ਨਵੀਂ ਦਿੱਲੀ – ਪਾਕਿਸਤਾਨ ਅਤੇ ਭਾਰਤ ਦਰਮਿਆਨ ਹੋਏ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਬੀਜੇਪੀ ਸਰਕਾਰ ਤੇ ਤਿੱਖੇ ਹਮਲੇ ਕਰ ਰਹੀ ਹੈ। ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿੱਚਕਾਰ ਸੰਘਰਸ਼ ਨੂੰ ਰੋਕਣ ਦੀ ਘੋਸ਼ਣਾ ਕੀਤੀ, ਉਸ ਨਾਲ ਦੇਸ਼ “ਠਗਿਆ ਹੋਇਆ, ਅਪਮਾਨਿਤ ਅਤੇ ਸ਼ਰਮਿੰਦਾ” ਮਹਿਸੂਸ ਕਰ ਰਿਹਾ ਹੈ।
ਭਾਜਪਾ ਸਰਕਾਰ ਵੱਲੋਂ ਪਹਿਲਗਾਮ ਵਿੱਚ ਹੋਏ ਕਤਲੇਆਮ ਤੋਂ ਬਾਅਦ ਅੱਤਵਾਦ ਖਿਲਾਫ਼ ਚਲਾਏ ਗਏ ‘ਅਪਰੇਸ਼ਨ ਸਿੰਦੂਰ’ ਨੂੰ ਬਹੁਤ ਵਧਾ-ਚੜ੍ਹਾ ਕੇ ਆਪਣੀ ਸਫਲ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਕਾਂਗਰਸ ਦੇ ਅਹਿਮ ਨੇਤਾ ਅਤੇ ਛਤੀਸਗੜ੍ਹ ਦੇ ਸਾਬਕਾ ਮੁੱਖਮੰਤਰੀ ਬਘੇਲ ਨੇ ਸਰਕਾਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਜੇ ਅਜਿਹਾ ਹੈ, ਤਾਂ ਸੰਸਦ ਦਾ ਵਿਸ਼ੇਸ਼ ਇਜਲਾਸ ਕਿਉਂ ਨਹੀਂ ਸਦਿਆ ਜਾ ਰਿਹਾ? ਸਰਕਾਰ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਤੇ ਸਿਆਸਤ ਕਰ ਰਹੀ ਹੈ ਅਤੇ ਸੈਨਾ ਦੀ ਬਹਾਦਰੀ ਦਾ ਫਾਇਦਾ ਉਠਾਉਣ ਦਾ ਯਤਨ ਕਰ ਰਹੀ ਹੈ।
ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਖੜਗੇ ਨੇ ਫੈਂਸਲਾ ਕੀਤਾ ਹੈ ਕਿ ਜੇ ਪ੍ਰਧਾਨਮੰਤਰੀ ਮੋਦੀ ਕਿਸੇ ਵੀ ਸਰਵਦਲੀ ਬੈਠਕ ਵਿੱਚ ਸ਼ਾਮਿਲ ਨਹੀਂ ਹੁੰਦੇ ਤਾਂ ਕਾਂਗਰਸ ਉਸਦਾ ਬਾਈਕਾਟ ਕਰੇਗੀ। ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਨੇ ਦੋ ਸਰਵਦਲੀ ਬੈਠਕਾਂ ਤੋਂ ਦੂਰੀ ਬਣਾਈ ਹੋਈ ਹੈ।