ਫ਼ਤਹਿਗੜ੍ਹ ਸਾਹਿਬ – “ਲਹਿੰਦੇ ਪੰਜਾਬ ਵਿਚ ਕਿਲ੍ਹਾ ਸ. ਹਰਨਾਮ ਸਿੰਘ ਜ਼ਿਲ੍ਹਾ ਸੇਖੂਪੁਰਾ ਵਿਚ ਮੇਰਾ ਪਿੰਡ ਹੈ ਜਿਥੇ ਸਾਡੇ ਖੇਤਾਂ ਨੂੰ ਚੇਨਾਬ ਦਾ ਪਾਣੀ ਲੱਗਦਾ ਸੀ । ਜਿਥੇ ਬਾਸਮਤੀ ਦੀ ਬਹੁਤ ਵਧੀਆ ਫ਼ਸਲ ਹੁੰਦੀ ਸੀ । ਇਸ ਪਾਣੀ ਦੇ ਸੰਬੰਧ ਵਿਚ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਗੁੰਮਰਾਹ ਹੋਏ ਹਿੰਦੂਤਵੀਆਂ ਨੂੰ ਸਬਕ ਸਿਖਾਉਣ ਹਿੱਤ ਉਲਟ ਦਿਸ਼ਾ ਵੱਲ ਪਾਣੀ ਦੇਣ ਦਾ ਅਮਲ ਕਰਕੇ ਵਹਿੰਮਾਂ ਭਰਮਾਂ ਵਿਚੋ ਕੱਢਿਆ । ਇਸ ਲਈ ਕਿਸੇ ਵੀ ਵੱਡੇ ਤੋ ਵੱਡੇ ਅਹੁਦੇ ਤੇ ਬੈਠੇ ਕਿਸੇ ਆਗੂ ਨੂੰ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਇਹ ਕੋਈ ਹੱਕ ਨਹੀ ਕਿ ਉਹ ਮਨੁੱਖਤਾ ਨੂੰ ਪੀਣ ਵਾਲੇ ਪਾਣੀ ਅਤੇ ਫ਼ਸਲਾਂ ਦੀ ਸਿੰਚਾਈ ਲਈ ਜਾਣ ਵਾਲੇ ਪਾਣੀ ਨੂੰ ਜ਼ਬਰੀ ਮੰਦਭਾਵਨਾ ਅਧੀਨ ਰੋਕੇ। ਜੇਕਰ ਇਹ ਮਸਲਾਂ ਅੱਜ ਗੰਭੀਰ ਬਣ ਚੁੱਕਾ ਹੈ, ਤਾਂ ਇਸ ਲਈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀ ਦੋਸ਼ੀ ਨਹੀ ਬਲਕਿ ਨਹਿਰੂ, ਗਾਂਧੀ ਤੇ ਜਿਨਾਹ ਦੋਸ਼ੀ ਹਨ । ਜਿਨ੍ਹਾਂ ਨੇ ਆਪਣੇ ਸਵਾਰਥੀ ਹਿੱਤਾ ਅਧੀਨ ਇਹ ਪੇਚੀਦਾ ਮਸਲਾਂ ਖੜ੍ਹਾ ਕੀਤਾ ਸੀ । ਜਦੋਕਿ ਪਾਣੀ ਰੋਕਣਾ ਤਾਂ ਜੰਗੀ ਅਪਰਾਧ ਹੈ । ਜਿਸ ਨੂੰ ਕੋਈ ਨਹੀ ਰੋਕ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਕੀਮਤੀ ਪਾਣੀ ਜੋ ਸਤਲੁਜ, ਰਾਵੀ, ਬਿਆਸ ਰਾਹੀ ਪੰਜਾਬ ਤੇ ਹੋਰ ਸੂਬਿਆਂ ਵਿਚੋ ਹੁੰਦੇ ਹੋਏ ਪਾਕਿਸਤਾਨ ਜਾ ਰਿਹਾ ਹੈ, ਉਸ ਨੂੰ ਜ਼ਬਰੀ ਰੋਕਣ ਦੇ ਅਮਲਾਂ ਨੂੰ ਗੈਰ ਕਾਨੂੰਨੀ ਅਤੇ ਕੌਮਾਂਤਰੀ ਕਾਨੂੰਨਾਂ ਨਿਯਮਾਂ ਦੀ ਘੋਰ ਉਲੰਘਣਾ ਕਰਨ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1947 ਤੋ ਬਾਅਦ ਜੋ ਪਾਣੀ ਚੀਨ ਤੇ ਤਿੱਬਤ ਤੋ ਸਤਲੁਜ ਰਾਹੀ ਆਉਦਾ ਹੈ, ਜੇਕਰ ਚੀਨ ਉਸ ਨੂੰ ਬੰਦ ਕਰ ਦੇਵੇ ਤਾਂ ਅਸੀ ਕੀ ਕਰਾਂਗੇ ? ਇਸ ਲਈ ਮਨੁੱਖਤਾ ਤੇ ਇਨਸਾਨੀਅਤ ਦੇ ਖਿਲਾਫ ਕਿਸੇ ਵੀ ਮੁਲਕ ਵੱਲੋ ਕੋਈ ਅਮਲ ਨਹੀ ਹੋਣਾ ਚਾਹੀਦਾ ਬਲਕਿ ਮਨੁੱਖਤਾ ਦੇ ਬਿਨ੍ਹਾਂ ਤੇ ਅਜਿਹੇ ਅਮਲ ਹੋਣੇ ਚਾਹੀਦੇ ਹਨ ਜਿਸ ਨਾਲ ਇਨਸਾਨੀਅਤ ਕਦਰਾਂ ਕੀਮਤਾਂ ਮਜਬੂਤ ਹੋਣ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋ ਅਸੀ ਇਕ ਦੂਜੇ ਲਈ ਮੁਹੱਬਤ, ਪਿਆਰ ਦਾ ਇਜਹਾਰ ਕਰਦੇ ਹੋਏ ਅਜਿਹੇ ਸਮਿਆ ਤੇ ਖੁਲਦਿਲੀ ਨਾਲ ਅਮਲ ਕਰੀਏ ।
ਉਨ੍ਹਾਂ ਕਿਹਾ ਕਿ ਵਿਆਹ-ਸ਼ਾਂਦੀ ਦਾ ਮੁੱਦਾ ਹੈ, ਉਸ ਸੰਬੰਧ ਵਿਚ ਦੋਵੇ ਮੈਬਰਾਂ ਦੀਆਂ ਅੰਤਰੀਵ ਭਾਵਨਾਵਾ, ਪਿਆਰ-ਮੁਹੱਬਤ ਦੀ ਗੱਲ ਨੂੰ ਮੁੱਖ ਰੱਖਕੇ ਹੀ ਕੋਈ ਅਮਲ ਹੋਣਾ ਚਾਹੀਦਾ ਹੈ ਜੋ ਇੰਡੀਆ ਸਰਕਾਰ ਨੇ ਇਕ ਪਾਕਿਸਤਾਨੀ ਬੀਬੀ ਜਿਸਦਾ ਵਿਆਹ ਹਿੰਦੂਸਤਾਨੀ ਮੁਸਲਿਮ ਨਾਗਰਿਕ ਨਾਲ ਹੋਇਆ ਸੀ, ਉਸ ਨੂੰ ਜਬਰੀ ਪਾਕਿਸਤਾਨ ਭੇਜਕੇ ਦੋਵਾਂ ਆਤਮਾਵਾ ਦੇ ਮੇਲ ਵਿਚ ਵਿਘਨ ਪਾ ਕੇ ਗੈਰ ਇਨਸਾਨੀ ਅਮਲ ਕੀਤੇ ਹਨ । ਜਦੋਕਿ ਵੱਖ-ਵੱਖ ਮੁਲਕਾਂ ਵਿਚ ਇਸ ਤਰ੍ਹਾਂ ਸ਼ਾਂਦੀਸੁਦਾ ਜਿੰਦਗੀ ਬਤੀਤ ਕਰਨ ਵਾਲੇ ਜੋੜਿਆ ਦੇ ਰਿਸਤੇ ਨੂੰ ਸਦਭਾਵਨਾ, ਪਿਆਰ, ਮੁਹੱਬਤ ਦੇ ਸੰਦੇਸ ਰਾਹੀ ਹੋਰ ਮਜਬੂਤ ਕਰਨਾ ਬਣਦਾ ਹੈ ਨਾ ਕਿ ਉਨ੍ਹਾਂ ਵਿਚ ਦਰਾੜ ਪਾਉਣ ਦੇ ਅਮਲ ਹੋਣੇ ਚਾਹੀਦੇ ਹਨ ।