ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ਼ ਨੂੰ ਲੈ ਕੇ ਵਿਸ਼ਵ ਪੱਧਰ ਤੇ ਤਹਿਲਕਾ ਮਚਾ ਦਿੱਤਾ ਹੈ। ਅਮਰੀਕਾ ਨੇ ਅਗਲੇ ਮਹੀਨੇ ਤੋਂ ਮੈਕਸੀਕੋ ਅਤੇ ਯੌਰਪੀਅਨ ਯੂਨੀਅਨ ਤੇ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਦੋਵਾਂ ਤੇ 30% ਤੱਕ ਟੈਰਿਫ਼ ਲਗਾਈ ਜਾਵੇਗੀ।
ਅਮਰੀਕਾ ਨੇ ਆਪਣੇ ਦੋ ਸੱਭ ਤੋਂ ਵੱਡੇ ਵਪਾਰਿਕ ਭਾਈਵਾਲਾਂ ਤੇ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਮੈਕਸੀਕੋ ਪ੍ਰਸ਼ਾਸਨ ਨੂੰ ਲਿਖੇ ਪੱਤਰ ਵਿੱਚ ਟਰੰਪ ਨੇ ਮੰਨਿਆ ਹੈ ਕਿ ਮੈਕਸੀਕੋ ਨੇ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਫੈਂਟੇਨਾਇਲ ਦੇ ਪਰਵਾਹ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ‘ਨਾਰਕੋ-ਤਸਕਰੀ ਦੇ ਮੈਦਾਨ’ ਵਿੱਚ ਤਬਦੀਲੀ ਲਈ ਯੋਗ ਕਦਮ ਨਹੀਂ ਉਠਾਏ। ਟਰੰਪ ਨੇ ਇਹ ਵੀ ਕਿਹਾ ਕਿ ਮੈਕਸੀਕੋ ਸਾਨੂੰ ਸੀਮਾ ਸੁਰੱਖਿਆ ਦੇ ਮੁੱਦੇ ਤੇ ਮੱਦਦ ਤਾਂ ਕਰ ਰਿਹਾ ਹੈ, ਪਰ ਇਹ ਤਸਲੀਬਖਸ਼ ਨਹੀਂ ਹੈ। ਜਿਸ ਕਰਕੇ 30% ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ।
ਯੂਰਪੀ ਸੰਘ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਵਪਾਰ ਘਾਟਾ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਹੈ।ੳਨ੍ਹਾਂ ਨੇ ਕਿਹਾ ਕਿ ਯੂਰਪੀ ਸੰਘ ਦੇ ਨਾਲ ਆਪਣੇ ਵਪਾਰਿਕ ਸਬੰਧਾਂ ਬਾਰੇ ਸਾਲਾਂ ਤੋਂ ਚਰਚਾ ਕੀਤੀ ਹੈ ਅਤੇ ਆਖਿਰ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸਾਨੂੰ ਵਪਾਰਿਕ ਘਾਟੇ ਨੂੰ ਦੂਰ ਕਰਨਾ ਹੋਵੇਗਾ।
