ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਵਿੱਚ ਰਹਿ ਰਹੇ ਸਲਵਾਡੋਰ ਅਤੇ ਵੈਨਜੁਏਲਾ ਦੇ 8 ਲੱਖ ਤੋਂ ਵੱਧ ਲੋਕਾਂ ਨੂੰ 18 ਮਹੀਨੇ ਹੋਰ ਦੇਸ਼ ਵਿੱਚ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਵੈਨਜੁਏਲਾ ਦੇ 6 ਲੱਖ ਤੋਂ ਵੱਧ ਅਤੇ ਸਲਵਾਡੋਰ ਦੇ 2 ਲੱਖ 30 ਹਜ਼ਾਰ ਲੋਕ ਅਗਲੇ 18 ਮਹੀਨੇ ਤੱਕ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਸਕਦੇ ਹਨ। ਬਾਈਡਨ ਪ੍ਰਸ਼ਾਸਨ ਨੇ ਇਹ ਫੈਂਸਲਾ ਆਪਣੇ ਕਾਰਜਕਾਲ ਦੇ ਆਖਰੀ ਸਮੇਂ ਵਿੱਚ ਲਿਆ ਹੈ।
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਰਹੇ ਹਨ। ਟਰੰਪ ਨੇ ਇਸ ਚੋਣ ਪ੍ਰਚਾਰ ਦੌਰਾਨ ਇਮੀਗਰੇਸ਼ਨ ਨਿਯਮ ਸਖਤ ਕਰਨ ਦਾ ਵਾਅਦਾ ਕੀਤਾ ਸੀ। ਬਾਈਡਨ ਪ੍ਰਸ਼ਾਸਨ ਨੇ ਟੈਮਪਰੇਰੀ ਪ੍ਰੋਟੈਕਟਿਡ ਸਟੇਟ (ਟੀਪੀਐਸ) ਦਾ ਪੂਰੀ ਤਰ੍ਹਾਂ ਨਾਲ ਸਮੱਰਥਨ ਕੀਤਾ ਹੈ। ਇਸ ਦੇ ਤਹਿਤ 10 ਲੱਖ ਦੇ ਕਰੀਬ ਲੋਕਾਂ ਨੂੰ ਲਾਭ ਪਹੁੰਚਿਆ ਹੈ। ਟਰੰਪ ਦੇ ਸਤਾ ਸੰਭਾਲਣ ਤੋਂ ਬਾਅਦ ਟੀਪੀਐਸ ਦੇ ਭਵਿੱਖ ਬਾਰੇ ਕੁਝ ਵੀ ਤਸੱਲੀ ਨਾਲ ਨਹੀਂ ਕਿਹਾ ਜਾ ਸਕਦਾ। ਗ੍ਰਹਿ ਸੁਰੱਖਿਆ ਵਿਭਾਗ ਨੇ ਅਮਰੀਕਾ ਵਿੱਚ ਰਹਿ ਰਹੇ 103,000 ਤੋਂ ਵੱਧ ਯੂਕਰੇਨੀਅਨ ਅਤੇ 1,900 ਸੂਡਾਨੀ ਲੋਕਾਂ ਦੇ ਲਈ ਵੀ ਟੀਪੀਐਸ ਨੂੰ ਵਧਾ ਦਿੱਤਾ ਹੈ।