ਪਾਣੀ ਇੱਕ ਅਜਿਹਾ ਯੋਗਿਕ ਹੈ ਜਿਹੜਾ ਕਿ ਜਿਉਣ ਲਈ ਬਹੁਤ ਜਰੂਰੀ ਹੈ। ਇਸ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਧਰਤੀ ਉੱਤੇ ਜੇਕਰ ਜੀਵਨ ਸੰਭਵ (ਹੋਰ ਹਾਲਾਤਾਂ ਤੋਂ ਬਿਨਾਂ) ਹੋਇਆ ਹੈ ਤਾਂ ਉਸ ਵਿੱਚ ਪਾਣੀ ਦਾ ਇੱਕ ਬਹੁਤ ਵੱਡਾ ਰੋਲ ਹੈ। ਪਰ ਅੱਜਕਲ੍ਹ ਪਿਛਲੇ ਲੰਬੇ ਸਮੇਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਧਰਤੀ ਹੇਠਲਾ ਪਾਣੀ, ਜਿਹੜਾ ਕਿ ਪੀਣਯੋਗ ਹੈ, ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਹਾਲਾਂਕਿ ਵਿਗਿਆਨੀਆਂ ਨੇ ਧਰਤੀ ਦੀ ਸਤ੍ਹਾ ਤੋਂ ਲਗਭਗ 700 ਕਿਲੋਮੀਟਰ ਹੇਠਾਂ ਧਰਤੀ ਦੇ ਮੈਂਟਲ ਟ੍ਰਾਜ਼ੀਸ਼ਨ ਜ਼ੋਨ ਚ ਪਾਣੀ ਦਾ ਬਹੁਤ ਵੱਡਾ ਭੰਡਾਰ ਲੱਭਿਆ ਹੈ।
ਇਹ ਭੰਡਾਰ ਇਨਾ ਵੱਡਾ ਹੈ ਕਿ ਧਰਤੀ ਦੇ ਸਮੁੰਦਰਾਂ ਤੋਂ ਵੀ ਇਸ ਵਿੱਚ ਪਾਣੀ ਜਿਆਦਾ ਹੈ। ਪਰ ਇਹ ਸਾਰਾ ਪਾਣੀ ਯੋਗੀਕਾਂ ਵਿੱਚ ਮੌਜੂਦ ਹੈ। ਦੂਜੀ ਸਭ ਤੋਂ ਵੱਡੀ ਗੱਲ ਹੈ ਇਹ ਹੈ ਕਿ ਇੰਨੀ ਹੇਠਾਂ ਤੋਂ ਪਾਣੀ ਕੱਢਣ ਦੀ ਸਾਡੇ ਕੋਲ ਹਾਲੇ ਤੱਕ ਕੋਈ ਵੀ ਯੁਕਤ-ਜੁਗਾੜ (ਤਕਨੀਕ) ਨਹੀਂ ਹੈ। ਧਰਤੀ ਦਾ ਅਰਧ ਵਿਆਸ 6371 ਕਿਲੋਮੀਟਰ (3959 ਮੀਲ ) ਹੈ। ਭਾਵ ਧਰਤੀ ਦੇ ਆਰ ਪਾਰ ਜੇ ਵਿਚਾਲੇ ਦੀ ਮੋਰਾ (ਸੁਰਾਖ) ਕੱਢਿਆ ਜਾਵੇ ਤਾਂ ਇਸ ਦੀ ਲੰਬਾਈ ਜਿਸ ਨੂੰ ਅਸੀਂ ਵਿਆਸ ਕਹਿੰਦੇ ਹਾਂ 12756 ਕਿਲੋਮੀਟਰ (7926 ਮੀਲ) ਹੈ। ਪਰ ਮਨੁੱਖ ਹਲੇ ਤੱਕ ਸਿਰਫ 12.2 ਕਿਲੋਮੀਟਰ (40230 ਫੁੱਟ/ਕੋਲਾ ਸੁਪਰਡੀਪ ਬੋਰਹੋਲ), ਤੱਕ ਹੀ ਧਰਤੀ ਦੇ ਵਿੱਚ ਹੇਠਾਂ ਜਾ ਸਕਿਆ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕੀ ਫਿਲਹਾਲ ਦੀਆਂ ਤਕਨੀਕਾਂ ਦੇ ਅਨੁਸਾਰ ਅਸੀਂ ਧਰਤੀ ਦੇ 700-1000 ਕਿਲੋਮੀਟਰ ਹੇਠਾਂ ਲੱਭਿਆ ਪਾਣੀ ਨਹੀਂ ਵਰਤ ਸਕਦੇ।
