ਪੰਜਾਬ ਸਦਾ ਹੀ ਮੁਸ਼ਕਲਾਂ, ਮੁਸੀਬਤਾਂ, ਹਮਲਿਆਂ, ਧੜਵਾਈਆਂ ਦਾ ਰਾਹ-ਅਖਾੜਾ ਰਿਹਾ ਹੈ ਤੇ ਆਪਣੀ ਹੋਣੀ ਤੇ ਕਦੇ ਵੀ ਰੁਸਵਾ ਜਾਂ ਹਾਰਿਆ ਨਹੀਂ ਹੈ ਤੇ ਸਦਾ ਚੜਦੀ ਕਲਾ ਵਿੱਚ ਰਿਹਾ ਹੈ ਤੇ ਰਹੇਗਾ ਕਿਉਂਕਿ — “ਪੰਜਾਬ ਸਦਾ ਵਸਦਾ ਗੁਰਾਂ ਦੇ ਨਾਮ ਤੇ” ਹੈ। ਕੁਝ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੜਾਂ ਦੀ ਡਾਹਢੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਤਲੁਜ, ਬਿਆਸ, ਰਾਵੀ ਤੇ ਘੱਗਰ ਦਰਿਆਵਾਂ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਹਰ ਸਾਲ ਹੜ ਦੇ ਖਤਰੇ ਦਾ ਡਰ ਰਹਿੰਦਾ ਹੈ। ਪਰ ਇਸ ਵਾਰ ਤੋਂ ਕੁਦਰਤ ਨੇ ਹੱਦ ਕਰ ਦਿੱਤੀ ਹੈ। ਇਸ ਪਹਿਲਾਂ ਪੰਜਾਬ ਵਿੱਚ ਜੋਰਦਾਰ ਹੜਾਂ ਦਾ ਕਹਿਰ ਸਾਲ 1988 ਵਿੱਚ ਹੋਇਆ ਸੀ। ਉਸ ਤੋਂ ਬਾਦ ਸਾਲ 2023 ਹੜ ਆਏ ਪਰ ਨੁਕਸਾਨ ਜਿਆਦਾ ਨਹੀਂ ਹੋਏ ਸਨ ਪਰ ਇਸ ਵਾਰ ਸਾਲ 2025 ਨੂੰ ਸਭ ਤੋਂ ਵੱਧ ਹੜਾਂ ਦੀ ਮਾਰ ਵਾਲਾ ਸਾਲ ਯਾਦ ਰੱਖਿਆ ਜਾਵੇਗਾ। ਪੰਜਾਬ ਵਿੱਚ ਆਏ ਹੜਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਆਪਣੇ ਪਾਣੀ ਨਾਲ ਫਸਲਾਂ ਨੂੰ ਰੋੜ ਕੇ ਨਾਲ ਲਿਜਾਇਆ ਹੈ, ਕੀ ਬੰਦੇ, ਪਸ਼ੂ, ਲੋਕਾਂ ਦੇ ਜੀਵਨ ਦਾ ਨਿੱਤ ਵਰਤੋਂ ਦਾ ਸਮਾਨ ਸੋਫੇ, ਬਿਸਤਰੇ, ਫਸਲਾਂ, ਤੂੜੀ, ਚਾਰਾ ਆਦਿ ਪੂਰੀ ਤਰਾਂ ਨਸ਼ਟ ਹੋ ਗਿਆ ਹੈ। ਹਜਾਰਾਂ ਏਕੜ ਵਿੱਚ ਪਾਣੀ ਦੇ ਨਾਲ ਆਏ ਮਿੱਟੀ ਗਾਰ ਲੋਕਾਂ ਦੇ ਘਰਾਂ ਵਿੱਚ ਫੈਲ ਗਈ ਹੈ। ਹੜਾਂ ਦੇ ਪਾਣੀ ਨਾਲ ਆਈ ਰੇਤ ਤੇ ਗਾਰ ਨੇ ਫਸਲਾਂ ਨੂੰ ਤੇ ਘਰਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ ਹੈ ਤੇ ਉਪਜਾਊਂ ਖੇਤਾਂ ਵਿੱਚ ਪੱਕੀ ਤਰਾਂ ਏਹ ਵਹਿ ਕੇ ਆਈ ਰੇਤ ਪੂਰੀ ਤਰਾਂ ਵਿਛ ਚੁੱਕੀ ਹੈ। ਤਰਨ ਤਾਰਨ ਜਿਲੇ ਦੇ ਕਾਫੀ ਪਿੰਡ ਹੜਾਂ ਨਾਲ ਪ੍ਰਭਾਵਿਤ ਹੋਏ ਹਨ। ਹਿਮਾਚਲ ਦੇ ਨਾਲ ਪੰਜਾਬ ਦੇ ਫਿਰੋਜਪੁਰ, ਹੁਸ਼ਿਆਰਪੁਰ, ਜਲੰਧਰ, ਤਰਨ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਜਿਲੇ ਹੜਾਂ ਤੋਂ ਕਾਫੀ ਪ੍ਰਭਾਵਿਤ ਹੋਏ ਹਨ, ਕੁੱਲ ਮਿਲਾ ਕੇ ਅੰਦਾਜਨ ਕੋਈ ਬਾਰਾਂ ਜਿਲੇ ਹੜਾਂ ਤੋ ਪ੍ਰਭਾਵਿਤ ਹੋਏ। ਤਰਨ ਤਾਰਨ ਦੇ ਪਿੰਡ ਭੈਲ ਢਾਏ ਵਾਲਾ, ਸਭਰਾ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮੁੰਡਾ ਪਿੰਡ, ਹਰੀਕੇ ਆਦਿ ਤੇ ਇਸਦੇ ਨਾਲ ਲੱਗਦੇ ਜਿਲੇ ਅੰਮ੍ਰਿਤਸਰ ਦੇ ਅਜਨਾਲਾ ਤੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਤਾਂ ਸੱਤ ਤੋਂ ਨੌਂ ਫੁੱਟ ਤੱਕ ਪਾਣੀ ਦੀ ਮਾਰ ਨੇ ਲੋਕਾਂ ਦਾ ਜੀਵਨ ਵੱਡੀ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਕਈਆਂ ਦੀਆਂ ਮਿਹਨਤਾਂ ਨਾਲ ਕੀਤੀਆਂ ਕਮਾਈਆਂ ਨਾਲ ਬਣਾਈਆਂ ਕੋਠੀਆਂ ਤੇ ਘਰਾਂ ਨੂੰ ਪੂਰੀ ਤਰਾਂ ਪਾਣੀ ਦੀ ਮਾਰ ਨੇ ਤਬਾਹ ਕਰ ਦਿੱਤਾ ਹੈ ਕਈ ਪੱਕੇ ਘਰਾਂ ਦੀਆਂ ਛੱਤਾਂ ਤੱਕ ਡਿੱਗ ਪਈਆਂ ਹਨ ਤੇ ਕਈਆਂ ਦਿਆਂ ਘਰਾਂ ਵਿੱਚ, ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ ਜੋ ਲੱਗਦਾ ਛੇਤੀ ਨਹੀਂ ਭਰਨਗੀਆਂ। ਹੜਾਂ ਦੀ ਮਾਰ ਨਾਲ ਪੰਜਾਬ ਵਿੱਚ ਲਗਭਗ ਚਾਲੀ ਤੋਂ ਉਪਰ ਲੋਕਾਂ ਦੀਂਆਂ ਜਾਨਾਂ ਵੀ ਜਾ ਚੁੱਕੀਆਂ ਹਨ। ਕੱਲੇ ਚੜਦੇ ਪੰਜਾਬ ਨੂੰ ਹੀ ਹੜਾਂ ਦੀ ਮਾਰ ਨਹੀਂ ਝੱਲਣੀ ਪਈ ਬਲਕਿ ਲਹਿੰਦੇ ਪੰਜਾਬ ਨੂੰ ਵੀ ਰਾਵੀਂ ਦੀ ਮਾਰ ਤੇ ਹੜਾਂ ਦਾ ਪਾਣੀ ਲਹਿੰਦੇ ਪੰਜਾਬ ਨੂੰ ਜਾਣ ਕਰਕੇ ਚੜਦੇ ਪੰਜਾਬ ਵਾਲੇ ਹੀ ਹਾਲਾਤ ਲਹਿੰਦੇ ਪੰਜਾਬ ਵਿੱਚ ਬਣੇ ਹਨ। ਪਾਣੀ ਹੁੰਦਾ ਤਾਂ ਸ਼ਾਂਤ ਹੈ ਪਰ ਇਸਦੀ ਸ਼ਾਂਤੀ ਵਿੱਚ ਕਹਿਰ ਦਾ ਨੁਕਸਾਨ ਹੁੰਦਾ ਹੈ। ਕਿੰਨੀਆਂ ਹੀ ਘਰਾਂ ਦੀਆਂ ਕਾਰਾਂ ਗੱਡੀਆਂ ਜੋ ਲੱਖਾਂ ਕਰੋੜਾਂ ਦੀ ਲਾਗਤ ਦੀਆਂ ਸਨ ਹੜਾਂ ਵਿੱਚ ਲੱਕੜੀ ਦੀ ਤਰਾਂ ਤੈਰਦੀਆਂ ਦਿਸੀਆਂ। ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਹੜਾਂ ਦਾ ਮੰਜਰ ਲੱਗਭਗ ਇਕੋ ਜਿਹਾ ਰਿਹਾ ਹੈ। ਚੜਦੇ ਪੰਜਾਬ ਦੇ ਮਵੇਸ਼ੀਂ-ਪਸ਼ੂ ਹੜਾਂ ਵਿੱਚ ਤੈਰਦੇ ਲਹਿੰਦੇ ਪੰਜਾਬ ਨੂੰ ਚਲੇ ਗਏ ਤੇ ਲਹਿੰਦੇ ਪੰਜਾਬ ਦੇ ਚੜਦੇ ਪੰਜਾਬ ਨੂੰ ਆ ਗਏ। ਹੜਾਂ ਦੋ ਦੌਰਾਨ ਜੋ ਨੁਕਸਾਨ ਹੋਏ ਹਨ ਉਨਾਂ ਤੋ ਉੱਪਰ ਉੱਠਣ ਤੇ ਦੁਬਾਰਾ ਪੈਰਾਂ ਸਿਰ ਹੋਣ ਲਈ ਲੋਕਾਂ ਨੂੰ ਕਾਫੀ ਸਮੇਂ ਤੱਕ ਸੰਘਰਸ਼ ਕਰਨਾ ਪਵੇਗਾ ਜੋ ਕਿ ਅਜੇ ਸਮਾਂ ਆਉਣ ਵਾਲਾ ਹੈ।
ਕਾਫੀ ਗੱਲਾਂ ਵਿਚਾਰਨ ਵਾਲੀਆਂ ਹਨ ਜਿਨਾਂ ਦਾ ਧਿਆਨ ਰੱਖਣ ਵਾਲਾ ਤੇ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਸਾਨੂੰ ਪਤਾ ਹੈ ਕਿ ਹਰ ਸਾਲ ਵੀ ਆਉਣਾ ਹੈ ਤੇ ਬਰਸਾਤ ਦਾ ਮੌਸਮ ਵੀ। ਤਾਂ ਸਰਕਾਰ ਨੂੰ ਚਾਹੀਦਾ ਹੈ, ਜਿਲਿਆਂ ਦੇ ਪ੍ਰਸ਼ਾਸ਼ਨਾਂ ਨੂੰ ਚਾਹੀਦਾ ਹੈ ਕਿ ਆਪਦੇ ਜਿਲਿਆਂ ਵਿੱਚ ਪੈਂਦੇ ਦਰਿਆਵਾਂ ਦੇ ਬੰਨ ਪੱਕੇ ਕਰਨੇ ਚਾਹੀਦੇ ਹਨ, ਨਾਜਕ ਤੇ ਖਤਰੇ ਵਾਲੇ ਏਰੀਏ ਦਾ ਜਿਆਦਾ ਧਿਆਨ ਦੇਣਾ ਚਾਹੀਦਾ ਹੈ, ਲੋਕਾਂ ਨੂੰ ਸੇਫ ਜਗਾਵਾਂ ਤੇ ਭੇਜਣਾ ਚਾਹੀਦਾ ਹੈ, ਪਹਿਲਾ ਤੋਂ ਹੀ ਰੀਲੀਫ ਸੈਂਟਰਾਂ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਕਿਸ਼ਤੀਆਂ, ਬੋਟਾਂ, ਲਾਇਫ ਜੈਕਟਾਂ ਦਾ ਪ੍ਰਬੰਧ ਰੱਖਣਾ ਚਾਹੀਦਾ ਹੈ, ਲੋਕਾਂ ਨੂੰ ਆਉਣ ਵਾਲੇ ਖਤਰੇ ਤੋਂ ਜਾਗਰੂਕ ਕਰਨ ਲਈ ਸੈਮੀਨਾਰ, ਟਰੇਨਿੰਗਾਂ ਤੇ ਪ੍ਰਭਾਵਸ਼ਾਲੀ ਜਾਣਕਾਰੀਆਂ ਦਾ ਸੰਚਾਰ ਕਰਨਾ ਚਾਹੀਦਾ ਹੈ। ਮੌਕੇ ਤੇ ਐਮਰਜੈਂਸੀ ਦੇ ਸਮੇਂ ਦੌਰਾਨ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਪ੍ਰਭਾਵਸ਼ਾਲੀ ਕੰਮ ਜਰੂਰ ਕਰਦਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਸੁੱਖ-ਸਹੂਲਤ ਮਿਲਣ ਵਿੱਚ ਫਿਰ ਵੀ ਕਮੀ ਰਹਿ ਜਾਂਦੀ ਹੈ।
ਹੜਾਂ ਤੋਂ ਪ੍ਰਭਾਵਿਤ ਜਿਲਿਆਂ, ਪਿੰਡਾਂ ਵਿੱਚ ਸਰਕਾਰ ਦੇ ਨੁਮਾਇੰਦਿਆਂ-ਨੇਤਾਵਾਂ, ਕਲਾਕਾਰਾਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ, ਜਿਲਾ ਪ੍ਰਸ਼ਾਸ਼ਨ ਵੱਲੋਂ ਕਾਫੀ ਹੱਦ ਤੱਕ ਮੱਦਦ ਕੀਤੀ ਗਈ ਜੋ ਕਿ ਜੋ ਕਿ ਪੰਜਾਬ ਲਈ ਸੁੱਖ ਤੇ ਖੁਸ਼ੀ ਦਾ ਸੁਨੇਹਾ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ, ਮੈਡਮ ਸ਼ਾਕਸ਼ੀ ਸਾਹਨੀ, ਆਈ.ਏ.