ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਦੀਆਂ ਖਬਰਾਂ ਗਲੀਆਂ, ਪਿੰਡਾਂ, ਬਜਾਰ ਤੇ ਸ਼ਹਿਰ ਵਿੱਚ ਪੂਰੀ ਤਰਾਂ ਫੈਲੀਆਂ ਸਨ। ਰਾਤ ਨੂੰ ਰੋਜ ਹੀ ਮੌਕ ਡਰਿਲ ਹੁੰਦੀ ਸੀ ਤੇ ਰਾਤ ਨੂੰ ਦੋ ਦੋ ਘੰਟੇ ਲਾਇਟਾਂ ਬੰਦ ਹੋ ਜਾਂਦੀਆਂ ਸਨ। ਸੱਤ ਵਜੇ ਤੋਂ ਬਾਦ ਕੋਈ ਵੀ ਗਲੀ ਬਜਾਰ ਵਿੱਚ ਨਹੀ ਦਿਸਦਾ ਸੀ। ਪਿੰਡਾਂ ਦਾ ਹਾਲ ਤਾਂ ਇਸ ਤੋਂ ਵੀ ਮਾੜਾ ਸੀ ਛੇ ਵਜੇ ਤੋਂ ਬਾਦ ਹੀ ਜੰਗ ਦੇ ਮਾਹੌਲ ਵਰਗੀ ਮੁਰਦੀਹਾਨੀ ਸਾਰੇ ਪਿੰਡਾਂ ਵਿੱਚ ਛਾ ਜਾਂਦੀ ਸੀ। ਸਾਰੇ ਦਾ ਸਾਰਾ ਪਿੰਡ ਹੀ ਸੁਸਰੀ ਵਾਂਗ ਸੌਂ ਜਾਂਦਾ ਸੀ।
ਬਾਰੂ ਅੱਧਖੜ ਉਮਰ ਦਾ ਮਜਦੂਰ ਸੀ ਜੋ ਮਿਸਤਰੀਆਂ ਮਗਰ ਕੰਮ ਤੇ ਜਾਂਦਾ ਸੀ। ਦੋ ਨਿਆਣੇ ਕੁੜੀ ਮੁੰਡਾ ਅਠਵੀਂ ਤੇ ਛੇਵੀ ਚ ਪੜਦੇ ਸਨ। ਘਰ ਵਾਲੀ ਪੰਮੀ ਲੋਕਾਂ ਦਾ ਘਰ ਸਫਾਈ ਤੇ ਕੱਪੜੇ ਧੋਣ ਦਾ ਕੰਮ ਕਰਦੀ ਸੀ। ਉਸਦਾ ਪਿੰਡ ਚੱਕ ਬਾਰਡਰ ਤੇ ਭਿੱਖੀਵਿੰਡ ਸ਼ਹਿਰ ਦੇ ਵਿਚਾਲੇ ਸੀ। ਨਿੱਤ ਖਬਰਾਂ ਆ ਰਹੀਆਂ ਸਨ ਕਿ ਫਲਾਣੇ ਡਰੋਨ ਡਿੱਗਾ ਕਦੇ ਢਿਮਕਾਣੇ ਥਾਂ ਡਰੋਨ ਡਿੱਗਾ। ਹਰ ਰੋਜ ਦਾ ਮਾਹੌਲ ਲੱਗਦਾ ਸੀ ਜੰਗ ਅੱਜ ਵੀ ਲੱਗੀ ਤੇ ਬਸ ਕੱਲ ਵੀ ਲੱਗੀ। ਲੋਕਾਂ ਨੇ ਸਟੋਰਾਂ ਦੁਕਾਨਾਂ ਤੋਂ ਸੌਦੇ ਦਾਲਾ, ਚੌਲਾਂ ਨਾਲ ਘਰ ਭਰ ਲਏ ਸਨ। ਸਬਜੀਆਂ-ਸੌਦਿਆਂ ਦੇ ਰੇਟ ਅਸਮਾਨਾਂ ਨੂੰ ਛੂੰਹਣ ਲੱਗੇ ਸਨ।
