ਮਾਂ ਦੀਆਂ ਅਸਥੀਆਂ (ਸੱਚੀ ਕਹਾਣੀ)

ਇਹ ਭਲੇ ਸਮੇ ਦੀ ਗੱਲ ਏ,ਜਦੋਂ ਭਾਰਤੀ ਪਾਸਪੋਰਟ ਧਾਰਕ ਨੂੰ ਇੰਗਲੈਂਡ ਸਮੇਤ ਯੌਰਪ ਦੇ ਕਈ ਦੇਸ਼ਾਂ ਵਿੱਚ ਵੀਜ਼ੇ ਤੋਂ ਬਿਨ੍ਹਾਂ ਜਾਣ ਦੀ ਇਜ਼ਾਜਤ ਹੁੰਦੀ ਸੀ।ਸਿਰਫ ਬਾਡਰ ਉਪਰ ਸ਼ੌਅ ਮਨ੍ਹੀ ਦਿਖਾਉਣ ਨਾਲ ਐਂਟਰੀ ਮਿਲ ਜਾਂਦੀ ਸੀ।

ਉਹਨਾਂ ਸਮਿਆਂ ਵਿੱਚ ਹੀ ਚੰਦਰਭਾਨ ਦੇਸੋਂ ਵਿਦੇਸ਼ ਆਇਆ ਸੀ। ਜਿਵੇਂ ਹੁਨਰਮੰਦ ਕਦੇ ਗਰੀਬ ਨਹੀ ਹੁੰਦਾ।ਚੰਦਰਭਾਨ ਵੀ ਇਲੈਕਟ੍ਰਿਕ ਮਕੈਨਿਕ ਸੀ।ਉਸ ਨੂੰ ਕੰਮ ਲੱਭਣ ਵਿੱਚ ਜਿਆਦਾ ਮੁਸ਼ਕਲ ਨਾ ਆਈ।ਉਹ ਬਰਫੀਲੇ ਮੌਸਮ ਤੇ ਸਰਦ ਦਿੱਨਾਂ ਵਿੱਚ ਵੀ ਕੰਮ ਕਰਦਾ,ਤੇ ਸ਼ਾਮ ਨੂੰ ਇੰਡੀਅਨ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਵੀ ਜਾਦਾਂ ਸੀ।ਕਹਿੰਦੇ ਨੇ ਰੱਬ ਤੋਂ ਕੁਝ ਪਾਉਣ ਲਈ ਮਿਹਨਤ ਵੀ ਜਰੂਰੀ ਆ।ਉਸ ਨੇ ਸਖਤ ਮਿਹਨਤ ਕਰਕੇ ਸਿਰ ਚੜ੍ਹਿਆ ਕਰਜ਼ੇ ਦਾ ਭਾਰ ਲਾਹ ਦਿੱਤਾ ਸੀ।”ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”।ਇਹ ਮੁਹਾਵਰਾ ਵੀ ਸੱਚ ਕਰ ਦਿਤਾ ਸੀ।

ਚੰਦਰਭਾਨ ਦੀ ਇੱਕ ਅਰੂਣਾ ਨਾਂ ਦੀ ਲੜਕੀ ਨਾਲ ਦੋਸਤੀ ਹੋ ਗਈ।ਉਹ ਆਪਣੇ ਮਾਂ ਬਾਪ ਨਾਲ ਇਸ ਰੈਸਟੋਰੈਂਟ ਵਿੱਚ ਡਿੱਨਰ ਲਈ ਆਉਦੀ ਸੀ।ਉਸ ਦੇ ਮਾਪੇ ਮੈਡਾਗਾਸਕਾਰ ਤੋਂ ਯੌਰਪ ਵਿੱਚ ਆਏ ਸਨ।ਅਰੂਣਾ ਦਾ ਜਨਮ ਵੀ ਇਥੇ ਹੀ ਹੋਇਆ ਸੀ।