ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਪਰਮਜੀਤ ਸਿੰਘ ਵੀਰ ਜੀ ਨੇ ਪੰਜਾਬੀ ਅਦਾਕਾਰ ਸ. ਦਲਜੀਤ ਸਿੰਘ ਦੁਸਾਂਝ ਦੀ ਨਵੀਂ ਆ ਰਹੀ ਫਿਲਮ ‘ਸਰਦਾਰ ਜੀ 3’ ਉੱਤੇ ਲਾਈ ਗਈ ਰੋਕ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਦਸਿਆ ਕਿ ਹਾਨੀਆ ਆਮਿਰ ਕਾਰਨ ਸੱਜੇ-ਪੱਖੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਫਿਲਮ ਦੇ ਵਿਰੋਧ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਹ ਇਕ ਛੋਟੀ ਸੋਚ ਦਾ ਪ੍ਰਗਟਾਵਾ ਅਤੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਣ ਦੀ ਚਿੰਤਾਜਨਕ ਕੋਸ਼ਿਸ਼ ਹੈ । ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਦੁਸਾਂਝ ਇੱਕ ਅਜਿਹਾ ਕਲਾਕਾਰ ਹੈ ਜੋ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਦੀ ਸੱਭਿਆਚਾਰਕ ਪਛਾਣ ਨੂੰ ਗੌਰਵ ਨਾਲ ਪੇਸ਼ ਕਰਦਾ ਆ ਰਿਹਾ ਹੈ। ਉਹਨਾਂ ਯਾਦ ਕਰਵਾਇਆ ਕਿ ਦਲਜੀਤ ਦੁਸਾਂਝ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਆਪਣੀ ਫਿਲਮਾਂ ਰਾਹੀਂ ਜਗਤ ਅੱਗੇ ਪੇਸ਼ਕਾਰੀ ਕੀਤੀ, ਜਿਵੇਂ ਜਸਵੰਤ ਸਿੰਘ ਖਾਲੜਾ ਤੇ ਬਣੀ ‘ਪੰਜਾਬ 95’ ਵਿੱਚ ਵਧੇਰੇ ਕੱਟ ਲਗਾਏ ਗਏ ਸਨ । ਉਨ੍ਹਾਂ ਵਲੋਂ ਕੀਤੀਆਂ ਗਈਆਂ ਕਈ ਫਿਲਮਾਂ ਨੇ ਸਿੱਖ ਕੌਮ ਦੀ ਹਕੀਕਤ ਅਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਸ਼ਾਹਮਣੇ ਲਿਆਂਦਾ ਹੈ । ਉਨ੍ਹਾਂ ਕਿਹਾ ਕਿ ਦਲਜੀਤ ਦੁਸਾਂਝ ਨੇ ਮੈਟ ਗੈਲਾ ਵਿੱਚ ਪੱਗ, ਕਿਰਪਾਨ, ਗੁਰਮੁਖੀ ਲਿਪੀ ਅਤੇ ਪੰਜਾਬ ਦੇ ਨਕਸ਼ੇ ਨਾਲ ਜਾ ਕੇ ਸਿੱਖੀ ਅਤੇ ਪੰਜਾਬੀ ਪਹਿਚਾਨ ਨੂੰ ਵਿਸ਼ਵ ਭਰ ਵਿੱਚ ਸਨਮਾਨ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸ ਫਿਲਮ ਅਤੇ ਦਲਜੀਤ ਦੁਸਾਂਝ ਤੇ ਹਮਲਾ ਕਰਨਾ ਬੇਇਨਸਾਫ਼ੀ ਜਾਪਦਾ ਹੈ, ਖਾਸ ਕਰਕੇ ਜਦੋਂ ਉਨ੍ਹਾਂ ਨੇ ਸਬੂਤਾਂ ਸਹਿਤ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਦੁਖਦਾਈ ਪਹਿਲਗਾਮ ਘਟਨਾ ਤੋਂ ਬਹੁਤ ਪਹਿਲਾਂ, ਫਰਵਰੀ ਵਿੱਚ ਸ਼ੂਟ ਕੀਤੀ ਗਈ ਸੀ, ਜਿਸ ਦੌਰਾਨ ਇੱਕ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਵੀ ਹੋਇਆ ਸੀ। ਅੰਤ ਵਿਚ ਵੀਰ ਜੀ ਨੇ ਦਲਜੀਤ ਦੁਸਾਂਝ ਦੀ ਦੇਸ਼ ਭਗਤੀ ‘ਤੇ ਸਵਾਲ ਉਠਾਉਣ ਵਾਲੀ ਆਲੋਚਨਾ ਦੇ ਵਿਰੁੱਧ ਵਿਰੋਧ ਕਰਦਿਆਂ ਇਸਨੂੰ ਦਲਜੀਤ ਦੁਸਾਂਝ ਵਰਗੇ ਮਹਾਨ ਕਲਾਕਾਰ ਨਾਲ ਬੇਇਨਸਾਫੀ ਕਰਾਰ ਦਿੱਤਾ ਹੈ।
ਦਲਜੀਤ ਦੁਸਾਂਝ ਵਰਗੇ ਮਹਾਨ ਕਲਾਕਾਰ ਨਾਲ ਕੀਤੀ ਜਾ ਰਹੀ ਹੈ ਬੇਇਨਸਾਫੀ: ਪਰਮਜੀਤ ਸਿੰਘ ਵੀਰਜੀ
This entry was posted in ਭਾਰਤ.