ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੀ ਸਮੂਹ ਪ੍ਰਬੰਧਕ ਸਾਹਿਬਾਨ ਅਤੇ ਸਮੂਹ ਸੰਗਤਾਂ ਵੱਲੋਂ “ਖ਼ਾਲਿਸਤਾਨ ਐਲਾਨ ਦਿਵਸ” ਦੇ ਮੌਕੇ ਤੇ “ਨਿਸ਼ਾਨ-ਏ-ਖ਼ਾਲਿਸਤਾਨ” ਭਾਰਤੀ ਅੰਬੈਸੀ ਵੈਨਕੂਵਰ ਦੇ ਸਾਹਮਣੇ ਲਹਿਰਾਇਆ ਗਿਆ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੇ ਅਸਮਾਨ ਵਿਚ ਗੂੰਜਾ ਪਾ ਦਿੱਤੀਆਂ । ਭਾਰਤੀ ਕੌਂਸਲੇਟ ਵੈਨਕੂਵਰ ਵਿਖੇ ਸੈਂਕੜੇ ਹੀ ਸੰਗਤਾਂ ਦਾ ਇਕੱਠ ਹੋਇਆ ਜਿਸ ਨੂੰ ਸੰਬੋਧਨ ਕਰਦਿਆਂ ਭਾਈ ਗੁਰਮੀਤ ਸਿੰਘ ਤੂਰ (ਸਕੱਤਰ, ਸਰੀ ਡੇਲਟਾ ਗੁਰੂ ਘਰ) ਨੇ ਖ਼ਾਲਿਸਤਾਨ ਐਲਾਨ ਦਿਵਸ ਦਾ ਉਸ ਵੇਲੇ ਦਾ ਇਤਿਹਾਸ ਵੀ ਸੰਗਤਾਂ ਦੇ ਨਾਲ ਸਾਂਝਾ ਕੀਤਾ ਅਤੇ ਨਾਲ-ਨਾਲ ਅੱਜ ਦੇ ਚੱਲ ਰਹੇ ਮੌਜੂਦਾ ਸੰਘਰਸ਼ ਜੋ ਕਿ ਕੌਮੀ ਘਰ ਦੀ ਪ੍ਰਾਪਤੀ ਲਈ ਚੱਲ ਰਹੇ ਹਨ ਉਹਨਾਂ ਲਈ ਵੀ ਪ੍ਰੇਰਿਆ। ਇਸ ਦੌਰਾਨ ਭਾਰਤੀ ਕੌਂਸਲੇਟ ਦੇ ਸਾਹਮਣੇ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਅਤੇ ਜੈਕਾਰਿਆਂ ਦੀਆਂ ਗੂੰਜਾਂ ਨਾਲ ਮਾਹੌਲ ਵਿਚ ਜੋਸ਼ ਭਰ ਗਿਆ ਸੀ। ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਦੇ ਸ਼ਹੀਦੀ ਅਸਥਾਨ ਵਾਲੀ ਜਗ੍ਹਾ ਤੇ ਵੀ ਸ਼ਾਮ ਵੇਲੇ ਖ਼ਾਲਿਸਤਾਨ ਦਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਅਤੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ ਗਿਆ । ਕੌਮੀ ਘਰ ਦੀ ਪ੍ਰਾਪਤੀ ਲਈ ਸ਼ਹੀਦਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸੰਗਤਾਂ ਨੇ ਪ੍ਰਣ ਲਿਆ । ਇਸ ਮੁਜਾਹਿਰੇ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਜੈਗ ਸਿੰਘ ਅਤੇ ਵਡੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਿਰੀ ਭਰ ਕੇ ਪ੍ਰਬੰਧਕਾਂ ਨਾਲ ਆਪਣਾ ਸਾਥ ਦਿੱਤਾ ਸੀ । ਦੱਸਣਯੋਗ ਹੈ ਕਿ 29 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਦੌਰਾਨ ਸਮੂਹ ਖ਼ਾਲਸਾ ਪੰਥ ਵੱਲੋਂ ਲੱਖਾਂ ਦੀ ਗਿਣਤੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਹੋਏ “ਸਰਬੱਤ-ਖਾਲਸਾ” ਦੇ ਵਿਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਗੁਰਮਤਾ ਹੋਇਆ ਸੀ ਜਿਸ ਦੀ ਅਗਵਾਈ ਉਸ ਵੇਲੇ ਜਥੇਦਾਰ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਨੇ ਕੀਤੀ ਅਤੇ ਆਖ਼ਰੀ ਸਾਹ ਤੱਕ ਸੰਘਰਸ਼ ਦੇ ਰਸਤੇ ਤੇ ਚੱਲਣ ਲਈ ਕਿਹਾ ।
ਕੈਨੇਡਾ ਵਿਖੇ ਭਾਰਤੀ ਅੰਬੈਸੀ ਵੈਨਕੂਵਰ ਦੇ ਸਾਹਮਣੇ ਲਹਿਰਾਇਆ ਗਿਆ “ਨਿਸ਼ਾਨ-ਏ-ਖਾਲਿਸਤਾਨ”
This entry was posted in ਅੰਤਰਰਾਸ਼ਟਰੀ.