ਮੈਡਾਗਾਸਕਾਰ ਦੇਸ਼ ਅਫਰੀਕਾ ਦੇ ਕੋਲ ਇੱਕ ਟਾਪੂ ਹੈ।ਜਿਥੇ ਕਈ ਸਦੀਆਂ ਪਹਿਲਾਂ ਉਹਨਾਂ ਦੇ ਪੁਰਖੇ ਭਾਰਤ ਤੋਂ ਆ ਕੇ ਵਸ ਗਏ ਸਨ।ਉਸ ਦੇ ਲਿਸ਼ਕਦੇ ਜਾਮਨੀ ਰੰਗ ਦੇ ਚੇਹਰੇ ਉਪਰ ਏਸ਼ੀਅਨ ਮੂਲ ਹੋਣ ਦੀ ਝਲਕ ਸਾਫ ਦਿਖਾਈ ਦਿੰਦੀ ਸੀ।ਭਾਵੇਂ ਅਰੂਣਾ ਕਦੇ ਵੀ ਭਾਰਤ ਨਹੀ ਗਈ ਸੀ।ਪਰ ਉਸ ਦੇ ਮਨ ਅੰਦਰ ਭਾਰਤ ਪ੍ਰਤੀ ਪਿਆਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ।ਜਲਦੀ ਹੀ ਉਹ ਸ਼ਾਦੀ ਦੇ ਬੱਧਨ ਵਿੱਚ ਬੱਝ ਗਏ।ਇਸ ਰਿਸ਼ਤੇ ਨੂੰ ਅਰੂਣਾ ਦੇ ਮਾਪਿਆਂ ਨੇ ਵੀ ਕਬੂਲ ਲਿਆ ਸੀ।ਹੁਣ ਉਹਨਾਂ ਦੀ ਗ੍ਰਹਿਸਤੀ ਜਿੰਦਗੀ ਸ਼ੁਰੂ ਹੋ ਚੁੱਕੀ ਸੀ।ਕੁਝ ਸਮੇਂ ਬਾਅਦ ਉਨਾਂ ਦੇ ਘਰ ਲੜਕੇ ਨੇ ਜਨਮ ਲਿਆ।ਜਿਸ ਦਾ ਨਾਮ ਬੋਨੀ ਰੱਖਿਆ ਸੀ।

ਉਹਨਾਂ ਨੇ ਇੱਕ ਨਵਾਂ ਘਰ ਵੀ ਮੁੱਲ ਲੈ ਲਿਆ ਸੀ।ਸਮਾ ਬੀਤਦਾ ਗਿਆ ਬੋਨੀ ਸਕੂਲ ਜਾਣ ਲੱਗ ਪਿਆ।ਉਹ ਸਵੇਰੇ ਬੋਨੀ ਨੂੰ ਸਕੂਲ ਭੇਜ ਕੇ ਆਪ ਕੰਮ ਤੇ ਚਲੇ ਜਾਂਦੇਂ।ਬੋਨੀ ਸਕੂਲ ਤੋਂ ਘਰ ਆਕੇ ਇੱਕਲਾਪਣ ਮਹਿਸੂਸ ਕਰਦਾ।ਉਹ ਮਨ ਹੀ ਮਨ ਵਿੱਚ ਝੁਰਦਾ ਤੇ ਚੁੱਪ ਚੁੱਪ ਰਹਿੰਦਾ।ਮਹੀਨੇ ਸਾਲ ਬੀਤਦੇ ਗਏ,ਵਕਤ ਨਾਲ ਬੋਨੀ ਗਭਰੂ ਹੋ ਗਿਆ ਸੀ।ਉਸ ਨੂੰ ਮਾਪਿਆਂ ਦੇ ਪਿਆਰ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ।