ਲਾਸ ਏਂਜਲਸ – ਅਮਰੀਕਾ ਦੀ ਕੈਲੇਫੋਰਨੀਆਂ ਸਟੇਟ ਦੇ ਲਾਸ ਏਂਜਲਸ ਸ਼ਹਿਰ ਦੇ ਨਜ਼ਦੀਕ ਜੰਗਲਾਂ ਵਿੱਚ ਫੈਲੀ ਅੱਗ ਨੇ ਭਿਆਨਕ ਰੂਪ ਧਰਣ ਕਰ ਲਿਆ ਹੈ। ਅੱਗ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਸ਼ਹਿਰ ਦੇ ਬਹੁਤ ਸਾਰੇ ਖੇਤਰਾਂ ਨੂੰ ਲਪੇਟ ਵਿੱਚ ਲੈ ਰਹੀ ਹੈ। ਹੁਣ ਤੱਕ ਇਸ ਅੱਗ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਭਾਰੀ ਸੰਖਿਆ ਵਿੱਚ ਲੋਕ ਜਖਮੀ ਹੋਏ ਹਨ। ਕੁਝ ਫਾਇਰ ਫਾਈਟਰ ਵੀ ਜਖਮੀ ਹੋਏ ਹਨ। ਇੱਕ ਲੱਖ ਤੋਂ ਵੱਧ ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। 2000 ਹਜ਼ਾਰ ਤੋਂ ਵੱਧ ਘਰ ਅੱਗ ਲੱਗਣ ਨਾਲ ਖੰਡਰ ਬਣ ਚੁੱਕੇ ਹਨ।
ਸਥਾਨਕ ਅਧਿਕਾਰੀਆਂ ਅਨੁਸਾਰ ਹਾਲੀਵੁੱਡ ਹਿਲਸ ਸਮੇਤ ਸ਼ਹਿਰ ਦੇ ਘੱਟ ਤੋਂ ਘੱਟ ਪੰਜ ਇਲਾਕਿਆਂ ਵਿੱਚ ਅੱਗ ਦਾ ਕਹਿਰ ਜਾਰੀ ਹੈ। ਇਸ ਅੱਗ ਨਾਲ 45 ਵਰਗ ਮੀਲ ਤੋਂ ਵੱਧ ਦਾ ਖੇਤਰ ਸੜ ਚੁੱਕਿਆ ਹੈ। 1,300 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ ਅਤੇ 60 ਹਜ਼ਾਰ ਤੋਂ ਜਿਆਦਾ ਇਮਾਰਤਾਂ ਖਤਰੇ ਵਿੱਚ ਹਨ। ਅਮਰੀਕੀ ਫਿਲਮ ਉਦਯੋਗ ਦੇ ਹਾਲੀਵੁੱਡ ਹਿਲਜ਼ ਨੂੰ ਵੀ ਲਪੇਟੇ ਵਿੱਚ ਲੈ ਲਿਆ ਹੈ, ਜਿਸ ਕਰਕੇ ਕਈ ਹਾਲੀਵੁੱਡ ਕਲਾਕਾਰਾਂ ਨੂੰ ਵੀ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਲਾਸ ਏਂਜਲਸ ਦੇ ਪੈਸੇਫਿਕ ਪੇਲਿਸੇਡਸ ਵਿੱਚ 7 ਜਨਵਰੀ ਨੂੰ ਸਵੇਰੇ 10:30 ਵਜੇ ਅੱਗ ਲਗੀ ਸੀ। ਇਹ ਅੱਗ ਲਗਣ ਦੀ ਵਜ੍ਹਾ ਅਸਲ ਵਿੱਚ ਤੇਜ਼ ਹਵਾਵਾਂ ਹਨ।
ਸ਼ਹਿਰ ਦੀ ਮੇਅਰ ਕੈਰਨ ਬਾਸ ਅਨੁਸਾਰ ਬੁੱਧਵਾਰ ਨੂੰ ਸਨਸਿਟ ਖੇਤਰ ਵਿੱਚ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ। ਮੇਅਰ ਨੇ ਫਾਇਰ ਫਾਈਟਰਜ਼ ਦਾ ਉਨ੍ਹਾਂ ਦੀ ਬਹਾਦਰੀ ਦੇ ਲਈ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਕੀਤੀ। ਇਸ ਅੱਗ ਦੇ ਦੌਰਾਨ ਲੁੱਟਮਾਰ ਕਰਨ ਵਾਲੇ 20 ਦੇ ਕਰੀਬ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।