ਸੁਰਜੀਤ ਦੀ ‘ਜ਼ਿੰਦਗੀ ਇੱਕ ਹੁਨਰ’ ਪੁਸਤਕ : ਜ਼ਿੰਦਗੀ ਜਿਓਣ ਦੇ ਗੁਰ: ਉਜਾਗਰ ਸਿੰਘ

IMG_4376.resizedਸੁਰਜੀਤ ਪੰਜਾਬੀ ਦੀ ਬਹੁ-ਪੱਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 7 ਮੌਲਿਕ ਪੁਸਤਕਾਂ, ਜਿਨ੍ਹਾਂ ਵਿੱਚ 5 ਕਵਿਤਾ ਸੰਗ੍ਰਹਿ ਅਤੇ ਦੋ ਵਾਰਤਕ, 3 ਸੰਪਾਦਿਤ ਪੁਸਤਕਾਂ, ਜਿਨ੍ਹਾਂ ਵਿੱੱਚ ਇਕ ਕਹਾਣੀ ਸੰਗ੍ਰਹਿ ਅਤੇ ਦੋ ਵਾਰਤਕ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸਦੀ ਇੱਕ ਪੁਸਤਕ ਅਨੁਵਾਦ ਹੋ ਕੇ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ‘ਜ਼ਿੰਦਗੀ ਇਕ ਹੁਨਰ’ ਉਸਦੀ 11ਵੀਂ ਵਾਰਤਕ ਦੀ ਪੁਸਤਕ ਹੈ। ਸੁਰਜੀਤ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ 9 ਅਤੇ ਦੂਜੇ ਭਾਗ ‘ਨੂਰ ਦੇ ਰੂ-ਬਰੂ’ ਵਿੱਚ ਵੀ 9 ਲੇਖ ਹਨ। ਸੁਰਜੀਤ ਮੁੱਢਲੇ ਤੌਰ ‘ਤੇ ਕਵਿਤਰੀ ਹੈ। ਇਸ ਲਈ ਉਸ ਨੇ ਆਪਣੇ ਲੇਖਾਂ ਨੂੰ ਸਾਰਥਿਕ ਤੇ ਦਿਲਚਸਪ ਬਣਾਉਣ ਲਈ ਕਵਿਤਾਵਾਂ ਦੇ ਸ਼ਿਅਰ ਵੀ ਲੇਖਾਂ ਵਿੱਚ ਪਾਏ ਹਨ। ਕਵਿਤਰੀ ਹੋਣ ਕਰਕੇ ਵਾਰਤਕ ਵਿੱਚ ਰਵਾਨਗੀ ਦਰਿਆ ਦੇ ਵਹਿਣ ਦੀ ਤਰ੍ਹਾਂ ਹੈ। ਲੇਖਾਂ ਵਿੱਚ ਉਹ ਨੁਕਤੇ ਲਿਖੇ ਹਨ, ਜਿਹੜੇ ਆਮ ਜੀਵਨ ਵਿੱਚ ਸਾਰਥਿਕ ਹੋ ਸਕਦੇ ਹਨ। ਭਾਵੇਂ ਇਨ੍ਹਾਂ ਨੁਕਤਿਆਂ ਬਾਰੇ ਸਮਾਜ ਚੰਗੀ ਤਰ੍ਹਾਂ ਜਾਣਦਾ ਹੈ ਪ੍ਰੰਤੂ ਸੁਰਜੀਤ ਨੇ ਇਨ੍ਹਾਂ ਨੂੰ ਬੜੇ ਹੀ ਸਰਲ ਢੰਗ ਨਾਲ ਗੁਰਬਾਣੀ ਵਿੱਚੋਂ ਉਦਾਹਰਨਾ ਦੇ ਕੇ ਸਮਝਾਉਣ ਦੀ ਕੋਸਿਸ਼ ਕੀਤੀ ਹੈ, ਇਨ੍ਹਾਂ ‘ਤੇ ਅਮਲ ਕਰਨ ਨਾਲ ਜ਼ਿੰਦਗੀ ਬਿਹਤਰੀਨ, ਆਨੰਦਮਈ,  