ਉਸ ਦਾ ਮੇਲ ਮਿਲਾਪ ਦੋਸਤਾਂ ਮਿਤਰਾਂ ਨਾਲ ਵੱਧ ਚੁੱਕਿਆ ਸੀ।ਉਹ ਕਈ ਵਾਰੀ ਦੋਸਤਾਂ ਨੂੰ ਘਰ ਸੱਦ ਲੈਂਦਾ,ਜਾਂ ਉਹਨਾਂ ਕੋਲ ਚਲਿਆ ਜਾਦਾਂ।ਇਹ ਅੱਠ ਦਸ ਮੁੰਡਿਆ ਦਾ ਇੱਕ ਗਰੁੱਪ ਜਿਹਾ ਬਣ ਗਿਆ ਸੀ।ਜਿਸ ਵਿੱਚ ਨਸ਼ਈ ਤੇ ਅਵਾਰਾ ਕਿਸਮ ਦੇ ਲੜਕੇ ਵੀ ਰਲ ਗਏ ਸਨ।ਬੋਨੀ ਦਾ ਪੜ੍ਹਾਈ ਵੱਲ ਧਿਆਨ ਘਟਣਾ ਸ਼ੁਰੂ ਹੋ ਗਿਆ ਸੀ।ਹੋਲੀ ਹੋਲੀ ਇਹ ਢਾਣੀ ਨਸ਼ਿਆ ਤੇ ਲੜਾਈ ਝਗੜਿਆਂ ਵਿੱਚ ਮਸ਼ਹੂਰ ਹੋ ਗਈ।ਗਰਮਾ ਗਰਮੀ ਵਾਲਾ ਮਹੌਲ ਬੋਨੀ ਨੇ ਘਰ ਵਿੱਚ ਵੀ ਬਣਾ ਲਿਆ ਸੀ।ਬੁਰੀ ਸੰਗਤ ਵਿੱਚ ਪੈਣ ਦੀ ਖਬਰ ਚੰਦਰਭਾਨ ਤੇ ਅਰੂਣਾ ਨੂੰ ਮਿਲ ਚੁੱਕੀ ਸੀ।ਪਰ ਹੁਣ ਪਾਣੀ ਸਿਰ ਉਪਰੋਂ ਦੀ ਲੰਘ ਗਿਆ ਸੀ।ਕਹਿੰਦੇ ਨੇ ਚਿੰਤਾ ਚਿਖਾ ਬਰਾਬਰ ਹੁੰਦੀ ਆ!ਪੁੱਤਰ ਦੇ ਗ਼ਮ ਨਾਲ ਅਰੂਣਾ ਨੂੰ ਬੀਮਾਰੀਆਂ ਨੇ ਘੇਰ ਲਿਆ।ਸ਼ੂਗਰ ਦੀ ਵਜ੍ਹਾ ਨਾਲ ਅੱਖਾਂ ਦੀ ਰੋਸ਼ਨੀ ਵੀ ਘੱਟਣ ਲੱਗ ਪਈ।ਇੱਕ ਜਮਾਇੱਕਾ ਦੀ ਕਹਾਵਤ ਹੈ,ਜਿੰਦਗੀ ਸ਼ੜਕ ਦੀ ਤਰ੍ਹਾਂ ਏ,ਅਗਰ ਉਸ ਉਪਰ ਲੱਗੇ ਸੂਚਿਤ ਬੋਰਡਾਂ ਵੱਲ ਬੇਧਿਆਨਾ ਹੋ ਜਾਵੇ ਤਾਂ ਚਾਲਕ ਦੀ ਜਿੰਦਗੀ ਖਤਰਿਆਂ ਤੋਂ ਖਾਲੀ ਨਹੀ ਹੁੰਦੀ।ਇੱਕ ਦਿੱਨ ਅਰੂਣਾ ਨੇ ਚੰਦਰਭਾਨ ਨੂੰ ਕਿਹਾ,”ਸਾਡੇ ਇੱਕੋ ਹੀ ਬੇਟਾ ਏ,ਉਹ ਵੀ ਨਲਾਇਕ, ਕੰਮ ਕੀਹਦੇ ਲਈ ਕਰਦੇ ਆਂ?”।ਅਰੂਣਾ ਦੇ ਦੁੱਖ ਭਰੇ ਬੋਲ ਸੁਣਕੇ, ਚੰਦਰਭਾਨ ਨੇ ਪੈਨਸ਼ਨ ਅਪਲਾਈ ਕਰ ਦਿੱਤੀ ਤੇ ਕੁਝ ਦੇਰ ਬਾਅਦ ਉਹ ਸੇਵਾ ਮੁਕਤ ਹੋ ਗਏ।