ਐਸ ਨੂੰ ਲੋਕਾਂ ਵਿੱਚ ਹੜਾਂ ਵਿੱਚ ਖੁਦ ਸਾਰਾ ਸਾਰਾ ਦਿਨ ਵਿਚਰਦੇ, ਗਰੀਬ ਮਜਲੂਮਾਂ ਨੂੰ ਗਲ ਲਾਉਂਦੇ ਦੇਖਿਆ ਗਿਆ ਹੈ। ਮਾਣ ਹੈ ਅਜਿਹੇ ਅਫਸਰਾਂ ਤੇ ਹਰ ਜਿਲੇ ਵਿੱਚ ਅਜਿਹੇ ਅਫਸਰ ਹੋਣੇ ਚਾਹੀਦੇ ਹਨ। ਪਰ ਇਸ ਦੇ ਨਾਲ ਹੀ ਤਸਵੀਰ ਦਾ ਦੂਜਾ ਪਾਸਾ ਵੀ ਹੈ ਕਿ ਸ਼ੋਸ਼ਲ ਮੀਡਿਆ ਦੇ ਜਰੀਏ ਪਤਾ ਲੱਗਦਾ ਰਿਹਾ ਹੈ ਕਿ ਹੜਾਂ ਤੋਂ ਪ੍ਰਭਾਵਿਤ ਗਰੀਬ ਲੋਕਾਂ ਤੱਕ ਸੇਵਾ ਜਰੀਏ ਪਹੁੰਚਣ ਵਾਲੀਆਂ ਵਸਤਾਂ, ਖਾਣਾ, ਪਾਣੀ, ਦਵਾਈਆਂ ਤੇ ਅਨਾਜ ਦੀ ਜਮਾਂਖੋਰੀ ਵੀ ਬਹੁਤ ਕੀਤੀ ਗਈ ਜਿਸ ਨਾਲ ਲੋੜਵੰਦਾਂ ਤੱਕ ਪਹੁੰਚਣ ਵਾਲੀਆਂ ਚੀਜਾਂ ਦੀ ਪਹੁੰਚ ਨਾ ਬਣ ਪਾਈ ਤੇ ਰੱਜੇ ਲੋਕ ਹੀ ਹੋਰ ਰੱਜਣ ਵਿੱਚ ਮਸਰੂਫ ਰਹੇ। ਪਾਣੀ ਦਾ ਪੱਧਰ ਜਿਆਦਾ ਹੋਣ ਤੇ ਘਰਾਂ ਵਿੱਚੋਂ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਨੇ ਵੀ ਮਨੁੱਖੀ ਮਨ ਦੇ ਮਾੜੇ ਪੱਖ ਨੂੰ ਉਜਾਗਰ ਕੀਤਾ ਜੋ ਕਿ ਸ਼ਰਮਨਾਕ ਹੈ। ਕਈਆਂ ਵੱਲੋਂ ਆਪਣੇ ਘਰਾਂ ਤੇ ਸਮਾਨ-ਗਹਿਣੇ ਦੀ ਰਾਖੀ ਤੇ ਭਾਵਨਾਮਤਮਕਤਾ ਸਾਂਝ ਜਰੀਏ ਨਾ ਛੱਡਣ ਤੇ ਰੋਣ ਕੁਰਲਾਉਣ ਨਾਲ ਪੂਰੀ ਮਾਨਵਤਾ ਦਾ ਦਿਲ ਵਲੂੰਧਿਰਆਂ ਤੇ ਵਿੰਨਿਆ ਗਿਆ।
ਹੜਾਂ ਦੀ ਮਾਰ ਨੂੰ ਕਿਸੇ ਕਵੀ ਨੇ ਬੜਾ ਸਹੀ ਬਿਆਨਿਆ ਹੈ -
ਸਤਲੁਜ, ਬਿਆਸ ਤੇ ਰਾਵੀ ਦਿਆ ਪਾਣੀਆਂ ਵੇ,
ਤੂੰ ਕਾਹਤੋਂ ਸਾਡੇ ਦਿਲਾਂ ਦੀਆਂ ਨਾ ਜਾਣੀਆਂ ਵੇ।
ਰੁੜ ਗਏ ਮਕਾਨ, ਪਸ਼ੂ, ਰੁੜ ਗਏ ਗਏ ਨੇ ਟੱਬਰ ਵੇ,
ਮਾਤਮ, ਉਦਾਸੀ ਦੀਆਂ ਪਿੱਛੇ ਰਹਿ ਗਈਆਂ ਕਹਾਣੀਆਂ ਵੇ।
ਹੱਥ ਨਾ ਫੜਾਇਆ ਕਿਸੇ, ਕੋਈ ਅੱਗੇ ਨਹੀਂਓ ਆਇਆ ਵੇ,
ਨਿਜਾਮ ਤੇ ਗਵਾਂਢੀ ਉਂਝ ਗੱਲਾਂ ਕਰਦੇ ਸਿਆਣੀਆਂ ਵੇ।
