ਫ਼ਤਹਿਗੜ੍ਹ ਸਾਹਿਬ - “ਸਾਡੀ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਦੀ ਬਦੌਲਤ ਹੀ ਅੱਜ ਪੜ੍ਹੇ ਲਿਖੇ ਸਿੱਖਿਅਤ ਅਤੇ ਅਣਸਿੱਖਿਅਤ ਨੌਜਵਾਨੀ ਵਿਚ ਬੇਰੁਜਗਾਰਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ । ਜੇਕਰ ਬੱਚਿਆਂ ਨੂੰ ਸਿੱਖਿਆ ਤੇ ਤਾਲੀਮ ਪ੍ਰਦਾਨ ਕਰਦੇ ਹੋਏ ਸੰਬੰਧਤ ਲੜਕੇ ਤੇ ਲੜਕੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸੋਚ ਤੇ ਰੂਚੀ ਅਨੁਸਾਰ ਕੰਮ ਕਰਨ ਵੱਲ ਪ੍ਰੇਰਿਤ ਕਰਕੇ ਉਨ੍ਹਾਂ ਦੀ ਤਾਲੀਮ ਪੂਰੀ ਹੋਣ ਤੇ, ਸਵੈਰੁਜਗਾਰ, ਸਰਕਾਰੀ ਜਾਂ ਪ੍ਰਾਈਵੇਟ ਕੰਮ ਲਈ ਟ੍ਰੇਨਿੰਗ ਦਿੰਦੇ ਹੋਏ ਸਹੀ ਰੁਜਗਾਰ ਦਾ ਪ੍ਰਬੰਧ ਜੇਕਰ ਅੱਜ ਨਹੀ ਹੋ ਸਕਿਆ, ਤਾਂ ਇਹ ਸਰਕਾਰ ਦੀਆਂ ਸਿੱਖਿਆ ਪ੍ਰਤੀ ਨਾਕਾਮੀਆ ਤੇ ਅਸਫਲਤਾਵਾ ਨੂੰ ਜਾਹਰ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖਿਆ ਪ੍ਰਣਾਲੀ ਵਿਚ ਲੰਮੇ ਸਮੇ ਤੋ ਚੱਲਦੀਆ ਆ ਰਹੀਆ ਕਮੀਆ ਅਤੇ ਸਹੀ ਦਿਸ਼ਾ ਵੱਲ ਸਿੱਖਿਆ ਨੀਤੀ ਨਾ ਬਣਨ ਨੂੰ ਬੇਰੁਜਗਾਰੀ ਦਾ ਵੱਡਾ ਕਾਰਨ ਪ੍ਰਤੱਖ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਵੱਧਦੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਕੋਈ ਪ੍ਰਭਾਵਸਾਲੀ ਨੀਤੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਸਿੱਖਿਆ ਵਿਭਾਗ ਵਿਚ ਇਸ ਸਮੇ 1927 ਪ੍ਰਿੰਸੀਪਲ ਦੀਆਂ ਪੰਜਾਬ ਵਿਚ ਅਸਾਮੀਆ ਵਿਚੋ 856 ਅਸਾਮੀਆ ਖਾਲੀ ਪਈਆ ਹਨ । ਫਿਰ ਇਨ੍ਹਾਂ ਅਸਾਮੀਆ ਨੂੰ ਸਹੀ ਸਮੇ ਤੇ ਨਾ ਭਰਨਾ ਜਾਂ ਪ੍ਰਿੰਸੀਪਲਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਰੁਜਗਾਰ ਦੇਣ ਦੀ ਜਿੰਮੇਵਾਰੀ ਨਾ ਨਿਭਾਉਣਾ ਸਰਕਾਰ ਦੀ ਨਲਾਇਕੀ ਨੂੰ ਪ੍ਰਤੱਖ ਕਰਦੀਆ ਹਨ । ਉਨ੍ਹਾਂ ਨੇ ਸਰਕਾਰ ਤੇ ਸਿਆਸਤਦਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਬੱਚਿਆਂ ਦੀ ਤਾਲੀਮ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ । ਤਾਂ ਕਿ ਕਿਸੇ ਵੀ ਬੱਚੇ ਦੇ ਜੀਵਨ ਨਾਲ ਖਿਲਵਾੜ ਨਾ ਹੋ ਸਕੇ ਅਤੇ ਉਹ ਸਹੀ ਸਮੇ ਤੇ ਆਪਣੀ ਯੋਗਤਾ ਅਨੁਸਾਰ ਰੁਜਗਾਰ ਪ੍ਰਾਪਤ ਕਰਕੇ ਜਿੰਦਗੀ ਵਿਚ ਅੱਗੇ ਵੱਧ ਸਕੇ ਅਤੇ ਸਮਾਜ ਨੂੰ ਚੰਗੇਰਾ ਬਣਾਉਣ ਵਿਚ ਯੋਗਦਾਨ ਪਾ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖਿਆ ਪ੍ਰਣਾਲੀ ਵਿਚ ਚੱਲ ਰਹੀਆ ਕਮੀਆ ਨੂੰ ਪੰਜਾਬ ਸਰਕਾਰ ਦੂਰ ਕਰਕੇ ਪੜ੍ਹੇ-ਲਿਖੇ ਬੱਚੇ ਬੱਚੀਆਂ ਜੋ ਆਪਣੇ ਮਾਂ-ਬਾਪ ਦੀ ਨੇਕ ਕਮਾਈ ਦਾ ਵੱਡਾ ਖਰਚ ਕਰਕੇ ਰੁਜਗਾਰ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿਚ ਨੌਜਵਾਨ ਨਮੋਸੀ ਵਿਚ ਹਨ, ਉਨ੍ਹਾਂ ਨੂੰ ਰੁਜਗਾਰ ਦੇਣ ਦਾ ਪ੍ਰਬੰਧ ਕਰਕੇ ਪੰਜਾਬ ਦੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਆਪਣੀ ਜਿੰਮੇਵਾਰੀ ਜਿਥੇ ਪੂਰਨ ਕਰੇਗੀ, ਉਥੇ ਸਿੱਖਿਆ ਪ੍ਰਣਾਲੀ ਵਿਚ ਤਬਦੀਲੀ ਕਰਕੇ ਸਮੇ ਦੇ ਹਾਣ ਦਾ ਬਣਾਉਣ ਦੀ ਜਿੰਮੇਵਾਰੀ ਵੀ ਨਿਭਾਏਗੀ ।