ਬੋਨੀ ਨਸ਼ੇ ਦੀ ਹਾਲਤ ਵਿੱਚ ਕਦੇ ਕਦੇ ਘਰ ਆਉਦਾ।ਨਸ਼ੇ ਦੇ ਕੇਸ ਵਿੱਚ ਪੁਲਿਸ ਵੀ ਬੋਨੀ ਦੀ ਭਾਲ ਕਰ ਰਹੀ ਸੀ।ਉਹ ਕਈ ਵਾਰ ਘਰ ਆਈ,ਪਰ ਉਹ ਖਾਲੀ ਹੱਥ ਪਰਤ ਜਾਂਦੀ ਰਹੀ।ਅਰੂਣਾ ਦੀ ਸਿਹਤ ਦਿੱਨ ਬਦਿੱਨ ਵਿਗੜਦੀ ਜਾ ਰਹੀ ਸੀ।ਇੱਕ ਮੰਦਭਾਗਾ ਦਿੱਨ ਚੜ੍ਹਿਆ ਅਰੂਣਾ ਦੇ ਸਾਹਾਂ ਦਾ ਅੰਤ ਹੋ ਗਿਆ।ਚੰਦਰਭਾਨ ਨੇ ਸਕੇ ਸਬੰਧੀ ਤੇ ਦੋਸਤਾਂ ਦੀ ਮੱਦਦ ਨਾਲ ਅਰੂਣਾ ਦੇ ਸਸਕਾਰ ਦਾ ਪ੍ਰਬੰਧ ਕੀਤਾ।ਬੋਨੀ ਮਾਂ ਦੇ ਸਸਕਾਰ ਤੇ ਵੀ ਨਾ ਆਇਆ।ਲੋਕ ਚਰਚਾ ਸੀ ਕਿ ਬੋਨੀ ਨੂੰ ਨਸ਼ੇ ਦੇ ਕੇਸ ਵਿੱਚ ਸਜ਼ਾ ਹੋਈ ਹੈ।ਮਾਂ ਦੀ ਮੌਤ ਦਾ ਉਸ ਨੂੰ ਜੇਲ੍ਹ ਵਿੱਚ ਹੀ ਪਤਾ ਲੱਗਿਆ ਸੀ।

ਅਰੂਣਾ ਦੇ ਜਾਣ ਤੋਂ ਬਾਅਦ ਚੰਦਰਭਾਨ ਘਰ ਵਿੱਚ ਪਾਗਲਾਂ ਵਾਂਗ ਘੁੰਮਦਾ ਰਹਿੰਦਾ।ਉਸ ਦੀ ਜਿੰਦਗੀ ਬੀਆਬਾਨ ਦਾ ਰੁੱਖ ਬਣ ਗਈ ਸੀ।ਉਸ ਨੂੰ ਇੰਝ ਲਗਦਾ ਜਿਵੇਂ ਉਹ ਪਿਛਲੇ ਜਨਮ ਦੀ ਸਜ਼ਾ ਭੁਗਤ ਰਿਹਾ ਹੋਵੇ।ਬੋਨੀ ਤਿੰਨ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਇਆ।ਜਿਸ ਦੇ ਅਉਣ ਦੀ ਖੁਸ਼ੀ ਨਾ ਹੋਵੇ ਜਾਣ ਦੀ ਕੀ ਹੋਣੀ ਏ!ਚੰਦਰਭਾਨ ਦਾ ਵੀ ਇਹੋ ਹਾਲ ਸੀ।ਇੱਕ ਦਿੱਨ ਉਹ ਸੋਫੀ ਹਾਲਤ ਵਿੱਚ ਆਇਆ,ਚੰਦਰਭਾਨ ਨੇ ਮੌਕਾ ਦੇਖਦਿਆ ਗੱਲ ਤੋਰੀ,”ਬੇਟਾ ਤੇਰੀ ਮੰਮੀ ਦੀਆਂ ਅਸਥੀਆਂ ਭਾਰਤ ਜਾ ਕੇ ਉਤਾਰ ਆਈਏ?