ਸੁਹਾਵਣੀ ਤੇ ਸੁਖਾਲੀ ਬਣ ਸਕਦੀ ਹੈ। ਪੁਸਤਕ ਦੇ ਸਿਰਲੇਖ ਵਾਲਾ ਪਹਿਲਾ ਲੇਖ ‘ਜ਼ਿੰਦਗੀ ਇਕ ਹੁਨਰ’ ਹੈ, ਜਿਸ ਵਿੱਚ ਜ਼ਿੰਦਗੀ ਜਿਓਣ ਦੇ ਅਣਗਿਣਤ ਨੁਕਤੇ ਦੱਸਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਸਾਰਥਿਕ ਜੀਵਨ ਜਿਓਣ ਦੇ ਗੁਰਾਂ ਵਿੱਚ ਅਨੁਸਸ਼ਾਨ,  ਸੰਤੁਲਨ,  ਜੋ ਮਿਲਿਆ ਉਸ ਤੋਂ ਸੰਤੁਸ਼ਟਤਾ, ਵਿਉਂਤ, ਉਸਾਰੂ ਸੋਚ, ਕਿਰਤ ਕਰਨਾ, ਇੱਛਾ ਸ਼ਕਤੀ ਤੇ ਕਾਬੂ, ਥੋੜ੍ਹੇ ਵਿੱਚ ਗੁਜ਼ਾਰਾ, ਪਰਿਵਾਰ ਵਿੱਚ ਰਹਿਣਾ, ਹਲੀਮੀ, ਪੌਸ਼ਟਿਕ ਖੁਰਾਕ, ਸਫਾਈ, ਕਸਰਤ, ਆਪੇ ਨਾਲ ਪਿਆਰ, ਚੰਗੀ ਸੰਗਤ, ਉਸਾਰੂ ਸੋਚ, ਪੁਸਤਕਾਂ ਪੜ੍ਹਨਾ, ਤਨ, ਮਨ ਤੇ ਬੁੱਧੀ ਦਾ ਸੁਮੇਲ, ਕਿੱਤੇ ਦੀ ਮੁਹਾਰਤ, ਆਸ਼ਾਵਾਦੀ ਰਹਿਣਾ,  ਹਿੰਮਤੀ ਤੇ ਮਿਹਨਤੀ, ਨਿਸ਼ਾਨਾ ਨਿਸਚਤ, ਚਿੰਤਾ ਨਾ ਕਰਨਾ ਅਤੇ ਲੋਕਾਂ ਦੇ ਮਦਦਗਾਰ ਬਣਨਾ ਆਦਿ ਸ਼ਾਮਲ ਹਨ। ਇਸ ਲੇਖ ਵਿੱਚ ਹੀ ਪੁਸਤਕ ਦਾ ਨਚੋੜ ਹੈ। ‘ਕੋਈ ਦੀਪ ਜਲਾਓ ਕਿ ਹਨੇਰਾ ਮਿਟੇ’ ਲੇਖ ਵਿੱਚ ਪਰੰਪਰਾਵਾਂ ‘ਤੇ  ਪਹਿਰਾ ਦੇਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਤਿਓਹਾਰ ਮਨਾਕੇ ਵਿਖਾਵਾ ਕਰਨ ਦੀ ਥਾਂ ਅਮਲੀ ਕੰਮ ਕੀਤਾ ਜਾਵੇ। ਆਪਣੇ ਅੰਦਰਲੇ ਰਾਵਣ ਦਾ ਨਾਸ ਕੀਤਾ ਜਾਵੇ, ਮਨ ਨੂੰ ਰੌਸ਼ਨ ਕੀਤਾ ਜਾਵੇ, ਵਾਤਾਵਰਨ ਦਾ ਧਿਆਨ ਰੱਖਿਆ ਜਾਵੇ, ਲੜਕੀਆਂ  ਦਾ ਸ਼ੋਸ਼ਣ  ਬੰਦ  ਕੀਤਾ ਜਾਵੇ,  ਸੋਚ ਬਦਲੀ ਜਾਵੇ, ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕੀਤੀ ਜਾਵੇ ਅਤੇ ਤਿਓਹਾਰ ਮਨਾਉਣ ਨਾਲ ਮਾਨਵਤਾ ਦਾ ਨੁਕਸਾਨ ਨਾ ਹੋਵੇ ਆਦਿ ਗੱਲਾਂ ‘ਤੇ ਪਹਿਰਾ  ਦੇਣ ਦੀ  ਤਾਕੀਦ ਕੀਤੀ ਗਈ ਹੈ। ‘ਜਲ  ਬਿਨ ਸਾਖ ਕੁਮਲਾਵਤੀ’ ਲੇਖ ਵਿੱਚ ਬਹੁਤ ਹੀ ਵਧੀਆ ਉਦਾਹਰਨਾ ਦੇ ਕੇ ਪਾਣੀ ਦੀ ਜੀਵਨ ਲਈ ਮਹੱਤਤਾ ਦਰਸਾਈ ਗਈ ਹੈ। IMG_4378.resizedਮਾਨਵਤਾ ਨੂੰ ਪਾਣੀ ਨੂੰ ਗੰਧਲਾ ਕਰਨਾ ਅਤੇ ਦੁਰਵਰਤੋਂ ਦੇ ਭਿਆਨਕ ਨਤੀਜਿਆਂ ਤੋਂ ਚੇਤੰਨ ਕਰਵਾਇਆ ਗਿਆ ਹੈ। ‘ਦੋਸਤੀ ਦੇ ਨਵੇਂ ਸਮੀਕਰਨ’ ਲੇਖ ਵਿੱਚ ਲੇਖਕ ਨੇ ਸੱਚੇ-ਸੁੱਚੇ ਦੋਸਤ ਬਣਾਉਣ ਅਤੇ ਸੱਚੀ ਦੋਸਤੀ ਨਿਭਾਉਣ ਦੀ  ਸਲਾਹ ਦਿੱਤੀ ਹੈ ਤੇ ਦੋਸਤ  ਬਣਾਉਣ ਸਮੇਂ ਬਹੁਤ  ਧਿਆਨ ਰੱਖਣਾ ਚਾਹੀਦਾ ਹੈ। ਸੱਚੇ ਦੋਸਤ  ਰਿਸ਼ਤੇਦਾਰਾਂ ਨਾਲੋਂ ਵੀ ਬਿਹਤਰ ਢੰਗ ਨਾਲ ਵਿਚਰਦੇ ਹਨ। ਸ਼ੋਸ਼ਲ ਮੀਡੀਆ ਵਾਲੇ ਸਾਰੇ ਦੋਸਤ ਸਹੀ ਅਰਥਾਂ ਵਿੱਚ ਦੋਸਤ ਨਹੀਂ ਹੁੰਦੇ,  ਕਿਉਂਕਿ ਅਸੀਂ ਉਨ੍ਹਾਂ ਨੂੰ ਮਿਲੇ ਹੀ ਨਹੀਂ ਹੁੰਦੇ। ਉਨ੍ਹਾਂ ਵਿੱਚੋਂ ਕੁਝ ਚੰਗੇ ਵੀ ਹੁੰਦੇ ਹਨ। ‘ਮੁਆਫ਼ੀ ਇਕ ਵਰਦਾਨ’ ਲੇਖ ਬਹੁਤ ਮਹੱਤਵਪੂਰਨ ਹੈ ਕਿਉਂਕਿ ਮਨੁੱਖ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਆਪਣੀ ਮਾਨਸਿਕ ਸ਼ਾਂਤੀ ਗੁਆ ਲੈਂਦੇ ਹਨ। ਇਨਸਾਨ ਗ਼ਲਤੀਆਂ  ਦਾ ਪੁਤਲਾ ਹੈ। ਇਸ ਲਈ ਗ਼ਲਤੀ ਮੁਆਫ਼ ਕਰਕੇ ਸੁਰਖੁਰੂ ਹੋਣ ਵਿੱਚ ਹੀ ਬਿਹਤਰੀ ਹੈ। ਪਹਿਲਾਂ ਆਪਣੇ ਆਪ ਨੂੰ ਮੁਆਫ਼ ਕਰੋ ਤੇ ਫਿਰ ਗ਼ਲਤੀ ਕਰਨ ਵਾਲੇ ਨੂੰ ਮੁਆਫ਼ ਕਰ ਦਿਓ, ਮੁਆਫ਼ ਕਰਨ ਵਾਲਾ ਵੱਡਾ ਬਣ ਜਾਂਦਾ ਹੈ। ਸੰਤੁਲਨ ‘ਦਾ ਬੈਲੈਂਸ’ ਲੇਖ ਵਿੱਚ ਸਮਝਾਇਆ ਹੈ ਕਿ ਕੁਦਰਤ  ਨਾਲ ਖਿਲਵਾੜ ਮਨੁੱਖਤਾ ਦਾ ਨੁਕਸਾਨ ਕਰਦਾ ਹੈ। ਕੁਦਰਤ ਦੇ ਨਿਯਮਾ ਦੇ ਵਿਰੁੱਧ ਅਸੀਂ ਜੰਗਲ  ਵੱਢ ਰਹੇ ਹਾਂ, ਪਾਣੀ ਤੇ ਹਵਾ ਗੰਧਲਾ ਕਰ ਰਹੇ ਹਾਂ, ਜਿਸ ਕਰਕੇ ਤੂਫ਼ਾਨ ਤੇ ਭੁਚਾਲ ਆਉਂਦੇ ਹਨ। ਇਸ ਲਈ ਮਾਨਵਤਾ ਨੂੰ ਸੰਜਮ ਦਾ ਪੱਲਾ ਫੜ੍ਹਨਾ ਚਾਹੀਦਾ ਹੈ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆਂ ਰਹੇ।  ‘ਦਾ ਸੈਕੰਡ ਚਾਂਸ’ ਲੇਖ ਇਨਸਾਨ ਨੇ ਨੌਕਰੀ ਤੋਂ ਸੇਵਾ ਮੁਕਤੀ ਦਾ ਜੀਵਨ ਕਿਵੇਂ ਗੁਜਾਰਨਾ ਹੈ, ਬਾਰੇ ਗੁਰ ਦੱਸੇ ਹਨ, ਰੁਝੇਵਾਂ ਰੱਖਣਾ ਅਤਿਅੰਤ ਜ਼ਰੂਰੀ ਹੈ ਕਿਉਂਕਿ ਵਿਹਲਾ ਮਨੁੱਖ ਸੋਚਦਾ ਰਹਿਣ ਕਰਕੇ ਬਿਮਾਰੀ ਗ੍ਰਸਤ ਹੋ ਜਾਂਦਾ ਹੈ। ਸ਼ੌਕ ਪੂਰੇ ਕਰੋ, ਸੈਰ ਕਰੋ,  ਸੋਚ ਸਾਕਾਰਾਤਮਕ ਰੱਖੋ, ਸ਼ਿਕਾਇਤਾਂ ਤੇ ਝਗੜੇ ਨਾ ਕਰੋ, ਜ਼ਿੰਦਗੀ ਸਾਜ਼ਗਾਰ ਲੱਗੇਗੀ। ‘ਰੁੱਤਾਂ ਰਾਂਗਲੀਆਂ’ ਕੈਨੇਡਾ ਦੇ ਟਰਾਂਟੋ ਤੇ ਓਨਟਾਰੀਓ ਸ਼ਹਿਰਾਂ ਦੀਆਂ ਰੁੱਤਾਂ ਠੰਡੀਆਂ ਬਹੁਤ ਹੁੰਦੀਆਂ ਹਨ, ਰੁੱਤ ਅਨੁਸਾਰ ਖੇਡਾਂ ਬਦਲ ਜਾਂਦੀਆਂ ਹਨ, ਉਨ੍ਹਾਂ ਅਨੁਸਾਰ ਆਨੰਦ ਮਾਣੋ, ਗਰਮੀ ਵਿੱਚ ਪਤਝੜ ਵੀ ਸੁਹਾਵਣੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬਸੰਤ ਖ਼ੁਸ਼ਗਵਾਰ ਮੌਸਮ ਹੁੰਦਾ ਹੈ। ਪੰਜਾਬ ਵਿੱਚ ਸਾਉਣ ਸੁਹਾਵਣਾ ਹੁੰਦਾ ਹੈ। ਰੁੱਤਾਂ ਮੁਤਾਬਕ ਮਨੁੱਖ ਨੂੰ ਵੀ  ਬਦਲਕੇ ਰੂਹ ਖ਼ੁਸ਼ ਰੱਖਣ ਦਾ ਬਲ ਸਿੱਖਣਾ ਜ਼ਰੂਰੀ ਹੈ। ‘ਏਕ ਸ਼ਜਰ ਮੁਹੱਬਤ ਕਾ’ ਲੇਖ ਵਿੱਚ ਸਮਝਾਇਆ ਹੈ ਕਿ ਜੀਵਨ ਬਹੁਤ ਛੋਟਾ ਹੈ, ਇਸ ਲਈ ਧਰਮਾ ਦੇ ਚੱਕਰ ਵਿੱਚ ਨਫ਼ਰਤ ਨਾ ਫੈਲਾਓ, ਕਿਉਂਕਿ ਪਰਮਾਤਮਾ ਇੱਕ ਹੈ। ਮੁਹੱਬਤ ਹੀ ਇੱਕੋ-ਇਕ ਅਜਿਹਾ ਹਥਿਆਰ ਹੈ, ਜਿਸ  ਨਾਲ ਜ਼ਿੰਦਗੀ ਸੁਹਾਵਣੀ ਹੋ ਸਕਦੀ ਹੈ। ਇਸ ਲਈ ਮੁਹੱਬਤ ਪੱਲੇ ਬੰਨ੍ਹ ਲਓ।