ਅੱਜ ਸ਼ਹਿਰ ਵਿੱਚ ਕਰਫਿਊ ਲੱਗਾ ਸੀ। ਸਰਕਾਰ ਦੇ ਮਨਾ ਕਰਨ ਦੇ ਬਾਵਜੂਦ ਵੀ ਘਰਾਂ ਤੋਂ ਇੱਕਾ ਦੁੱਕਾ ਹੀ ਲੋਕ ਸੜਕੀ ਅਵਾਜਾਈ ਕਰਦੇ ਦੇਖੇ। ਬਾਰੂ ਨੂੰ ਪਤਾ ਸੀ ਕਿ ਉਸਦੇ ਘਰ ਰਾਤ ਨੂੰ ਪਕਾਉਣ ਲਈ ਆਟਾ ਨਹੀਂ ਹੈ। ਇਸ ਲਈ ਉਸ ਨਾ ਚਾਹੁੰਦੇ ਵੀ ਦਿਹਾੜੀ ਲੱਭਣ ਸ਼ਹਿਰ ਜਾਣ ਦਾ ਮਨ ਬਣਾਇਆ। ਘਰੋਂ ਚਾਹ ਦਾ ਕੱਪ ਪੀ ਬਾਰੂ ਨੇ ਸਾਇਕਲ ਦਾ ਪੈਡਲ ਮਾਰਿਆ ਤੇ ਤੁਰ ਪਿਆ।
ਪਿੰਡ ਦੀ ਸੁਨ ਮਸਾਨ ਗਲੀਆਂ ਚੋ ਲੰਘਦੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਅੱਪੜਿਆ। ਸ਼ਹਿਰ ਦੇ ਚੌਕ ਵਿੱਚ ਪੁਲਿਸ ਤੇ ਫੌਜੀ ਦਸਤਿਆਂ ਦੀ ਭੀੜ ਸੀ। ਹਰ ਲੰਘਣ ਵਾਲੇ ਨੂੰ ਉਹ ਚੈੱਕ ਕਰਦੇ ਤੇ ਹਦਾਇਤਾਂ ਕਰਦੇ ਤੋਰ ਰਹੇ ਸਨ। ਉਹ ਡਰਦਾ ਡਰਦਾ ਉਸ ਜਗਾ ਜਾ ਖਲੋਤਾ ਜਿਥੋ ਅਕਸਰ ਲੋਕ ਮਜਦੂਰਾਂ ਨੂੰ ਕੰਮ ਲਈ ਲਿਜਾਂਦੇ ਸਨ। ਇੱਕ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਕੋਈ ਦਿਹਾੜੀ ਲਿਜਾਣ ਵਾਲਾ ਨਾ ਮਿਲਿਆ।
ਇੱਕ ਫੌਜੀ ਉਸ ਵੱਲ ਆਇਆ ਤੇ ਬੋਲਿਆ, “ ਹਾਂਜੀ, ਬਾਈ ਸਾਬ, ਆਪ ਕਿਆ ਕਰ ਹੋ ਜਹਾਂ, ਆਪ ਕੋ ਪਤਾ ਨਹੀਂ ਜੰਗ ਲਗਣੇ ਵਾਲੀ, ਘਰ ਜਾਓ, ਆਪਣੇ ਪਰਿਵਾਰ ਕੇ ਪਾਸ। ”
ਬਾਰੂ ਸੋਚੀਂ ਪੈ ਗਿਆ, ਉਹ ਡਰਦਾ ਬੋਲਿਆ, “ ਜੀ, ਜੰਗ ਲੱਗਣ ਵਾਲੀ ਹੈ, ਮੈਂ ਤਾਂ ਜੀ ਦਿਆੜੀ……..। ”
