ਬਲਾਚੌਰ, (ਉਮੇਸ਼ ਜੋਸ਼ੀ) :- ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਲੈਫ਼. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਬ੍ਰੈਸਟ ਫੀਡਿੰਗ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਡਾ. ਕੁਲਵਿੰਦਰ ਮਾਨ ਨੇ ਆਂਗਣਵਾੜੀ ਕੇਂਦਰ ਬਲਾਚੌਰ ਵਿਖੇ ਗਰਭਵਤੀ ਔਰਤਾਂ ਤੇ ਨਵੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੇ ਸੰਪੂਰਨ ਵਿਕਾਸ ਲਈ ਪੋਸ਼ਣ ਦਾ ਸਭ ਤੋਂ ਵਧੀਆ ਸਰੋਤ ਹੈ। ਮਾਂ ਦਾ ਦੁੱਧ ਪਿਲਾਉਣ ਨਾਲ ਜਿੱਥੇ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਹੁੰਦਾ ਹੈ, ਉੱਥੇ ਹੀ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਵਾਂ ਵਿੱਚ ਛਾਤੀ ਦੇ ਕੈਂਸਰ, ਅੰਡਦਾਨੀਆਂ ਦਾ ਕੈਂਸਰ ਤੇ ਸ਼ੂਗਰ ਦੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ। ਇਸ ਨਾਲ ਜਿੱਥੇ ਮਾਂ ਤੇ ਬੱਚੇ ਵਿੱਚ ਸਨੇਹ ਵਧਦਾ ਹੈ, ਉੱਥੇ ਮਾਂ ਖੁਦ ਵੀ ਸਿਹਤਮੰਦ ਰਹਿੰਦੀ ਹੈ।ਡਾ. ਮਾਨ ਨੇ ਦੱਸਿਆ ਕਿ ਭਾਰਤ ਵਿਚ ਕੇਵਲ 41 ਫੀਸਦੀ ਬੱਚਿਆਂ ਨੂੰ ਹੀ ਪਹਿਲੇ ਅੱਧੇ ਘੰਟੇ ਵਿੱਚ ਮਾਂ ਦਾ ਦੁੱਧ ਦੇਣਾ ਸ਼ੁਰੂ ਕੀਤਾ ਜਾਂਦਾ ਹੈ। ਮਾਂ ਦਾ ਦੁੱਧ ਬੱਚਿਆਂ ਨੂੰ ਨਾ ਪਿਲ਼ਾਉਣ ਕਾਰਨ ਅੰਦਾਜ਼ਨ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾਣਾ ਸੰਭਵ ਹੈ। ਮਾਂ ਦਾ ਦੁੱਧ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਬੱਚੇ ਦੇ ਸੰਪੂਰਨ ਵਿਕਾਸ ਲਈ ਲੋੜੀਂਦੇ ਤੱਤ ਮੌਜੂਦ ਹੁੰਦੇ ਹਨ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੁੰਦਾ ਹੈ ਅਤੇ ਇਹ ਉਸਦਾ ਮੁੱਢਲਾ ਹੱਕ ਵੀ ਹੈ।
ਸੀਐੱਚਸੀ ਕਾਠਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਰਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਜਨਮ ਤੋਂ ਬਾਅਦ ਪਹਿਲੇ ਅੱਧੇ ਘੰਟੇ ਦੇ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਂ ਦਾ ਪਹਿਲਾ ਗਾੜਾ ਦੁੱਧ (ਬੌਹਲਾ) ਪਿਲਾਉਣ ਨਾਲ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਹੁੁੰਦੀ ਹੈ। ਉਨ੍ਹਾਂ ਦੱਸਿਆ ਕਿ ਜਨਮ ਦੇ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨ ਨਾਲ ਨਵ-ਜੰਮੇ ਬੱਚਿਆਂ ਦੀਆਂ ਮੌਤਾਂ ਨੂੰ 20 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਦਿੱਤਾ ਜਾਂਦਾ, ਉਨ੍ਹਾਂ ਵਿੱਚ ਨਿਮੋਨੀਆ ਨਾਲ 15 ਫੀਸਦੀ ਤੇ ਦਸਤਾਂ ਦੀ ਬਿਮਾਰੀ ਨਾਲ 11 ਫੀਸਦੀ ਮੌਤ ਦਾ ਖਤਰਾ ਹੁੰਦਾ ਹੈ, ਜੋ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ-ਨਾਲ ਨਰਮ ਓਪਰੀ ਖੁਰਾਕ ਵੀ ਦੇਣੀ ਚਾਹੀਦੀ ਹੈ।