ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਧਦੀ ਸਰਕਾਰੀ ਦਖਲਅੰਦਾਜ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕੀਤੀ। ਅਕਾਲੀ ਦਲ ਦਫ਼ਤਰ ਤੋਂ ਸੈਂਕੜੇ ਸੰਗਤਾਂ ਨੇ ਦਰਬਾਰ ਹਾਲ ਵਿਖੇ ਗੁਰੂ ਚਰਨਾਂ ਵਿੱਚ ਮੱਥਾ ਟੇਕਣ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਸਾਹਮਣੇ ਵਰਾਂਡੇ ਵਿੱਚ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਅਰਦਾਸ ਦੀ ਇਹ ਲੜੀ ਪਿਛਲੇ ਹਫ਼ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ੁਰੂ ਹੋਈ ਸੀ। ਪਿਛਲੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹਰ ਐਤਵਾਰ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬੋਲ਼ੀ ਅਤੇ ਗੂੰਗੀ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਤੋਂ ਗੁਰੇਜ਼ ਨਹੀਂ ਕਰ ਰਹੀ। ਇਸ ਤੋਂ ਪਹਿਲਾਂ ਸਾਡੇ ਦੋ ਚੁਣੇ ਹੋਏ ਦਿੱਲੀ ਕਮੇਟੀ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਦਾ ਮਜ਼ਾਕ ਉਡਾਉਂਦੀਆਂ ਆਮ ਚੋਣਾਂ ਦੀ ਬਜਾਏ ਅੰਦਰੂਨੀ ਚੋਣਾਂ ਕਰਵਾਈਆਂ ਗਈਆਂ ਸਨ। ਇਸ ਕਰਕੇ ਸਰਕਾਰ ਦੀ ਕਾਰਜਸ਼ੈਲੀ ਨੇ ਗੁਰਦੁਆਰਿਆਂ ਦੇ ਸੁਤੰਤਰ ਤੇ ਖ਼ੁਦਮੁਖ਼ਤਿਆਰ ਪ੍ਰਬੰਧ ਵਿੱਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ। ਮੌਜੂਦਾ ਸੱਤਾਧਾਰੀ ਧਿਰ ਕਿਸੇ ਵੀ ਮੁੱਦੇ ‘ਤੇ ਸਰਕਾਰ ਨਾਲ ਗੱਲ ਕਰਨ ਦੀ ਤਾਕਤ ਅਤੇ ਇੱਛਾ ਸ਼ਕਤੀ ਗੁਆ ਚੁੱਕੀ ਹੈ। ਇਹੀ ਕਾਰਨ ਹੈ ਕਿ ਸਿੱਖ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਦੀ ਗੱਲ, ਹੁਣ ਇਹ ਸਰਕਾਰ ਨਾਲ ਅੱਖ ਮਿਲਾ ਕੇ ਗੱਲ ਕਰਨ ਦੀ ਚਾਹਤ ਵੀ ਹਵਾ ਵਿੱਚ ਗ਼ਾਇਬ ਕਰ ਚੁੱਕੇ ਹਨ। ਇਸ ਲਈ ਜਦੋਂ ਸਾਰੇ ਦੁਨਿਆਵੀ ਰਸਤੇ ਬੰਦ ਹੋ ਜਾਣ, ਤਾਂ ਸਿੱਖ ਕੋਲ ਸਿਰਫ਼ ‘ਅਰਦਾਸ’ ਦਾ ਵਿਕਲਪ ਬਚਦਾ ਹੈ। ਇਸ ਲਈ ਅਸੀਂ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਸਿੱਖ ਕੌਮ ਨੂੰ ਸੁਤੰਤਰ ਅਤੇ ਖ਼ੁਦਮੁਖ਼ਤਿਆਰ ਗੁਰਦੁਆਰਾ ਪ੍ਰਬੰਧ ਦਿੱਤਾ ਜਾਵੇ। ਜੀ.ਕੇ. ਨੇ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੋਣ ਦਾ ਗੱਲ ਕਰਦਿਆਂ ਇਸ ਰਾਜ ਦੌਰਾਨ ਸਾਰੇ ਧਰਮਾਂ ਨੂੰ ਪੂਰੇ ਅਧਿਕਾਰ ਅਤੇ ਆਜ਼ਾਦੀ ਹੋਣ ਦਾ ਹਵਾਲਾ ਦਿੱਤਾ।
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਨੇ ਸਰਕਾਰ ਸਾਹਮਣੇ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਆਤਮ ਸਮਰਪਣ ਵਾਲੀਆਂ ਨੀਤੀਆਂ ਦੀ ਨਿੰਦਾ ਕੀਤੀ। ਅਕਾਲੀ ਆਗੂ ਡਾ. ਪਰਮਿੰਦਰ ਪਾਲ ਸਿੰਘ ਨੇ ਅਰਦਾਸ ਕਰਨ ਦੀ ਜ਼ਰੂਰਤ ਅਤੇ ਮੌਜੂਦਾ ਪੰਥਕ ਸਥਿਤੀ ਦੀ ਸਮੀਖਿਆ ਕੀਤੀ। ਇਸ ਮੌਕੇ ਮੌਜੂਦ ਮੁੱਖ ਆਗੂਆਂ ਵਿੱਚ ਬੀਬੀ ਮਨਦੀਪ ਕੌਰ ਬਖਸ਼ੀ, ਦਿੱਲੀ ਕਮੇਟੀ ਦੇ ਕਈ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਸ਼ਾਮਲ ਸਨ।