ਫੌਜੀ ਫੇਰ ਬੋਲਿਆ, “ ਹਾਂਜੀ, ਹਾਂਜੀ ਜੰਗ ਕੇ ਅਸਾਰ ਹੈ, ਕੁਝ ਪਤਾ ਨਹੀਂ ਕਬ ਜੰਗ ਸ਼ੁਰੂ ਹੋ ਜਾਏ, ਘਰ ਜਾਓ, ਜਹਾਂ ਨਹੀਂ ਰੁਕਣਾ। ”
ਦਿਨ ਦੇ ਗਿਆਰਾਂ ਵੱਜ ਰਹੇ ਸਨ, ਅੱਧਾ ਦਿਨ ਲਗਭਗ ਚਲਾ ਗਿਆ ਸੀ। ਸਵੇਰੇ ਤੜਕੇ ਦਾ ਤੁਰਿਆ ਸੀ, ਬਾਰੂ ਨੂੰ ਭੁੱਖ ਸਤਾਉਣ ਲੱਗੀ। ਮੋਢੇ ਦੇ ਪਰਨੇ ਨੂੰ ਟੋਹਿਆ ਤੇ ਕੁਝ ਨਾ ਮਿਲਿਆ। ਭੁੱਖਾ ਭਾਣਾ ਤੇ ਜੰਗ ਬਾਰੇ ਸੋਚਦਾ ਕਿ ਅੱਜ ਉਸ ਵਰਗੇ ਕਿੰਨੇ ਭੁੱਖੇ ਭਾਣੇ ਤੇ ਕੰਮਾਂ-ਦਿਆੜੀਆਂ ਤੋਂ ਵਾਂਝੇ ਜੰਗ ਦੇ ਮਾਹੌਲ ਵਿੱਚ ਭੁੱਖ ਨਾਲ ਜੰਗ ਕਰਦੇ ਹਾਰ ਰਹੇ ਹੋਣਗੇ।
ਫੇਰ ਉਸ ਨੇ ਅਧਮੋਏ ਜਿਹੇ ਪੈਰਾਂ ਨਾਲ ਪੈਡਲ ਮਾਰਿਆ ਤੇ ਮੁੜ ਪਿੰਡ ਨੂੰ ਹੋ ਤੁਰਿਆ। ਰਸਤੇ ਵਿੱਚ ਸੜਕ ਕਿਨਾਰਿਓ ਨਲਕੇ ਤੋਂ ਪਾਣੀ ਪੀ ਕੇ ਉਹ ਰਹਿੰਦੇ ਸਫਰ ਲਈ ਫਿਰ ਤੁਰ ਪਿਆ। ਰਸਤੇ ਵਿੱਚ ਉਹ ਨਹਿਰ ਕਿਨਾਰੇ ਰੁੱਖਾਂ ਦੀ ਛਾਵੇਂ ਘੜੀ ਪਲ ਸਾਹ ਲੈਣ ਲਈ ਰੁਕਿਆ ਫੇਰ ਨੇੜੇ ਚਲਦੀ ਬੰਬੀ ਤੋਂ ਪਾਣੀ ਸਿਰ ਵਿੱਚ ਪਾ ਕੇ ਠੰਡਕ ਮਹਿਸੂਸ ਕੀਤੀ ਤੇ ਫੇਰ ਗੁਰਦੁਆਰੇ ਸਾਹਿਬ ਵੱਲ ਹੋ ਤੁਰਿਆ ਮਤੇ ਗੁਰਦੁਆਰੇ ਦੇ ਭਾਈ ਕੋਲੋਂ ਹੀ ਕੋਈ ਚਾਹ-ਪਾਣੀ ਜਾਂ ਲੰਗਰ ਦਾ ਜੁਗਾੜ ਹੋਜੇ। ਮਾੜੀ ਕਿਸਮਤ ਨੂੰ ਗੁਰਦੁਆਰਾ ਸਾਹਿਬ ਵੀ ਬੰਦ ਮਿਲਿਆ। ਉਹ ਸੋਚ ਰਿਹਾ ਸੀ ਕਿ ਗਰੀਬ ਨੂੰ ਵੀ ਰੱਬ ਜਦ ਮੁਸ਼ਕਲਾਂ ਦਿੰਦੈ, ਤਾਂ ਪੰਡ ਭਰ ਕੇ ਹੀ ਦਿੰਦਾ ਹੈ। ਅੱਜ ਤਾਂ ਹੱਦ ਹੀ ਹੋ ਗਈ ਹੈ, ਨਾ ਕੰਮ ਮਿਲਿਆ ਤੇ ਨਾ ਹੀ ਰੋਟੀ ਟੁਕ ਦਾ ਕੋਈ ਜੁਗਾੜ ਹੋ ਸਕਿਆ। ਉਤੋਂ ਇਹ ਜੰਗ ਦਾ ਮਾਹੌਲ ਤੇ ਕਰਫਿਊ ਵਾਲੀ ਬਲਾ।