ਕਈ ਮਹੀਨੇ ਹੋ ਗਏ ਸ਼ਮਸ਼ਾਨ ਘਾਟ ਚ’ ਪਈਆਂ ਨੇ,ਮੇਰੇ ਕੱਲੇ ਚ’ ਜਾਣ ਦੀ ਹਿੰਮਤ ਨਹੀ ਲੰਂਬਾ ਸਫਰ ਏ”।”ਸੁਣਿਆ ਅਸਥੀਆ ਨੂੰ ਬਹੁਤੀ ਦੇਰ ਨਹੀ ਰੱਖੀਦਾ!ਜੇ ਮੈਨੂੰ ਕੁਝ ਹੋ ਗਿਆ ਸਿਵਿਆਂ ਚ’ ਹੀ ਰੁਲਣਗੀਆਂ”।”ਤੇਰੀ ਮੰਮੀ ਦੀ ਇੱਛਾ ਸੀ,ਕਿ ਮੈਂ ਜਿਉਦੇ ਜੀਅ ਤਾਂ ਨਾਂ ਜਾ ਸਕੀ।ਪਰ ਮੇਰੀਆਂ ਅਸਥੀਆਂ ਭਾਰਤ ਜਰੂਰ ਲੈ ਜਾਓ!”

ਬੋਨੀ ਗੱਲ ਕੱਟਦਾ ਬੋਲਿਆ,”ਡੈਡ ਸ਼ਮਸ਼ਾਨ ਘਾਟ ਵਿੱਚ ਕਿੰਨੀ ਦੇਰ ਰੱਖ ਸਕਦੇ ਆ”?”ਵੱਧ ਤੋਂ ਵੱਧ ਇੱਕ ਸਾਲ” “ਥੋੜੀ ਰੁੱਕ ਜਾਨੇ ਆ ਡੈਡ,ਸ਼ਾਇਦ ਤੂੰ ਵੀ ਥੋੜੀ ਦੇਰ ਤੱਕ ਚਲਿਆ ਜਾਵੇਂ”!”ਦੋਵਾਂ ਦੀਆ ਇਕੱਠੀਆਂ ਹੀ ਪਾ ਆਵਾਂਗਾ”।ਪੁੱਤ ਦੇ ਬੋਲ ਸੁਣ ਕੇ ਚੰਦਰਭਾਨ ਦੇ ਪੈਰਾਂ ਥੱਲਿਓ ਜਿਵੇਂ ਜਮੀਨ ਖਿਸਕ ਗਈ ਸੀ।ਉਹ ਪੱਥਰ ਦੀ ਮੂਰਤ ਬਣਿਆ ਉਤਾਂਹ ਵਲ ਵੇਖਣ ਲੱਗ ਪਿਆ।ਥੋੜੀ ਦੇਰ ਬਾਅਦ ਧੜੱਮ ਦੀ ਅਵਾਜ਼ ਆਈ ਚੰਦਰਭਾਨ ਫਰਸ਼ ਤੇ ਪਿਆ ਸੀ।ਉਸ ਦੇ ਅੰਦਰਲਾ ਭੌਰ ਉਡਾਰੀ ਮਾਰ ਗਿਆ ਸੀ।ਸਾਹਮਣੇ ਵਾਲੀ ਖਿੜ੍ਹਕੀ ਦੀਆਂ ਤਾਕੀਆਂ ਤੇਜ਼ ਹਵਾ ਦੇ ਬੁੱਲ੍ਹੇ ਨਾਲ ਠਾਹ੍ਹ ਕਰਕੇ ਬੰਦ ਹੋ ਗਈਆਂ।ਕਿਸੇ ਨੇ ਸੱਚ ਹੀ ਕਿਹਾ ਏ, ਸਮਾ ਚੰਗਾ ਹੈ ਸਭ ਕੁਝ ਤੁਹਾਡਾ,ਸਮਾਂ ਬੁਰਾ ਹੈ ਤੁਹਾਡਾ ਆਪਣਾ ਵੀ ਨਹੀ,!………

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>