ਅੰਤਰਰਾਸ਼ਟਰੀ ਦੋਸਤੀ ਦਿਵਸ ਤੇ–
ਅੰਤਰਰਾਸ਼ਟਰੀ ਦੋਸਤੀ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਸ਼ਾਂਤੀ ਅਤੇ ਖੁਸ਼ੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਹ ਦੱਖਣੀ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ 30 ਜੁਲਾਈ ਨੂੰ ਮਨਾਇਆ ਜਾਂਦਾ ਹੈ ਜਦ ਕਿ ਭਾਰਤ, ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਅਗਸਤ ਦੇ ਪਹਿਲੇ ਐਤਵਾਰ ਨੂੰ ਦੋਸਤੀ ਦਿਵਸ ਦੇ ਰੂਪ ਵਿਚ ਮੰਨਿਆ ਗਿਆ ਹੈ। ਦੋਸਤੀ ਬਾਰੇ ਹੋਰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਸ ਦਿਵਸ ਦੇ ਇਤਿਹਾਸ ਬਾਰੇ ਜਾਣੀਏ।
ਸਭ ਤੋਂ ਪਹਿਲਾਂ ਇਹ ਦਿਨ ਮਨਾਉਣ ਲਈ ਡਾਕਟਰ ਰੇਮਨ ਅਰਟੇਮੀਓ ਬਰਾਚੋ ਨੇ ਦੱਖਣੀ ਅਮਰੀਕਾ ਦੇ ਪਾਰਾਗੁਆ ਵਿਚ ਮੰਗ ਰੱਖੀ ਸੀ।ਮੁੱਖ ਮਕਸਦ ਸੀ ਲੋਕਾਂ ਵਿਚ ਸ਼ਾਂਤੀ ,ਸਾਂਝ ਅਤੇ ਆਪਸੀ ਸਮਝ ਦਾ ਵਿਕਾਸ ਕਰਨਾ। ਇਸ ਵਿਚਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਸਹਿਯੋਗ ਅਤੇ ਉਤਸ਼ਾਹ ਮਿਲਿਆ । 1998 ਵਿੱਚ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੌਫੀ ਅੰਨਾਨ ਦੀ ਪਤਨੀ ਨੈਨ ਅੰਨਾਨ ਨੇ ਵਿਨੀ ਪੂਹ ਨੂੰ ਸੰਯੁਕਤ ਰਾਸ਼ਟਰ ਵਿੱਚ ਮਿੱਤਰਤਾ ਦੇ ਗਲੋਬਲ ਅੰਬੈਸਡਰ ਵਜੋਂ ਘੋਸ਼ਿਤ ਕੀਤਾ। ਫਿਰ ਸੰਯੁਕਤ ਰਾਸ਼ਟਰ ਨੇ 27 ਅਪ੍ਰੈਲ 2011 ਵਿੱਚ 30 ਜੁਲਾਈ ਦੇ ਦਿਨ ਨੂੰ ਅੰਤਰਰਾਸ਼ਟਰੀ ਦੋਸਤੀ ਦਿਵਸ ਵਜੋਂ ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ। ਇਹ ਦਿਨ ਸ਼ਾਂਤੀ ਲਿਆਉਣ ਵਿੱਚ, ਵੱਖ ਵੱਖ ਵਰਗਾਂ ਵਿੱਚ ਦੂਰੀਆਂ ਘਟਾਉਣ ਵਿੱਚ ਅਤੇ ਵਿਸ਼ਵ ਵਿਆਪੀ ਆਪਸੀ ਸਤਿਕਾਰ ਅਤੇ ਸਮਝ ਬਣਾਉਣ ਵਿੱਚ ਦੋਸਤੀ ਦੇ ਯੋਗਦਾਨ ਨੂੰ ਸਲਾਹੁੰਦਾ ਹੈ। ਇਸ ਦਿਵਸ ਨੂੰ ਮਨਾਏ ਜਾਣ ਦੇ ਖਾਸ ਮਕਸਦ ਅਤੇ ਮਹੱਤਵ ਇਹ ਹਨ-
* ਵਿਸ਼ਵ ਸ਼ਾਂਤੀ ਨੂੰ ਉਤਸ਼ਾਹ ਦੇਣਾ :- ਦੋਸਤੀਆਂ ਨੂੰ ਮਜਬੂਤ ਕਰਨ ਨਾਲ ਅਤੇ ਬਣਾਈ ਰੱਖਣ ਨਾਲ ਵੱਖ ਵੱਖ ਸਭਿਆਚਾਰਾਂ, ਜਾਤਾਂ, ਕੌਮਾਂ, ਅਤੇ ਦੇਸ਼ਾਂ ਵਿਚਕਾਰ ਦੂਰੀਆਂ ਘਟਦੀਆਂ ਹਨ ,ਆਪਸੀ ਪਿਆਰ ਵਧਦਾ ਹੈ ਜਿਸ ਨਾਲ ਵਿਸ਼ਵ ਵਿਆਪੀ ਸ਼ਾਂਤੀ ਬਣਾਏ ਰੱਖਣ ਵਿੱਚ ਬਹੁਤ ਵੱਡੀ ਮੱਦਦ ਮਿਲੇਗੀ।
* ਸਮਾਜਿਕ ਸੰਬੰਧ ਮਜਬੂਤ ਕਰਨੇ :- ਵਧੇਰੇ ਦੋਸਤੀਆਂ ਸਮਾਜ ਵਿਚ ਵਧੇਰੇ ਮਜਬੂਤ ਸਮਾਜਿਕ ਸੰਬੰਧ ਪੈਦਾ ਕਰਨਗੀਆਂ ਜਿਸ ਨਾਲ ਇਕ ਵਿਅਕਤੀ ਨੂੰ ਸਾਰਥਕ ਅਤੇ ਸੁਹਾਵੇਂ ਸੰਬੰਧਾਂ ਦੀ ਮਹੱਤਤਾ ਬਾਰੇ ਜਾਣਕਾਰੀ ਮਿਲੇਗੀ ਅਤੇ ਉਸਦਾ ਸਮਾਜਿਕ ਨਜ਼ਰੀਆ ਵਿਸ਼ਾਲ ਹੋਏਗਾ।
* ਸਭਿਆਚਾਰਾਂ ਦਾ ਅਦਾਨ ਪ੍ਰਦਾਨ :- ਦੋਸਤੀ ਦੇ ਸਿੱਟੇ ਵਜੋਂ ਵੱਖੋ ਵੱਖਰੇ ਸਭਿਆਚਾਰਕ ਚੁਗਿਰਦੇ ਵਾਲੇ ਵਿਅਕਤੀ ਇੱਕ ਦੂਸਰੇ ਨਾਲ ਆਪੋ ਆਪਣੇ ਸੱਭਿਆਚਾਰ ਦੀ ਗੱਲ ਕਰਨਗੇ। ਦੂਸਰੇ ਸਭਿਆਚਾਰ ਬਾਰੇ ਸਾਡੀ ਦ੍ਰਿਸ਼ਟੀ ਵਿਸ਼ਾਲ ਹੋਏਗੀ। ਜਿਸ ਨਾਲ ਸ਼ਹਿਣਸ਼ਕਤੀ ਵਧੇਗੀ ਅਤੇ ਵਿਭਿੰਨਤਾ ਨੂੰ ਸਮਝਣਾ ਆਸਾਨ ਹੋ ਜਾਏਗਾ।
* ਮਾਨਸਿਕ ਸਿਹਤ ਬਣਾਈ ਰੱਖਣ ਲਈ ਲਾਭਦਾਇਕ :- ਇਹ ਦੋਸਤ ਹੀ ਹੁੰਦਾ ਹੈ ਜਿਸ ਕੋਲ ਅਸੀਂ ਆਪਣੇ ਦੁੱਖ ਚਿੰਤਾਵਾਂ ਅਤੇ ਸਮੱਸਿਆਵਾਂ ਸਾਂਝੀਆਂ ਕਰਦੇ ਹਾਂ। ਅਜਿਹਾ ਕਰਨ ਨਾਲ ਮਾਨਸਿਕ ਉਦਾਸੀ ਜਾਂ ਡਿਪ੍ਰੈਸ਼ਨ ਨੇੜੇ ਨਹੀਂ ਆ ਸਕਦਾ। ਮਾਨਸਿਕ ਤੰਦਰੁਸਤੀ, ਭਾਵਨਾਤਮਕ ਸਹਿਯੋਗ ਨਾਲ ਆਉਂਦੀ ਹੈ ਜਿਸ ਨਾਲ ਕਿਸੇ ਵੀ ਤਰਾਂ ਦਾ ਤਣਾਅ ਖਤਮ ਹੋ ਕੇ ਸੰਤੁਸ਼ਟੀ ਅਤੇ ਸੰਤੁਲਨ ਵਾਲਾ ਵਧੀਆ ਜੀਵਨ ਜਿਊਣ ਵੱਲ ਝੁਕਾਅ ਵਧੇਗਾ।
* ਵਰਗ ਗਤੀਵਿਧੀਆਂ ਦਾ ਸਰੋਤ :- ਇਸ ਨਾਲ ਵੱਖ ਵੱਖ ਖੇਤਰਾਂ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਮਿਲਦਾ ਹੈ। ਜਿਸ ਨਾਲ ਮਨੁੱਖੀ ਊਰਜਾ ਠੀਕ ਥਾਂ ਤੇ ਖਰਚ ਹੁੰਦੀ ਹੈ ਅਤੇ ਸਮਾਜ ਨੂੰ ਇਕ ਉਸਾਰੂ ਸੇਧ ਮਿਲਦੀ ਹੈ
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਦੋਸਤੀਆਂ ਦਾ ਦਾਇਰਾ ਜਿੰਨਾ ਵੱਡਾ ਹੋਏਗਾ, ਉਤਨਾ ਸਿਰਫ ਸੰਬੰਧਿਤ ਵਿਅਕਤੀਆਂ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਅਤੇ ਵਿਸ਼ਵ ਨੂੰ ਵੀ ਲਾਭ ਪੁੱਜੇਗਾ।
ਇਨਸਾਨ ਬਚਪਨ ਤੋਂ ਸ਼ੁਰੂ ਕਰਕੇ ਆਪਣੇ ਜੀਵਨ ਦੇ ਅੰਤ ਤੱਕ ਦੋਸਤ ਬਣਾਉਂਦਾ ਰਹਿੰਦਾ ਹੈ। ਬਹੁਤੀ ਵਾਰ ਇਹ ਦੋਸਤੀਆਂ ਚਿਰ ਸਥਾਈ ਨਹੀਂ ਹੁੰਦੀਆਂ। ਕੁਝ ਕੁ ਪਲ ਤੋਂ ਸ਼ੁਰੂ ਹੋ ਕੇ ਕੁਝ ਕੁ ਸਾਲਾਂ ਤੱਕ ਦਾ ਇਹਨਾਂ ਦਾ ਜੀਵਨ ਹੈ। ਹਰ ਇਨਸਾਨ ਨੇ ਆਪਣੀ ਗਤੀਸ਼ੀਲ ਜਿੰਦਗੀ ਦੇ ਨਾਲ ਨਾਲ ਤੁਰਦੇ ਆਪਣੀ ਥਾਂ, ਆਪਣਾ ਕੰਮ, ਆਪਣੇ ਸ਼ੌਕ, ਆਪਣੀ ਪਸੰਦ, ਆਪਣੀ ਸੋਚ ਬਦਲਦੇ ਰਹਿਣਾ ਹੁੰਦਾ ਹੈ। ਇਹਨਾਂ ਬਦਲਦੀਆਂ ਪ੍ਰਸਥਿਤੀਆਂ ਵਿਚ ਪੁਰਾਣੇ ਦੋਸਤ ਟੁੱਟਦੇ ਰਹਿੰਦੇ ਹਨ ਅਤੇ ਨਵੇਂ ਦੋਸਤ ਬਣਦੇ ਵੀ ਰਹਿੰਦੇ ਹਨ। ਕੁਝ ਭਾਗਾਂ ਵਾਲੇ ਅਜਿਹੇ ਜਿਊੜੇ ਵੀ ਹੁੰਦੇ ਹਨ, ਜਿਹਨਾਂ ਨੇ ਜਿਸ ਨਾਲ ਇਕ ਵਾਰ ਦੋਸਤੀ ਬਣਾ ਲਈ, ਉਹ ਮਰਨ ਤੱਕ ਨਿਭਾਉਂਦੇ ਵੀ ਹਨ। ਭਾਵੇਂ ਇਸ ਨਿਭਣ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਦੁਸ਼ਵਾਰੀਆਂ ਵੀ ਆਉਂਦੀਆਂ ਹਨ ਪਰ ਜਿਹਨਾਂ ਹਿਰਦਿਆਂ ਵਿੱਚ ਪ੍ਰੇਮ ਹੈ ਉਹ ਔਖ ਝੱਲ ਕੇ ਵੀ ਦੋਸਤੀ ਪਾਲਦੇ ਹਨ।
ਅਰਬੀ ਵਿੱਚ ਦੋਸਤੀ ਦੇ 13 ਦਰਜੇ ਹਨ। ਬਹੁਤੇ ਲੋਕਾਂ ਦੇ ਜ਼ਿਆਦਾਤਰ ਦੋਸਤ 5ਵੇ ਦਰਜੇ ਜਾਂ ਇਸ ਤੋਂ ਹੇਠਾਂ ਦੇ ਹੁੰਦੇ ਹਨ। ਸਾਡੇ ਵਿੱਚੋਂ ਬਹੁਤਿਆਂ ਦਾ ਇੱਕ ਵੀ 12ਵੇ ਦਰਜੇ ਦਾ ਦੋਸਤ ਨਹੀਂ ਹੈ।
ਜਮੈਲ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਹਾਡੀ ਸਿਰਫ ਮੁਲਾਕਾਤ ਦੀ ਹੱਦ ਤੱਕ ਜਾਣ ਪਛਾਣ ਹੋਵੇ।
ਜਲੀਸ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਕੁਝ ਸਮਾਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਤਾ ਸਕਦੇ ਹੋ।
ਸਮੀਰ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਹਾਨੂੰ ਗੱਲਬਾਤ ਕਰਨ ਵਿੱਚ ਕੋਈ ਦਿੱਕਤ ਮਹਿਸੂਸ ਨਾ ਹੋਵੇ।
ਨਦੀਮ ਖਾਣ ਪੀਣ ਦਾ ਅਜਿਹਾ ਸਾਥੀ ਜਿਸ ਨੂੰ ਤੁਸੀਂ ਆਪਣੇ ਖਾਲੀ ਸਮੇਂ ਵਿੱਚ ਯਾਦ ਕਰ ਸਕੋ।
ਸਾਹਿਬ ਕੋਈ ਅਜਿਹਾ ਵਿਅਕਤੀ ਜੋ ਤੁਹਾਡੀ ਭਲਾਈ ਲਈ ਚਿੰਤਤ ਹੋਵੇ।
ਰਫ਼ੀਕ ਕੋਈ ਅਜਿਹਾ ਵਿਅਕਤੀ ਜਿਸ ਤੇ ਤੁਸੀਂ ਨਿਰਭਰ ਕਰ ਸਕਦੇ ਹੋ। ਤੁਸੀਂ ਸ਼ਾਇਦ ਆਪਣੀਆਂ ਛੁੱਟੀਆਂ ਉਸ ਨਾਲ ਬਿਤਾਉਣਾ ਚਾਹੋ।
ਸਿੱਦੀਕ ਇੱਕ ਸੱਚਾ ਦੋਸਤ ਕੋਈ ਅਜਿਹਾ ਵਿਅਕਤੀ ਜੋ ਤੁਹਾਡੇ ਨਾਲ ਕਿਸੇ ਮਤਲਬ ਲਈ ਦੋਸਤੀ ਨਹੀਂ ਕਰਦਾ। ਇਸ ਦੀ ਬਜਾਇ ਉਸ ਨਾਲ ਤੁਹਾਡਾ ਰਿਸ਼ਤਾ ਨਿਰਸਵਾਰਥ, ਨਿਰਲੇਪ,ਦਿਖਾਵੇ ਤੋੰ ਬਿਨਾਂ, ਸੱਚਾਈ ਅਤੇ ਇਮਾਨਦਾਰੀ ਤੇ ਅਧਾਰਿਤ ਹੁੰਦਾ ਹੈ।
ਖਲੀਲ ਇੱਕ ਨਜ਼ਦੀਕੀ ਦੋਸਤ, ਕੋਈ ਅਜਿਹਾ ਵਿਅਕਤੀ ਜਿਸ ਦੀ ਮੌਜੂਦਗੀ ਤੁਹਾਨੂੰ ਖੁਸ਼ ਕਰਦੀ ਹੈ।
ਅਨੀਸ ਕੋਈ ਅਜਿਹਾ ਵਿਅਕਤੀ ਜਿਸ ਦੀ ਮੌਜੂਦਗੀ ਵਿੱਚ ਤੁਸੀਂ ਸਕੂਨ ਮਹਿਸੂਸ ਕਰਦੇ ਹੋ।
ਨਜੀ ਭਰੋਸੇਮੰਦ ਅਤੇ ਹਮਰਾਜ਼, ਕੋਈ ਅਜਿਹਾ ਵਿਅਕਤੀ ਜੋ ਤੁਹਾਡਾ ਹਮਰਾਜ਼ ਹੈ ਅਤੇ ਜਿਸ ਤੇ ਤੁਸੀਂ ਬਹੁਤ ਜਿਆਦਾ ਭਰੋਸਾ ਕਰਦੇ ਹੋ।
ਸਫੀ ਤੁਹਾਡਾ ਸਭ ਤੋਂ ਵਧੀਆ ਦੋਸਤ, ਕੋਈ ਅਜਿਹਾ ਵਿਅਕਤੀ ਜਿਸ ਨੂੰ ਤੁਸੀਂ ਦੂਜੇ ਦੋਸਤਾਂ ਨਾਲੋਂ ਤਰਜੀਹ ਦਿੰਦੇ ਹੋ।