ਪਿੰਡ ਦੇ ਨੇੜੇ ਆ ਕੇ ਵੇਖਿਆ ਕਿ ਸ਼ਾਇਦ ਪਿੰਡ ਦੇ ਅੱਡੇ ਤੋਂ ਹੀ ਘਰ ਵਾਸਤੇ ਉਧਾਰ ਆਟਾ ਲੈ ਚੱਲੇ। ਪਰ ਸਾਰਾ ਅੱਡਾ, ਸਾਰੀਆਂ ਦੁਕਾਨਾਂ ਬੰਦ ਸਨ। ਉਸ ਨੂੰ ਭੁੱਖ ਨਾਲ ਚੱਕਰ ਆ ਰਹੇ ਸਨ। ਉਹ ਮਸਾਂ ਆਪਣੇ ਆਪ ਨੂੰ ਸੰਭਾਲਦਾ ਘਰ ਪੁੱਜਾ ਤੇ ਜਾਂਦਿਆਂ ਹੀ ਮੰਜੀ ਤੇ ਡਿੱਗ ਪਿਆ। ਘਰਵਾਲੀ ਸ਼ਾਂਤੀ ਨੇ ਕੰਮ ਦਾ ਪੁੱਛਿਆ ਤਾਂ ਉਸ ਨੇ ਨਾਂਹ ਵਿੱਚ ਸਿਰ ਸੁੱਟ ਲਿਆ। ਘਰ ਵਿੱਚ ਮੁੱਕੇ ਸੌਦੇ ਦਾ ਦੱਸਿਆ ਤਾਂ ਬਾਰੂ ਮੁਰਦੇਹਾਣੀ ਭਰੇ ਚੇਹਰੇ ਨਾਲ ਮੱਥਾ ਫੜ ਕੇ ਘੁੱਟਦਾ ਚੁੱਪ ਧਾਰ ਗਿਆ।
ਮੈਂ ਚਾਹ ਲਿਆਉਣੀ ਹਾਂ, ਥੋੜਾ ਦੁੱਧ ਬੱਚਿਆ ਸੀ, ਸ਼ਾਂਤੀ ਬੋਲੀ।
ਉਸ ਪੁੱਛਿਆ, ਬੱਚਿਆਂ ਨੇ ਰੋਟੀ ਖਾਧੀ।
ਹਾਂਜੀ, ਥੋੜੇ ਚੌਲ ਗਆਢਣ ਪੰਮੀ ਤੋ ਕੌਲੀ ਉਧਾਰੀ ਮੰਗੀ ਸੀ ਉਹ ਬਣਾਏ ਸਨ। ਬੱਚਿਆਂ ਨੇ ਖਾਧੇ, ਥੋੜੇ ਬਚੇ ਨੇ ਮੈਂ ਤੁਹਾਡੇ ਲਈ ਰੱਖੇ ਨੇ। ਲਾਲੇ ਦੀ ਦੁਕਾਨ ਬੰਦ ਸੀ। ਪੰਮੀ ਵੀ ਮਸਾਂ ਚੌਲ ਉਧਾਰ ਦਿੱਤੇ, ਕਹਿੰਦੀ ਸੀ ਤੁਹਾਡਾ ਤਾਂ ਰੋਜ ਦਾ ਕੰਮ ਹੈ। ਮਸਾਂ ਹੀ ਮੰਨੀ ਸੀ।
