ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੇ ਅਧੀਨ ਗਠਿਤ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਨੋਰਥ ਦਿੱਲ਼ੀ ਦੇ ਗੁਰੂਦੁਆਰਿਆਂ ਅਤੇ ਇਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। 200 ਕਰੋੜ੍ਹ ਤੋਂ ਵੱਧ ਦੀ ਸਾਲਾਨਾ ਆਮਦਨ ਦੱਸੀ ਜਾਣ ਵਾਲੀ ਦਿੱਲੀ ਕਮੇਟੀ ਮੋਜੂਦਾ ਸਮੇਂ ਦਿੱਲੀ ਦੇ ਇਤਹਾਸਿਕ ‘ਤੇ ਹੋਰਨਾਂ ਗੁਰਦੁਆਰਿਆਂ ਤੋਂ ਇਲਾਵਾ ਕਈ ਸਕੂਲਾਂ, ਕਾਲਜਾਂ, ਪੋਲੀਟੈਕਨਿਕ, ਇੰਨਜੀਨੀਰਿੰਗ ‘ਤੇ ਮੇਨੇਜਮੈਂਟ ਸੰਸਥਾਨਾਂ, ਹਸਪਤਾਲਾਂ, ਡਿਸਪੈਸਰੀਆਂ ‘ਤੇ ਬਿਰਧ ਘਰਾਂ ਦਾ ਪ੍ਰਬੰਧ ‘ਤੇ ਦੇਖ-ਰੇਖ ਕਰ ਰਹੀ ਹੈ। ਇਹ ਕਮੇਟੀ ਪਹਿਲੀ ਵਾਰ 28 ਅਪ੍ਰੈਲ,1975 ਨੂੰ ਹੋਂਦ ‘ਚ ਆਈ ਸੀ। ਹਾਲਾਂਕਿ ਦਿੱਲੀ ਸਰਕਾਰ ਵਲੋਂ ਇਸ ਕਮੇਟੀ ਦੀਆਂ ਚੋਣਾਂ ਹਰ 4 ਸਾਲ ਬਾਦ ਕਰਵਾਉਣ ਦੀ ਜੁੰਮੇਵਾਰੀ ਹੈ, ਪਰੰਤੂ ਸਾਲ 1975 ਤੋਂ ਉਪਰੰਤ ਇਹ ਚੋਣਾਂ 28 ਅਕਤੂਬਰ 1979, 9 ਜੁਲਾਈ 1995 (ਤਕਰੀਬਨ 16 ਸਾਲਾਂ ਬਾਅਦ), 30 ਜੂਨ 2002, 14 ਜਨਵਰੀ 2007, 27 ਜਨਵਰੀ 2013, 26 ਫਰਵਰੀ 2017 ‘ਤੇ 22 ਅਗਸਤ 2021 ਨੂੰ ਕਰਵਾਈਆਂ ਗਈਆਂ ਸਨ। ਪਿਛਲੀਆਂ ਸਾਲ 2021 ਦੀ ਗੁਰਦੁਆਰਾ ਚੋਣਾਂ ਤੋਂ ਉਪਰੰਤ ਕਾਰਜਕਾਰੀ ਬੋਰਡ ਦਾ ਗਠਨ ਕਾਫੀ ਜਦੋਜਹਿਦ ਤੋਂ ਬਾਅਦ 22 ਜਨਵਰੀ 2022 ਨੂੰ ਹੋਇਆ ਸੀ, ਇਸ ਲਈ ਦਿੱਲੀ ਗੁਰਦੁਆਰਾ ਐਕਟ ਦੇ ਮੁਤਾਬਿਕ ਆਗਾਮੀ ਚੋਣਾਂ 22 ਜਨਵਰੀ 2026 ਤੱਕ ਹੋਣੀਆਂ ਲਾਜਮੀ ਹਨ। ਦਿੱਲੀ ਗੁਰਦੁਆਰਾ ਕਮੇਟੀ ‘ਚ 46 ਹਲਕਿਆਂ ਤੋਂ ਚੁਣੇ 46 ਮੈਂਬਰਾਂ ‘ਤੇ 9 ਨਾਮਜਦ ਕੀਤੇ ਮੈਂਬਰਾਂ ਸਮੇਤ 55 ਮੈਂਬਰ ਹੁੰਦੇ ਹਨ, ਹਾਲਾਂਕਿ 4 ਨਾਮਜਦ ਕੀਤੇ ਤਖੱਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀ ਹੁੰਦਾ ਹੈ। ਦੱਸਣਯੋਗ ਹੈ ਕਿ ਤੱਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਪੰਜਾਬ ਨੂੰ ਪੰਜਵੇ ਤੱਖਤ ਵਜੌ ਦਿੱਲੀ ਗੁਰਦੁਆਰਾ ਐਕਟ ‘ਚ ਸ਼ਾਮਿਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਪਾਸ ਵਰਿਆਂ ਤੋਂ ਲੰਬਿਤ ਹੈ, ਜਦਕਿ ਇਸ ਦੀ ਮੰਜੂਰੀ ਦਿੱਲੀ ਵਿਧਾਨ ਸਭਾ ਨੇ ਪਹਿਲਾ ਹੀ ਦਿੱਤੀ ਹੋਈ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਹਨਾਂ ਚੋਣਾਂ ਲਈ ਘਰ-ਘਰ ਜਾ ਕੇ ਨਵੀਆਂ ਵੋਟਰ ਸੂਚੀਆਂ 42 ਵਰੇ ਪਹਿਲਾਂ ਸਾਲ 1983 ‘ਚ ਬਣਾਈਆਂ ਗਈਆਂ ਸਨ, ਪਰੰਤੂ ਸਮੇ-ਸਮੇ ‘ਤੇ ਜਾਰੀ ਅਦਾਲਤੀ ਆਦੇਸ਼ਾਂ ਦੇ ਬਾਅਦ ਵੀ ਹੁਣ ਤੱਕ ਪਿਛਲੀਆਂ 6 ਚੋਣਾਂ ਪੁਰਾਣੀਆਂ ਵੋਟਰ ਸੂਚੀਆਂ ‘ਚ ਸੋਧ ਕਰਕੇ ਹੀ ਕਰਵਾਈਆਂ ਗਈਆਂ ਹਨ।
ਜੇਕਰ ਸਾਲ 2021 ਦੀ ਦਿੱਲੀ ਗੁਰਦੁਆਰਾ ਚੋਣਾਂ ਦੀ ਗਲ ਕੀਤੀ ਜਾਵੇ ਤਾਂ ਉਸ ਸਾਲ ਵੋਟਰ-ਸੂਚੀਆਂ ‘ਚ ਸੋਧ ਕਰਨ ਦੇ ਦੋਰਾਨ ਜਿਥੇ 92 ਹਜਾਰ ਸਿੱਖ ਵੋਟਰਾਂ ਨੂੰ ਸੂਚੀਆਂ ਤੋਂ ਹਟਾਇਆ ਗਿਆ ਸੀ, ਉਥੇ ਕੇਵਲ 48 ਹਜਾਰ ਨਵੇਂ ਸਿੱਖ ਵੋਟਰ ਹੀ ਸ਼ਾਮਿਲ ਕੀਤੇ ਗਏ ਹਨ । ਇਸ ਪ੍ਰਕਾਰ ਸਾਲ 2017 ‘ਚ 3 ਲੱਖ 86 ਹਜਾਰ ਸਿੱਖ ਵੋਟਰਾਂ ਦੇ ਮੁਕਾਬਲੇ 2021 ਦੀਆਂ ਚੋਣਾਂ ‘ਚ ਤਕਰੀਬਨ 3 ਲੱਖ 42 ਹਜਾਰ ਵੋਟਰ ਸਨ, ਜਿਸ ‘ਚ ਕੇਵਲ 37 ਫੀਸਦੀ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਸੀ। ਸਾਲ 2021 ਦੀਆਂ ਦਿੱਲੀ ਗੁਰਦੁਆਰਾ ਚੋਣਾਂ ‘ਚ 7 ਪਾਰਟੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਦਿੱਤੇ ਗਏ ਸਨ, ਜਿਹਨਾਂ ਨੇ 180 ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਸਨ, ਜਦਕਿ 