ਨਵੀਂ ਦਿੱਲੀ – ਆਪਣੇ ਆਪ ਨੂੰ ਕਟੜ ਇਮਾਨਦਾਰ ਅਤੇ ਸਾਫ਼-ਸੁੱਥਰੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਭ ਤੋਂ ਵੱਧ ਕ੍ਰਿਮੀਨਲ ਬੈਕਗਰਾਊਂਡ ਵਾਲੇ ਉਮੀਦਵਾਰ ਉਤਾਰੇ ਹਨ। ਅਪਰਾਧਿਕ ਬੈਕਗਰਾਊਂਡ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਮਾਮਲੇ ਵਿੱਚ ਆਪ ਪਾਰਟੀ ਪਹਿਲੇ ਨੰਬਰ ਤੇ, ਕਾਂਗਰਸ ਦੂਸਰੇ ਅਤੇ ਭਾਜਪਾ ਤੀਸਰੇ ਸਥਾਨ ਤੇ ਹੈ। ਇਨ੍ਹਾਂ ਤਿੰਨਾਂ ਰਾਜਨੀਤਕ ਪਾਰਟੀਆਂ ਦੇ ਕੁਲ ਮਿਲਾ ਕੇ 93 ਅਜਿਹੇ ਉਮੀਦਵਾਰ ਹਨ, ਜਿਹਨਾਂ ਨੇ ਖੁਦ ਮੰਨਿਆ ਹੈ ਕਿ ਉਹਨਾਂ ਤੇ ਅਪਰਾਧਿਕ ਮਾਮਲੇ ਦਰਜ਼ ਹਨ।
ਚੋਣਾਂ ਸਬੰਧੀ ਮੁੱਦਿਆਂ ਤੇ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫ਼ਾਰਮਸ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ 70 ਵਿੱਚੋਂ 44 ਅਜਿਹੇ ਉਮੀਦਵਾਰ ਹਨ, ਜਿਹਨਾਂ ਉਪਰ ਅਪਰਾਧਿਕ ਕੇਸ ਦਰਜ਼ ਹਨ। ਇਹਨਾਂ ਵਿੱਚੋਂ 29 ਉਮੀਦਵਾਰ ਅਜਿਹੇ ਹਨ ਜਿਹਨਾਂ ਦੇ ਖਿਲਾਫ਼ ਗੰਭੀਰ ਅਪਰਾਧਿਕ ਧਰਾਵਾਂ ਦੇ ਤਹਿਤ ਕੇਸ ਚੱਲ ਰਹੇ ਹਨ।
ਦਿੱਲੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਨੇ 29 ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰੇ ਹਨ ਜੋ ਕਿ ਕ੍ਰਿਮੀਨਲ ਬੈਕਗਰਾਊਂਡ ਦੇ ਹਨ। ਇਹਨਾਂ ਵਿੱਚੋਂ 13 ਉਪਰ ਗੰਭੀਰ ਮਾਮਲੇ ਦਰਜ਼ ਹਨ। ਬੀਜੇਪੀ 68 ਸੀਟਾਂ ਤੇ ਚੋਣ ਲੜ ਰਹੀ ਹੈ ਅਤੇ 2 ਸੀਟਾਂ ਉਸ ਨੇ ਆਪਣੇ ਸਹਿਯੋਗੀ ਦਲਾਂ ਲਈ ਛੱਡੀਆਂ ਹਨ। ਬੀਜੇਪੀ ਦੇ 68 ਉਮੀਦਵਾਰਾਂ ਵਿੱਚੋਂ 20 ਤੇ ਕ੍ਰਿਮੀਨਲ ਕੇਸ ਦਰਜ਼ ਹਨ ਅਤੇ ਇਹਨਾਂ ਵਿੱਚੋਂ 9 ਉਮੀਦਵਾਰਾਂ ਤੇ ਗੰਭੀਰ ਅਪਰਾਧਿਕ ਕੇਸ ਦਰਜ਼ ਹਨ।