ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿ ਸੰਘਰਸ਼ ਤੇ ਇੱਕ ਵਾਰ ਫਿਰ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਸਾਂ ਪਰਮਾਣੂੰ ਯੁੱਧ ਰੁਕਵਾਇਆ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਯੁੱਧ ਜਾਰੀ ਰੱਖਣ ਤੇ ਅੜੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਅਸਾਂ ਦੋਵਾਂ ਦੇਸ਼ਾਂ ਨੂੰ ਵਪਾਰ ਬੰਦ ਕਰਨ ਦੀ ਧਮਕੀ ਦਿੱਤੀ ਕਿ ਜੇ ਜੰਗਬੰਦੀ ਨਾ ਹੋਈ ਤਾਂ ਅਸੀਂ ਵਪਾਰ ਨਹੀਂ ਕਰਾਂਗੇ। ਟਰੰਪ ਨੇ ਕਿਹਾ ਕਿ ਇਹ ਕਹਿਣ ਤੇ ਦੋਵੇਂ ਦੇਸ਼ ਝੱਟਪੱਟ ਮੰਨ ਗਏ ਅਤੇ ਸੰਘਰਸ਼ ਬੰਦ ਹੋ ਗਿਆ।
ਡੋਨਲਡ ਟਰੰਪ ਨੇ ਕਿਹਾ, ” ਮੈਨੂੰ ਇਹ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਭਾਰਤ-ਪਾਕਿਸਤਾਨ ਦੀ ਅਗਵਾਈ ਕਰਨ ਵਾਲੇ ਨੇਤਾ ਅਡਿੱਗ ਅਤੇ ਤਾਕਤਵਰ ਸਨ। ਪਰ ਦੋਵਾਂ ਮਾਮਲਿਆਂ ਵਿੱਚ ਅਡਿੱਗ- ਉਹ ਅਸਲ ਵਿੱਚ ਪਾਵਰ, ਬੁੱਧੀ ਅਤੇ ਹੌਂਸਲਾ ਰੱਖਣ ਦੇ ਦ੍ਰਿਸ਼ਟੀਕੋਣ ਤੋਂ ਅਡਿੱਗ ਸਨ, ਤਾਂ ਕਿ ਉਹ ਹਾਲਾਤ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਨਾਲ ਸਮਝ ਸਕਣ। ਅਸਾਂ ਬਹੁਤ ਮੱਦਦ ਕੀਤੀ ਅਤੇ ਵਪਾਰ ਵਿੱਚ ਵੀ ਮੱਦਦ ਕੀਤੀ। ਮੈਂ ਕਿਹਾ ਕਿ ਅਸੀਂ ਤੁਹਾਡੇ ਨਾਲ ਬਹੁਤ ਸਾਰਾ ਵਪਾਰ ਕਰਨ ਜਾ ਰਹੇ ਹਾਂ। ਚਲੋ ਇਸ ਨੂੰ ਰੋਕਦੇ ਹਾਂ। ਜੇ ਤੁਸੀਂ ਇਸ ਨੂੰ ਰੋਕਦੇ ਹੋ ਤਾਂ ਅਸੀਂ ਵਪਾਰ ਕਰ ਰਹੇ ਹਾਂ। ਜੇ ਤੁਸੀਂ ਇਸ ਨੂੰ ਨਹੀਂ ਰੋਕਦੇ ਤਾਂ ਅਸੀਂ ਤੁਹਾਡੇ ਨਾਲ ਕੋਈ ਵਪਾਰ ਨਹੀਂ ਕਰ ਰਹੇ। ਕਿਸੇ ਨੇ ਵੀ ਵਪਾਰ ਦਾ ਇਸਤੇਮਾਲ ਇਸ ਤਰ੍ਹਾਂ ਨਹੀਂ ਕੀਤਾ ਜਿਸ ਤਰ੍ਹਾਂ ਮੇਰੇ ਵੱਲੋਂ ਕੀਤਾ ਗਿਆ। ਅਚਾਨਕ ਉਨ੍ਹਾਂ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਅਸੀਂ ਰੋਕਣ ਜਾ ਰਹੇ ਹਾਂ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ।”