22 ਚੋਣ ਨਿਸ਼ਾਨ 130 ਆਜਾਦ ਉਮੀਦਵਾਰਾਂ ਵਲੋਂ ਇਸਤੇਮਾਲ ਕੀਤੇ ਗਏ ਸਨ। ਇਹਨਾਂ ਚੋਣਾਂ ‘ਚ ਬਾਦਲ ਧੜ੍ਹੇ ਦੇ 27 ‘ਤੇ ਪਰਮਜੀਤ ਸਿੰਘ ਸਰਨਾ ‘ਤੇ ਉਨ੍ਹਾਂ ਦੀ ਸਹਿਯੋਗੀ ਪਾਰਟੀਆਂ ਦੇ 19 ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਸਨ। ਜਦਕਿ 130 ਆਜਾਦ ਉਮੀਦਵਾਰ ਜਿਹਨਾਂ ਸਭਨਾ ਨੇ ਮਿਲ ਕੇ ਪੂਰੀ ਦਿੱਲੀ ‘ਚ ਕੁੱਲ 2160 ਵੋਟਾਂ ਹਾਸਿਲ ਕੀਤੀਆਂ ਸਨ ‘ਚੋਂ 129 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਸੀ। ਇਸ ਤੋਂ ਇਲਾਵਾ 3 ਰਾਖਵੇ ਚੋਣ ਨਿਸ਼ਾਨ ਵਾਲੀ ਪਾਰਟੀਆਂ ਮਸਲਨ ਪੰਥਕ ਸੇਵਾ ਦਲ ਨੂੰ 1 ਫੀਸਦੀ, ਸਿੱਖ ਸਦਭਾਵਨਾ ਦਲ ਨੂੰ 3 ਫੀਸਦੀ ‘ਤੇ ਪੰਥਕ ਅਕਾਲੀ ਲਹਿਰ ਨੂੰ 2 ਫੀਸਦੀ ਵੋਟਾਂ ਹਾਸਿਲ ਹੋਣ ਕਾਰਨ ਇਹਨਾਂ ਦੀ ਮਾਨਤਾ ਰੱਦ ਹੋ ਗਈ ਸੀ। ਇਹਨਾਂ ਚੋਣਾਂ ‘ਚ ਬਾਦਲ ਧੜ੍ਹੇ ਨੂੰ 53 ਹਜਾਰ (27 ਜੇਤੂ), ਸਰਨਾ ਧੜ੍ਹੇ ਨੂੰ 36 ਹਜਾਰ (14 ਜੇਤੂ), ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ ਨੂੰ 21 ਹਜਾਰ (3 ਜੇਤੂ), ਪੰਥਕ ਅਕਾਲੀ ਲਹਿਰ ਨੂੰ 4 ਹਜਾਰ (1 ਜੇਤੂ) ਵੋਟਾਂ ਹਾਸਿਲ ਹੋਈਆ ਹਨ, ਜਦਕਿ ਕੇਵਲ ਇਕ ਆਜਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਸੀ। 22 ਜਨਵਰੀ 2022 ਨੂੰ ਨਵੇ ਕਾਰਜਕਾਰੀ ਬੋਰਡ ਬਣਨ ਤੋ ਤੁਰੰਤ ਬਾਅਦ ਦਿੱਲੀ ਦੀ ਸਿੱਖ ਸਿਆਸਤ ‘ਚ ਇਕ ਨਵਾਂ ਮੋੜ੍ਹ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 30 ਜੇਤੂ ਦਿੱਲੀ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਬਾਦਲ ਤੋਂ ਕਿਨਾਰਾ ਕਰਕੇ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਦੇ ਨਾਮ ਹੇਠ ਬਣੀ ਨਵੀ ਪਾਰਟੀ ‘ਚ ਸ਼ਾਮਿਲ ਹੋ ਗਏ ਸਨ। ਇਥੇ ਹੀ ਬਸ ਨਹੀ ਹੋਈ ਕਿਉਂਕਿ ਬਾਦਲ ਦਲ ਨੂੰ ਵਰਿਆਂ ਤੋਂ ਭੰਡਣ ਵਾਲੇ ਪਰਮਜੀਤ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਪਾਰਟੀ ਦੀ ਹੋਂਦ ਸਮਾਪਤ ਕਰਕੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੀ ਬਾਂਹ ਫੜ੍ਹ ਲਈ।
ਇਹ ਦਿੱਲੀ ਸਰਕਾਰ ‘ਤੇ ਦਿੱਲੀ ਦੇ ਮਾਣਯੋਗ ਉਪ-ਰਾਜਪਾਲ ਦੇ ਅਧਿਕਾਰ ਖੇਤਰ ‘ਚ ਹੈ ਕਿ ਆਗਾਮੀ ਦਿੱਲੀ ਗੁਰਦੁਆਰਾ ਚੋਣਾਂ ਜਨਵਰੀ 2026 ‘ਚ ਆਪਣੇ ਨਿਰਧਾਰਤ ਸਮੇਂ ਤੇ ਕਰਵਾਈਆਂ ਜਾਂਦੀਆਂ ਹਨ ਜਾ ਇਹਨਾਂ ਚੋਣਾਂ ਨੂੰ ਅਣਮਿੱਥੇ ਸਮੇ ਲਈ ਟਾਲਿਆ ਜਾਂਦਾ ਹੈ। ਪਰੰਤੂ ਇਸ ਗਲ ਦੀ ਸਖਤ ਲੋੜ੍ਹ ਹੈ ਕਿ ਆਗਾਮੀ ਚੋਣਾਂ ਤੋਂ ਪਹਿਲਾਂ 42 ਵਰੇ ਪੁਰਾਣੀਆਂ ਵੋਟਰ-ਸੂਚੀਆਂ ਨੂੰ ਦਰਕਿਨਾਰ ਕਰਕੇ ਨਵੀਆਂ ਸੂਚੀਆਂ ਬਣਾਉਣ ਤੋਂ ਉਪਰੰਤ ਇਸ ਦੇ ਆਧਾਰ ‘ਤੇ ਸਾਰੇ 46 ਗੁਰਦੁਆਰਾ ਵਾਰਡਾਂ ਦੀ ਮੁੱੜ੍ਹ ਹਦਬੰਦੀ ਕੀਤੀ ਜਾਵੇ। ਹਾਲਾਂਕਿ ਇਸ ਸਬੰਧ ‘ਚ ‘ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਵਲੋਂ ਸਾਲ 2011 ਤੋਂ ਹੁਣ ਤੱਕ ਦਿੱਲੀ ਸਰਕਾਰ ਨੂੰ ਸਮੇਂ-ਸਮੇਂ ਤੇ ਪਤਰ ਭੇਜਣ ਤੋਂ ਇਲਾਵਾ ਮਾਣਯੋਗ ਦਿੱਲੀ ਹਾਈ ਕੋਰਟ ‘ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਰਾਹੀ ਚੇਤੰਨ ਕਰਵਾਇਆ ਜਾਂਦਾ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਦਿੱਲੀ ਸਰਕਾਰ ਆਗਾਮੀ ਦਿੱਲੀ ਗੁਰਦੁਆਰਾ ਚੋਣਾਂ ਨਵੀ ਹਦਬੰਦੀ ‘ਤੇ ਨਵੀਆਂ ਵੋਟਰ-ਸੂਚੀਆਂ ਦੇ ਆਧਾਰ ‘ਤੇ ਕਰਵਾਏਗੀ ਜਾਂ ਸਮੇਂ ਦੀ ਘਾਟ ਦਾ ਪੁਰਾਣਾ ਰਾਗ ਅਲਾਪ ਕੇ ਪੁਰਾਣੀਆਂ ਵੋਟਰ-ਸੂਚੀਆਂ ‘ਚ ਸੋਧ ਕਰਕੇ ਡੰਗ ਟਪਾਉਣ ਦੀ ਕਵਾਇਤ ਕਰੇਗੀ।