ਪੀਸੀਟੀ ਹਿਊਮੈਨਿਟੀ’ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੂਮੀ ਰਾਜੌਰੀ ਵਿਖੇ ਫ਼ਰੀ ਮੈਡੀਕਲ ਕੈਂਪ ਆਯੋਜਿਤ

WhatsApp Image 2025-09-27 at 3.21.06 PM.resizedਪਠਾਨਕੋਟ – ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ’ਪੀਸੀਟੀ ਹਿਊਮੈਨਿਟੀ’ ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਦੀ ਅਗਵਾਈ ਵਿੱਚ ਸਿਖ ਰਾਜ ਦੇ ਸੰਸਥਾਪਕ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਭੂਮੀ ਰਾਜੌਰੀ ਵਿਖੇ ਤਿੰਨ ਰੋਜ਼ਾ ਧਾਰਮਿਕ ਯਾਤਰਾ ਦੌਰਾਨ ਅੱਜ ਇਕ ਵਿਸ਼ਾਲ ਫ਼ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਲਗਾਏ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੈਂਕੜੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਖ਼ਾਸ ਕਰਕੇ ਦੂਰ-ਦੁਰਾਡੇ ਖੇਤਰਾਂ ਦੇ ਗ਼ਰੀਬ ਅਤੇ ਪਿਛੜੇ ਵਰਗ ਦੇ ਲੋਕਾਂ ਨੇ ਇਸ ਕੈਂਪ ਤੋਂ ਵੱਡਾ ਲਾਭ ਲਿਆ।

ਇਸ ਤੋਂ ਪਹਿਲਾਂ, ਯਾਤਰਾ ਵਿੱਚ ਸ਼ਾਮਿਲ ਸ਼ਰਧਾਵਾਨ ਸੰਗਤਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੂਮੀ ’ਤੇ ਪਹੁੰਚ ਕੇ ਉਨ੍ਹਾਂ ਦੀ ਮੋਹ ਭਿੱਜੀ ਯਾਦ ਵਿੱਚ ਗੁਰੂ ਦੀ ਗੋਦ ਦਾ ਆਨੰਦ ਮਾਣਿਆ।

ਇਸ ਧਾਰਮਿਕ ਯਾਤਰਾ ਵਿੱਚ ਵਿਸ਼ੇਸ਼ ਤੌਰ ’ਤੇ ਹਿੱਸਾ ਬਣੇ ਅਯੁੱਧਿਆ ਦੇ ਰਾਮਾਨੰਦੀ ਸ੍ਰੀ ਵੈਸ਼ਨਵ ਸੰਪਰਦਾ ਦੇ ਸੰਤ ਸ਼੍ਰੀ ਮਹੰਤ ਅਸ਼ੀਸ਼ ਦਾਸ ਜੀ ਨੇ ਡਾ. ਸਲਾਰੀਆ ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਦੇ ਸਿੱਖਾਂ ਅਤੇ ਪੰਜਾਬੀਆਂ ਨੇ ਆਪਣੀ ਬੇਮਿਸਾਲ ਸੇਵਾ ਭਾਵਨਾ ਨਾਲ ਪੂਰੀ ਦੁਨੀਆ ਵਿੱਚ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਲਈ ਇਸ ਯਾਤਰਾ ਦਾ ਹਿੱਸਾ ਬਣਨਾ ਵੱਡੇ ਮਾਣ ਦੀ ਗਲ ਹੈ।

ਗੁਰਦੁਆਰਾ ਛੇਵੀਂ ਪਾਤਸ਼ਾਹੀ ਰਾਜੌਰੀ ਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਨਿਰਮਾਨ ਸਿੰਘ ਨੇ ਡਾ. ਸਲਾਰੀਆ ਵੱਲੋਂ ਧਾਰਮਿਕ- ਇਤਿਹਾਸਕ ਵਿਰਾਸਤ ਅਤੇ ਲੋਕ ਭਲਾਈ ਲਈ ਕੀਤੀਆਂ ਜਾ ਰਹੀਆਂ ਅਣਥੱਕ ਸੇਵਾਵਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਕੀਆਂ ਸੰਗਤਾਂ ਪੰਜਾਬ ਤੋਂ ਇੱਥੇ ਆਉਂਦੀਆਂ ਹਨ, ਸਾਡੇ ਲਈ ਇਹ ਵੱਡੀ ਖ਼ੁਸ਼ੀ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੇ ਸਹਿਯੋਗ ਵਾਅਦਾ ਕਰਦਿਆਂ ਕਿਹਾ ਅਜਿਹੀਆਂ ਯਾਤਰਾਵਾਂ ਅਤੇ ਫ਼ਰੀ ਮੈਡੀਕਲ ਕੈਂਪ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ ।