ਨਹੀਂ, ਨਹੀਂ, ਮੇਰੇ ਲਈ ਨਾ ਰੱਖ, ਸਵੇਰ ਦਾ ਪਤਾ ਨਹੀਂ, ਤੂੰ ਰਾਤ ਲਈ ਬੱਚਿਆਂ ਤੇ ਆਪਣੇ ਲਈ ਰੱਖ ਲੈ, ਮੈਂ ਗੁਰਦੁਆਰੇ ਚੋਂ ਪ੍ਰਸ਼ਾਦਾ ਛੱਕ ਆਇਆ ਹਾਂ, ਮੈਨੂੰ ਭੁੱਖ ਨਹੀ ਹੈ। ਬਾਰੂ ਨੇ ਬੜੀ ਸਫਾਈ ਨਾਲ ਝੂਠ ਬੋਲਿਆ। ਬਾਰੂ ਨੂੰ ਹੁਣ ਕੱਲ ਤੋਂ ਕੰਮ ਬੰਦ ਹੋਣ ਦਾ ਤੇ ਘਰ ਦੇ ਸੌਦੇ ਦਾ ਖਿਆਲ ਖਾਣ ਲੱਗ ਪਿਆ। ਉਹ ਗਰਮੀ ਵਿੱਚ ਗਰਮ ਚਾਹ ਝੁਲਸ ਕੇ ਭੁੱਖ ਭੁਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਨੀਂਦ ਕਿੱਥੇ ਆਉਂਦੀ ਸੀ। ਸ਼ਾਮ ਤੋਂ ਬਾਦ ਹਨੇਰਾ ਪਸਰਨ ਲੱਗਾ।
ਬਾਰੂ ਅੰਦਰਲੇ ਹਨੇਰੇ ਕਮਰੇ ਵਿੱਚ ਇਕੱਲਤਾ ਤੇ ਸ਼ਾਂਤੀ ਦੀ ਗੋਦ ਵਿੱਚ ਕੰਧ ਦੀ ਖਿੜਕੀ ਕੋਲ ਡਾਹੀ ਮੰਜੀ ਤੇ ਲੰਮੇ ਪੈ ਗਿਆ। ਬੱਚੇ ਤੇ ਘਰਵਾਲੀ ਦੂਜੇ ਕਮਰੇ ਵਿੱਚ ਸੌਂ ਗਏ। ਖਿੜਕੀ ਕੋਲ ਅਕਸਰ ਉਹ ਆ ਲੰਮੇ ਪੈਂਦਾ ਸੀ, ਬਾਹਰੋਂ ਠੰਡੀ ਹਵਾ ਤੇ ਥੋੜੀ ਰੌਸ਼ਨੀ ਆਉਂਦੀ ਉਸ ਨੂੰ ਸ਼ਾਇਦ ਚੰਗੀ ਲੱਗਦੀ ਸੀ।
ਅੱਧੀ ਰਾਤ ਨੂੰ ਕੋਈ ਦਸ-ਗਿਆਰਾਂ ਵਜੇ ਸਨ। ਬਾਰੂ ਦੀ ਅੱਖ ਖੁੱਲੀ, ਅੱਖ ਲੱਗੀ ਵੀ ਕਿੱਥੇ ਸੀ ਉਸਲਵੱਟ ਜਿਹੇ ਭੰਨਦੇ ਉਹ ਭੁੱਖ ਨਾਲ ਢਿੱਡ ਦੀ ਪੀੜ ਦਾ ਮਾਰਿਆ ਰਸੋਈ ਵੱਲ ਗਿਆ। ਉਸ ਨੇ ਆਪਣੀ ਘਰਵਾਲੀ ਨੂੰ ਉਠਾਉਣਾ ਠੀਕ ਨਾ ਸਮਝਿਆ।
