ਨਾਵਲਕਾਰ ਜੱਗੀ ਕੁੱਸਾ ਦੀ ਮਰਹੂਮ ਧੀ ਲਾਲੀ ਕੁੱਸਾ ਤੇ ਘੱਲੂਘਾਰਾ “ਪੰਜ ਦਰਿਆ” ਵਿਸ਼ੇਸ਼ ਅੰਕ ਲੋਕ ਅਰਪਣ ਸਮਾਗਮ ਕਰਵਾਇਆ

1001109370.resizedਗਲਾਸਗੋ, (ਨਿਊਜ ਡੈਸਕ) – ਸਕਾਟਲੈਂਡ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਪਹਿਲੇ ਅਖ਼ਬਾਰ ‘ਪੰਜ ਦਰਿਆ’ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚ ਕੇ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ‘ਪੰਜ ਦਰਿਆ’ ਅਖ਼ਬਾਰ ਦਾ ਇਹ ਵਿਸ਼ੇਸ਼ ਅੰਕ ਜੂਨ 1984 ਘੱਲੂਘਾਰਾ ਅਤੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਮਰਹੂਮ ਧੀ ਲਾਲੀ ਕੁੱਸਾ ਨੂੰ ਸਮਰਪਿਤ ਸੀ। ਜਿੱਥੇ ਇਸ ਸਮਾਗਮ ਦੌਰਾਨ ਪੰਜ ਦਰਿਆ ਦਾ ਇਹ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ ਉੱਥੇ ‘ਪੰਜ ਦਰਿਆ’ ਦੀ ਕਾਵਿ ਸੰਪਾਦਿਕਾ ਤੇ ਨਾਵਲਕਾਰਾ ਕਮਲ ਗਿੱਲ ਦਾ ਦੂਜਾ ਨਾਵਲ ਅਧੂਰੀ ਕਹਾਣੀ ਵੀ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚੋਂ ਪਹੁੰਚ ਕੇ ਵਿਦਵਾਨ ਸਖਸੀਅਤਾਂ ਇਹਨਾਂ ਇਤਿਹਾਸਿਕ ਪਲਾਂ ਦੀਆਂ ਗਵਾਹ ਬਣੀਆਂ । ਪੇਜ਼ਲੀ ਦੇ ਖਚਾਖਚ ਭਰੇ ‘ਦ ਵਾਈਂਡ ਸੈਂਟਰ’ ‘ਚ ਹੋਏ ਇਸ ਸਮਾਗਮ ਦੌਰਾਨ ‘ਪੰਜ ਦਰਿਆ’ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਨਾਵਲਕਾਰਾ ਕਮਲ ਗਿੱਲ, ਸਪਾਈਸ ਆਫ ਲਾਈਫ ਦੇ ਡਾਇਰੈਕਟਰ ਪਰਮਜੀਤ ਸਿੰਘ ਸਮਰਾ, ਮਨਜੀਤ ਸਿੰਘ ਚੀਮਾ ਸੰਦਰਲੈਂਡ, ਗੁਰਮੇਲ ਸਿੰਘ ਧਾਮੀ ਅਤੇ ਹਰਦਿਆਲ ਸਿੰਘ ਬਾਹਰੀ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਦਾ ਸੱਦਾ ਦਿੱਤਾ। ਨਾਵਲਕਾਰਾ ਕਮਲ ਗਿੱਲ ਨੂੰ ਸਨਮਾਨ ਦਿੰਦਿਆਂ ‘ਪੰਜ ਦਰਿਆ’ ਦੀਆਂ ਔਰਤ ਮੈਂਬਰਾਨ ਵੱਲੋਂ ਸਿਰ ਉੱਪਰ ਫੁਲਕਾਰੀ ਤਾਣ ਕੇ ਹਾਲ ਅੰਦਰ ਪ੍ਰਵੇਸ਼ ਕਰਾਇਆ ਗਿਆ। ਹਾਜ਼ਰੀਨ ਦਾ ਸਵਾਗਤ ਬਾਬਾ ਬੁੱਢਾ ਦਲ ਗਲਾਸਗੋ ਦੇ ਸੇਵਾਦਾਰ ਹਰਜੀਤ ਸਿੰਘ ਖਹਿਰਾ ਨੇ ਆਪਣੇ ਸ਼ਬਦਾਂ ਰਾਹੀਂ ਕੀਤਾ। ਸ਼ਿਵਚਰਨ ਜੱਗੀ ਕੁੱਸਾ ਨੇ ਬੋਲਦਿਆਂ ‘ਪੰਜ ਦਰਿਆ’ ਟੀਮ ਅਤੇ ਗਲਾਸਗੋ ਦੇ ਭਾਈਚਾਰੇ ਦਾ ਧੰਨਵਾਦ ਕੀਤਾ ਜਿਸ ਨੇ ਉਹਨਾਂ ਦੀ ਬੇਟੀ ਲਾਲੀ ਕੁੱਸਾ ਦੀ ਜਾਨ ਲੈਣ ਵਾਲੇ ‘ਮੈਡੀਕਲ ਅੱਤਵਾਦ’ ਨੂੰ ਨੰਗਾ ਕਰਦਾ ਵਿਸ਼ੇਸ਼ ਅੰਕ ਲੋਕ ਅਰਪਣ ਕਰਨ ਦਾ ਜੇਰਾ ਕੀਤਾ। ਨਾਵਲਕਾਰਾ ਕਮਲ ਗਿੱਲ ਨੇ ਨਾਵਲ ‘ਅਧੂਰੀ ਕਹਾਣੀ’ ਬਾਰੇ ਬੋਲਦਿਆਂ ਜਿੱਥੇ ਵਿਸ਼ਾਲ ਸਮਾਗਮ ਰਚਾਉਣ ਦੀ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ ਉੱਥੇ ਔਰਤ ਨਾਲ ਹੁੰਦੇ ਮਾਨਸਿਕ ਤੇ ਸਰੀਰਕ ਸ਼ੋਸ਼ਣ ਰੂਪੀ ਤਸੱਦਦ ਦੀ ਬਾਤ ਪਾਉਂਦਿਆਂ ਨਾਵਲ ‘ਗੰਧਲੇ ਰਿਸ਼ਤੇ’ ਤੇ ‘ਅਧੂਰੀ ਕਹਾਣੀ’ ਪੜ੍ਹਣ ਦੀ ਤਾਕੀਦ ਕੀਤੀ। ਇਸ ਉਪਰੰਤ ਸਰਵ ਸ੍ਰੀ ਮਨਜੀਤ ਸਿੰਘ ਚੀਮਾ, ਹਰਦਿਆਲ ਸਿੰਘ ਬਾਹਰੀ, ਲਖਵੀਰ ਸਿੰਘ ਸਿੱਧੂ, ਪ੍ਰਭਜੋਤ ਕੌਰ ਵਿਰ੍ਹੀਆ, ਪਰਮਜੀਤ ਸਿੰਘ ਸਮਰਾ, ਰਵਿੰਦਰ ਸਿੰਘ ਸਹੋਤਾ, ਗੁਰਮੇਲ ਸਿੰਘ ਧਾਮੀ, ਜਸਵਿੰਦਰ ਕਲੇਰ, ਅਮਨਦੀਪ ਸਿੰਘ ਅਮਨ, ਸੁਰਜੀਤ ਸਿੰਘ ਚੌਧਰੀ MBE, ਗਿਆਨੀ ਅਮਰੀਕ ਸਿੰਘ, ਸੋਹਣ ਸਿੰਘ ਰੰਧਾਵਾ, ਸੁਲੱਖਣ ਸਿੰਘ ਸਮਰਾ, ਲਾਭ ਗਿੱਲ ਦੋਦਾ ਅਤੇ ਸਲੀਮ ਰਜ਼ਾ ਰਾਏਕੋਟੀ ਆਦਿ ਬੁਲਾਰਿਆਂ ਨੇ ਬਹੁਤ ਹੀ ਭਾਵੁਕ ਸ਼ਬਦਾਂ ਨਾਲ ਮਰਹੂਮ ਲਾਲੀ ਕੁੱਸਾ ਨੂੰ ਉਹਨਾਂ ਦੀ ਦੂਜੀ ਬਰਸੀ ‘ਤੇ ਯਾਦ ਕਰਦਿਆਂ ‘ਪੰਜ ਦਰਿਆ’ ਦਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ ਲਈ ਸ਼ਾਬਾਸ਼ ਦਿੱਤੀ ਤੇ ਨਾਲ ਹੀ ਬਹੁਤ ਹੀ ਸੂਖਮ ਅਤੇ ਵਿਸ਼ਾਲ ਮਤਲਬ ਰੱਖਦੇ ਮੁੱਦਿਆਂ ਨੂੰ ਨਾਵਲ ‘ਅਧੂਰੀ ਕਹਾਣੀ’ ਰਾਹੀਂ ਉਜਾਗਰ ਕਰਨ ਲਈ ਕਮਲ ਗਿੱਲ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਨਾਵਲਕਾਰਾ ਕਮਲ ਗਿੱਲ ਨੂੰ ਵੈਸਟ ਮਿਡਲੈਂਡਜ਼ ਤੋਂ ‘ਪੰਜ ਦਰਿਆ’ ਲਈ ਸਹਿਯੋਗੀ ਵਜੋਂ ਸੇਵਾਵਾਂ ਦੇਣ ਅਤੇ ਕਾਵਿ ਸੰਪਾਦਿਕਾ ਦੀ ਵਡੇਰੀ ਜਿੰਮੇਵਾਰੀ ਦਿੰਦਿਆਂ ਕੀਰਤ ਖੁਰਮੀ ਨੇ ਸਨਾਖਤੀ ਕਾਰਡ ਅਤੇ ਗੁਰਮੁਖੀ ਉੱਕਰੀ ਚੁੰਨੀ ਸਮੂਹ ਔਰਤ ਮੈਂਬਰਾਨ ਨੂੰ ਨਾਲ ਲੈ ਕੇ ਸਨਮਾਨ ਸਹਿਤ ਭੇਂਟ ਕੀਤੀ। ਇਸਦੇ ਨਾਲ ਹੀ ਸ਼ਿਵਚਰਨ ਜੱਗੀ ਕੁੱਸਾ ਨੂੰ ਵੀ ਆਨਰੇਰੀ ਸੰਪਾਦਕ ਦੀ ਜਿੰਮੇਵਾਰੀ ਦਿੰਦਿਆਂ ਸਨਾਖਤੀ ਕਾਰਡ ਅਤੇ ਲੋਈ ਨਾਲ ਨਿਵਾਜਿਆ ਗਿਆ।

ਮੰਚ ਸੰਚਾਲਕ ਦੇ ਫਰਜ ਨਿਭਾਉਂਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ‘ਪੰਜ ਦਰਿਆ’ ਟੀਮ ਗਲਾਸਗੋ ਨੂੰ ਵਿਸ਼ਵ ਪੱਧਰ ‘ਕੇ ਸੁਰਖੀਆਂ ਵਿੱਚ ਲਿਆਉਣ ਲਈ ਵਚਨਬੱਧ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਸਾਹਿਤ ਪ੍ਰੇਮੀ ਗਲਾਸਗੋ ‘ਚ ਹੁੰਦੇ ਸਾਹਿਤਕ ਸਮਾਗਮਾਂ ਵਿੱਚ ਸ਼ਿਰਕਤ ਕਰਿਆ ਕਰਨਗੇ ਤਾਂ ਹਾਜ਼ਰੀਨ ਨੇ ਜ਼ੋਰਦਾਰ ਤਾੜੀਆਂ ਨਾਲ ਖੁਰਮੀ ਦੀ ਇੱਛਾ ‘ਤੇ ਮੋਹਰ ਲਾਈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>