ਕਰੀਨ ਕੋਈ ਅਜਿਹਾ ਵਿਅਕਤੀ ਜਿਸ ਨਾਲ ਜੋ ਤੁਹਾਡੇ ਤੋੰ ਵੱਖ ਨਾ ਹੋਵੇ। ਨਾ ਸਿਰਫ ਤੁਸੀਂ ਜਾਣਦੇ ਹੋ ਕਿ ਉਹ ਕਿਵੇਂ ਸੋਚਦਾ ਹੈ ਬਲਕਿ ਉਹ ਤੁਹਾਡੇ ਵਿਚਾਰਾਂ ਤੋਂ ਵੀ ਜਾਣੂ ਹੋਵੇ ਤੁਸੀਂ ਦੋਵੇਂ ਇੱਕ ਦੂਜੇ ਦੇ ਮਿਜਾਜ ਨੂੰ ਜਾਣਦੇ ਹੋ।
ਹਬੀਬ ਇਹ ਦੋਸਤੀ ਦਾ ਸਭ ਤੋਂ ਉੱਤਮ ਦਰਜਾ ਹੈ ਜਿਸ ਵਿੱਚ ਇੱਕ ਦੋਸਤ ਮਿੱਤਰਤਾ ਦੇ ਹੋਰ ਸਾਰੇ ਗੁਣਾਂ ਦੇ ਨਾਲ ਨਾਲ ਮਹਿਬੂਬ ਦਾ ਦਰਜਾ ਲੈ ਲੈਂਦਾ ਹੈ। ਭਾਵ ਇਕ ਅਜਿਹਾ ਵਿਅਕਤੀ ਜਿਸ ਨਾਲ ਨਿਰਸਵਾਰਥ ਮੁੱਹਬਤ ਹੋਵੇ।
ਸੋ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਦਰਜੇ ਦੇ ਦੋਸਤ ਬਣਾ ਰਹੇ ਹਾਂ।
ਕ੍ਰਿਸ਼ਨ ਸੁਦਾਮੇ ਦੀ ਦੋਸਤੀ ਇਤਿਹਾਸ ਦੀ ਇਕ ਬਹੁਤ ਵਧੀਆ ਮਿਸਾਲ ਹੈ ਜਿੱਥੇ ਸੁਦਾਮੇ ਨੇ ਬਚਪਨ ਵਿਚ ਕ੍ਰਿਸ਼ਨ ਨੂੰ ਸੱਤੂ ਖਵਾਏ ਸੀ, ਤਾਂ ਰਾਜਾ ਬਣੇ ਕ੍ਰਿਸ਼ਨ ਨੇ ਸੁਦਾਮੇ ਨੂੰ ਨਾ ਕੇਵਲ ਪੂਰਾ ਮਾਣ ਸਤਿਕਾਰ ਹੀ ਦਿੱਤਾ, ਸਗੋਂ ਉਸਦੀ ਆਰਥਿਕ ਤੌਰ ਤੇ ਮੱਦਦ ਵੀ ਕੀਤੀ। ਭਾਈ ਮਰਦਾਨੇ ਦੀ ਗੁਰੂ ਨਾਨਕ ਜੀਂ ਨਾਲ, ਸਾਈਂ ਮੀਆਂ ਮੀਰ ਦੀ ਗੁਰੂ ਅਰਜਨ ਜੀ ਨਾਲ ਅਤੇ ਭਾਈ ਬੁੱਧੂ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰੇਮ ਅਤੇ ਦੋਸਤੀ ਦੀ ਗੱਲ ਅਸੀਂ ਅੱਜ ਤੱਕ ਪਾਉਂਦੇ ਆ ਰਹੇ ਹਾਂ। ਵਿਸ਼ਵ ਦਾ ਇਤਿਹਾਸ ਦੋਸਤੀਆਂ ਦੇ ਲੰਮੇ ਅਜਿਹੇ ਕਿੱਸਿਆਂ ਨਾਲ ਭਰਿਆ ਪਿਆ ਹੈ ਜਿੱਥੇ ਇੱਕ ਦੋਸਤ ਨੇ ਦੂਜੇ ਦੀ ਖੁਸ਼ੀ ਲਈ, ਸੰਕਟ ਦੂਰ ਕਰਨ ਲਈ ਆਪਣੀ ਜਾਨ ਤੱਕ ਦੀ ਵੀ ਪਰਵਾਹ ਨਾ ਕੀਤੀ ਹੋਵੇ।
ਦੋਸਤੀ ਦੀ ਪਰਿਭਾਸ਼ਾ ਬਹੁਤ ਵਧੀਆ ਦਿੱਤੀ ਗਈ ਹੈ – “ਦੋਸਤੀ ਉਹ ਬੈੰਕ ਹੈ ਜਿੱਥੇ ਜਿੰਦਗੀ ਦੇ ਭੇਦ ਜਮ੍ਹਾਂ ਕਰਵਾਏ ਜਾਂਦੇ ਹਨ। ” ਸੱਚਮੁੱਚ ਇਹ ਗੱਲ ਪੂਰਨ ਤੌਰ ਤੇ ਠੀਕ ਵੀ ਹੈ ਕਿ ਕੋਈ ਵੀ ਇਨਸਾਨ ਆਪਣੇ ਦਿਲ ਨੂੰ ਕਿਸੇ ਨਾ ਕਿਸੇ ਦੋਸਤ ਅੱਗੇ ਜਰੂਰ ਖੋਲ੍ਹ ਕੇ ਰੱਖ ਦਿੰਦਾ ਹੈ ਜਿਹੜਾ ਉਸਨੂੰ ਸੰਕਟ ਵਿਚੋਂ ਕੱਢਣ, ਜਿੰਦਗੀ ਵਿਚ ਅੱਗੇ ਵਧਣ ਅਤੇ ਹਰ ਮੁਸੀਬਤ ਦਾ ਹੌਂਸਲੇ ਨਾਲ ਟਕਰਾ ਕੁਰਨ ਦਾ ਉਤਸ਼ਾਹ ਵੀ ਬਣਾਈ ਰੱਖਦਾ ਹੈ ਅਤੇ ਲੋੜ ਅਤੇ ਸਮਰੱਥਾ ਅਨੁਸਾਰ ਆਪਣੇ ਦੋਸਤ ਨੂੰ ਸਹਿਯੋਗ ਦੇ ਕੇ ਉਸਦੀ ਬਾਂਹ ਵੀ ਫੜਦਾ ਹੈ। ਸੁਰਜੀਤ ਪਾਤਰ ਜੀਂ ਦਾ ਇੱਕ ਸ਼ੇਅਰ ਹੈ-
ਖੋਲ੍ਹਿਆ ਹੁੰਦਾ ਹੈ ਜੇ ਦਿਲ ਨੂੰ ਯਾਰਾਂ ਨਾਲ ,
