ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ : ਉਜਾਗਰ ਸਿੰਘ

IMG_1643.resizedਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ। ਹਰ ਇਨਸਾਨ ਦੇ ਉਪਰ ਉਸ ਦੇ ਪਰਿਵਾਰਿਕ ਅਤੇ ਸਮਾਜਿਕ ਵਾਤਵਰਨ ਦਾ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਸਭ ਤੋਂ ਵੱਧ ਬੱਚਿਆ ਅਤੇ ਸਾਹਿਤਕਾਰਾਂ ਖਾਸ ਤੌਰ ‘ਤੇ ਕਵੀਆਂ ‘ਤੇ ਪੈਂਦਾ ਹੈ ਕਿਉਂਕਿ ਸਾਹਿਤਕਾਰ ਕੋਮਲ ਦਿਲ ਹੁੰਦੇ ਹਨ, ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਸਮਾਜਿਕ ਪ੍ਰਵਿਰਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ। ਦਵਿੰਦਰ ਪਟਿਆਲਵੀ ਜ਼ਿੰਦਗੀ ਵਿੱਚ ਵਿਚਰਦਿਆਂ ਸਮਾਜਿਕ ਪ੍ਰਵਿਰਤੀਆਂ ਅਤੇ ਵਿਸੰਗਤੀਆਂ ਨੂੰ ਵੇਖਦਾ ਰਹਿੰਦਾ ਹੈ, ਇਹ ਚੰਗਿਆਈਆਂ ਤੇ ਬੁਰਾਈਆਂ ਉਸ ਦੀ ਮਾਨਸਿਕਤਾ ਨੂੰ ਟੁੰਬਦੀਆਂ ਹਨ। ਫਿਰ ਉਹ ਆਪਣੀ ਕਲਮ ਰਾਹੀਂ ਆਪਣੇ ਮਾਨਸਿਕ ਪ੍ਰਭਾਵਾਂ ਨੂੰ ਕਹਾਣੀ ਜਾਂ ਕਵਿਤਾ ਦਾ ਰੂਪ ਦਿੰਦਾ ਹੈ। ਇਸ ਤੋਂ ਇਲਾਵਾ ਉਹ ਸਾਹਿਤਕ ਸਭਾਵਾਂ ਨਾਲ ਲਗਾਤਾਰ ਜੁੜਿਆ ਹੋਇਆ ਹੈ। ਇਸ ਕਰਕੇ ਉਸ ਦੀ ਸਾਹਿਤਕ ਮਸ ਪੂਰੀ ਹੁੰਦੀ ਰਹਿੰਦੀ ਹੈ। ਸਾਹਿਤਕ ਚੁੰਜ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਰਹਿੰਦਾ ਹੈ। ਉਸ ਦੀ ਮਿੰਨੀ ਕਹਾਣੀਆਂ ਦੀਆਂ ਦੋ ਪੁਸਤਕਾਂ ਪੰਜਾਬੀ ਅਤੇ ਹਿੰਦੀ ਵਿੱਚ ਆ ਚੁੱਕੀਆਂ ਹਨ। ਚਰਚਾ ਅਧੀਨ ਉਸਦਾ ਪਲੇਠਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਅਹਿਸਾਸਾਂ ਦੀ ਦਾਸਤਾਂ ਹੈ। ਕਵੀ ਆਪਣੀਆਂ ਕਵਿਤਾਵਾਂ ਵਿੱਚ ਕਿਸੇ ਵੀ ਵਿਸ਼ੇ ਬਾਰੇ ਸਿੱਧਾ ਨਹੀਂ ਲਿਖਦਾ ਹੁੰਦਾ। ਉਸ ਨੇ ਤਾਂ ਅਸਿਧੇ ਢੰਗ ਨਾਲ ਸਾਹਿਤਕ ਪਾਣ ਦੇ ਕੇ ਸਮਾਜ ਨੂੰ ਆਗਾਹ ਕਰਨਾ ਹੁੰਦਾ ਹੈ। ਦਵਿੰਦਰ ਪਟਿਆਲਵੀ ਨੇ ਵੀ ਆਪਣੀਆਂ ਕਵਿਤਾਵਾਂ ਵਿੱਚ ਪਾਠਕਾਂ  ਨੂੰ ਸੁਚੇਤ ਕੀਤਾ ਹੈ। ਸਮਾਜਿਕ ਤੌਰ ‘ਤੇ ਵਿਚਰਦਿਆਂ ਦਵਿੰਦਰ ਪਟਿਆਲਵੀ ਨੂੰ ਜੋ ਮਹਿਸੂਸ ਹੁੰਦਾ ਰਿਹਾ, ਉਸ ਬਾਰੇ ਉਸ ਨੇ ਖੁਲ੍ਹੀਆਂ ਕਵਿਤਾਵਾਂ ਵਿੱਚ ਆਪਣੇ ਅਹਿਸਾਸਾਂ ਦਾ ਪ੍ਰਗਟਾਵਾ ਕੀਤਾ ਹੈ। ਉਸ ਦੀਆਂ ਕਵਿਤਾਵਾਂ ਵਿਚਾਰ ਪ੍ਰਧਾਨ ਹਨ। ਉਹ ਆਪਣੇ ਪ੍ਰਭਾਵਾਂ ਨੂੰ ਕਵਿਤਾ ਦਾ ਰੂਪ ਦੇ ਦਿੰਦਾ ਹੈ।

IMG_1644.resizedਦਵਿੰਦਰ ਪਟਿਆਲਵੀ ਦੀਆਂ ਕਵਿਤਾਵਾਂ ਦੇ ਵਿਸ਼ੇ ਆਮ ਤੌਰ ‘ਤੇ ਪੰਜਾਬੀ ਦੇ ਸ਼ਾਇਰਾਂ ਦੀ ਤਰ੍ਹਾਂ ਰੁਮਾਂਸਵਾਦੀ ਨਹੀਂ ਹਨ, ਸਗੋਂ ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਹਨ। ਉਹ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਦਾ ਸ਼ਾਇਰ ਹੈ। ਨਸ਼ੇ, ਭਰੂਣ ਹੱਤਿਆ, ਬੇਰੋਜ਼ਗਾਰੀ, ਗ਼ਰੀਬੀ, ਭੁੱਖਮਰੀ, ਪਰਿਵਾਰਿਕ ਰਿਸ਼ਤੇ ਵਰਗੇ ਅਹਿਮ ਮੁੱਦੇ ਉਸ ਦੀਆਂ ਕਵਿਤਾਵਾਂ ਵਿੱਚ ਉਠਾਏ ਜਾਂਦੇ ਹਨ। ਸਰਕਾਰੀ ਕਰਮਚਾਰੀਆਂ ਦੇ ਦਫ਼ਤਰਾਂ ਵਿੱਚ ਕੰਮ ਦੇ ਬੋਝ ਅਤੇ ਪਰਿਵਾਰ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾ ਮਸਲਾ, ਉਸ ਨੂੰ ਸਤਾਉਂਦਾ ਰਹਿੰਦਾ ਹੈ। ਪ੍ਰੰਤੂ ਇਸ ਦੇ ਨਾਲ ਹੀ ਉਹ ਦਫ਼ਤਰਾਂ ਦੇ ਸਾਥੀਆਂ ਦੇ ਸਹਿਯੋਗ ਨੂੰ ਪਰਿਵਾਰ ਦੇ ਮੈਂਬਰ ਹੀ ਮੰਨਦਾ ਹੈ ਤਾਂ ਜੋ ਸੁਖੀ ਜੀਵਨ ਬਸਰ ਕੀਤਾ ਜਾ ਸਕੇ। ਨਸ਼ੇ ਦੀ ਬੀਮਾਰੀ ਨੇ ਪੰਜਾਬ ਦੇ ਪਰਿਵਾਰਾਂ ਦੇ ਜੀਵਨ ਤਬਾਹ ਕਰ ਦਿੱਤੇ ਹਨ। ਅਜਿਹੇ ਹਾਲਾਤ ਵਿੱਚ ਇੱਕ ਔਰਤ ਦਾ ਸੰਤਾਪ ਆਪਣੀ ਕਿਸਮ ਦਾ ਹੁੰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਮੁੜ ਘਿੜ ਕੇ ਦਵਿੰਦਰ ਪਟਿਆਲਵੀ ਦੇ ਪਰਿਵਾਰ ਅਤੇ ਦਫ਼ਤਰ ਦੇ ਆਲੇ ਦੁਆਲੇ ਘੁੰਮਦੀਆਂ ਹਨ। ਇੱਕ ਕਿਸਮ ਨਾਲ ਇਹ  ਕਿਹਾ ਜਾ ਸਕਦਾ ਹੈ ਕਿ ਦਵਿੰਦਰ ਪਟਿਆਲਵੀ ਨੇ ਘਰ, ਪਰਿਵਾਰ, ਦਫ਼ਤਰ, ਪੁਸਤਕ, ਪੇਂਡੂ ਤੇ ਸ਼ਹਿਰੀ ਸਭਿਆਚਾਰ ਨੂੰ ਆਪਣੀਆਂ ਕਵਿਤਾਵਾਂ ਵਿੱਚ ਦਰਸਾਇਆ ਹੈ। ਭਾਵੇਂ ਇਹ ਕਵਿਤਾਵਾਂ ਕਵੀ ਦੇ ਨਿੱਜੀ ਤਜ਼ਰਬੇ ‘ਤੇ ਅਧਾਰਤ ਹਨ ਪ੍ਰੰਤੂ ਇਹ ਸਾਰਾ ਕੁਝ ਸਮਾਜ ਵਿੱਚ ਵਾਪਰ ਰਿਹਾ ਹੈ। ਦਵਿੰਦਰ ਪਟਿਆਲਵੀ ਇਨ੍ਹਾਂ ਨੂੰ ਲੋਕਾਈ ਨਾਲ ਜੋੜਨ ਵਿੱਚ ਸਫਲ ਹੋਇਆ ਹੈ। ਕਵਿਤਾਵਾਂ ਪੜ੍ਹਨ ਵਾਲਾ ਹਰ ਵਿਅਕਤੀ ਇਹ ਸੋਚੇਗਾ ਕਿ ਇਹ ਕਵਿਤਾਵਾਂ ਉਸ ਨਾਲ ਸੰਬੰਧਤ ਹਨ, ਇਹੋ ਦਵਿੰਦਰ ਪਟਿਆਲਵੀ ਦੀ ਕਾਮਯਾਬੀ ਹੈ। ਦਫ਼ਤਰਾਂ ਅਤੇ ਸਮਾਜ ਵਿੱਚ ਇਹੋ ਕੁਝ ਵਾਪਰ ਰਿਹਾ ਹੈ, ਜਿਹੜਾ ਦਵਿੰਦਰ ਪਟਿਆਲਵੀ ਨੇ ਕਵਿਤਾਵਾਂ ਵਿੱਚ ਲਿਖਿਆ ਹੈ। ਇਕ ‘ਕਪੜੇ ਸਿਉਣ ਵਾਲੀ ਔਰਤ’ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਉਹ ਦਸਦਾ ਹੈ ਕਿ ਪਤੀ ਦੇ ਨਸ਼ਈ ਹੋਣ ਦੇ ਬਾਵਜੂਦ ਔਰਤ ਕੱਪੜੇ ਸਿਉਂ ਕੇ ਪਰਿਵਾਰ ਪਾਲਦੀ ਹੈ ਪ੍ਰੰਤੂ ਜਦੋਂ ਉਹ ਵਿਆਹ ਦੇ ਲਾਲ ਸੂਹੇ ਕੱਪੜੇ ਸਿਉਂਦੀ ਹੈ ਤਾਂ ਉਸ ਦੀ ਮਾਨਸਿਕਤਾ ਜ਼ਖ਼ਮੀ ਹੋ ਜਾਂਦੀ ਹੈ। ਫਿਰ ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿੰਦੀ ਹੋਈ ਮਜ਼ਬੂਰੀ ਵਸ ਕਿਰਤ ਕਰਦੀ ਰਹਿੰਦੀ ਹੈ। ਔਰਤ ਦੀ ਤ੍ਰਾਸਦੀ ਹੈ ਕਿ ਉਸਨੇ ਬੱਚੇ ਵੀ ਪਾਲਣੇ ਹਨ ਪ੍ਰੰਤੂ ਦੁੱਖ ਵੀ ਸਹਿਣਾ ਹੈ। ਇਹ ਕਵਿਤਾ ਸਮੁੱਚੀ ਇਸਤਰੀ ਜਗਤ ਦੀ ਪ੍ਰਤੀਨਿਧਤਾ ਕਰਦੀ ਹੈ। ‘ਸੈਰ ਕਰਦੇ ਕਾਲਜ ਪੜ੍ਹਨ ਵਾਲੇ ਬੱਚੇ’ ਕਵਿਤਾ ਵਿੱਚ ਵਿਦਿਆਰਥੀਆਂ ਵਿੱਚ ਨਸ਼ੇ ਦੀ ਲੱਤ ਨੂੰ ਕਵੀ ਸਮਾਜਿਕ ਬਰਬਾਦੀ ਦਾ ਕਾਰਨ ਮੰਨਦਾ ਹੈ, ਕਿਉਂਕਿ ਮਾਂ ਬਾਪ ਦੇ ਆਪਣੇ ਬੱਚਿਆਂ ਬਾਰੇ ਸਿਰਜੇ ਸਪਨੇ ਖੇਰੂੰ ਖੇਰੂੰ ਹੋ ਜਾਂਦੇ ਹਨ। ਦਵਿੰਦਰ ਪਟਿਆਲਵੀ ਦੀ ਇੱਕ ਹੋਰ ਕਵਿਤਾ ‘ਰੋਟੀ, ਰਿਕਸ਼ਾ ਤੇ ਡਿਗਰੀਆਂ’ ਬਹੁਤ ਸੰਵੇਦਨਸ਼ੀਲ ਤੇ ਹਿਰਦੇਵੇਦਿਕ ਹੈ, ਕਿਉਂਕਿ ਪੰਜਾਬ ਦੇ ਬੇਰੋਜ਼ਗਾਰੀ ਦੇ ਮੌਕੇ ਵੀ ਇੱਕ ਆਸ ਦੀ ਕਿਰਨ ਰੌਸ਼ਨੀ ਦਿੰਦੀ ਵਿਖਾਈ ਦੇ ਰਹੀ ਹੈ, ਜਦੋਂ ਇੱਕ ਵਿਦਿਅਕ ਡਿਗਰੀਆਂ ਲੈਣ ਵਾਲਾ ਨੌਜਵਾਨ ਰਿਕਸ਼ਾ ਚਲਾ ਕੇ ਆਪਣਾ ਸੁਨਹਿਰਾ ਭਵਿਖ ਬਣਾਉਣ ਦੇ ਸੁਪਨੇ ਵੇਖ ਰਿਹਾ ਹੈ। ਉਹ ਨੌਜਵਾਨ ਜਦੋਂ ਕਹਿੰਦਾ ਹੈ ਕਿ ਡਿਗਰੀਆਂ ਨਾਲੋਂ ਰੋਟੀ ਦੀ ਅਹਿਮੀਅਤ ਜ਼ਿਆਦਾ ਹੈ ਤਾਂ ਸਾਡੇ ਵਰਤਮਾਨ ਵਿਦਿਅਕ ਢਾਂਚੇ ‘ਤੇ ਕਰਾਰੀ ਚੋਟ ਮਾਰਦਾ ਹੈ। ਉਸ ਦੀ ਪਹਿਲੀ ਕਵਿਤਾ ‘ਪਾਪਾ ਦੇ ਨਾਂ’ ਵਿੱਚ ਉਹ ਬੱਚੇ ਤੋਂ ਬੱਚਿਆਂ ਦਾ ਪਿਤਾ ਬਣਨ ‘ਤੇ ਜ਼ਿੰਮੇਵਾਰੀ ਦੇ ਅਹਿਸਾਸ ਦਾ ਪ੍ਰਗਟਾਵਾ ਕਰਦਾ ਹੈ।

