ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਨਾ ਕਿ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਅੰਸ਼ ਪਿਛਲੇ ਦਰਵਾਜ਼ੇ ਰਾਹੀਂ ਮੁੜ ਤੋਂ ਲਾਗੂ ਕਰਨ ਦਾ ਯਤਨ ਕਰੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਖੇਤੀਬਾੜੀ ਮੰਡੀਕਰਨ ’ਤੇ ਕੌਮੀ ਫਰੇਮਵਰਕ ਦੇ ਖਰੜੇ ’ਤੇ ਕਿਸਾਨਾਂ ਨੇ ਤੌਖਲੇ ਜ਼ਾਹਰ ਕੀਤੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰ ਤੋਂ ਖੇਤੀਬਾੜੀ ਮੰਡੀਕਰਣ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਦਾ ਖਰੜਾ ਜਾਰੀ ਕੀਤਾ ਹੈ ਜਿਸ ’ਤੇ ਸਾਰੀਆਂ ਇੱਛੁਕ ਧਿਰਾਂ ਤੋਂ 15 ਦਿਨਾਂ ਦੇ ਅੰਦਰ-ਅੰਦਰ ਸੁਝਾਅ ਮੰਗੇ ਗਏ ਹਨ। ਉਹਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਲੱਗਿਆਂ ਕਿਸਾਨਾਂ ਨੂੰ ਦੁਆਏ ਭਰੋਸੇ ਦੀ ਭਾਵਨਾ ਦੇ ਉਲਟ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਮਾਮਲੇ ਵਿਚ ਅਗਲਾ ਕੋਈ ਵੀ ਫੈਸਲਾ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਲਿਆ ਜਾਵੇਗਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਖਰੜਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕਿਸਾਨ ਦਿੱਲੀ ਤੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਕੋਲ ਆਪਣੀਆਂ ਮੰਗਾਂ ਰੱਖਣ ਲਈ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗ ਨਾਲ ਨਾ ਖੇਡੇ। ਉਹਨਾਂ ਕਿਹਾ ਕਿ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ’ਤੇ ਬੈਠੇ ਹਨ, ਦੀ ਜਾਨ ਸੂਬੇ ਲਈ ਬੇਸ਼ਕੀਮਤੀ ਹੈ ਤੇ ਹਾਲਾਤ ਖਰਾਬ ਨਹੀਂ ਹੋਣੇ ਚਾਹੀਦੇ। ਉਹਨਾਂਕਿਹਾ ਕਿ ਸਰਕਾਰ ਨੂੰ ਨੋਟੀਫਿਕੇਸ਼ਨ ਦੇ ਖਰੜੇ ਬਾਰੇ ਕਿਸਾਨ ਆਗੂਆਂ ਨਾਲ ਰਾਇ ਮਸ਼ਵਰਾ ਕਰਨਾ ਚਾਹੀਦਾ ਹੈ ਤੇ ਫਿਰ ਹੀ ਇਸ ਮਾਮਲੇ ’ਤੇ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਖਰੜੇ ਨੇ ਸੰਘੀ ਖੁਦਮੁਖ਼ਤਿਆਰੀ ’ਤੇ ਵੀ ਗੰਭੀਰ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਭਾਵੇਂ ਖੇਤੀਬਾੜੀ ਅਤੇ ਖੇਤੀਬਾੜੀ ਮੰਡੀਕਰਣ ਸੂਬਾ ਸੂਚੀ ਦੇ ਵਿਸ਼ੇ ਹਨ ਪਰ ਕੇਂਦਰ ਸਰਕਾਰ ਸਾਰੇ ਦੇਸ਼ ਵਿਚ ਕੌਮੀ ਨੀਤੀ ਲਾਗੂ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਸੂਬਿਆਂ ਦੀ ਖੁਦਮੁਖ਼ਤਿਆਰੀ ਨੂੰ ਖੋਰਾ ਲੱਗੇਗਾ ਖਾਸ ਤੌਰ ’ਤੇ ਪੰਜਾਬ ਵਰਗੇ ਰਾਜ ਜਿਥੇ ਖੇਤੀਬਾੜੀ ਮੰਡੀਕਰਣ ਅਤੇ ਖਰੀਦ ਪ੍ਰਣਾਲੀ ਦਾ ਇਕ ਵਧੀਆ ਢਾਂਚਾ ਹੈ। ਉਹਨਾਂ ਨੇ ਮਾਹਿਰਾਂ ਨੇ ਕਿਹਾ ਹੈ ਕਿ ਖਰੜੇ ਵਿਚ ਅਨਾਜ ਦੇ ਕੌਮਾਂਤਰੀ ਮੰਡੀਕਰਣ ਦੇ ਨਾਲ-ਨਾਲ ਬਰਾਮਦ ਡਿਊਟੀਆਂ ਤੇ ਬਰਾਮਦਾਂ ’ਤੇ ਪਾਬੰਦੀਆਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਜਿਸ ਨਾਲ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਨੂੰ ਵੱਡਾ ਘਾਟਾ ਪੈਂਦਾ ਹੈ।
ਅਕਾਲੀ ਆਗੂ ਤੋਂ ਜਦੋਂ ਪੰਥਕ ਏਕਤਾ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਤਾਂ ਹਮੇਸ਼ਾ ਪੰਥ ਵਿਚ ਏਕਤਾ ਦੇ ਮੁੱਦਈ ਰਹੇ ਹਨ ਅਤੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਮੁੜ ਤੋਂ ਇਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਅਤੇ ਇਸਦੇ ਲੋਕਾਂ ਦੀਆਂ ਆਸਾਂ ਦੀ ਪੂਰਤੀ ਵਾਸਤੇ ਅਜਿਹਾ ਕਰਨਾ ਲਾਜ਼ਮੀ ਹੈ। ਉਹਨਾਂਕਿਹਾ ਕਿ ਇਸ ਨਾਲ ਦਰਿਆਈ ਪਾਣੀਆਂ ਦੀ ਰਾਖੀ, ਚੰਡੀਗੜ੍ਹ ਪੰਜਾਬ ਨੂੰ ਦੇਣ, ਵਾਹਗਾ ਸਰਹੱਦ ਵਪਾਰ ਲਈ ਖੋਲ੍ਹਣ,ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਰਗੇ ਮਸਲੇ ਹੱਲ ਹੋ ਜਾਣਗੇ।