ਇਸ ਮੌਕੇ ਡਾ. ਸਲਾਰੀਆ ਨੇ ਕਿਹਾ ਕਿ ’ਪੀਸੀਟੀ ਹਿਊਮੈਨਿਟੀ’ ਦਾ ਮੁੱਖ ਉਦੇਸ਼ ਸੇਵਾ-ਭਾਵਨਾ ਰਾਹੀਂ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਅਤੇ ਅਮੀਰ ਇਤਿਹਾਸਕ -ਧਾਰਮਿਕ ਵਿਰਸੇ ਨਾਲ ਲੋਕਾਂ ਨੂੰ ਜੋੜਨਾ ਹੈ। ਇਸੇ ਤਹਿਤ, ਧਾਰਮਿਕ ਯਾਤਰਾ ਅਤੇ ਫ਼ਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਰਸਾਏ ਗਏ ਗੁਰੂ ਦੇ ਮਾਰਗ ’ਤੇ ਚਲਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਬਾ ਬੈਰਾਗੀ ਨੇ ਨਿਆਂ, ਬਰਾਬਰੀ ਅਤੇ ਦੱਬੇ-ਕੁਚਲੇ ਲੋਕਾਂ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਵਧਾਇਆ।

ਡਾ. ਸਲਾਰੀਆ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੂਮੀ ’ਤੇ ਧਾਰਮਿਕ ਯਾਤਰਾ ਦੌਰਾਨ ਲੋਕ ਭਲਾਈ ਦੇ ਕੰਮ ਕਰਨਾ, ਖ਼ਾਸ ਕਰਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ, ਮਨੁੱਖਤਾ ਪ੍ਰਤੀ ਸਾਡੀ ਵਚਨਬੱਧਤਾ ਅਤੇ ਫ਼ਰਜ਼ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਅਜਿਹੇ ਸਮਾਜਿਕ-ਧਾਰਮਿਕ ਯਤਨ ਅਤੇ ਰਾਜੌਰੀ ਦੀ ਪਵਿੱਤਰ ਧਰਤੀ ਲਈ ਯਾਤਰਾ ਅੱਗੇ ਵੀ ਜਾਰੀ ਰਹੇਗੀ।

ਡਾ. ਸਲਾਰੀਆ ਨੇ ਕਸ਼ਮੀਰ ਵਾਦੀ ਦੀ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਾਦੀ ਵਿੱਚ ਅਮਨ-ਚੈਨ ਦੀ ਹਮੇਸ਼ਾਂ ਕਾਮਨਾ ਰਹੀ ਹੈ। ਉਨ੍ਹਾਂ ਦੀ ਗੁਰੂ ਅੱਗੇ ਸਦਾ ਇਹ ਅਰਦਾਸ ਰਹਿੰਦੀ ਹੈ ਕਿ ਇੱਥੇ ਸ਼ਾਂਤੀ, ਭਰਾਤਰੀ ਭਾਵਨਾ ਅਤੇ ਲੋਕਾਂ ਦੀ ਖ਼ੁਸ਼ਹਾਲੀ ਬਣੀ ਰਹੇ। ਸਾਡੀ ਮਨੋਕਾਮਨਾ ਹੈ ਕਿ ਜੰਮੂ-ਕਸ਼ਮੀਰ ਦੇ ਹਾਲਾਤ ਸੁਧਰਨ ਅਤੇ ਇੱਥੋਂ ਦੇ ਲੋਕ ਸੁਖਮਈ ਤੇ ਸ਼ਾਂਤਮਈ ਜੀਵਨ ਜੀ ਸਕਣ।

ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ, ਮੈਂਬਰ ਸਰਦਾਰ ਰਜਿੰਦਰ ਸਿੰਘ, ਸਰਦਾਰ ਅਮਰਜੀਤ ਸਿੰਘ ਅਤੇ ਯਾਤਰਾ ਦੇ ਪ੍ਰਬੰਧਕ ਸਰਦਾਰ ਗੁਰਮਿੰਦਰ ਸਿੰਘ ਚਾਵਲਾ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>