‘ਪਿੰਗਲਵਾੜਾ ਆਸ਼ਰਮ’ ਕਵਿਤਾ ਮਾਪਿਆਂ ਵੱਲੋਂ ਵਿਸ਼ੇਸ਼ ਬੱਚਿਆਂ ਤੋਂ ਖਹਿੜਾ ਛੁਡਾ ਕੇ ਪਿੰਗਲਵਾੜੇ ਛੱਡਣਾ ਰਿਸ਼ਤਿਆਂ ਨੂੰ ਦਾਗ਼ਦਾਰ ਕਰਦਾ ਹੈ। ਇਸ ਕਵਿਤਾ ਤੋਂ ਸਮਾਜਿਕ ਗਿਰਾਵਟ ਦਾ ਪਤਾ ਲਗਦਾ ਹੈ। ਖ਼ੂਨ ਦੇ ਰਿਸ਼ਤੇ ਵੀ ਤਾਰ ਤਾਰ ਹੋ ਜਾਂਦੇ ਹਨ। ‘ਮੇਰੇ ਕੋਲ ਕੁਝ ਵੀ ਨਹੀਂ’ ਕਵਿਤਾ ਸਮਾਜਿਕ ਬੁਰਾਈਆਂ ਨਸ਼ੇ, ਗ਼ਰੀਬੀ, ਭੁੱਖਮਰੀ, ਜ਼ੁਲਮ, ਬਾਲ ਮਜ਼ਦੂਰੀ ਅਤੇ ਇਨਸਾਨੀਅਤ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਅਖ਼ਬਾਰਾਂ ਅਤੇ ਪੱਤਰਕਾਰਾਂ ਬਾਰੇ ਕਵੀ ਨੇ ਉਨ੍ਹਾਂ ਉਪਰ ਡਿਜਿਟਿਲਾਈਜੇਸ਼ਨ ਦਾ ਪ੍ਰਭਾਵ ਅਤੇ ਪੱਤਰਕਾਰੀ ਦੇ ਮਿਆਰ ਵਿੱਚ ਗਿਰਾਵਟ ਦੇ ਨੁਕਤੇ ਉਠਾਏ ਹਨ। ਆਧੁਨਿਕਤਾ ਦੇ ਪ੍ਰਭਾਵ ਅਧੀਨ ਅਖ਼ਬਾਰਾਂ ਦੀ ਪ੍ਰਣਾਲੀ ਹੀ ਬਦਲ ਗਈ ਹੈ। ਇਸੇ ਤਰ੍ਹਾਂ ਨੌਕਰੀ ਕਰ ਰਹੇ ਮਰਦ ਔਰਤ ਜੇਕਰ ਘਰ ਦੇ ਕੰਮਾ ਵਿੱਚ ਸਹਿਯੋਗੀ ਨਾ ਬਣਨ ਤਾਂ ਪਰਿਵਾਰਿਕ ਜੀਵਨ ਸਫਲ ਨਹੀਂ ਹੋ ਸਕਦਾ। ਰਸੋਈ ‘ਤੇ ਇਕੱਲੀ ਇਸਤਰੀ ਦੀ ਸਰਦਾਰੀ ਨਹੀਂ ਰਹੀ ਮਰਦ ਵੀ ਪੂਰਾ ਹਿੱਸੇਦਾਰ ਹੈ। ਇਸ ਕਵਿਤਾ ਰਾਹੀਂ ਕਵੀ ਨੇ  ਨੌਕਰੀ ਪੇਸ਼ਾ ਇਸਤਰੀਆਂ ਦੀ ਵਕਾਲਤ ਕੀਤੀ ਹੈ। ਬੱਚਿਆਂ ਵਿੱਚ ਬਾਹਰੋਂ ਖਾਣਾ ਮੰਗਾ ਕੇ ਖਾਣ ਦੀ ਪ੍ਰਵਿਰਤੀ ਨੇ ਵੀ ਪਰਿਵਾਰਿਕ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚੋਂ ਨਵੀਂ ਪਨੀਰੀ ਦਾ ਪ੍ਰਵਾਸ ਵਿੱਚ ਜਾਣਾ ਵੀ ਸਾਹਿਤ ਦੀ ਹਰ ਵਿਧਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ। ਦਵਿੰਦਰ ਪਟਿਆਲਵੀ ਨੇ ਵੀ ਪ੍ਰਵਾਸ ਕਾਰਨ ਮਾਂ ਬਾਪ ਦੀ ਤ੍ਰਾਸਦੀ ਅਤੇ ਬੱਚਿਆਂ ਵਿੱਚ ਆਪਸੀ ਪਿਆਰ ਦੀ ਘਾਟ ਬਾਰੇ ਲਿਖਿਆ ਹੈ। ਮਹਿੰਗਾਈ ਵਰਗਾ ਮਹੱਤਵਪੂਰਨ ਵਿਸ਼ਾ ਸਮਾਜਿਕ ਸਰੋਕਾਰਾਂ ਵਾਲੇ ਸ਼ਾਇਰ ਲਈ  ਵਿਸ਼ੇਸ਼ ਹੁੰਦਾ ਹੈ। ਕਵੀ ਨੇ ਮਹਿੰਗਾਈ ਤੇ ਵੀ ਚਿੰਤਾ ਪ੍ਰਗਟਾਈ ਹੈ। ਵਾਤਵਰਨ ਬਾਰੇ ਪਾਰਕ ਦੀ ਸੈਰ ਕਰਨ ਨੂੰ ਵਿਸ਼ਾ ਬਣਾਕੇ ਕਵੀ ਨੇ ਲੋਕਾਈ ਨੂੰ ਕੁਦਰਤ ਦੀਆਂ ਰਹਿਮਤਾਂ ਦੀ ਸੰਭਾਲ ਕਰਨ ਦਾ ਇਸ਼ਾਰਾ ਕੀਤਾ ਹੈ, ਜਿਸ ਤੋਂ ਇਨਸਾਨ ਨੂੰ ਦੂਹਰਾ ਲਾਭ ਹੁੰਦਾ ਹੈ। ਸਿਹਤ ਵੀ ਚੰਗੀ ਹੁੰਦੀ ਹੈ ਤੇ ਪੰਛੀਆਂ ਦੀ ਆਵਾਜ਼ਾਂ ਸੰਗੀਤਮਈ ਵਾਤਾਵਰਨ ਪੈਦਾ ਕਰਕੇ ਮਹਿਕਾਂ ਖਿਲਾਰਦੀਆਂ ਹਨ। ਕਵੀ ਨੂੰ ਲੈ ਬੱਧ ਸੰਗੀਤਮਈ ਕਵਿਤਾ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਵਿਚਾਰ ਕਹਾਣੀਆਂ ਰਾਹੀਂ ਵਧੀਆ ਪ੍ਰਗਟ ਕੀਤੇ ਜਾ ਸਕਦੇ ਹਨ। ਦਵਿੰਦਰ ਪਟਿਆਲਵੀ ਆਪਣੀ ਸਾਹਿਤਕ ਪ੍ਰਵਿਰਤੀ ਦਾ ਆਧਾਰ ਆਪਣੀਆਂ ਦੋਵੇਂ ਬੇਟੀਆਂ ਅਤੇ ਪਤਨੀ ਨੂੰ ਮੰਨਦਾ ਹੈ।

98 ਪੰਨਿਆਂ, 195 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਕੇ ਪਬਲੀਕੇਸ਼ਨਜ਼, ਬਰੇਟਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>