ਸਾਡੇ ਸੂਰਜ ਮੰਡਲ ਵਿੱਚ ਸਿਰਫ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਸੰਭਵ ਹੈ ਅਤੇ ਜਿਸ ਉੱਤੇ ਪਾਣੀ ਹੈ। ਇਹ ਪਾਣੀ ਠੋਸ (ਬਰਫ) ਅਤੇ ਤਰਲ (ਪੀਣ ਯੋਗ ਤੇ ਦੂਜਾ ਸਮੁੰਦਰਾਂ ਨਦੀਆਂ ਦਾ ਪਾਣੀ) ਅਤੇ ਗੈਸ (ਭਾਫ-ਬੱਦਲ) ਆਦਿ ਤੇ ਰੂਪ ਵਿੱਚ ਮੌਜੂਦ ਹੈ। ਧਰਤੀ ਦੀ ਕੁੱਲ ਸਤਾ ਦਾ 71% ਭਾਗ ਪਾਣੀ ਨਾਲ ਹੀ ਢਕਿਆ ਹੋਇਆ ਹੈ। ਇਹਨਾਂ ਵਿੱਚੋਂ ਲਗਭਗ ਸਾਰਾ ਹੀ ਪਾਣੀ ਸਮੁੰਦਰਾਂ ਵਿੱਚ ਹੈ 97 ਫੀਸਦੀ ਅਤੇ ਪੀਣਯੋਗ ਪਾਣੀ ਜਿਸ ਨੂੰ ਅਸੀਂ ਮਿੱਠਾ ਪਾਣੀ ਕਹਿ ਦਿੰਦੇ ਹਾਂ ਉਹ ਸਿਰਫ 2.5 ਪ੍ਰਤੀਸ਼ਤ ਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਵਿੱਚੋਂ ਸਿਰਫ 0.3 ਪ੍ਰਤੀਸ਼ਤ ਪਾਣੀ ਹੀ ਪੀਣ ਯੋਗ ਹੈ। ਜਿਹੜਾ ਕਿ ਪਾਣੀ ਦੀ ਧਰਤੀ ਉੱਤੇ ਮਿਕਦਾਰ ਤੋਂ ਬਹੁਤ ਜਿਆਦਾ ਘੱਟ ਹੈ। ਮਨੁੱਖੀ ਕਾਰਵਾਈਆਂ ਕਾਰਨ ਹੁਣ ਇਸ ਦੇ ਭੰਡਾਰ ਵਿੱਚ ਹੋਰ ਕਮੀ ਆ ਰਹੀ ਹੈ। ਨਦੀਆਂ ਝੀਲਾਂ ਦਰਿਆ ਆਦਿ ਦੂਸ਼ਿਤ ਹੋ ਰਹੇ ਹਨ ਅਤੇ ਧਰਤੀ ਹੇਠਲਾ ਪਾਣੀ ਲਗਾਤਾਰ ਪਤਾਲ ਵੱਲ ਨੂੰ ਜਾ ਰਿਹਾ ਹੈ। ਇਸ ਲਈ ਸਾਨੂੰ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਣ ਅਤੇ ਵਰਤੋਂ ਯੋਗ ਬਣਾਉਣ ਦੇ ਢੰਗ ਲੱਭਣੇ ਅਤੇ ਵਰਤਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਤੇ ਪੀਣ ਜੋਗਾ ਪਾਣੀ ਬਚਿਆ ਰਹੀ ਸਕੇ ਤੇ ਧਰਤੀ ਵੀਰਾਨ ਬੰਜ਼ਰ ਖੁਸ਼ਕ ਗ੍ਰਹਿ ਬਣਨ ਤੋਂ ਬਚਿਆ ਰਹਿ ਸਕੇ।
ਸਿਰਫ 0.3 ਪ੍ਰਤੀਸ਼ਤ ਪਾਣੀ ਹੀ ਪੀਣ ਯੋਗ ਹੈ
This entry was posted in ਲੇਖ.
