ਸਿੱਖ ਜਗਤ ਲਈ ਸੋਚਣ ਦਾ ਵਿਸ਼ਾ : ਬਲਿਊ ਸਟਾਰ ਅਪ੍ਰੇਸ਼ਨ ਲਈ ਜ਼ਿੰਮੇਵਾਰ ਕੌਣ?

ਸਰੀਰਕ ਜ਼ਖ਼ਮ ਸਮੇਂ ਦੇ ਬੀਤਣ ਨਾਲ ਰਿਸਣ ਤੋਂ ਹੱਟ ਜਾਂਦੇ ਹਨ, ਪ੍ਰੰਤੂ ਮਾਨਸਿਕ ਜ਼ਖ਼ਮ ਹਮੇਸ਼ਾ ਅੱਲੇ ਰਹਿੰਦੇ ਹਨ ਤੇ ਰਿਸਣ ਤੋਂ ਕਦੀਂ ਬੰਦ ਨਹੀਂ ਹੁੰਦੇ। ਜੇਕਰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਜ਼ਖ਼ਮ ਹੋਣ ਤਾਂ ਫਿਰ ਉਨ੍ਹਾਂ ਦੇ ਰਿਸਣ ਦੇ ਬੰਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖਾਂ ਦੇ ਸਰਵੋਤਮ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ 40 ਦੇ ਕਰੀਬ ਗੁਰੂ ਘਰਾਂ ‘ਤੇ  ਭਾਰਤੀ ਫੌਜਾਂ ਵੱਲੋਂ ਕੀਤੇ ਗਏ ਬਲਿਊ ਸਟਾਰ ਅਪ੍ਰੇਸ਼ਨ ਦੇ ਨਾਮ ਦੇ ਅਤਿਅੰਤ ਦੁੱਖਦਾਈ ਕੀਤੇ ਨੂੰ ਹਮਲੇ ਨੂੰ ਭਾਵੇਂ 41 ਸਾਲ ਹੋ ਗਏ ਹਨ ਪ੍ਰੰਤੂ ਉਸਦੇ ਜ਼ਖ਼ਮ ਅਜੇ ਵੀ ਅੱਲੇ ਹੀ ਹਨ, ਰਿਸਦੇ ਹਨ ਤੇ ਹਮੇਸ਼ਾ ਰਿਸਦੇ ਵੀ ਰਹਿਣਗੇ। ਸਿੱਖਾਂ ਨੂੰ ਕੁਝ ਲੋਕ ਸਲਾਹ ਦਿੰਦੇ ਹਨ  ਕਿ ਉਸ ਮੰਦਭਾਗੀ ਹਮਲੇ ਨੂੰ ਭੁੱਲ ਜਾਓ, ਪ੍ਰੰਤੂ ਕਹਿਣਾ ਸੌਖਾ ਹੈ, ਭੁੱਲਣਾ ਅਸੰਭਵ ਹੈ, ਜਿਸਦਾ ਦਿਲ ਵਲੂੰਧਰਿਆ ਗਿਆ ਹੋਵੇ, ਉਸਦਾ ਦੁੱਖ ਉਹ ਹੀ ਮਹਿਸੂਸ ਕਰ ਸਕਦਾ ਹੈ। ਸਰਕਾਰੀ ਕਰੂਰਤਾ ਦੀ ਚੀਸ ਖ਼ਤਮ ਹੋਣ ਵਾਲੀ ਨਹੀਂ ਹੈ। ਕੋਈ ਵੀ ਗੁਰੂ ਦਾ ਸੱਚਾ ਸਿੱਖ ਉਸ ਅਣਮਨੁੱਖੀ ਹਮਲੇ ਦੇ ਸੰਤਾਪ ਨੂੰ ਭੁੱਲਣ ਦੀ ਗੁਸਤਾਖ਼ੀ ਕਰ ਹੀ ਨਹੀਂ ਸਕਦਾ। ਅਣਗਿਣਤ ਬੇਦੋਸ਼ੇ ਸ਼ਰਧਾਲੂਆਂ ਦੇ ਡੁਲ੍ਹੇ ਖ਼ੂਨ ਸਿਆਸਤਦਾਨਾ ਦੀਆਂ ਰੂਹਾਂ ਨੂੰ ਤੜਪਾਉਂਦੇ ਰਹਿਣਗੇ। ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਵੀ ਭਾਰਤ ਦੀ ਉਸ ਫੌਜ ਵੱਲੋਂ ਕੀਤਾ ਗਿਆ, ਜਿਸ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਕੁਰਬਾਨੀਆਂ ਦੇਣ ਵਾਲਿਆਂ ਵਿੱਚ ਸਿੱਖ ਸ਼ਾਮਲ ਹੀ ਨਹੀਂ ਸਗੋ ਂਮੋਹਰੀ  ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਦੁੱਖ ਇਸ ਗੱਲ ਦਾ ਵੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲੇ ਫ਼ੌਜੀਆਂ ਦੀ ਅਗਵਾਈ ਦੋ ਸਿੱਖ ਜਰਨੈਲ ਆਰ ਐਸ ਦਿਆਲ ਸਲਾਹਕਾਰ ਰਾਜਪਾਲ ਪੰਜਾਬ ਅਤੇ ਲੈਫ਼ ਜਨਰਲ ਕੁਲਦੀਪ ਸਿੰਘ ਬਰਾੜ ਕਰ ਰਹੇ ਸਨ। ਏਥੇ ਹੀ ਬਸ ਨਹੀਂ ਦੇਸ਼ ਦੀਆਂ ਫ਼ੌਜਾਂ ਦੇ ਮੁੱਖੀ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਗ੍ਰਹਿ ਮੰਤਰੀ ਬੂਟਾ ਸਿੰਘ ਵੀ ਦੋਵੇਂ ਅੰਮਿ੍ਰਤਧਾਰੀ ਸਿੱਖ ਸਨ। ਫਿਰ ਸਰਕਾਰੀਤੰਤਰ ਵੱਲੋਂ ਬਿ੍ਰਤਾਂਤ ਇਹ ਸਿਰਜਿਆ ਗਿਆ ਕਿ ਇਸ ਕਾਰਵਾਈ ਦੇ ਜ਼ਿੰਮੇਵਾਰ ਇੱਕੋ-ਇੱਕ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਸਿੱਖ ਧਰਮ ਦੇ ਪ੍ਰਚਾਰਕ ਸਨ। ਉਹ ਤਾਂ ਦਮਦਮੀ ਟਕਸਾਲ ਦੇ ਮੁੱਖੀ ਹੁੰਦੇ ਹੋਏ, ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਸਨ, ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਤ ਸਿਆਸਤਦਾਨ ਨਹੀਂ ਸਨ। ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਇਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਪ੍ਰਕਾਸ਼ਤ ਕੀਤੇ ‘ਵਾਈਟ ਪੇਪਰ’ ਅਤੇ ਇੰਦਰਾ ਗਾਂਧੀ ਵੱਲੋਂ ਦੋ ਜੂਨ 1984 ਨੂੰ ਰੇਡੀਓ ਦੇ ਦਿੱਤੇ ਗਏ ਭਾਸ਼ਣ ਵਿੱਚ ਕਿਹਾ ਗਿਆ ਹੈ। ਇੰਦਰਾ ਗਾਂਧੀ ਨੇ ਸੰਸਦ ਵਿੱਚ ਹੋਈ ਡੀਬੇਟ ਵਿੱਚ ਕਿਹਾ ਸੀ ਕਿ ਪੰਜਾਬ ਦੀ ਸਮੱਸਿਆ ਦਾ ਕੋਈ ਹਲ ਨਾ ਲੱਭਣ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖੁਦ ਹੈ ਕਿਉਂਕਿ ਹਰ ਮੀਟਿੰਗ Îਵਿੱਚ ਉਹ ਨਵੀਂ ਮੰਗ ਰੱਖ ਦਿੰਦੇ ਸਨ। ਕੇਂਦਰ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਮੁੱਚੇ ਸਿੱਖਾਂ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਖਾਸ ਤੌਰ ‘ਤੇ ਸਿੱਖਾਂ ਦੇ ਨੇਤਾ ਜਿਹੜੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹੇ, ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਇਨ੍ਹਾਂ ਗੱਲਾਂ ਦਾ ਖੰਡਨ ਨਹੀਂ ਕੀਤਾ। ਇਸ ਲਈ ਇਕਪਾਸੜ ਕਹਾਣੀ ਮੀਡੀਆ ਵਿੱਚ ਆਉਂਦੀ ਰਹੀ। ਇਹ ਸਾਰਾ ਕੁਝ ਨੈਟ ‘ਤੇ ਪਿਆ ਹੈ ਤੇ ਰਹਿੰਦੀ ਦੁਨੀਆਂ ਤੱਕ ਪਿਆ ਰਹੇਗਾ। ਜਦੋਂ ਵੀ ਕੋਈ ਬਲਿਊ ਸਟਾਰ ਅਪ੍ਰੇਸ਼ਨ ਬਾਰੇ ਜਾਨਣ ਲਈ ਨੈਟ ਤੋਂ ਪਤਾ ਕਰੇਗਾ ਤਾਂ ਇਹੋ ਨੈਗੇਟਿਵ ਜਵਾਬ ਮਿਲੇਗਾ। ਸਿੱਖ ਬਦਨਾਮ ਹੁੰਦੇ ਰਹਿਣਗੇ। ਇਸ ਸਾਰੇ ਕੁਝ ਦੇ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ ਹੈ। ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਰ ਵਾਰ ਸਰਕਾਰਾਂ ਰਹੀਆਂ, ਕਿਸੇ ਨੇ ਵੀ ਇਸ ਗੰਭੀਰ ਇਲਜ਼ਾਮਾਂ ਦਾ ਖੰਡਨ ਨਹੀਂ ਕੀਤਾ ਅਤੇ ਨਾ ਹੀ ਕੋਈ ਸਾਰਥਿਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਹਥਿਆਰਾਂ ਦੀ ਨੁਮਾਇਸ਼ ਲਾ ਕੇ ਬਦਨਾਮ ਕੀਤਾ। ਇਸ ਦਾ ਵੀ ਅਕਾਲੀਆਂ ਦੀ ਲੀਡਰਸ਼ਿਪ ਨੇ ਖੰਡਨ ਨਹੀਂ ਕੀਤਾ। ਜੇ ਹਥਿਆਰਾਂ ਦਾ  ਬਰਾਮਦ ਹੋਣਾ ਸੱਚ ਹੈ ਤਾਂ ਇਹ ਹਥਿਆਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਫੋਰਸਾਂ ਦੇ ਨਾਕਿਆਂ ਰਾਹੀਂ ਲੰਘਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਿਵੇਂ ਪਹੁੰਚੇ? ਜਨਰਲ ਸ਼ੁਬੇਗ ਸਿੰਘ ਤੇ ਇਲਜ਼ਾਮ ਹੈ ਕਿ  ਉਸਨੇ ਨੌਜਵਾਨਾ ਨੂੰ ਹਥਿਆਰਾਂ ਨਾਲ ਲਾਮਬੰਦ ਕਰਨ ਵਿੱਚ ਭੂਮਿਕਾ ਨਿਭਾਈ ਸੀ। ਇਸ ਦੀ ਵੀ ਪੜਤਾਲ ਹੋਣੀ ਜ਼ਰੂਰੀ ਸੀ। ਇਹ ਵੀ ਕਿਹਾ ਜਾਂਦਾ ਹੈ, ਜੇ ਸੰਤ ਜਰਨੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਾ ਜਾਂਦੇ ਤਾਂ ਫ਼ੌਜੀ ਕਾਰਵਾਈ ਨਹੀਂ ਹੋਣੀ ਸੀ। ਦਮਦਮੀ ਟਕਸਾਲ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੀ ਖ਼ਾਨਾਂਜੰਗੀ ਕਰਕੇ ਉਨ੍ਹਾਂ ਨੂੰ ਉਥੇ ਲਿਜਾਇਆ ਗਿਆ ਸੀ, ਕਿਉਂਕਿ ਉਨ੍ਹਾਂ ਦੇ ਕੁਝ ਸਪੋਰਟਰਾਂ ਨੂੰ ਮਾਰ ਦਿੱਤਾ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਤੋਂ ਬਿਨਾ ਸੰਸਾਰ ਵਿੱਚ ਅੱਜ ਤੱਕ ਕਿਸੇ ਵੀ ਦੇਸ਼ ਦੀ ਫ਼ੌਜ ਨੇ ਧਾਰਮਿਕ ਸਥਾਨ ‘ਤੇ ਹਮਲਾ ਨਹੀਂ ਕੀਤਾ। ਹਮਲੇ ਤੋਂ ਪਹਿਲਾਂ ਹੋਰ  ਕੋਈ ਵਿਕਲਪ ਕਿਉਂ ਨਹੀਂ ਵਰਤਿਆ  ਗਿਆ? ਇਨ੍ਹਾਂ ਸਵਾਲਾਂ ਦੇ  ਜਵਾਬ ਵੀ ਅਜੇ ਵਕਾਇਆ ਹਨ।

ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਜ਼ ਸਿੱਖ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੋ ਗਏ ਸਨ। ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਕਰਕੇ ਡਰ ਲੱਗ ਰਿਹਾ ਸੀ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿੱਖ ਜਗਤ ਵਿੱਚ ਹਰਮਨਪਿਆਰਤਾ ਵੱਧ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੀ ਧੜਕਣ ਤੇਜ਼ ਹੋ ਰਹੀ ਸੀ, ਕਿ ਕਿਤੇ ਉਹ ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਜ਼ ਨਾ ਹੋ ਜਾਣ। ਅੰਦਰਖਾਤੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਿਰੁੱਧ ਬੋਲ ਰਹੀ ਸੀ।  ਉਨ੍ਹਾਂ ਨੇ ਤਾਂ ਇੱਥੋਂ ਤੱਕ ਇਲਜ਼ਾਮ ਲਗਾ ਦਿੱਤਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗਿਆਨੀ ਜ਼ੈਲ ਸਿੰਘ ਅਕਾਲੀਆਂ ਵਿਰੁੱਧ ਵਰਤ ਰਿਹਾ ਹੈ। ਕਈ ਪੁਸਤਕਾਂ ਲਿਖਣ ਵਾਲੇ ਸਿੱਖ,  ਜਿਨ੍ਹਾਂ ਵਿੱਚ ਸਾਬਕਾ ਂਰਾਅ ਦੇ ਮੁੱਖੀ ਜੀ ਪੀ ਐਸ ਸਿੱਧੂ, ਪੀ ਸੀ ਅਲੈਗਜੈਂਡਰ, ਏ ਪੀ ਪਾਂਡੇ ਅਤੇ ਕੁਝ ਹੋਰ ਅਧਿਕਾਰੀਆਂ ਨੇ ਵੀ ਇਹੋ ਸੰਦੇਹ ਪ੍ਰਗਟ ਕੀਤਾ ਸੀ, ਜਦੋਂ ਕਿ ਇਸ ਵਿੱਚ ਕੋਈ ਸਚਾਈ ਨਹੀਂ ਸੀ। ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੀ ਸਿਆਸੀ ਲੜਾਈ ਕਰਕੇ ਦਰਬਾਰਾ ਸਿੰਘ ਦਾ ਧੜਾ ਵੀ ਇਹੋ ਇਲਜ਼ਾਮ ਲਗਾਈ ਜਾ ਰਿਹਾ ਸੀ।  ਸਿਆਸਤਦਾਨ ਹਮੇਸ਼ਾ ਦੂਜਿਆਂ ਦੇ  ਮੋਢਿਆਂ ‘ਤੇ ਰੱਖਕੇ ਵਾਰ ਕਰਦੇ ਹਨ। ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਕਾਲਤ ਨਹੀਂ ਕਰ ਰਿਹਾ, ਪ੍ਰੰਤੂ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਕਿ ਉਹ ਕਿਸੇ ਧਰਮ ਦੇ ਵਿਰੁੱਧ ਉਕਸਾ ਰਹੇ ਹੋਣ। ਸੰਤ ਭਿੰਡਰਾਂਵਾਲਿਆਂ ਵਿਰੁੱਧ ਇਹ ਸਾਰੀਆਂ ਅਫ਼ਵਾਹਾਂ ਬਹੁ ਸੰਮਤੀ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਸਨ । ਉਨ੍ਹਾਂ ਨੇ ਕਦੀਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ  ਸੀ, ਪ੍ਰੰਤੂ ਇਹ ਜ਼ਰੂਰ ਕਿਹਾ ਸੀ ਕਿ ਜੇ ਦੇਣ ਤਾਂ ਕੋਈ ਇਨਕਾਰ ਨਹੀਂ। ਉਹ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਕਹਿੰਦੇ ਸਨ।

ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਹੁੰਦਾ ਹੈ। ਆਸਾਮ ਵਿੱਚ ਚਾਰ ਸਾਲ ਹਿੰਸਕ ਮਾਹੌਲ ਰਿਹਾ। ਅਖ਼ੀਰ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਮਝੌਤਾ ਹੋ ਗਿਆ। ਪੰਜਾਬ ਵਿੱਚ ਸਮਝੌਤਾ ਕਿਉਂ ਨਹੀਂ ਹੋਇਆ? ਸਿੱਖ ਜਗਤ ਨੂੰ ਗੰਭੀਰਤਾ ਨਾਲ ਵਿਚਾਰਨ ਦੀ  ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੇਂਦਰੀ ਮੰਤਰੀਆਂ ਨਾਲ ਬਾਰਾਂ ਮੀਟਿੰਗਾਂ ਕੀਤੀਆਂ, ਪ੍ਰੰਤੂ ਇਹ ਗੱਲਬਾਤ ਸਿਰੇ ਕਿਉਂ ਨਹੀਂ ਚੜ੍ਹੀ? ਕਿਉਂਕਿ ਅਕਾਲੀ  ਲੀਡਰਸ਼ਿਪ ਸਮਝੌਤਾ ਜਾਂ ਤਾਂ ਕਰਨਾ ਨਹੀਂ ਚਾਹੁੰਦੀ  ਸੀ ਜਾਂ ਕਮਜ਼ੋਰ  ਹੋਣ ਕਰਕੇ ਫੈਸਲਾ ਨਹੀਂ ਕਰ ਸਕੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਵਾਰ ਤਾਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਵੀ ਗੱਲਬਾਤ ਕੀਤੀ ਸੀ। ਹਰ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੀਟਿੰਗ ਵਿੱਚ ਇਹ ਕਹਿੰਦੀ ਰਹੀ ਕਿ ਬਾਅਦ ਵਿੱਚ ਦੱਸਾਂਗੇ। ਇਸ ਦਾ ਤਾਂ ਇਹੋ ਅਰਥ ਨਿਕਲਦਾ ਹੈ ਕਿ ਉਹ ਸਮਝੌਤਾ ਕਰਨਾ ਨਹੀਂ ਚਾਹੁੰਦੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ ਆਖ਼ਰੀ ਮੀਟਿੰਗ 26 ਮਈ 1984 ਨੂੰ ਹੋਈ ਸੀ, ਕੇਂਦਰ ਸਰਕਾਰ ਵੀ ਸੰਜੀਦਾ ਨਹੀਂ ਸੀ,  ਇਕ ਪਾਸੇ ਮੀਟਿੰਗਾਂ ਕਰ ਰਹੀ ਸੀ ਤੇ ਦੂਜੇ ਪਾਸੇ ਬਲਿਊ ਸਟਾਰ ਅਪ੍ਰੇਸ਼ਨ ਦੀ ਤਿਆਰੀ ਕਰ ਰਹੀ ਸੀ। ਇਹ ਅਪ੍ਰੇਸ਼ਨ ਇੱਕ ਦਿਨ ਦਾ ਫੈਸਲਾ ਨਹੀਂ ਸੀ, ਲਗਪਗ ਇੱਕ ਸਾਲ ਤੋਂ ਤਿਆਰੀ  ਕਰ ਰਹੇ ਸੀ। ਰਾਜੀਵ ਗਾਂਧੀ ਨੇ ਮਾਰਚ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਧਾਰਮਿਕ ਸੰਤ ਪੁਰਸ਼ ਕਿਹਾ ਸੀ। ਫਿਰ ਇਤਨੀ ਜਲਦੀ ਉਸਨੂੰ ਅੱਤਵਾਦੀ ਬਣਾ ਦਿੱਤਾ। ਇਨ੍ਹਾਂ ਸਾਰੀਆਂ ਗੱਲਾਂ ਦੀ ਪੜਚੋਲ ਕਰਨੀ ਬਣਦੀ ਹੈ। ਅੱਜ ਤੱਕ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਅਕਾਲੀ ਨੇਤਾ ਨੇ ਇਹ ਨਹੀਂ ਦੱਸਿਆ ਕਿ ਸਮਝੌਤਾ ਕਿਉਂ ਨਹੀਂ ਸਿਰੇ ਚੜ੍ਹ ਸਕਿਆ? ਉਨ੍ਹਾਂ ਵਿੱਚੋਂ ਕੁਝ ਨੇਤਾ ਤਾਂ ਅੱਜ ਵੀ ਜਿਉਂਦੇ ਹਨ। ਵੱਖ-ਵੱਖ ਸਮੇਂ ਵੱਖ-ਵੱਖ ਮੀਟਿੰਗਾਂ ਵਿੱਚ ਪਰਕਾਸ਼ ਸਿੰਘ ਬਾਦਲ,  ਜਥੇਦਾਰ ਗੁਰਚਰਨ ਸਿੰਘ ਟੌਹੜਾ,  ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ,  ਬਲਬੰਤ ਸਿੰਘ,  ਰਵੀਇੰਦਰ ਸਿੰਘ,  ਕੈਪਟਨ ਅਮਰਿੰਦਰ ਸਿੰਘ ਆਦਿ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਸਨ। ਉਹ ਵੀ ਚੁੱਪ ਬੈਠੇ ਹਨ। ਇਹ ਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਰਿਕਾਰਡ ਵਿੱਚ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ 19 ਫਰਵਰੀ 1983 ਦਾ ਲਿਖਿਆ ਇੱਕ ਖ਼ਤ ਇੱਕ ਅਖ਼ਬਾਰ ਦੇ ਸੰਪਾਦਕ ਭਰਪੂਰ ਸਿੰਘ ਬਲਬੀਰ ਨੇ ਇੰਦਰਾ ਗਾਂਧੀ ਨੂੰ ਨਿੱਜੀ ਤੌਰ ‘ਤੇ ਮਿਲਕੇ ਦੇ ਕੇ ਦਿੱਤਾ ਸੀ ਤੇ ਫਿਰ ਇੰਦਰਾ ਗਾਂਧੀ ਨੇ ਉਸ ਖਤ ਦਾ ਜਵਾਬ ਭਰਪੂਰ ਸਿੰਘ ਬਲਬੀਰ ਰਾਹੀਂ ਦੋ ਦਿਨ ਬਾਅਦ 21  ਫਰਵਰੀ 1983 ਨੂੰ ਸੰਤਾਂ ਨੂੰ ਭਿਜਾਵਾਇਆ ਸੀ। ਮਰਹੂਮ ਪੱਤਰਕਾਰ ਦਲਬੀਰ ਸਿੰਘ ਦੇ ਸੰਪਰਕ ਰਾਹੀਂ ਪਤਾ ਲੱਗਿਆ ਸੀ ਕਿ  ਸੰਤ ਜਰਨੈਲ ਸਿੰਘ ਨਾਲ ਇੰਦਰਾ ਗਾਂਧੀ ਦੀ ਮੀਟਿੰਗ ਵੀ ਨਿਸਚਤ ਹੋ ਗਈ ਸੀ,  ਪ੍ਰੰਤੂ ਐਨ ਮੌਕੇ ‘ਤੇ ਕੁਝ ਵਿਅਕਤੀਆਂ ਨੇ ਅੜਿਕਾ ਪਾ ਕੇ ਮੀਟਿੰਗ ਰੱਦ ਕਰਵਾ ਦਿੱਤੀ ਸੀ। ਇਸਦਾ ਅਰਥ ਤਾਂ ਇਹ ਬਣਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੰਜਾਬ ਦੇ ਹਾਲਾਤ ਠੀਕ ਕਰਨਾ ਚਾਹੁੰਦਾ ਸੀ,  ਪ੍ਰੰਤੂ ਕੁਝ ਸਿਆਸਤਦਾਨ ਨਹੀਂ ਚਾਹੁੰਦੇ ਸਨ, ਕਿਉਂਕਿ ਉਨ੍ਹਾਂ ਦੀਆਂ ਕੁਰਸੀਆਂ ਖਿਸਕਦੀਆਂ ਲੱਗਦੀਆਂ ਸਨ। ਸਾਰਾ ਦੋਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿਰ ਲਾਇਆ ਜਾਂਦਾ ਹੈ। ਜੇ ਸਮਝੌਤਾ ਹੋ ਜਾਂਦਾ ਤਾਂ ਸਿੱਖਾਂ ਨੂੰ ਅਜਿਹੇ ਹਾਲਾਤ ਵਿੱਚੋਂ ਨਾ ਗੁਜਰਨਾ ਪੈਂਦਾ। ਸਿੱਖ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦੇ ਦੂਜਿਆਂ ‘ਤੇ ਇਲਜ਼ਾਮ ਲਗਾਈ ਜਾਂਦੇ ਹਨ। ਸਿੱਖਾਂ ਨੂੰ ਇੱਕਮੁਠ ਹੋ ਕੇ ਆਪਣੇ ‘ਤੇ ਲੱਗੇ ਇਲਜ਼ਾਮ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤਾਂ ਜੋ ਸੰਸਾਰ ਵਿੱਚ ਸਿੱਖਾਂ ਦਾ ਅਕਸ ਬਲਿਊ ਸਟਾਰ ਬਾਰੇ ਸਾਫ ਹੋ ਸਕੇ, ਪ੍ਰੰਤੂ ਇਹ ਤਾਂ ਕੁਰਸੀਆਂ ਪਿੱਛੇ ਹੀ ਲੜੀ ਜਾ ਰਹੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>