ਬਰਮਿੰਘਮ,(ਮਨਦੀਪ ਖੁਰਮੀ ਹਿੰਮਤਪੁਰਾ) – ਵਾਲਸਾਲ ਏਸ਼ੀਅਨ ਸਪੋਰਟਸ ਐਸੋਸੀਏਸ਼ਨ ਵੈਸਟ ਮਿਡਲੈਂਡਜ ਇੰਗਲੈਂਡ ‘ਚ ਇਸ ਸਾਲ ਦਾ ਪਹਿਲੇ ਫੁੱਟਬਾਲ, ਹਾਕੀ ਅਤੇ ਵਾਲੀਬਾਲ ਦਾ ਟੂਰਨਾਮੈਂਟ ਅੱਸਟਨ ਯੂਨੀਵਰਸਿਟੀ ਦੀਆਂ ਗਰਾਊਂਡਾਂ ‘ਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ। ਇਹ ਟੂਰਨਾਮੈਂਟ ਖਾਲਸਾ ਫੁੱਟਬਾਲ ਫੈਡਰੇਸ਼ਨ ਅਧੀਨ ਉਹਨਾਂ ਵੱਲੋਂ ਬਣਾਏ ਗਏ ਅਸੂਲਾਂ ਅਨੁਸਾਰ ਲੜੀ ਦਾ ਪਹਿਲਾ ਟੂਰਨਾਮੈਂਟ ਹੋਇਆ ਕਰਦਾ ਹੈ। ਯਾਦ ਰਹੇ ਪਿਛਲੇ ਤਕਰੀਬਨ 60 ਕੁ ਸਾਲਾਂ ਤੋਂ ਹਰ ਸਾਲ ਇਹੋ ਜਿਹੇ ਪੰਜ ਟੂਰਨਾਮੈਂਟ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਕਰਵਾਏ ਜਾਂਦੇ ਆ ਰਹੇ ਹਨ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰ: ਅਜੈਬ ਸਿੰਘ ਗਰਚਾ ਨੇ ਦੱਸਿਆ ਕਿ ਇਸ ਵਿੱਚ ਤਕਰੀਬਨ 100 ਤੋਂ ਵੱਧ ਹਰ ਉਮਰ ਦੇ ਬੱਚੇ, ਨੌਜਵਾਨ ਹਿੱਸਾ ਲੈਂਦੇ ਹਨ। ਜਿਕਰਯੋਗ ਹੈ ਕਿ 8 ਸਾਲ ਤੋਂ ਲੈ ਕੇ 9, 11, 13, 15 ਸਾਲਾਂ ਦੇ ਬੱਚਿਆਂ ਨਾਲ ਉਹਨਾਂ ਦੇ ਮਾਪੇ ਵੀ ਆਉਂਦੇ ਹਨ। ਜਿਸ ਨਾਲ ਬੱਚਿਆਂ ਨੂੰ ਹੋਰ ਵੀ ਉਤਸਾਹ ਮਿਲਦਾ ਹੈ। ਇਸ ਸਾਲ ਮੌਸਮ ਦੀ ਕੁੱਝ ਖਰਾਬੀ ਹੋਣ ਦੇ ਬਾਵਜੂਦ ਵੀ ਇਹ ਮੇਲਾ ਆਪਣੀ ਛਾਪ ਛੱਡ ਗਿਆ। ਇਸ ਸਾਲ ਇਸ ਮੇਲੇ ਦੀ ਖਾਸ ਖੂਬੀ ਇਹ ਸੀ ਕਿ ਪਿਛਲੇ 25 ਕੁ ਸਾਲਾਂ ਤੋਂ ਬੰਦ ਵਾਲੀਬਾਲ ਦੇ ਮੈਚ ਵੀ ਖਿੱਚ ਦਾ ਕੇਂਦਰ ਰਹੇ। ਜਿਸ ਵਿੱਚ ਖਾਸ ਕਰਕੇ ਪੰਜਾਬ ਤੋਂ ਆਏ ਸਟੂਡੈਂਟ, ਵਰਕ ਪਰਮਿਟ ਵਾਲੇ ਖਿਡਾਰੀਆਂ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ। ਫਾਈਨਲ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਜੇਤੂ ਅਤੇ ਸਿੱਖ ਟੈਂਪਲ ਸਮੈਦਿਕ ਰਨਰਜ ਅਪ ਰਹੀ। ਇਸ ਖੇਡ ਮੇਲੇ ਦਾ ਸਾਰਾ ਖਰਚਾ ਕਮਿਊਨਿਟੀ ਦੇ ਕੁੱਝ ਅਦਾਰਿਆਂ ਤੋਂ ਇਲਾਵਾ ਵਾਲਸਾਲ ਕਾਉਂਸਿਲ ਅਤੇ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਵੱਲੋਂ ਕੀਤਾ ਗਿਆ।
ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ
This entry was posted in ਅੰਤਰਰਾਸ਼ਟਰੀ.