ਖੋਲ੍ਹਣਾ ਨਾ ਪੈਂਦਾ ਇਸਨੂੰ ਅੱਜ ਔਜਾਰਾਂ ਨਾਲ।…..(ਸੁਰਜੀਤ ਪਾਤਰ)
ਆਮ ਤੌਰ ਤੇ ਹਰ ਦੋਸਤੀ ਜਾਂ ਸਾਂਝ ਦਾ ਕੋਈ ਨਾ ਕੋਈ ਆਧਾਰ ਹੁੰਦਾ ਹੈ। ਇਹ ਸਾਂਝ ਇੱਕੋ ਜਿਹੇ ਸ਼ੌਕ ਜਾਂ ਰੁਚੀਆਂ ਤੋੰ ਸ਼ੁਰੂ ਹੋ ਸਕਦੀ ਹੈ। ਖਿਡਾਰੀ, ਸੰਗੀਤਕਾਰ, ਗਾਇਕ,ਲੇਖਕ,ਕਲਾਕਾਰ ਆਦਿ ਆਪਣੀਆਂ ਇਹਨਾਂ ਰੁਚੀਆਂ ਕਰਕੇ ਦੋਸਤੀ ਵਧਾਉਂਦੇ ਹਨ। ਇੱਕੋ ਸ਼ਖਸ਼ੀਅਤ ਦੇ ਪ੍ਰਸੰਸਕ ਵੀ ਦੋਸਤ ਬਣ ਜਾਂਦੇ ਹਨ। ਇੱਕੋ ਧਰਮ, ਇੱਕੋ ਜਾਤ, ਇਕੋ ਭਾਸ਼ਾ, ਇੱਕੋ ਇਲਾਕਾ, ਵੀ ਵਿਅਕਤੀਆਂ ਨੂੰ ਜੋੜਨ ਦਾ ਸਬੱਬ ਬਣਦਾ ਹੈ। ਕਿਸੇ ਕਿੱਤੇ ਨਾਲ ਜੁੜੇ ਹੋਏ, ਉਸ ਕਿੱਤੇ ਨਾਲ ਸੰਬੰਧਿਤ ਲੋਕਾਂ ਨਾਲ ਸੰਬੰਧ ਪੈਦਾ ਹੁੰਦੇ ਹਨ, ਜਿਹਨਾਂ ਵਿਚੋਂ ਕੁਝ ਸੰਬੰਧ ਦੋਸਤੀ ਦੇ ਪੱਧਰ ਤੇ ਪੁੱਜ ਜਾਂਦੇ ਹਨ। ਇਹਨਾਂ ਵਿਚੋਂ ਕੁਝ ਤੋੜ ਤੱਕ ਨਿਭ ਵੀ ਜਾਂਦੇ ਹਨ, ਬਹੁਤੀ ਵਾਰੀ ਕੁਝ ਸਮੇਂ ਪਿੱਛੋਂ ਇਹ ਖਤਮ ਵੀ ਹੋ ਜਾਂਦੀਆਂ ਹਨ। ਇੱਕ ਗੱਲ ਪੱਕੀ ਹੈ, ਜਿੰਨਾ ਕੋਈ ਵਿਅਕਤੀ ਕਿਸੇ ਵੀ ਖੇਤਰ ਵਿੱਚ ਬਹੁਤ ਜਿਆਦਾ ਮਾਹਰ ਹੈ ਜਾਂ ਬਹੁਤ ਜਿਆਦਾ ਰੁਚੀ ਲੈਂਦਾ ਹੈ, ਉਤਨਾ ਉਹ ਉਸ ਖੇਤਰ ਦੇ ਹੋਰ ਵਿਅਕਤੀਆਂ ਨਾਲ ਜਿਆਦਾ ਸੰਬੰਧ ਬਣਾ ਕੇ ਰੱਖੇਗਾ।
ਤਸਵੀਰ ਦਾ ਦੂਜਾ ਪੱਖ ਵੀ ਹੈ। ਇਨਸਾਨੀ ਮਨ ਚੰਚਲ ਹੈ, ਮੋਹ ਮਾਇਆ ਦੇ ਲੋਭ ਵਿਚ ਭਟਕਦਾ ਰਹਿੰਦਾ ਹੈ। ਅਜਿਹੇ ਕਿੱਸੇ ਵੀ ਕੋਈ ਘੱਟ ਨਹੀਂ ਜਿੱਥੇ ਦੋਸਤੀ ਵਿਚ ਬੇਵਫ਼ਾਈ ਅਤੇ ਧੋਖੇ ਵੀ ਮਿਲਦੇ ਹਨ। ਕਦੇ ਕਿਸੇ ਦੋਸਤ ਨੇ ਦੂਜੇ ਦੋਸਤ ਦੀ ਧਨ ਦੌਲਤ ਤੇ ਨਜ਼ਰ ਟਿਕਾ ਲਈ, ਕਦੇ ਕਿਸੇ ਨੇ ਦੋਸਤ ਦੀ ਭੈਣ, ਪਤਨੀ ਜਾਂ ਕਿਸੇ ਹੋਰ ਰਿਸ਼ਤੇ ਦੀ ਔਰਤ ਤੇ ਬੁਰੀ ਨਜ਼ਰ ਰੱਖ ਲਈ। ਫੇਰ ਅਜਿਹੀਆਂ ਦੋਸਤੀਆਂ ਨੂੰ ਦੁਸ਼ਮਣੀਆਂ ਵਿੱਚ ਬਦਲਦੇ ਵੀ ਦੇਰ ਨਹੀਂ ਲੱਗਦੀ । ਦੋਸਤ ਦੀ ਤਾਂ ਹਲਕੀ ਜਿਹੀ ਬੇਸਮਝੀ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ ,ਬੇਵਫ਼ਾਈ ਅਤੇ ਧੋਖੇ ਤਾਂ ਬਿਲਕੁਲ ਹੀ ਤੋੜ ਕੇ ਰੱਖ ਦਿੰਦੇ ਹਨ। ਯਾਦ ਕਰੀਏ ਜਦੋ ਮਨਸੂਰ ਨੂੰ ਪੱਥਰ ਮਾਰਨ ਦੀ ਸਜਾ ਸੁਣਾਈ ਗਈ ਸੀ ਤੇ ਮਨਸੂਰ ਦੇ ਦੋਸਤ ਨੇ ਉਸਦੇ ਫੁੱਲ ਮਾਰ ਦਿੱਤਾ ਸੀ, ਤੇ ਮਨਸੂਰ ਫੁੱਲ ਦੀ ਚੋਟ ਨਹੀਂ ਸੀ ਸਹਾਰ ਸਕਿਆ, ਉਹ ਰੋ ਪਿਆ ਸੀ। ਕਿਸੇ ਸ਼ਾਇਰ ਦੇ ਸ਼ਬਦਾਂ ਵਿੱਚ
ਦੁਨੀਆਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ ।
ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ।।
ਜਦੋ ਇਹ ਦੋਸਤੀ ਵਿਰੋਧੀ ਲਿੰਗ ਵਾਲੇ ਵਿਅਕਤੀ ਨਾਲ ਹੋਵੇ, ਤਾਂ ਇਹ ਸੰਬੰਧ ਬਹੁਤ ਜਿਆਦਾ ਨਾਜ਼ਕ ਹੁੰਦਾ ਹੈ। ਇਸ ਨੂੰ ਬਣਾਈ ਰੱਖਣਾ ਕਾਫੀ ਜ਼ਿਆਦਾ ਵੱਡੀ ਜਿੰਮੇਵਾਰੀ ਮੰਗਦਾ ਹੈ। ਵਧੇਰੇ ਉੱਨਤ ਅਤੇ ਪੱਛਮੀ ਦੇਸ਼ਾਂ ਲਈ ਲੜਕੇ ਲੜਕੀ ਦੀ ਦੋਸਤੀ ਬਿਲਕੁਲ ਉਸੇ ਅੰਦਾਜ ਵਿਚ ਹੈ, ਜਿਵੇਂ ਦੋ ਲੜਕਿਆਂ ਦੀ ਜਾਂ ਦੋ ਲੜਕੀਆਂ ਦੀ। ਪਰ ਵਿਕਾਸਸ਼ੀਲ ਅਤੇ ਅਵਿਕਸਿਤ ਦੇਸ਼ਾਂ ਨੇ ਅਜੇ ਇਸ ਪੱਧਰ ਤੇ ਆਪਣੀ ਮਾਨਸਿਕਤਾ ਨਹੀਂ ਬਣਾਈ ਹੁੰਦੀ। ਇਹਨਾਂ ਦੇਸ਼ਾਂ ਵਿਚ ਲੜਕੇ-ਲੜਕੀ ਦੀ ਦੋਸਤੀ ਦਾ ਅਰਥ ਪ੍ਰੇਮੀ ਪ੍ਰੇਮਿਕਾ ਰਾਹੀਂ ਪਤੀ ਪਤਨੀ ਬਣਨ ਦਾ ਹੈ। ਇਸਤੋਂ ਬਿਨਾਂ ਇਹ ਭੈਣ ਭਰਾ ਦੇ ਰਿਸ਼ਤੇ ਤੇ ਆ ਜਾਂਦੇ ਹਨ । ਇੱਕ ਲੜਕੇ ਅਤੇ ਲੜਕੀ ਨੂੰ ਦੋਸਤਾਂ ਵਾਂਗ ਖੁਲ੍ਹਾ ਵਿਚਰਨਾ ਅਜੇ ਇਹਨਾਂ ਸਮਾਜਾਂ ਵਿੱਚ ਪ੍ਰਵਾਨਿਤ ਨਹੀਂ। ਭਾਵੇ ਹੁਣ ਕੁਝ ਸੋਚ ਬਦਲ ਰਹੀ ਹੈ। ਅਤੇ ਆਸ ਕਰਦੇ ਹਾਂ ਕਿ ਹੌਲੀ ਹੌਲੀ ਹੋਰ ਸੁਧਾਰ ਹੋਏਗਾ।
ਅੱਜ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਨੇ ਬਹੁਤ ਸਾਰੀਆਂ ਨਵੀਆਂ ਸਮੀਕਰਣਾਂ ਬਣਾ ਦਿੱਤੀਆਂ ਹਨ। ਅਕਸਰ ਇਹ ਕਿਹਾ ਜਾਂਦਾ ਹੈ ਕਿ ਮੋਬਾਈਲ ਫੋਨ ਨੇ ਦੂਰ ਵਾਲੇ ਨੇੜੇ ਕਰ ਦਿੱਤੇ ਹਨ ਅਤੇ ਨੇੜੇ ਵਾਲੇ ਦੂਰ ਕਰ ਦਿੱਤੇ ਹਨ। ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਨੇ ਬਹੁਤ ਦੂਰ ਦੂਰ ਬੈਠੇ ਬਹੁਤ ਨੇੜੇ ਲੈ ਆਂਦੇ ਹਨ। ਇਹ ਦੋਸਤੀਆਂ ਬਹੁਤੀ ਵਾਰੀ ਆਰਜੀ ਹੁੰਦੀਆਂ ਹਨ। ਕਿਤੇ ਕਿਤੇ ਬਹੁਤ ਦੇਰ ਤੱਕ ਨਿਭਣ ਵਾਲੀਆਂ ਅਤੇ ਬਹੁਤ ਗੂੜ੍ਹੀਆਂ ਦੋਸਤੀਆਂ ਵੀ ਇਸ ਮੰਚ ਨੇ ਬਣਾਈਆਂ ਹਨ ਪਰ ਦੂਜੇ ਪਾਸੇ ਇਸੇ ਮੀਡੀਆ ਨੇ ਧੋਖੇ, ਅਸ਼ਲੀਲਤਾ ਅਤੇ ਹਿੰਸਾ ਫੈਲਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਕਿਉਂਕਿ ਵੱਡੀ ਗੱਲ ਤਾਂ ਇਸਨੂੰ ਵਰਤਣ ਵਾਲੇ ਤੇ ਨਿਰਭਰ ਕਰਦੀ ਹੈ ਕਿ ਉਹ ਹੋਰਾਂ ਨਾਲ ਗੱਲਬਾਤ ਕਰਨ ਸਮੇਂ ਅਤੇ ਕੁਮੈਂਟ ਕਰਨ ਸਮੇਂ ਕਿਸ ਸੋਚ ਨਾਲ ਕਿਸ ਭਾਸ਼ਾ ਦੀ ਵਰਤੋਂ ਕਰਦਾ ਹੈ। ਪਾਰਾ ਆਮ ਵਿਅਕਤੀ ਲਈ ਜ਼ਹਿਰ ਹੈ, ਪਰ ਇੱਕ ਹਕੀਮ ਦੇ ਹੱਥਾਂ ਵਿੱਚ ਜਾ ਕੇ ਅਉਖਧ ਬਣ ਜਾਂਦਾ ਹੈ। ਠੀਕ ਵਰਤੋਂ ਕਰਨ ਨਾਲ ਇਸ ਪਲੇਟਫਾਰਮ ਤੋਂ ਵੀ ਵਧੀਆ, ਟਿਕਾਊ ਅਤੇ ਚੰਗੇ ਸੰਬੰਧ ਸਿਰਜੇ ਜਾ ਸਕਦੇ ਹਨ।..
