ਫ਼ਤਹਿਗੜ੍ਹ ਸਾਹਿਬ – “ਜੋ ਪੰਜਾਬ ਸਰਕਾਰ ਨੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਜਾ ਕੇ ਆਮ ਕਿਸਾਨਾਂ, ਜਿੰਮੀਦਾਰਾਂ ਦੀਆਂ ਜਮੀਨਾਂ ਜ਼ਬਰੀ ਸਰਕਾਰੀ ਕਬਜੇ ਵਿਚ ਕਰਨ ਜਾਂ ਖਰੀਦਣ ਦੀ ਨੀਤੀ ਬਣਾਈ ਸੀ, ਉਸ ਯੋਜਨਾ ਵਿਚ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਇਹ ਮੰਦਭਾਵਨਾ ਸੀ ਕਿ ਇਥੇ ਪੰਜਾਬ ਵਿਚ ਜੋ ਪ੍ਰਵਾਸੀ ਮਜਦੂਰ ਤੇ ਹੋਰ ਨਿਵਾਸੀ ਇਥੇ ਆ ਕੇ ਮਿਹਨਤ ਮੁਸੱਕਤ ਕਰਦੇ ਹਨ, ਉਨ੍ਹਾਂ ਨੂੰ ਪੱਕੇ ਤੌਰ ਤੇ ਇਥੋ ਦੇ ਬਸਿੰਦੇ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਵੋਟਾਂ ਬਣਾਕੇ ਪੰਜਾਬ ਵਿਚ ਵੱਸਦੀ ਸਿੱਖ ਕੌਮ ਦੀ ਬਹੁਗਿਣਤੀ ਨੂੰ ਆਉਣ ਵਾਲੇ ਸਮੇ ਵਿਚ ਘੱਟ ਗਿਣਤੀ ਕਰਨ ਦਾ ਮਕਸਦ ਸੀ । ਜਿਸ ਨਾਲ ਇਥੋ ਦੀ ਸਿਆਸੀ ਸਥਿਤੀ ਨੂੰ ਬਦਲਣ ਦਾ ਵੀ ਨਿਸ਼ਾਨਾਂ ਸੀ । ਜੋ ਕਿ ਪੰਜਾਬੀਆਂ ਦੀ ਸਮੂਹਿਕ ਏਕਤਾ ਅਤੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਦੇ ਵਿਰੁੱਧ ਉੱਠੀ ਬਗਾਵਤੀ ਲਹਿਰ ਨੇ ਪੰਜਾਬ ਸਰਕਾਰ ਨੂੰ ਆਪਣੇ ਇਸ ਕੀਤੇ ਗਏ ਜਾਬਰ ਫੈਸਲੇ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵੱਡੇ ਸਹਿਰਾਂ ਦੇ ਨਾਲ ਲੱਗਦੇ ਦਿਹਾਤੀ ਇਲਾਕਿਆ ਦੀਆਂ ਜਮੀਨਾਂ ਨੂੰ ਸਰਕਾਰ ਵੱਲੋ ਜ਼ਬਰੀ ਖੋਹਣ ਦੇ ਕੀਤੇ ਜਾਣ ਵਾਲੇ ਅਮਲਾਂ ਦੇ ਮੰਦਭਾਵਨਾ ਭਰੇ ਮਕਸਦ ਨੂੰ ਪ੍ਰਤੱਖ ਕਰਦੇ ਹੋਏ ਸਮੁੱਚੇ ਪੰਜਾਬੀਆਂ ਅਤੇ ਇਥੋ ਦੀਆਂ ਸਿਆਸੀ ਜਮਾਤਾਂ ਤੇ ਪਾਰਟੀਆਂ ਵੱਲੋ ਸਮੂਹਿਕ ਤੌਰ ਤੇ ਕੀਤੇ ਗਏ ਵੱਡੇ ਵਿਦਰੋਹ ਤੇ ਆਵਾਜ ਉੱਠਣ ਦੇ ਕਾਰਨ ਇਸ ਨੀਤੀ ਨੂੰ ਰੱਦ ਕਰਵਾਉਣ ਵਿਚ ਨਿਭਾਈ ਗਈ ਪੰਜਾਬ ਪੱਖੀ ਭੂਮਿਕਾ ਲਈ ਸਮੁੱਚੇ ਪੰਜਾਬੀਆਂ, ਵਰਗਾਂ ਤੇ ਜਮਾਤਾਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿਚ ਇੰਡੀਆ ਦੇ ਹੁਕਮਰਾਨਾਂ ਦੀ ਮੰਦਭਾਵਨਾ ਵੀ ਘੁੱਲੀ ਮਿਲੀ ਹੋਈ ਸੀ । ਉਨ੍ਹਾਂ ਕਿਹਾ ਕਿ ਇਹ ਵਿਚਾਰ ਚੀਨ ਤੋ ਲਿਆਂਦਾ ਗਿਆ ਹੈ ਜਿਵੇ ਉਹ ਦੇਸ਼ ਹੈਨ ਲੋਕਾਂ ਨੂੰ ਤਿੱਬਤ ਵਿਚ ਵਸਾ ਰਹੇ ਹਨ ਤਾਂ ਜੋ ਤਿੱਬਤ ਦੀ ਜਨਸੰਖਿਆ ਵਧਾਕੇ ਚੀਨੀ ਲੋਕਾਂ ਦੇ ਹੱਕ ਵਿਚ ਖੜ੍ਹਾ ਕੀਤਾ ਜਾਵੇ । ਉਨ੍ਹਾਂ ਇਸ ਲੈਡ ਪੂਲਿੰਗ ਦੇ ਗਲਤ ਫੈਸਲੇ ਨੂੰ ਵਾਪਸ ਕਰਵਾਉਣ ਵਿਚ ਸਮੁੱਚੇ ਵਰਗਾਂ ਤੇ ਪੰਜਾਬੀਆਂ ਦੇ ਕੀਤੇ ਗਏ ਉੱਦਮਾਂ ਦੀ ਸਲਾਘਾ ਕਰਦੇ ਹੋਏ ਕਿਹਾ ਤੇ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇ ਵਿਚ ਜਦੋ ਵੀ ਪੰਜਾਬ ਦੀਆਂ ਤੇ ਸੈਟਰ ਦੀਆਂ ਹਕੂਮਤਾਂ ਅਜਿਹੇ ਪੰਜਾਬ ਵਿਰੋਧੀ ਫੈਸਲੇ ਕਰਨ ਦੇ ਦੁੱਖਦਾਇਕ ਅਮਲ ਕਰਨਗੀਆ ਤਾਂ ਇਸੇ ਤਰ੍ਹਾਂ ਸਭ ਪੰਜਾਬੀ ਤੇ ਵਰਗ ਪੰਜਾਬ ਦੇ ਹਿੱਤਾ ਦੀ ਰਾਖੀ ਲਈ ਆਪੋ ਆਪਣੇ ਸੋਚ ਤੇ ਢੰਗਾਂ ਦੇ ਵਖਰੇਵੇ ਹੋਣ ਦੇ ਬਾਵਜੂਦ ਵੀ ਸਮੂਹਿਕ ਤੌਰ ਤੇ ਆਵਾਜ ਉਠਾਕੇ ਸਰਕਾਰਾਂ ਨੂੰ ਪੰਜਾਬ ਵਿਰੋਧੀ ਫੈਸਲੇ ਲੈਣ ਦੇ ਅਮਲ ਨਹੀ ਕਰਨ ਦੇਣਗੇ ।