ਹੜਾਂ ਦੀ ਵਿਕਰਾਲਤਾ ਨੇ ਹਰ ਇੱਕ ਸ਼ਖਸ਼-ਪਰਿਵਾਰ ਨੂੰ ਵੱਖਰੇ ਤਰਾਂ ਪ੍ਰਭਾਵਿਤ ਕੀਤਾ। ਕੁਝ ਆਪਣੇ ਪਰਿਵਾਰਕ ਮੈਂਬਰ ਦੇ ਜਾਣ ਦੇ ਦੁੱਖ ਕਾਰਨ, ਕੋਈ ਮਾਲ-ਡੰਗਰ ਦੇ ਖੁੱਸਣ-ਡੁੱਬਣ ਕਾਰਨ ਤੇ ਕੋਈ ਮਹਿੰਗੇ-ਮਹੱਲ ਵਰਗੇ ਘਰ ਦੇ ਢਹਿ ਢੇਰੀ ਹੋਣ ਕਾਰਨ ਰੋਂਦਾ ਵੇਖਿਆ ਗਿਆ ਪਰ ਇੱਕ ਗੱਲ ਜਰੂਰ ਹੈ ਇੰਨਾ ਨੁਕਸਾਨ ਤੇ ਦੁਖ ਦੇ ਬਾਵਜੂਦ ਵੀ ਚੜਦੀ ਕਲਾ ਚ ਰਹਿਣਾ ਪੰਜਾਬ ਜਾਣਦਾ ਹੈ। ਪੰਜਾਬ ਦੀ ਧਰਤੀ ਨੂੰ ਛੇ ਸਿੱਖ ਗੁਰੂਆਂ ਦੀ ਚਰਨ ਛੋਹ ਧਰਤੀ ਹੋਣ ਦਾ ਮਾਣ ਤੇ ਪਵਿੱਤਰਤਾ ਹਾਸਲ ਹੈ। ਇੱਥੋਂ ਦੇ ਲੋਕਾਂ ਦੀ ਤਰਬੀਅਤ ਹੀ ਕੁਝ ਇਸ ਤਰਾਂ ਦੀ ਹੈ ਕਿ ਇਨਾਂ ਨੂੰ ਆਪਣੇ ਇਤਿਹਾਸ ਤੇ ਮਾਣ ਹੈ, ਇਨਾਂ ਨੂੰ ਆਪਣੇ ਤੇ ਆਉਣ ਵਾਲੀ ਹਰ ਮੁਸ਼ਕਿਲ, ਔਖੀ ਘੜੀ ਵਿੱਚ ਨਾ ਡੋਲਣ ਦੀ ਗੁੜਤੀ ਹੈ। ਇਨਾਂ ਨੂੰ ਮਹਾਨ ਸਿੱਖ ਯੋਧਿਆਂ ਤੇ ਸੂਰਬੀਰਾਂ ਦੀ ਧਾਪਣਾ ਹੈ। ਇਹ ਸਦਾ ਚੜਦੀ ਕਲਾ ਵਿੱਚ ਵਿੱਚ ਰਹਿਣਾ, ਹੱਸਣਾ ਤੇ ਬਾਣੀ ਉਚਾਰਨਾ ਜਾਣਦੇ ਨੇ। ਇਹ ਸਦਾ ਚੜਦੀ ਕਲਾ ਤੇ ਆਪਸੀ ਏਕਤਾ-ਭਾਈਚਾਰੇ ਦੇ ਧਾਰਨੀ ਨੇ। ਇਹ ਲੋਕ ਔਖੀ ਘੜੀ ਵਿੱਚ ਵਿੱਚ ਲੰਗਰਾਂ ਤੇ ਦਾਨ ਦੀ ਭਾਵਨਾ ਨਾਲ ਓਤਪੋਤ ਨੇ। ਟਰੈਕਟਰਾਂ-ਟਰਾਲੀਆਂ ਭਰੀਆਂ ਅਨਾਜ ਤੇ ਸਮਾਨ ਦੀਆਂ ਦੇਖੀਆਂ ਗਈਆਂ ਲੋਕਾਂ ਦੀ ਸੇਵਾ ਵਿੱਚ। ਪੰਜਾਬ ਦਾ ਹਰ ਇੱਕ ਬਸ਼ਿੰਦਾ, ਹਰ ਇੱਕ ਕਿਸਾਨ ਨਾ ਕਦੇ ਡੋਲਿਆ ਸੀ, ਨਾ ਕਦੇ ਹਾਰਿਆ ਸੀ ਤੇ ਨਾ ਕਦੇ ਖਤਮ ਹੋਵੇਗਾ ਤੇ ਫਿਰ ਤੋਂ ਖੁਸ਼ਹਾਲ ਹੋਵੇਗਾ ਤੇ ਹੱਸੇਗਾ ਗਾਵੇਗਾ- ਕਿਉਂਕਿ ਪੰਜਾਬ ਸਦਾ ਜਿਉਂਦਾ ਗੁਰਾਂ ਦੇ ਨਾਮ ਤੇ ਹੈ।– ਸ਼ਾਲਾ, ਖੈਰ ਰਹੇ ਪੰਜਾਬ ਤੇਰੀ, ਵਸਦਾ ਰਹੇ ਪੰਜਾਬ ਮੇਰਾ।