ਆਰਥਿਕ ਪੱਖ ਦੀ ਗੱਲ ਨਾ ਕਰੀਏ, ਤਾਂ ਵਿਚਾਰ ਅਧੂਰੀ ਰਹਿ ਜਾਏਗੀ। ਦੋਸਤੀ ਦੀ ਪਵਿੱਤਰਤਾ ਅਤੇ ਮਹੱਤਵ ਨੂੰ ਧੁਰ ਹਿਰਦੇ ਤੋਂ ਪਹਿਚਾਨਣ ਵਾਲਿਆਂ ਲਈ ਮਾਇਆ ਕਦੇ ਰੁਕਾਵਟ ਨਹੀਂ ਬਣਦੀ। ਪਰ ਉਸ ਡੂੰਘੇ ਅਹਿਸਾਸ ਤੋੰ ਵੰਚਿਤ ਲੋਕਾਂ ਦੇ ਮੂੰਹੋਂ ਅਕਸਰ ਸੁਣਦੇ ਹਾਂ ਕਿ ਪੈਸਾ ਵਿੱਚ ਆਇਆ ਤੇ ਦੋਸਤੀ ਜਾਂ ਸੰਬੰਧ ਟੁੱਟਿਆ। ਇਹ ਸੰਬੰਧ ਟੁੱਟਣ ਦੀ ਨੌਬਤ ਉਦੋਂ ਹੀ ਆਉਂਦੀ ਹੈ, ਜਦੋ ਅਸੀਂ ਵੱਧ ਦੀ ਕਾਮਨਾ ਕਰਦੇ ਹਾਂ, ਦੂਸਰੇ ਦੀ ਹਾਲਤ ਨੂੰ ਆਪਣੀ ਨਹੀਂ ਸਮਝਦੇ। ਲੋੜ ਤੋਂ ਵੱਧ ਕੀਤੀ ਆਸ, ਲੋੜ ਤੋਂ ਵੱਧ ਕੀਤਾ ਵਿਸ਼ਵਾਸ਼ ਅਤੇ ਲੋੜ ਤੋਂ ਵੱਧ ਰੱਖਿਆ ਅਧਿਕਾਰ ਅੰਤ ਵਿਚ ਖੁਆਰ ਕਰ ਸਕਦੇ ਹਨ। ਕਿਸੇ ਨੇ ਬਹੁਤ ਠੀਕ ਕਿਹਾ ਹੈ ਕਿ ਸੰਬੰਧ ਬਣਾਉਣ ਲਈ ਦਿਲ ਦੀ ਵਰਤੋਂ ਕਰੋ, ਪਰ ਉਨ੍ਹਾਂ ਨੂੰ ਨਿਭਾਉਣ ਲਈ ਦਿਮਾਗ ਦੀ ਵਰਤੋਂ ਵੀ ਜਰੂਰ ਕਰੋ।
ਜੇ ਸਾਡੇ ਮਨ ਵਿਚ ਸਾਂਝ, ਦੋਸਤੀ ਅਤੇ ਪ੍ਰੇਮ ਲਈ ਲਗਨ ਬਣੀ ਰਹੇ, ਇਹ ਜੋਤ ਜਗਦੀ ਰਹੇ ਤਾਂ ਅਸੀਂ ਸਦਾ ਹੀ ਜਾਗ੍ਰਿਤ ਹੋ ਕੇ ਇਹ ਵਿਸ਼ਲੇਸ਼ਣ ਵੀ ਕਰਨ ਦੇ ਯੋਗ ਹੋ ਸਕਾਂਗੇ ਕਿ ਕੋਈ ਵੀ ਦੋਸਤੀ ਦਾ ਰੰਗ ਕਦੋਂ ਫਿੱਕਾ ਪੈਣ ਲੱਗਦਾ ਹੈ। ਸੁਚੇਤ ਮਨ, ਇੱਕ ਦਮ ਹਰਕਤ ਵਿੱਚ ਆ ਜਾਏਗਾ। ਬਹੁਤ ਹਲਕਾ ਜਿਹਾ ਸ਼ੱਕ, ਬੇਵਿਸ਼ਵਾਸੀ, ਓਹਲਾ,ਹਲਕੀ ਜਿਹੀ ਵੀ ਬੇਧਿਆਨੀ, ਗੂੜ੍ਹੇ ਤੋਂ ਗੂੜ੍ਹੇ ਸੰਬੰਧ ਨੂੰ ਤਹਿਸ਼ ਨਹਿਸ਼ ਕਰਨ ਦੀ ਤਾਕਤ ਰੱਖਦੀ ਹੈ। ਪਰ ਅੰਦਰੋਂ ਬਾਹਰੋਂ ਇੱਕ ਹੋ ਕੇ ਗੱਲ ਕਰਨ ਵਾਲੇ ਆਪਣਾ ਵਿਸ਼ਵਾਸ਼ ਬਣਾਈ ਰੱਖਣ ਵਿੱਚ ਜਰੂਰ ਕਾਮਯਾਬ ਹੁੰਦੇ ਹਨ। ਜਿਸ ਸਖਸ਼ ਨੂੰ ਆਪਣੀ ਕਿਸੇ ਵੀ ਭੁੱਲ ਲਈ ਮੁਆਫੀ ਮੰਗਣ ਦੀ ਜਾਚ ਆਉਂਦੀ ਹੋਵੇ, ਜਿਹੜਾ ਦੂਸਰੇ ਦੀ ਗਲਤੀ ਜਾਂ ਭੁੱਲ ਨੂੰ ਧੁਰ ਅੰਦਰੋਂ ਮੁਆਫ ਕਰ ਸਕੇ, ਉਹ ਦੋਸਤੀ ਦੇ ਰਾਹਾਂ ਤੇ ਹਮੇਸ਼ਾ ਮਹਿਕਾਂ ਵੰਡਦੇ ਫੁੱਲ ਵਿਛਾਉਣ ਵਿੱਚ ਸਫਲ ਹੁੰਦਾ ਹੈ।