ਪੁਸਤਕ ਦਾ ਦੂਜਾ ਭਾਗ ‘ਨੂਰ ਦੇ ਰੂ-ਬਰੂ ਹੈ, ਜਿਸ ਵਿੱਚਲੇ ਸਾਰੇ ਲੇਖ ਇਸਤਰੀਆਂ ਨਾਲ ਸੰਬੰਧਤ ਹਨ।  ਪਹਿਲਾ ਲੇਖ ‘ਕੌਰਡ ਔਫ਼ ਲਵ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਦਾ ਨਾੜੂਆ, ਜੇ ਇਸਤਰੀ ਚਾਹੇ ਤਾਂ ਦਾਨ ਕਰ ਸਕਦੀ ਹੈ, ਜਿਸ ਨਾਲ ਅਨੇਕਾਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਨਾੜੂਆ ਵੈਸੈ ਵੀ ਬੱਚੇ ਦੀ ਪੈਦਾਇਸ਼ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ‘ਮਾਂ ਜ਼ਿੰਦਗੀ ਦਾ ਦੂਜਾ ਨਾਂ’ ਵਿੱਚ ਮਾਂ ਦੀ ਦੇਣ ਬਾਰੇ ਦੱਸਿਆ ਹੈ, ਮਾਂ ਬੱਚਿਆਂ ਨੂੰ ਸਿਰਫ਼ ਜਨਮ ਹੀ ਨਹੀਂ ਦਿੰਦੀ,  ਬਲਕਿ ਉਨ੍ਹਾਂ ਦੇ ਪਾਲਣ ਪੋਸ਼ਣ ਲਈ ਵੀ ਆਪਣਾ ਜੀਵਨ ਲਾ ਦਿੰਦੀ ਹੈ। ਇਸ  ਲਈ ਮਾਂ ਦਿਵਸ  ਤੋਹਫ਼ਿਆਂ ਅਤੇ ਪ੍ਰੀਤੀ ਭੋਜਾਂ ਦੀ ਪਰੰਪਰਾ ਤੱਕ ਨਾ ਕੀਤਾ ਜਾਵੇ, ਉਸਨੂੰ ਹਮੇਸ਼ਾ ਮਾਣ ਸਤਿਕਾਰ  ਦਿੱਤਾ ਜਾਵੇ। ‘ਔਰਤ-ਸਿਆਣਪ ਅਤੇ ਸ਼ਕਤੀ ਦਾ ਮੁਜੱਸਮਾ’ ਲੇਖ ਨੂੰ ਪੜ੍ਹਕੇ ਪਾਠਕ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ, ਔਰਤ ਦੀ ਸਮਾਜ ਨੂੰ ਇਤਨੀ ਵੱਡੀ ਦੇਣ ਦੇ  ਬਾਵਜੂਦ ਮਰਦ ਪ੍ਰਧਾਨ ਸਮਾਜ ਔਰਤ ਦਾ ਬਣਦਾ ਮਾਨ ਸਨਮਾਨ ਨਹੀਂ ਕਰਦਾ। ਔਰਤਾਂ ਬਲਾਤਕਾਰ ਵਰਗੀਆਂ ਅਨੇਕਾਂ ਵੰਗਾਰਾਂ ਦਾ ਮੁਕਾਬਲਾ ਕਰਦਿਆਂ ਵੀ ਮਰਦ ਨਾਲ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਦੀਆਂ ਹਨ। ‘ਅੰਤਰਰਾਸ਼ਟਰੀ ਮਹਿਲਾ ਦਿਵਸ’  ਲੇਖ ਵਿੱਚ ਸੁਰਜੀਤ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਸੰਬੰਧੀ ਸੰਸਾਰ ਦੀਆਂ ਔਰਤਾਂ ਦੇ ਸੰਗਠਤ ਰੂਪ ਵਿੱਚ ਆਪਣੇ ਹੱਕਾਂ ਦੀ  ਬਰਾਬਰੀ  ਲਈ ਕੀਤੇ ਯਤਨਾ ਦਾ ਨਤੀਜਾ ਹੈ। ਇਸ ਕਰਕੇ ਸੰਸਾਰ ਵਿੱਚ ਹਰ ਸਾਲ ਇਹ ਦਿਵਸ ਮਨਾਇਆ ਜਾਂਦਾ ਹੈ, ਹਰ ਸੰਸਥਾ ਔਰਤਾਂ ਦੇ ਹੱਕਾਂ ਦੀ  ਪ੍ਰੋੜ੍ਹਤਾ ਦੀ ਜ਼ਿੰਮੇਵਾਰੀ ਲੈਣ ਵਿੱਚ ਖ਼ੁਸ਼ੀ ਮਹਿਸੂਸ ਕਰਦੀ ਹੈ। ‘ਤਿ੍ਰਵੈਣੀ’ ਲੇਖ  ਵਿੱਚ ਸੰਸਾਰ ਦੀਆਂ ਤਿੰਨ ਅਜਿਹੀਆਂ ਦਲੇਰ ਤੇ ਬਹਾਦਰ ਇਸਤਰੀਆਂ : ਰੋਜ਼ਾ ਪਾਰਕਸ, ਐਲਿਸ ਵਾਕਰ ਅਤੇ  ਓਪੇਰਾ ਵਿਨਫ਼ਰੇ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀ  ਬਦੌਲਤ ਅੱਜ ਸੰਸਾਰ ਦੀਆਂ ਔਰਤਾਂ ਆਜ਼ਾਦੀ ਦਾ ਨਿੱਘ ਮਾਣ ਰਹੀਆਂ ਹਨ। ਸੰਸਾਰ ਵਿੱਚ ਹੁਣ ਤੱਕ ਜਿਹੜੀਆਂ ਔਰਤਾਂ ਨੇ ਉਚੇ ਮੁਕਾਮ ਪ੍ਰਾਪਤ ਕੀਤੇ ਹਨ, ਉਹ ਉਨ੍ਹਾਂ ਨੇ ਇਨ੍ਹਾਂ ਅਧਿਕਾਰਾਂ ਕਰਕੇ ਹੀ ਪ੍ਰਾਪਤ ਕੀਤੇ ਹਨ। ‘ਦਾ ਫ਼ੇਮਸ ਫ਼ਈਵ’ ਲੇਖ ਵਿੱਚ ਪੰਜ ਔਰਤਾਂ : ਐਮਲੀ ਮਰਫ਼ੀ, ਆਇਰਨ ਮਾਰਟਿਨ ਪਰਲਬੀ, ਨੈਨੀ ਮੂਲੀ ਮੈਕਲੰਗ, ਲੂਈਸ ਮਕੀਨੀ ਅਤੇ ਹੈਨਰੀਅਟਾ ਮਯੂਰ ਬਾਰੇ ਦੱਸਿਆ ਹੈ, ਜਿਨ੍ਹਾਂ ਨੇ 1927 ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਤੇ ਫਿਰ ਇੰਗਲੈਂਡ ਵਿੱਚ ਬਿ੍ਰਟਿਸ਼ ਸਰਕਾਰ ਦੀ ‘ ਜੂਡੀਸ਼ੀਅਲ ਪ੍ਰੀਵੀ ਕੌਂਸਲ’ ਵਿੱਚ ਕੇਸ ਲੜਕੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿਵਾਏ  ਸਨ। ਇਹ ਪੰਜੇ ਔਰਤਾਂ ‘ਦਾ ਫ਼ੇਮਸ ਫ਼ਾਈਵ’ ਦੇ ਨਾਮ ਨਾਲ ਜਾਣੀਆਂ ਜਾਂਦੀਆਂ  ਹਨ, ਪ੍ਰੰਤੂ ਅਜੇ ਔਰਤਾਂ ਨੂੰ  ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਇਕ ਹੋਰ ਮਾਂ-ਸਾਡੀ ਮਾਂ ਬੋਲੀ’  ਲੇਖ ਵਿੱਚ ਦੱਸਿਆ ਪੰਜਾਬੀਆਂ ਵੱਲੋਂ ਪੰਜਾਬੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ, ਭਾਵੇਂ ਕੈਨੇਡਾ ਵਿੱਚ ਪੰਜਾਬੀ ਪੜ੍ਹਾਉਣ ਦੀ ਪ੍ਰਵਿਰਤੀ ਸ਼ੁਰੂ ਹੋ ਗਈ ਹੈ, ਕੁਝ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ। ਪੰਜਾਬੀ ਅਖ਼ਬਾਰ ਪ੍ਰਕਾਸ਼ਤ ਹੋ ਰਹੇ ਹਨ ਤੇ ਰੇਡੀਓ ਵੀ ਪੰਜਾਬੀ ਵਿੱਚ ਪ੍ਰੋਗਰਾਮ ਕਰਦੇ ਹਨ। ‘ਆਹ ਲੈ ਫੜ ਲੈ ਗੱਡੀ ਦੀ ਚਾਬੀ’ ਵਿਚ ਇਸਤਰੀਆਂ  ਦੇ ਤਿੰਨ ਕੰਮਾ ਬਾਰੇ ਦੱਸਿਆ ਹੈ, ਇੱਕ ਤਾਂ ਉਹ ਕੰਮਾਂ ਤੇ ਜਾਂਦੀਆਂ ਹਨ, ਦੂਜੇ ਘਰ ਦਾ ਕੰਮ ਕਰਦੀਆਂ ਹਨ ਅਤੇ ਤੀਜੇ ਸ਼ਰਾਬੀ ਪਤੀਆਂ ਨੂੰ ਪਾਰਟੀਆਂ ਤੋਂ ਘਰਾਂ ਵਿੱਚ ਵਾਪਸ ਲਿਆਉਂਦੀਆਂ ਹਨ, ਜਿਨ੍ਹਾਂ ਦੇ  ਪਤੀ ਨਸ਼ੇੜੀ ਹਨ, ਉਨ੍ਹਾਂ ਦੀ ਜ਼ਿੰਦਗੀ ਤਾਂ ਬਰਬਾਦ ਹੋਣ ਦੇ ਬਰਾਬਰ ਹੋ ਜਾਂਦੀ ਹੈ। ‘ਵਿਪਰੀਤ ਪ੍ਰਸਥਿਤੀਆਂ ਵਿੱਚ ਜਿਨ੍ਹਾਂ ਕਲਮ ਚੁੱਕੀ (ਕੈਨੇਡੀਅਨ ਪੰਜਾਬੀ ਨਾਰੀ-ਕਵਿਤਾ) ’ ਵਿੱਚ ਪੰਜਾਬੀ ਕਵਿਤਰੀਆਂ ਵੱਲੋਂ ਪਿਛਲੀ ਅੱਧੀ ਸਦੀ ਵਿੱਚ ਵੱਖ-ਵੱਖ ਰੰਗਾਂ ਵਿੱਚ ਰੰਗੀ ਸਮਾਜਿਕ ਸਰੋਕਾਰਾਂ ਵਾਲੀ ਕਵਿਤਾ ਦਿੱਤੀ ਗਈ ਹੈ।  ਉਮੀਦ ਕਰਦੇ ਹਾਂ ਕਿ ਸੁਰਜੀਤ  ਏਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ।

96 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬ ਪਬਲਿਸ਼ਰਜ਼ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>