। ਉਸ ਦਾ ਭਰਾ ਪਾਲਾ ਸਿੰਘ ਕੈਨੇਡਾ ਚਲਾ ਗਿਆ ਤੇ 1912 ਵਿੱਚ ਮੁਨਸ਼ਾ ਸਿੰਘ ਪਾਲਾ ਸਿੰਘ ਕੋਲ ਵੈਨਕੂਵਰ ਪਹੁੰਚ ਗਿਆ। 1914 ਵਿੱਚ ਕਾਮਾਗਾਟਾ ਮਾਰੂ ਜਹਾਜ ਵਿੱਚ ਵਾਪਸ ਭਾਰਤ ਆ ਗਿਆ ਸੀ। ਉਹ ਚੁਸਤ ਚਲਾਕ ਤੇ ਤੇਜ਼ ਤਰਾਰ ਬਹੁਤ ਸੀ, ਇਸ ਕਰਕੇ ਕਿਸੇ ਪੁਲਿਸ ਦੇ ਸੂਹੀਏ ਨੂੰ ਆਪਣੇ ਆਪ ਨੂੰ ਬਰਤਾਨੀਆਂ ਦੀ ਪੁਲਿਸ ਦਾ ਸੂਹੀਆ ਦੱਸਕੇ ਕਾਮਾਗਾਟਾ ਮਾਰੂ ਜਹਾਜ ਵਿੱਚੋਂ ਬਚਕੇ ਨਿਕਲਣ ਵਿੱਚ ਸਫਲ ਹੋ ਗਿਆ ਸੀ। ਪ੍ਰੰਤੂ 1915 ਵਿੱਚ ਉਹ ਗ੍ਰਿਫ਼ਤਾਰ ਹੋ ਗਿਆ ਅਤੇ 1920 ਵਿੱਚ ਰਿਹਾ ਹੋਇਆ।

ਸਾਹਿਤਕ ਸਫ਼ਰ: ਅਜ਼ਾਦੀ ਜਦੋਜਹਿਦ ਵਿੱਚ ਉਹ ਦੇਸ਼ ਭਗਤੀ ਦੀਆਂ ਬੀਰ ਰਸੀ ਕਵਿਤਾਵਾਂ ਲਿਖਦਾ ਰਿਹਾ, ਜਿਹੜੀਆਂ ਭਾਰਤੀਆਂ /ਪੰਜਾਬੀਆਂ/ਸਿੱਖਾਂ ਨੂੰ ਦੇਸ਼ ਆਜ਼ਾਦੀ ਦੀ ਚਲ ਰਹੀ ਲਹਿਰ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੰਦੀਆਂ ਸਨ। ਉਸ ਦਾ ਸਾਰਾ ਸਾਹਿਤ ਇਨਕਲਾਬੀ ਸੀ। ਨੌਜਵਾਨਾ ਨੂੰ ਕੁਰੇਦਦਾ ਹੋਇਆ ਲਿਖਦਾ ਹੈ:

ਵਤਨ ਦੀ ਆਪਣੀ ਅਣਖ਼ ਆਨ ਨਾ ਢਾ, ਕਦੀਮੀ ਚਮਕ ਸ਼ਾਨ ‘ਤੇ ਖਾਕ ਨਾ ਪਾ।
ਓ ਭਾਰਤ ਦਿਆ ਕਮਲਿਆ ਨੌਜਵਾਨਾ, ਦੁਖੀ ਦੇਸ਼ ਨੂੰ ਕੌਮ ਨੂੰ ਦਾਗ਼ ਨਾ ਲਾ।
ਦਿਲ ‘ਚ ਇਹੀ ਠਾਣੀ ਵਿਤੋਂ ਵਧ ਵਧ ਕੇ, ਕੌਮ ਲਈ ਕਰਬਾਨੀਆਂ ਕਰਾਂਗਾ ਮੈਂ।
ਦੁਖੀ ਦੇਸ਼ ਵਾਸਤੇ ਜੀਆਂਗਾ ਮੈਂ, ਦੇਸ਼ ਵਾਸਤੇ ਮਰਾਂਗਾ ਮੈਂ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਸ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਹੋਰ ਵਾਰਤਕ ਦੀਆਂ ਪੁਸਤਕਾਂ ਦੇ ਵਿਸ਼ੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸੁਧਾਰਵਾਦੀ ਹੋ ਗਏ ਸਨ। ਉਸ ਸਮੇਂ ਮੁੱਖ ਤੌਰ ‘ਤੇ ਧਾਰਮਿਕ ਵਿਸ਼ਿਆਂ ਉਪਰ ਲਿਖਦਾ ਰਿਹਾ। ਗਦਰ ਅਖ਼ਬਾਰ ਵਿੱਚ ਉਹ ਹਮੇਸ਼ਾ ਆਪਣੀਆਂ ਕਵਿਤਾਵਾਂ ਪ੍ਰਕਾਸ਼ਤ ਕਰਵਾਉਂਦਾ ਰਹਿੰਦਾ ਸੀ। ਗਦਰ ਪਾਰਟੀ ਦਾ ਸਰਗਰਮ ਮੈਂਬਰ ਸੀ। ਸਪਤਾਹਿਕ ਗਦਰ ਅਖ਼ਬਾਰ ਵਿੱਚ ਉਸ ਦੇ ਲੇਖ ਅਤੇ ਕਵਿਤਾਵਾਂ ਛਪਦੀਆਂ ਰਹਿੰਦੀਆਂ ਸਨ। ਉਸ ਦੀਆਂ ਸਾਹਿਤਕ ਚੋਭਾਂ ਆਜ਼ਾਦੀ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਰਹੀਆਂ ਸਨ। ਸਮਾਜਿਕ ਕੁਰੀਤੀਆਂ ਅਤੇ ਵਹਿਮਾਂ ਭਰਮਾ ਦਾ ਉਸ ਦੀਆਂ ਕਵਿਤਾਵਾਂ ਖੰਡਨ ਕਰਦੀਆਂ ਸਨ। ਇੱਕ ਕਵਿਤਾ ਵਿੱਚ ਉਹ ਲਿਖਦਾ ਹੈ:

ਜੇ ਕੁਰੀਤਾਂ ਦਾ ਫਾਹਾ ਗਲ ਪਾਇੰਗਾ, ਵਹਿਮਾ ਭਰਮਾ ਦੀ ਜ਼ਹਿਰ ਜੋ ਖਾਇੰਗਾ।
ਕਿਸੇ ਨਹੀਂ ਸੁਣਨੀ ਤੇਰੀ ਫਰਿਆਦ ਕੂਕ, ਬਸ ‘ਦੁਖੀ’ ਫਿਰ ਰੋਂਦਿਆਂ ਮਰ ਜਾਇੰਗਾ।

ਮੁਨਸ਼ਾ ਸਿੰਘ ਦੁਖੀ ਨੇ ਆਪਣੇ ਜੀਵਨ ਵਿੱਚ 35 ਛੋਟੀਆਂ ਤੇ ਵੱਡੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚੋਂ 17 ਕਾਵਿ ਸੰਗ੍ਰਹਿ ਪ੍ਰੇਮ ਕਾਂਗਾਂ, ਪ੍ਰੇਮ ਬਾਂਗਾਂ, ਪ੍ਰੇਮ ਚਾਂਗਾਂ, ਦੁੱਖ ਹਰਨ, ਦੁੱਖ ਹਰਨ ਪ੍ਰਕਾਸ਼, ਸਾਕਾ ਆਨੰਦਪੁਰ, ਕਲਗੀਵਾਲਾ, ਬੀਰ ਪ੍ਰਕਾਸ਼, ਕਲਗੀਧਰ ਨੂਰ, ਸੁਭਾਗ ਵੈਸਾਖੀ, ਰੱਬੀ ਨੂਰ, ਵੈਸਾਖੀ, ਜੀਵਨ ਲਹਿਰਾਂ, ਸ਼ਹੀਦ, ਦੋ ਨਾਂ ਰਹਿਤ ਖਰੜੇ ਅਤੇ ਵਾਰਤਕ ਸੰਗ੍ਰਹਿ ਗੋਰੇ ਸ਼ਾਹੀ ਜ਼ੁਲਮ, ਦੁਸ਼ਮਣ ਦੀ ਖੋਜ ਭਾਲ, ਜੀਵਨ ਭਾਈ ਅਮਰ ਸਿੰਘ, ਜੀਵਨ ਭਾਈ ਮੋਹਨ ਸਿੰਘ ਵੈਦ, ਸ਼ਹੀਦੀ ਜੀਵਨ, ਸੱਚੇ ਸਿੱਖ ਬਣੋ, ਜੀਵਨ ਭਾਈ ਸੋਭਾ ਸਿੰਘ, ਜੀਵਨ ਜਾਚ, ਨੌਂ ਰਸ, ਤ੍ਰੰਗਣ, ਜੀਵਨ ਸੱਧਰਾਂ, ਖਾਲਸਾਈ ਸ਼ਾਨ, ਅਨੁਵਾਦਿਤ ਕਹਾਣੀਆਂ, ਦੇਸ਼ ਭਗਤੀ (ਨਾਵਲ), ਪਰਾਧੀਨ ਜੀਵਨ ਅਤੇ ਤੁਰਕੀ ਹੂਰ ਸ਼ਾਮਲ ਹਨ।  ਗ਼ਦਰ ਲਹਿਰ ਦੇ ਇਤਿਹਾਸ ਦਾ ਦੂਜਾ ਭਾਗ ਉਹ ਲਿਖ ਰਹੇ ਸਨ ਪ੍ਰੰਤੂ ਮੁਕੰਮਲ ਨਹੀਂ ਕਰ ਸਕੇ।

ਉਹ ਸਫਲ ਪੱਤਰਕਾਰ ਵੀ ਸੀ। ਉਸ ਨੇ 7 ਮਾਸਿਕ/ ਸਪਤਾਹਿਕ  ਰਸਾਲਿਆਂ ਦੀ ਸੰਪਾਦਨਾ ਕੀਤੀ, ਜਿਨ੍ਹਾਂ ਵਿੱਚ ‘ਮਾਸਿਕ ਕਵੀ’ ਕਲਕੱਤੇ ਤੋਂ , ‘ਸਪਤਾਹਿਕ ਸਿੰਡੀਕੇਟ’ ਨਵੰਬਰ 1928, ‘ਸਪਤਾਹਿਕ ਸਾਂਝੀਵਾਲ’ ਜੂਨ 1929, ‘ਮਾਸਿਕ ਵਿਹਾਰ ਸੁਧਾਰ’ 1934, ‘ਮਾਸਿਕ ਜੀਵਨ’ ਬੰਬਈ ਤੋਂ ਦਸੰਬਰ 1950, ‘ਮਾਸਿਕ ਕੌਮੀ ਸੰਦੇਸ਼’ 1960 ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਰਸਾਲੇ ‘ਦੇਸ਼ ਭਗਤ ਯਾਦਾਂ’ 1966 ਆਦਿ ਹਨ।

ਮੁਨਸ਼ਾ ਸਿੰਘ ਦੁਖੀ ਦਾ ਜਨਮ 1 ਜੁਲਾਈ 1890 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਜੰਡਿਆਲਾ ਮੰਜਕੀ ਜ਼ਿਲ੍ਹਾ ਜਲੰਧਰ ਵਿਖੇ ਰਾਮਗੜ੍ਹੀਆ ਪਰਿਵਾਰ ਵਿੱਚ ਮਾਤਾ ਮਹਿਤਾਬ ਕੌਰ ਪਿਤਾ ਸੂਬੇਦਾਰ ਨਿਹਾਲ ਸਿੰਘ ਦੇ ਘਰ ਹੋਇਆ। ਉਸ ਦੇ ਪਿਤਾ ਦਾ ਜੱਦੀ ਪਿੰਡ ਨਕੋਦਰ ਨੇੜੇ ਪੰਡੋਰੀ ਸੀ ਪ੍ਰੰਤੂ ਪਰਿਵਾਰਿਕ ਕਾਰਨਾ ਕਰਕੇ ਉਸ ਦਾ ਪਿਤਾ ਆਪਣੇ ਨਾਨਕਾ ਪਿੰਡ ਜੰਡਿਆਲਾ ਮੰਜਕੀ ਆ ਕੇ ਵਸ ਗਿਆ ਸੀ। ਉਹ ਪੰਜ ਭਰਾ ਸਨ, ਵੱਡੇ ਬਾਵਾ ਸਿੰਘ ਤੇ ਪਾਲਾ ਸਿੰਘ ਉਸ ਦਾ ਸਾਥ ਨਿਭਾਉਂਦੇ ਰਹੇ ਸਨ। ਮੁੱਢਲੀ ਪੜ੍ਹਾਈ ਉਸ ਨੇ ਪਿੰਡ ਤੋਂ ਪੰਜਵੀਂ ਜਮਾਤ ਤੱਕ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਅਤੇ ਆਪਣੀ ਕਲਾਸ ਦਾ ਮੋਨੀਟਰ ਹੁੰਦਾ ਸੀ। ਉਹ ਚੰਚਲ ਅਤੇ ਸ਼ਰਾਰਤੀ ਸੁਭਾਅ ਦਾ ਸੀ। ਉਰਦੂ ਅਤੇ ਫਾਰਸੀ ਮੌਲਵੀ ਕੋਲੋਂ ਸਿੱਖੀਆਂ। ਗਗੜਾਂ ਦੀ ਧਰਮਸ਼ਾਲਾ ਵਿੱਚ ਭਾਈ ਸੋਭਾ ਸਿੰਘ ਰਹਿੰਦੇ ਸਨ। ਮੁਨਸ਼ਾ ਸਿੰਘ ਨੇ ਉਸ ਕੋਲੋਂ ਬਹੁਤ ਸਾਰੀ ਸਿੱਖਿਆ ਪ੍ਰਾਪਤ ਕੀਤੀ, ਜਿਹੜੀ ਸਾਰੀ ਜ਼ਿੰਦਗੀ ਉਸ ਦੇ ਕੰਮ ਆਈ। ਉਹ ਭਾਈ ਸੋਭਾ ਸਿੰਘ ਨੂੰ ਆਪਣਾ ਮਾਰਗ ਦਰਸ਼ਕ ਸਮਝਦਾ ਸੀ। ਉਸ ਕੋਲੋਂ ਹੀ ਬਹੁਤ ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਮੁਨਸ਼ਾ ਸਿੰਘ ਨੇ ਗੁਰਬਾਣੀ ਤੋਂ ਇਲਾਵਾ, ਤੁਲਸੀ ਰਾਮਾਇਣ ਅਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਤੋਂ ਵੀ ਸਿਖਿਆ ਪ੍ਰਾਪਤ ਕੀਤੀ। 30 ਜੂਨ 2024 ਨੂੰ ਮੁਨਸ਼ਾ ਸਿੰਘ ਦੁਖੀ ਦਾ 134ਵਾਂ ਜਨਮ ਦਿਵਸ ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰਦੁਆਰਾ ਬਰੁਕ ਸਾਈਡ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਡਾ.ਗੁਰਦੇਵ ਸਿੰਘ ਸਿੱਧੂ, ਭਾਈ ਜੈਤੇਗ ਸਿੰਘ ਅਨੰਤ ਅਤੇ ਸੁਰਿੰਦਰ ਸਿੰਘ ਜੱਬਲ ਵਿਚਾਰ ਚਰਚਾ ਕਰਨਗੇ। ਪੰਜਵੀਂ ਤੋਂ ਬਾਅਦ ਉਹ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ। ਉਸ ਦਾ ਵਿਆਹ 1925 ਵਿੱਚ ਰਾਜ ਕੌਰ ਨਾਲ ਉਦੋਂ ਹੋਇਆ ਜਦੋਂ ਉਹ  ਰੂਹਪੋਸ਼ ਹੋ ਕੇ ਕਲਕੱਤੇ ਰਹਿ ਰਿਹਾ ਸੀ। ਉਸ ਦੀਆਂ ਤਿੰਨ ਲੜਕੀਆਂ ਅਤੇ ਦੋ ਲੜਕੇ ਸਨ। 1969 ਵਿੱਚ ਉਹ ਇੰਗਲੈਂਡ ਗਿਆ ਸੀ, ਉਥੇ ਹੀ ਉਸ ਨੂੰ ਅਧਰੰਗ ਦਾ ਦੌਰਾ ਪਿਆ ਸੀ। ਉਸ ਤੋਂ ਬਾਅਦ 26 ਜਨਵਰੀ 1971 ਨੂੰ ਉਹ ਅਧਰੰਗ ਦੀ ਬੀਮਾਰੀ ਤੋਂ ਬਾਅਦ ਲੰਬਾ ਸਮਾਂ ਬਿਮਾਰ ਰਹਿਣ ਕਰਕੇ 80 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਿਆ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>