ਆਓ ਆਪਣੇ ਦਿਲਾਂ ਨੂੰ ਵਿਸ਼ਾਲ ਕਰੀਏ। ਦੋਸਤੀਆਂ ਪਾਈਏ ਵੀ ਅਤੇ ਨਿਭਾਈਏ ਵੀ। ਜੇ ਕਦੇ ਕਿਸੇ ਦੋਸਤ ਨੂੰ ਕਿਸੇ ਕਾਰਨ ਸਾਡੇ ਤੋਂ ਦੂਰ ਹੋਣਾ ਪੈ ਗਿਆ, ਉਹ ਰੁਝੇਵੇਂ ਵਿੱਚ ਬੁਲਾ ਨਾ ਸਕਿਆ, ਕਿਤੇ ਲੋੜ ਵੇਲੇ ਸਾਡੀ ਇੱਛਾ ਅਨੁਸਾਰ ਸਾਥ ਨਾ ਦੇ ਸਕਿਆ, ਤਾਂ ਇੱਕਦਮ ਭੜਕ ਨਾ ਜਾਈਏ। ਉਹ ਵੀ ਕਿਸੇ ਹਾਲਾਤ ਜਾਂ ਮਜਬੂਰੀ ਦਾ ਸਤਾਇਆ ਹੋ ਸਕਦਾ ਹੈ। ਆਪਣੀ ਹਉਮੈ ਨੂੰ ਤਿਆਗ ਕੇ ਹੀ ਕੋਈ ਵੀ ਸੰਬੰਧ ਸੁਖਾਵਾਂ ਰਹਿ ਸਕਦਾ ਹੈ।
ਗੁਰੂ ਸਾਹਿਬ ਉਨ੍ਹਾਂ ਨੂੰ ਦੋਸਤ ਆਖਦੇ ਹਨ, ਜਿਹਨਾਂ ਨੂੰ ਮਿਲ ਕੇ ਸਾਡੀ ਬੁਰੀ ਮੱਤ ਦੂਰ ਹੋਵੇ ।
ਜਿਨਾ ਦਿਸੰਦੜਿਆਂ ਦੁਰਮਤਿ ਵੰਵੈ ਮਿਤ੍ਰ ਅਸਾਡੜੇ ਸੇਈ ।।
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ।।………………………….(ਪੰਨਾ ੫੨੦, ਮ : ੫)
ਕੋਈ ਪਦਾਰਥਕ ਵਸਤੂ ਜਾਂ ਮਾਇਆ, ਕੋਈ ਸੰਬੰਧੀ ਜਾਂ ਵਿਅਕਤੀ, ਕੋਈ ਧਰਮ, ਜਾਤ, ਨਸਲ, ਇਲਾਕਾ ਆਦਿ ਦੀ ਕੰਧ ਸਾਡੇ ਇਸ ਪਵਿੱਤਰ ਰਿਸ਼ਤੇ ਵਿੱਚ ਰੁਕਾਵਟ ਨਾ ਬਣ ਸਕੇ। ਇੱਕ ਖੂਬਸੂਰਤ ਅਤੇ ਪ੍ਰੇਮ ਭਿੱਜਿਆ ਸੰਸਾਰ ਸਿਰਜਣ ਲਈ ਅਸੀਂ ਆਪਣੀ ਪੂਰੀ ਨਿਮਰਤਾ ਅਤੇ ਪਿਆਰ ਨਾਲ ਦੋਸਤੀਆਂ ਪਾਵਾਂਗੇ ਅਤੇ ਨਿਭਾਂਵਾਂਗੇ ਤਾਂ ਇਹ ਸਾਡੀ ਆਦਤ ਵਿੱਚ ਸ਼ਾਮਲ ਹੋ ਸਕੇਗਾ। ਆਸ ਕਰੀਏ ਕਿ ਇਹ ਬਣੀ ਹੋਈ ਆਦਤ ਇੰਨਾ ਵੱਡਾ ਵਿਸ਼ਵਾਸ ਪੈਦਾ ਕਰ ਸਕੇ ਜਿੱਥੇ ਸਾਨੂੰ ਕਿਸੇ ਪੁਲਿਸ ਫੌਜ ਆਦਿ ਦੀ ਲੋੜ ਹੀ ਨਾ ਰਹੇ। ਦੇਸ਼ਾਂ ਦੀਆਂ ਹੱਦਬੰਦੀਆਂ ਖਤਮ ਹੋ ਜਾਣ ਅਤੇ ਸਾਰਾ ਵਿਸ਼ਵ ਸੱਚਮੁੱਚ ਦਾ ਇੱਕ ਵੱਡਾ ਪਿੰਡ ਹੋਵੇ ਜਿੱਥੇ ਲੋਕ ਸਿਰਫ ਪਿਆਰ ਅਤੇ ਦੋਸਤੀ ਹੀ ਕਰਨੀ ਜਾਣਦੇ ਹੋਣ, ਵਾਰ ਭਾਵ ,ਈਰਖਾ, ਦੁਸ਼ਮਣੀ ਨੂੰ ਇਸ ਪਿੰਡ ਵਿਚ ਦਾਖਲਾ ਹੀ ਨਾ ਮਿਲੇ।। ਆਓ ਮਿਲ ਕੇ ਅਰਦਾਸ ਕਰੀਏ, ਤਾਂ ਕਿ ਅਜਿਹੇ ਦਿਨ ਮਨਾਉਣੇ ਸਾਰਥਕ ਹੋ ਜਾਣ।
