ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜੰਡਿਆਲਾ ਗੁਰੂ ਤੋਂ ਪਾਰਟੀ ਦੇ ਕਤਲ ਕੀਤੇ ਗਏ ਕੌਂਸਲਰ ਹਰਜਿੰਦਰ ਸਿੰਘ ਦੀ ਰਿਹਾਇਸ਼ ’ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਲਈ ਇਨਸਾਫ ਦੀ ਲੜਾਈ ਲੜੇਗਾ ਅਤੇ ਉਹਨਾਂ ਨੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ।
ਇਥੇ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹੀ ਹਰਜਿੰਦਰ ਸਿੰਘ ਦੇ ਖਿਲਾਫ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਸਰਕਾਰ ਜਾਣਦੀ ਸੀ ਕਿ ਉਹਨਾਂ ਦਾ ਕਤਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਉਸਨੇ ਉਹਨਾਂ ਦੀ ਜਾਨ ਬਚਾਉਣ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਉਂਕਿ ਹਰਜਿੰਦਰ ਸਿੰਘ ਦੀ ਮੌਤ ਉਸ ਨਸ਼ਾ ਮਾਫੀਆ ਦੇ ਹੱਥੋਂ ਹੋਈ ਹੈ ਜਿਸਦਾ ਉਹ ਵਿਰੋਧ ਕਰ ਰਹੇ ਸਨ।
ਕੇਸ ਵਿਚ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਦੋਂ 19 ਫਰਵਰੀ ਨੂੰ ਇਹਨਾਂ ਹਮਲਾਵਰਾਂ ਨੇ ਹਰਜਿੰਦਰ ਸਿੰਘ ਦੇ ਘਰ ’ਤੇ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋਈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਵੱਲੋਂ ਐਸ ਐਚ ਓ ਹਰਚੰਦ ਸਿੰਘ ਨੂੰ ਕੀਤੀਆਂ ਅਪੀਲਾਂ ਦਾ ਵੀ ਕੋਈ ਅਸਰ ਨਹੀਂ ਹੋਇਆ ਕਿਉਂਕਿ ਐਸ ਐਚ ਓ ਨੇ ਸਪਸ਼ਟ ਕਰ ਦਿੱਤਾ ਕਿ ਉਹ ਆਪ ਵਿਧਾਇਕ ਦੇ ਦਬਾਅ ਕਾਰਣ ਮਾਮਲੇ ਵਿਚ ਕੁਝ ਨਹੀਂ ਕਰ ਸਕਦਾ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹਰਜਿੰਦਰ ਸਿੰਘ ਆਪ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਗੰਢਤੁੱਪ ਦਾ ਸ਼ਿਕਾਰ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਫੁਰਤੀ ਨਾਲ ਕਾਰਵਾਈ ਕੀਤੀ ਹੁੰਦੀ ਅਤੇ ਹਰਜਿੰਦਰ ਸਿੰਘ ਵੱਲੋਂ ਜੰਡਆਲਾ ਗੁਰੂ ਦੇ ਸਬ ਇੰਸਪੈਕਟਰ ਤੋਂ ਲੈ ਕੇ ਐਸ ਐਸ ਪੀ ਤੱਕ ਕੀਤੀਆਂ ਅਨੇਕਾਂ ਸ਼ਿਕਾਇਤਾਂ ’ਤੇ ਕਾਰਵਾਈ ਹੋਈ ਹੁੰਦੀ ਤਾਂ ਅੱਜ ਉਹ ਜਿਉਂਦਾ ਹੁੰਦੇ।
ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਹਮਲਾਵਰ ਉਹਨਾਂ ਨੂੰ ਹਾਸਲ ਸਿਆਸੀ ਪੁਸ਼ਤਪਨਾਹੀ ਸਦਕਾ ਇੰਨੇ ਦਲੇਰ ਹੋ ਗਏ ਸਨ ਕਿ ਉਹਨਾਂ ਨੇ ਹਰਜਿੰਦਰ ਸਿੰਘ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਦਾਅਵੇ ਸੋਸ਼ਲ ਮੀਡੀਆ ’ਤੇ ਵੀ ਕੀਤੇ ਸਨ।