ਰਸੋਈ ਵਿੱਚ ਆਟੇ ਵਾਲੀ ਪੀਪੀ ਵੇਖੀ, ਉਹ ਵੀ ਖਾਲੀ ਸੀ। ਰੋਟੀ ਵਾਲੀ ਚੰਗੇਰ ਤੇ ਚੌਲਾਂ ਵਾਲਾ ਪਤੀਲਾ ਵੀ ਖਾਲੀ ਸੀ। ਉਹ ਉਦਾਸ ਤੇ ਭਰੇ ਮਨ ਨਾਲ ਵਾਪਿਸ ਮੰਜੇ ਤੇ ਆਣ ਪਿਆ। ਸਾਰੇ ਪਿੰਡ ਵਿੱਚ ਕਰਫਿਊ ਤੇ ਜੰਗ ਦੇ ਮਾਹੌਲ ਕਾਰਨ ਬਿਜਲੀ ਵੀ ਅਕਸਰ ਬੰਦ ਰਹਿੰਦੀ ਸੀ ਜਿਸ ਨਾਲ ਅੱਧੀ ਵੀ ਪੂਰੀ ਸੰਘਣੀ ਰਾਤ ਹੀ ਲੱਗਦੀ ਸੀ। ਮੰਜੇ ਤੇ ਪੈਣ ਤੇ ਹੀ ਬਾਰੂ ਨੂੰ ਖੋਹ ਪੈਣਾ ਤੇਜ ਹੋਣ ਲੱਗੀ। ਉਸ ਨੇ ਬਥੇਰਾ ਭੁੱਖ ਨੂੰ ਮਾਰਨ ਲਈ ਪਾਣੀ ਪੀਣ ਦਾ ਯਤਨ ਕੀਤਾ ਪਰ ਕਦੋਂ ਤੱਕ ਯਤਨ ਕਰਦਾ। ਥੋੜੀ ਦੇਰ ਸ਼ਾਂਤ ਭੁੱਖ ਨੇ ਅਸਰ ਦਿਖਾਇਆ, ਆਖਰ ਉਸਦੇ ਢਿੱਡ ਦੀ ਪੀੜ ਤੇ ਖੋਹ ਹੋਰ ਤੇਜ ਹੋਣ ਲੱਗੀ। ਬੁਰਾ ਹਾਲ ਹੋਣ ਲੱਗਾ ਉਸ ਨੇ ਸ਼ਾਂਤੀ ਨੂੰ ਅਵਾਜ ਵੀ ਮਾਰੀ ਪਰ ਘਰਵਾਲੀ ਦੀ ਗੂੜੀ ਨੀਂਦ ਤੇ ਹਨੇਰੇ ਨੇ ਬੂਹੇ ਤੋਂ ਬਾਹਰ ਉਸਦੀ ਅਵਾਜ ਨਾ ਜਾਣ ਦਿੱਤੀ। ਭੁੱਖ ਤੇ ਢਿੱਡ ਪੀੜ ਨਾਲ ਉਸਦਾ ਸਰੀਰ ਜੂੜਿਆ ਜਾਣ ਲੱਗਾ। ਅਚਾਨਕ ਉਸ ਦੀ ਵੱਖੀ ਵਿੱਚੋਂ ਤਿੱਖੀ ਪੀੜ ਉੱਠੀ ਜੋ ਉਸ ਤੋਂ ਝੱਲੀ ਨਾ ਗਈ। ਉਸ ਪਾਸਾ ਵੀ ਨਾ ਪਰਤਿਆ, ਉਹ ਅਹਿੱਲ ਸੀ ਤੇ ਉਸਦੀਆਂ ਅੱਖਾਂ ਖੁੱਲੀਆਂ ਲਗਾਤਾਰ ਖਿੜਕੀ ਵੱਲ ਤੱਕ ਰਹੀਆਂ ਸਨ।
ਰਾਤ ਗੂੜੀ ਹੋ ਗਈ ਸੀ, ਖਿੜਕੀ ਤੋਂ ਬਾਹਰ ਗਲੀ ਵਿੱਚ ਚਹਿਲਕਦਮੀ ਸ਼ੁਰੂ ਹੋਈ, ਗੁਆਂਢ ਤੋਂ ਲੋਕ ਇਕੱਠੇ ਹੋਣ ਲੱਗੇ, ਘੁਸਰ-ਮੁਸਰ ਹੋਣ ਲੱਗੀ , “ ਭਾਰਤ ਜੰਗ ਜਿੱਤ ਗਿਆ, ਅਸੀਂ ਜੰਗ ਜਿੱਤ ਗਏ ਆਂ, ਅਸੀਂ ਜਿੱਤ ਗਏ। ”
ਤੇ ਬਾਰੂ ਭੁੱਖ ਤੇ ਲਾਚਾਰੀ ਤੋਂ ਕਦੋਂ ਦਾ ਹਾਰ ਚੁੱਕਾ ਸੀ।
