ਜੂਨ 84 ਦੇ ਘੱਲੂਘਾਰੇ ਦੀ ਵਰ੍ਹੇਗੰਢ ਕੌਮ ਏਕਤਾ ਅਤੇ ਚੜ੍ਹਦੀ ਕਲਾ ਨਾਲ ਮਨਾਵੇ

Bhai Mokam Manavan Zaferwal.resizedਅੰਮ੍ਰਿਤਸਰ – ਪੰਥਕ ਆਗੂਆਂ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਵੱਸਣ ਸਿੰਘ ਜ਼ਫਰਵਾਲ ਅਤੇ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਪਰਿਵਾਰ ਦਾ ਏਜੰਡਾ ਸਿੱਖ ਕੌਮ ’ਤੇ ਲਾਗੂ ਕਰਨ ਦੇ ਮਨੋਰਥ ਨਾਲ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਰਾਤ ਦੇ ਹਨੇਰੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ’ਜਥੇਦਾਰ’ ਵਜੋਂ ਥੋਪਣ ਨੂੰ ਸਿੱਖ ਪੰਥ ਵੱਲੋਂ ਮਾਨਤਾ ਨਹੀਂ ਦਿੱਤੀ ਗਈ ਹੈ। ਹੁਣ ਜਦ ਕੌਮ ਘੱਲੂਘਾਰੇ ਦੀ ਯਾਦ ਮਨਾ ਰਹੀ ਹੈ ਤਾਂ ਐਨ ਉਸ ਵੇਲੇ ਗੈਰ ਸਿਧਾਂਤਕ ਤਰੀਕੇ ਨਾਲ ਥੋਪੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਿਸੇ ਵੀ ਹਾਲਤ ਵਿੱਚ ਸੰਦੇਸ਼ ਪੜ੍ਹਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰੋਪੇ ਦੇਣ ਤੋਂ ਰੋਕਣ ਦਾ ਦਮਦਮੀ ਟਕਸਾਲ, ਦਲ ਖ਼ਾਲਸਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।ਅਸੀਂ ਜਥੇਬੰਦੀਆਂ ਦੇ ਇਨ੍ਹਾਂ ਵਿਚਾਰਾਂ ਦਾ ਸਮਰਥਨ ਕਰਦੇ ਹਾਂ, ਕਿਉਂਕਿ ਇਹਨਾਂ ਜਥੇਦਾਰਾਂ ਨੂੰ ਪੰਥ ਵੱਲੋਂ ਅਪ੍ਰਵਾਨ ਹੀ ਨਹੀਂ ਕੀਤਾ ਗਿਆ ਹੈ ਸਗੋਂ ਇਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਤਨਖ਼ਾਹੀਏ ਵੀ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਹਨਾਂ ਨੂੰ ਸੰਦੇਸ਼ ਪੜ੍ਹਨਾ ਤਾਂ ਦੂਰ ਦੀ ਗੱਲ ਹੈ, ਜਿਨ੍ਹਾਂ ਚਿਰ ਤਨਖ਼ਾਹ ਨਹੀਂ ਲਗਵਾ ਲੈਂਦੇ ਓਨਾ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ’ਤੇ ਜਾਣ ਦਾ ਵੀ ਇਨ੍ਹਾਂ ਨੂੰ ਇਖ਼ਲਾਕੀ ਹੱਕ ਨਹੀਂ। ਅਜਿਹੇ ਸਮੇਂ ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋਂ ਭਾਈ ਗੜਗੱਜ ਦੇ ਸਮਰਥਨ ਵਿੱਚ ਦਿੱਤਾ ਗਿਆ ਬਿਆਨ ਵੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ, ਕਿਉਂਕਿ ਸ੍ਰ. ਮਾਨ ਸਰਬੱਤ ਖ਼ਾਲਸਾ ਦੀ ਇੱਕ ਮਹੱਤਵਪੂਰਨ ਧਿਰ ਸਨ, ਜਿਸ ਵਿੱਚ ਕੀਤੇ ਗਏ ਫ਼ੈਸਲਿਆਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਲਈ ਉਨ੍ਹਾਂ ਨੂੰ ਆਪਣੇ ਬਿਆਨ ’ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਅਜਿਹੇ ਨਾਜ਼ੁਕ ਸਮੇਂ ’ਤੇ ਸਾਡੀਆਂ ਸਮੁੱਚੀਆਂ ਪੰਥਕ ਧਿਰਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਬੇਨਤੀ ਹੈ ਕਿ ਛੋਟੇ ਮੋਟੇ ਵਖਰੇਵੇਂ ਛੱਡ ਕੇ ਕੌਮ ਦੀ ਚੜ੍ਹਦੀ ਕਲਾ ਲਈ ਲੱਖਾਂ ਸਿੱਖ ਸੰਗਤਾਂ ਵੱਲੋਂ ਸਰਬੱਤ ਖ਼ਾਲਸਾ ਰਾਹੀਂ ਨਿਯੁਕਤ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਭਾਈ ਧਿਆਨ ਸਿੰਘ ਮੰਡ ਨੂੰ ਕੌਮ ਦੇ ਨਾਮ ਸੰਦੇਸ਼ ਪੜ੍ਹਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਕੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਕੇ ਕੌਮੀ ਫ਼ਰਜ਼ ਅਦਾ ਕਰਨਾ ਲੋੜੀਂਦਾ ਹੈ।

ਪੰਥਕ ਆਗੂਆਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਦੀ ਸਹਿਮਤੀ ਤੋਂ ਬਗੈਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਥੋਪੇ ’ਜਥੇਦਾਰਾਂ’ ਵੱਲੋਂ ਸਮੇਂ ਸਮੇਂ ਲਏ ਗਏ ਗੈਰ ਸਿਧਾਂਤਕ ਫ਼ੈਸਲਿਆਂ ਨਾਲ ਸਿੱਖ ਕੌਮ ਡੂੰਘੀ ਨਿਰਾਸ਼ਾ ਦੇ ਆਲਮ ਵਿੱਚੋਂ ਲੰਘਦੀ ਰਹੀ ਹੈ । ਸਤੰਬਰ 2015 ਦੇ ਉਸ ਸਮੇਂ ਦੇ ਜਥੇਦਾਰਾਂ ਦੇ ਸੌਧਾ ਸਾਧ ਨੂੰ ਦਿੱਤੀ ਬਿਨਾਂ ਮੰਗੀ ਮੁਆਫ਼ੀ ਦੇ ਫ਼ੈਸਲੇ, ਉਪਰੰਤ ਬਰਗਾੜੀ ਬੇਅਦਬੀ ਕਾਂਡ ਅਤੇ ਗੋਲੀ ਕਾਂਡ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਸਿੱਟੇ ਵਜੋਂ ਸਿੱਖ ਕੌਮ ਨੇ ਸਰਬੱਤ ਖ਼ਾਲਸਾ ਬੁਲਾ ਕੇ ਸਿੱਖ ਵਿਰੋਧੀ ਫ਼ੈਸਲੇ ਕਰਨ ਵਾਲੇ ਜਥੇਦਾਰਾਂ ਨੂੰ ਬਰਖ਼ਾਸਤ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਵਜੋਂ ਨਾਮਜ਼ਦ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ ਏ ਕੌਮ ਪੰਥ ਰਤਨ ਦਾ ਸਨਮਾਨ ਵੀ ਵਾਪਸ ਲਿਆ ਸੀ। ਇਹਨਾਂ ਫ਼ੈਸਲਿਆਂ ਦਾ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਕਾਬਜ਼ ਧਿਰ ਵਿਰੋਧ ਕਰਦੀ ਰਹੀ ਪ੍ਰੰਤੂ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫ਼ੈਸਲਿਆਂ ਨੇ ਸਰਬੱਤ ਖ਼ਾਲਸਾ ਦੇ ਫ਼ੈਸਲੇ ’ਤੇ ਮੋਹਰ ਲਗਾਈ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀ ਜੁੰਡਲ਼ੀ ਨੂੰ ਸਮੇਤ ਉਸ ਸਮੇਂ ਦੇ ਅਖੌਤੀ ਜਥੇਦਾਰਾਂ ਨੂੰ ਦੋਸ਼ੀ ਕਰਾਰ ਦਿੱਤਾ।

ਪੰਥਕ ਆਗੂਆਂ ਨੇ ਜੂਨ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਸਮੁੱਚੀ ਕੌਮ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸ਼ਰਧਾ ਪੂਰਵਕ ਮਨਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਦੀ ਸਭਿਅਤਾ ਦੀ ਰਾਖੀ ਅਤੇ ਅਤੇ ਅਜ਼ਾਦੀ ਲਈ ਸਿੱਖਾਂ ਨੇ ਅੱਸੀ ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਫਾਂਸੀਆਂ ਦੇ ਰੱਸੇ ਚੁੰਮੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਿੱਚ ਤਸੀਹੇ ਝੱਲੇ , ਜ਼ਮੀਨਾਂ ਕੁਰਕ ਕਰਵਾਈਆਂ, ਜਾਨ ਤੋਂ ਵੱਧ ਪਿਆਰੇ ਗੁਰਧਾਮਾਂ ਦਾ ਵਿਛੋੜਾ ਝੱਲਿਆ ਪਰ ਅਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੀ ਕਾਂਗਰਸ ਹਕੂਮਤ ਵੱਲੋਂ ਸਿੱਖ ਕੌਮ ਨਾਲ ਹਮੇਸ਼ਾ ਹੀ ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਸਲੂਕ ਕੀਤਾ ਜਾਂਦਾ ਰਿਹਾ। ਇਸੇ ਸੰਦਰਭ ਵਿੱਚ ਹੀ ਜੂਨ ’84 ਵਿੱਚ ਸਿੱਖਾਂ ਦੇ ਪਵਿੱਤਰ ਅਤੇ ਸਰਵਉੱਚ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸਿੱਖ ਪ੍ਰਭੂਸਤਾ ਸੰਪੰਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ। ਜਿਸ ਵਿੱਚ ਮਰਦ ਏ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਅਤੇ ਬਾਬਾ ਠਾਹਰਾ ਸਿੰਘ ਸਮੇਤ ਅਨੇਕਾਂ ਮਰਜੀਵੜਿਆਂ ਨੇ ਛਾਤੀਆਂ ਡਾਹ ਕੇ ਮੁਕਾਬਲਾ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ।ਇੱਥੇ ਹੀ ਬੱਸ ਨਹੀਂ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਏ ਸ਼ਰਧਾਲੂ ਬੱਚਿਆਂ ਅਤੇ ਬੀਬੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਸ ਤੋਂ ਇਲਾਵਾ ਪੰਜਾਬ ਵਿੱਚ ਅਨੇਕਾਂ ਹੋਰ ਗੁਰਧਾਮਾਂ ਤੇ ਵੀ ਹਮਲੇ ਕੀਤੇ ਗਏ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਘੱਲੂਘਾਰੇ ਦੀ ਵਰ੍ਹੇਗੰਢ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੌਮ ਏਕਤਾ ਅਤੇ ਚੜ੍ਹਦੀ ਕਲਾ ਸ਼ਰਧਾ ਪੂਰਵਕ ਮਨਾਇਆ ਜਾਣਾ ਚਾਹੀਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>