ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਪ੍ਰਧਾਨ : ਸਿੱਖ ਸੰਸਥਾਵਾਂ ਦਾ ਭਵਿਖ…….?

ਅਕਾਲੀ ਦਲ ਬਾਦਲ ਧੜੇ ਦੇ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਥਾਪਤ ਹੋਣ ਦਾ ਪਤਾ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਲੱਗੇਗਾ, ਅਕਾਲੀ ਦਲ ਦਾ ਕਿਹੜਾ ਧੜਾ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕੀਤਾ ਹੈ। ਅਕਾਲੀ ਦਲ ਦੇ ਤਾਂ ਪਹਿਲਾਂ ਹੀ ਅਨੇਕ ਧੜੇ ਹਨ, ਜਿਨ੍ਹਾਂ ਵਿੱਚ ਹੁਣੇ-ਹੁਣੇ ਬਣਿਆਂ ਵਾਰਿਸ ਪੰਜਾਬ ਦੇ ਸ਼ਾਮਲ ਹੋਇਆ ਹੈ। ਇੱਕ ਕਹਾਵਤ ਹੈ ‘ਕੁੰਡੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’ ਭਾਵ ਅਸਲ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ। ਲੋਕ ਸਭਾ ਦੀਆਂ ਚੋਣਾਂ ਵਿੱਚ ਜਦੋਂ ਅਕਾਲੀ ਇੱਕਮੁੱਠ ਸੀ ਤਾਂ 11 ਲੋਕ ਸਭਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ ਪ੍ਰੰਤੂ ਹੁਣ ਤਾਂ ਸੁਧਾਰ ਲਹਿਰ ਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਸ਼ੀਰਵਾਦ ਪ੍ਰਾਪਤ ਹੈ, ਉਹ ਬਾਹਰ ਰਹਿ ਗਏ ਹਨ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਕਿਹੜੀ ਜਾਦੂ ਦੀ ਛੜੀ ਨਾਲ ਜਿੱਤੀਆਂ ਜਾ ਸਕਣਗੀਆਂ? ਬਾਦਲ ਧੜਾ 27 ਲੱਖ ਮੈਂਬਰਸ਼ਿਪ ਦੀ ਗੱਲ ਕਰਦਾ ਹੈ, ਇਤਨੀਆਂ ਵੋਟਾਂ ਨਾ ਤਾਂ 2022 ਦੀਆਂ ਵਿਧਾਨ ਸਭਾ ਵਿੱਚ ਅਤੇ ਨਾ ਹੀ ਲੋਕ ਸਭਾ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਈਆਂ ਸਨ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ‘ਤੇ ਪੰਜ ਸਿੰਘ ਸਾਹਿਬਾਨਾ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਜਿਹੜੀ ਦੋ ਧੜਿਆਂ ਦਾਗ਼ੀ ਅਤੇ ਬਾਗ਼ੀ ਵਿੱਚ ਵੰਡੀ ਗਈ ਸੀ, ਨੂੰ ਤਨਖ਼ਾਹ ਲਗਾਈ ਗਈ ਸੀ। ਉਸ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਰਕਾਰ ਦੇ ਹੁੰਦਿਆਂ ਹੋਏ ਬਜ਼ਰ ਗੁਨਾਹਾਂ ਨੂੰ ਪ੍ਰਵਾਨ ਕੀਤਾ ਸੀ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਬਜ਼ਰ ਗੁਨਾਹਾਂ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਵੇਂ ਸਿਰੇ ਤੋਂ ਕਰਕੇ ਨਵਾਂ ਪ੍ਰਧਾਨ ਚੁਣਿਆਂ ਜਾਵੇ। ਉਸ ਨਵੀਂ ਭਰਤੀ ਲਈ ਵੀ ਕੁਝ ਨਿਯਮਾ ਦਾ ਐਲਾਨ ਕੀਤਾ ਗਿਆ ਸੀ। ਇਸ ਵੀ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇ ਦੇਵੇ ਅਤੇ ਹੋਰ ਸਾਰੇ ਦਾਗ਼ੀ ਤੇ ਬਾਗੀ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣ ਤੇ ਫਿਰ ਇਹ ਸਾਰਿਆਂ ਦਾ ਇੱਕੋ ਅਕਾਲੀ ਦਲ ਨਵੀਂ ਭਰਤੀ ਨਾਲ ਬਣਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਣਾਈ ਗਈ। ਸੁਖਬੀਰ ਸਿੰਘ ਬਾਦਲ ਉਦੋਂ ਵੀ ਅਸਤੀਫਾ ਦੇਣ ਲਈ ਆਨਾਕਾਨੀ ਕਰਦਾ ਰਿਹਾ ਸੀ। ਸੁਖਬੀਰ ਸਿੰਘ ਬਾਦਲ ਦਾ ਸੱਤ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਿਨਾ ਹੀ ਅਕਾਲੀ ਦਲ ਦਾ ਪ੍ਰਧਾਨ ਆਪਣੇ ਧੜੇ ਵੱਲੋਂ ਬਣਾਏ ਗਏ ਡੈਲੀਗਟਾਂ ਰਾਹੀਂ ਬਣਨਾ ਸਿੱਖ ਕੌਮ ਲਈ ਹੈਰਾਨੀਜਨਕ ਤੇ ਸ਼ਰਮਨਾਕ ਗੱਲ ਹੈ। ਇੱਕ ਕਿਸਮ ਨਾਲ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੋਚ ਨੂੰ ਅਲਵਿਦਾ ਕਹਿ ਦਿੱਤਾ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਵ ਹੀ ਪੰਥਕ ਸੋਚ ‘ਤੇ ਪਹਿਰਾ ਦੇਣਾ ਹੈ। ਇੱਕ ਪਾਸੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਟੀਮ ਹੀ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਸ੍ਰੀ ਅਕਾਲ ਤਖ਼ਤ ਦੇ ਹੁਕਮਾ ਦੀ ਅਵੱਗਿਆ ਕਰਕੇ ਆਪਣੇ ਆਪ ਹੀ ਆਪਣੇ ਧੜੇ ਵੱਲੋਂ ਪ੍ਰਧਾਨ ਚੁਣੇ ਜਾਣਾ, ਇੱਕ ਕਿਸਮ ਨਾਲ ਸ੍ਰੀ ਅਕਾਲ ਤਖ਼ਤ ਨੂੰ ਵੰਗਾਰਨਾ ਹੈ, ਜਿਸਨੂੰ ਸਮੁਚੇ ਸੰਸਾਰ ਵਿੱਚ ਵਸਦੇ ਪੰਥਕ ਸੋਚ ਵਾਲੇ ਸਿੱਖਾਂ ਨੇ ਬੁਰਾ ਮਨਾਇਆ ਹੈ। ਇਸ ਡੈਲੀਗੇਟ ਇਜਲਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ 2 ਦਸੰਬਰ ਨੂੰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਦੇ ਖ਼ਿਤਾਬ ਨੂੰ ਰੱਦ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਗਈ। ਇਸ ਅਪੀਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਫ਼ਖ਼ਰ-ਏ-ਕੌਮ ਵਾਲਾ ਵਾਪਸ ਲੈਣ ਦਾ ਫ਼ੈਸਲਾ ਵੀ ਰੱਦ ਕੀਤਾ ਜਾਵੇਗਾ। ਸਿੱਖ ਕੌਮ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਤ੍ਰਾਸਦੀ ਰਹੀ ਹੈ ਕਿ ਉਹ ਹਮੇਸ਼ਾ ਆਪਸ ਵਿੱਚ ਉਲਝਕੇ ਹੀ ਸਿੱਖ ਕੌਮ ਤੇ ਪੰਥ ਦਾ ਨੁਕਸਾਨ ਕਰਦੇ ਆ ਰਹੇ ਹਨ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਏਕਤਾ ਦਾ ਰਾਹ ਸਾਫ਼ ਕੀਤਾ ਸੀ ਤਾਂ ਇਹ ਛੋਟੇ-ਛੋਟੇ ਅਹੁਦਿਆਂ ਕਰਕੇ ਪੰਥ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ। ਦੋਹਾਂ ਧੜਿਆਂ ਦੀ ਇਸ ਆਪਸੀ ਲੜਾਈ ਨੇ ਸਿੱਖ ਪੰਥ ਦਾ ਵਕਾਰ ਸਮੁੱਚੇ ਸੰਸਾਰ ਵਿੱਚ ਡਾਵਾਂਡੋਲ ਕਰ ਦਿੱਤਾ ਹੈ। ਇੱਕ ਪਾਸੇ ਸਿੋੱਖ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵੋਤਮ ਤੇ ਸਾਰੀ ਕੌਮ ਦਾ ਰਹਿਨੁਮਾ ਕਹਿੰਦੇ ਹਨ, ਜਿਸ ‘ਤੇ ਦੇਸ਼ ਦਾ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ, ਦੂਜੇ ਪਾਸੇ ਆਪ ਹੀ ਉਸਨੂੰ ਵੰਗਾਰ ਰਹੇ ਹਨ।  ਜੇਕਰ ਅਕਾਲੀ ਦਲ ਦੇ ਦੋਵੇਂ ਧੜੇ ਦਾਗ਼ੀ ਤੇ ਬਾਗੀ ਇਸੇ ਤਰ੍ਹਾਂ ਲੜਦੇ ਰਹੇ ਤਾਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਅਕਾਲੀ ਦਾ ਅਜਿਹਾ ਨੁਕਸਾਨ ਹੋ ਜਾਵੇਗਾ, ਜਿਸਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਹੋ ਸਕਦਾ ਤੀਜਾ ਧੜਾ ਬਾਜੀ ਮਾਰ ਜਾਵੇ। ਦੋਵੇਂ ਧੜੇ ਇੱਕ ਦੂਜੇ ਨੂੰ ਭਾਰਤੀ ਜਨਤਾ ਪਾਰਟੀ ਦੀ ਅੰਦਰਖਾਤੇ ਸਪੋਰਟ ਦਾ ਇਲਜ਼ਾਮ ਲਗਾ ਰਹੇ ਹਨ। ਹਾਲਾਂ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਉਹ ਪੰਜਾਬ ਵਿੱਚ ਕਿਸੇ ਦੂਜੀ ਧਿਰ ਦੀ ਸਪੋਰਟ ਤੋਂ ਬਿਨਾ ਸਰਕਾਰ ਨਹੀਂ ਬਣਾ ਸਕਦੇ, ਫਿਰ ਵੀ ਇੱਕ ਦੂਜੇ ਨੂੰ ਕੋਸੀ ਜਾ ਰਹੇ ਹਨ। ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦੇ ਕੇ ਉਹ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਤੋਂ ਮੁਨਕਰ ਹੋ ਗਏ ਹਨ।

ਸੁਖਬੀਰ ਸਿੰਘ  ਬਾਦਲ ਨੂੰ ਪਹਿਲੀ ਵਾਰ ਆਪਣੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਛਤਰਛਾਇਆ ਵਿੱਚ  ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ 2007 ਵਿੱਚ ਬਣੀ ਸਾਂਝੀ ਸਰਕਾਰ ਤੋਂ ਤੁਰੰਤ ਬਾਅਦ ਐਕਟਿੰਗ ਪ੍ਰਧਾਨ ਬਣਾਇਆ ਗਿਆ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਉਸਨੂੰ ਐਕਟਿੰਗ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਬਣਾਕੇ ਇੱਕ ਕਿਸਮ ਨਾਲ ਆਪਣਾ ਰਾਜਨੀਤਕ ਵਾਰਸ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਣ ਗਏ ਸਨ। ਉਸ ਸਮੇਂ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਮ ਦੀ ਤਜਵੀਜ਼ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਰਣਜੀਤ ਸਿੰਘ ਬ੍ਰਮਪੁਰਾ ਤੇ ਇਸਦੀ ਤਾਈਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਸੀ। ਇਸ ਤੋਂ ਬਾਅਦ 30 ਜਨਵਰੀ 2008 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਵਿੱਚ ਹੋਏ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਰੈਗੂਲਰ ਪ੍ਰਧਨ ਚੁਣ ਲਿਆ ਸੀ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਬੜੇ ਉਤਰਾਅ ਚੜ੍ਹਾਅ ਆਏ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੀ ਅਤੇ ਸਭ ਤੋਂ ਨੀਵੇਂ ਪੱਧਰ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਪਹੁੰਚ ਗਿਆ ਜਦੋਂ ਉਸਦੇ ਲੋਕ ਸਭਾ ਦੇ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਸਨ। ਵਿਧਾਨ ਸਭਾ ਵਿੱਚ ਵੀ ਤਿੰਨ ਹੀ ਵਿਧਾਨਕਾਰ ਜਿੱਤੇ ਸਨ। ਸੁਖਬੀਰ ਸਿੰਘ ਬਾਦਲ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ  ਤੇ ਗ੍ਰਹਿ ਵਿਭਾਗ ਦੇ ਮੰਤਰੀ ਵੀ ਰਹੇ। ਉਨ੍ਹਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਸਿਰਸਾ ਡੇਰਾ ਦੇ ਮੁੱਖੀ ਰਾਮ ਰਹੀਮ  ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਬਸਤਰ ਪਹਿਨਕੇ ਅੰਮ੍ਰਿਤ ਛਕਾਉਣ ਦੇ ਇਲਜ਼ਾਮ ਦੀ ਮੁਆਫੀ ਦੇ ਕੇ ਮੁੜ ਪੰਥ ਵਿੱਚ ਸ਼ਾਮਲ ਕਰ ਲਿਆ ਸੀ। ਰਾਮ ਰਹੀਮ ਵਿਰੁੱਧ ਕੇਸ ਬਾਦਲ ਸਰਕਾਰ ਨੇ ਬਠਿੰਡਾ ਦੀ ਕਚਹਿਰੀ ਵਿੱਚੋਂ ਵਾਪਸ ਲੈ ਲਿਆ। ਜਿਸਦਾ ਸਮੁੱਚੇ ਪੰਜਾਬ ਨੇ ਵਿਰੋਧ ਕੀਤਾ, ਜਿਸ ਕਰਕੇ ਅਕਾਲੀ ਦਲ ਦੇ ਵਜ਼ੀਰਾਂ ਅਤੇ ਹੋਰ ਅਹੁਦੇਦਾਰਾਂ ਨੂੰ ਪਿੰਡਾਂ ਵਿੱਚ ਵੜਨਾ ਅਸੰਭਵ ਹੋ ਗਿਆ। ਫਿਰ ਉਸ ਹੁਕਮਨਾਮੇ ਨੂੰ ਸਹੀ ਸਾਬਤ ਕਰਨ ਲਈ 90 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦਿੱਤੇ ਗਏ। ਇਸ ਸਮੇਂ ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਦੋ ਸਿੰਘ ਧਰਨਾ ਦਿੰਦੇ ਸ਼ਹੀਦ ਕਰ ਦਿੱਤੇ ਗਏ। ਕਹਿਣ ਤੋਂ ਭਾਵ ਪੰਥਕ ਸਰਕਾਰ ਨੇ ਗ਼ੈਰ ਪੰਥਕ ਕੰਮ ਕੀਤੇ। ਸੁਖਬੀਰ ਸਿੰਘ ਬਾਦਲ ਨੇ ਮੁੜ ਪ੍ਰਧਾਨ ਬਣਨ ਲਈ ਬੜੇ ਵੇਲਣ ਵੇਲੇ ਹਨ। ਜਿਹੜੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਸਜਾ ਲਗਾਈ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਵਾਪਸ ਲਿਆ ਸੀ, ਉਨ੍ਹਾਂ ਨੂੰ ਪੜਾਅਵਾਰ ਅਹੁਦਿਆਂ ਤੋਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਤੋਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਤਾਂ ਜੋ ਉਹ ਮੁੜਕੇ ਪ੍ਰਧਾਨ ਬਣ ਸਕੇ ਅਤੇ ਫ਼ਖ਼ਰ-ਏ-ਕੌਮ ਦਾ ਫ਼ੈਸਲਾ ਰੱਦ ਕੀਤਾ ਜਾ ਸਕੇ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਅਕਾਲੀ ਦਲ ਦਾ ਭਵਿਖ ਅਤਿਅੰਤ ਖ਼ਤਰੇ ਵਿੱਚ ਹੈ। ਇਹ ਵੀ ਸ਼ਪਸ਼ਟ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਸਿਆਸੀ ਤਾਕਤ ਤੋਂ ਬਿਨਾ ਰਹਿਣ ਲਈ ਅਜਿਹੇ ਬਜ਼ਰ ਗੁਨਾਹ ਦੁਬਾਰਾ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਹੁਣ ਤਾਂ ਅਕਾਲੀ ਦਲ ਅਤੇ ਪੰਥ ਦਾ ਵਾਹਿਗੁਰੂ ਹੀ ਰਾਖਾ ਹੈ ਪ੍ਰੰਤੂ ਸਿੱਖਾਂ ਨੇ ਉਸਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>