ਟੋਰਾਂਟੋ – ਕਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਜਿੱਤ ਸਪੱਸ਼ਟ ਹੁੰਦੀ ਜਾ ਰਹੀ ਹੈ।ਲਿਬਰਲ ਪਾਰਟੀ ਹੁਣ ਤੱਕ 168 ਸੀਟਾਂ ਤੇ ਜਿੱਤ ਪ੍ਰਾਪਤ ਕਰਦੀ ਨਜ਼ਰ ਆ ਰਹੀ ਹੈ। ਪਰ ਬਹੁਮੱਤ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ 172 ਸੀਟਾਂ ਦੀ ਲੋੜ ਹੋਵੇਗੀ। ਇਸ ਸਾਲ ਦੀ ਸ਼ੁਰੂਆਤ ਵਿੱਚ ਕਨੇਡਾ ਦੇ ਸਾਬਕਾ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੇ ਅਹੁਦਾ ਛੱਡਣ ਦੇ ਬਾਅਦ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦਾ ਨੇਤਾ ਨਾਮਜ਼ਦ ਕੀਤਾ ਗਿਆ ਸੀ। ਇਸ ਵਾਰ ਦੀਆਂ ਚੋਣਾਂ ਵਿੱਚ ਵੀ 22 ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਫਹਿਰਾਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਨੇਡਾ ਖਿਲਾਫ਼ ਦਿੱਤੇ ਗਏ ਬਿਆਨਾਂ ਤੋਂ ਖਫ਼ਾ ਹੋਏ ਕਨੇਡਾ ਵਾਸੀਆਂ ਨੇ ਮਾਰਕ ਕਾਰਨੀ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਿਆ। ਕਾਰਨੀ ਨੇ ਆਪਣੇ ਦੇਸ਼ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ। ਦੇਸ਼ ਦੀ ਜਨਤਾ ਨੇ ਵੀ ਉਨ੍ਹਾਂ ਦੇ ਵਾਅਦਿਆਂ ਤੇ ਪੂਰਣ ਭਰੋਸਾ ਪ੍ਰਗਟਾਉਂਦੇ ਹੋਏ ਮਾਰਕ ਕਾਰਨੀ ਨੂੰ ਪ੍ਰਧਾਨਮੰਤਰੀ ਦੀ ਕੁਰਸੀ ਤੱਕ ਪਹੁੰਚਾ ਦਿੱਤਾ ਹੈ।
ਮਾਰਕ ਕਾਰਨੀ ਨੇ ਜਿੱਤ ਤੋਂ ਬਾਅਦ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਕਿਹਾ, “ਅਮਰੀਕਾ ਦੇ ਨਾਲ ਸਾਡਾ ਪੁਰਾਣਾ ਰਿਸ਼ਤਾ ਹੁਣ ਸਮਾਪਤ ਹੋ ਗਿਆ ਹੈ। ਅਸੀਂ ਅਮਰੀਕੀ ਵਿਸ਼ਵਾਸ਼ਘਾਤ ਦੇ ਸਦਮੇਂ ਵਿੱਚੋਂ ਬਾਹਰ ਆ ਚੁੱਕੇ ਹਾਂ। ਸਾਨੂੰ ਇੱਕ-ਦੂਸਰੇ ਦਾ ਖਿਆਲ ਰੱਖਣਾ ਹੋਵੇਗਾ।”
ਉਨ੍ਹਾਂ ਨੇ ਕਿਹਾ, “ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦਾ ਯਤਨ ਕਰ ਰਹੇ ਹਨ ਤਾਂਕਿ ਅਮਰੀਕਾ ਸਾਡੇ ਤੇ ਆਪਣਾ ਅਧਿਕਾਰ ਜਮਾ ਸਕੇ।ਪਰ ਅਜਿਹਾ ਕਦੇ ਨਹੀਂ ਹੋਵੇਗਾ।”
ਉਨ੍ਹਾਂ ਨੇ ਵੱਧਦੀ ਮਹਿੰਗਾਈ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਹਰ ਸਾਲ ਦੁਗਣੇ ਘਰ ਬਣਾਉਣਗੇ ਜੋ ਕਿਫਾਇਤੀ ਵੀ ਹੋਣਗੇ ਅਤੇ ਇਸ ਨਾਲ ਨਿਰਮਾਣ ਉਦਯੋਗ ਵੀ ਵਧੇਗਾ, ਜਿਸ ਨਾਲ ਮਹਿੰਗਾਈ ਘੱਟ ਹੋਵੇਗੀ।
ਕਾਰਨੀ ਨੇ ਘੱਟ ਆਮਦਨ ਵਾਲੇ ਲੋਕਾਂ ਤੇ ਟੈਕਸ ਦਾ ਬੋਝ ਘੱਟ ਕਰਨ ਦੀ ਵੀ ਗੱਲ ਕੀਤੀ ਸੀ। ਉਨ੍ਹਾਂ ਨੇ ਕਨੇਡਾ ਦੇ ਰੱਖਿਆ ਬੱਜਟ ਨੂੰ ਵੀ ਪਿੱਛਲੇ ਸਾਲਾਂ ਦੇ ਮੁਕਾਬਲੇ ਵਧਾਉਣ ਦੀ ਗੱਲ ਕੀਤੀ ਸੀ।
ਲਿਬਰਲ ਪਾਰਟੀ ਜਿੱਤ ਦੇ ਪਿੱਛੇ ਟਰੰਪ ਦੀਆਂ ਨੀਤੀਆਂ ਦਾਵੀ ਬਹੁਤ ਯੋਗਦਾਨ ਰਿਹਾ ਹੈ। ਟਰੰਪ ਦੇ ਵਾਰ-ਵਾਰ ਕਨੇਡਾ ਵਾਸੀਆਂ ਨੂੰ ਉਕਸਾਉਣ ਅਤੇ ਕਨੇਡਾ ਨੂੰ ਅਮਰੀਕਾ ਦਾ 51 ਸੂਬਾ ਬਣਾਉਣ ਦੀ ਗੱਲ ਕਰਨ ਨਾਲ ਕਨੇਡਾ ਦੇ ਲੋਕ ਇੱਕਮੁੱਠ ਹੋ ਕੇ ਲਿਬਰਲ ਪਾਰਟੀ ਦੀ ਸਪੋਰਟ ਤੇ ਖੜ੍ਹੇ ਹੋ ਕੇ ਮਾਰਕ ਕਾਰਨੀ ਨੂੰ ਸ਼ਾਨਦਾਰ ਜਿੱਤ ਵੱਲ ਵਧਾਇਆ।