ਚੁੱਪ ਦੀ ਆਵਾਜ ਹਨ ਇਹ ਝੁਰੜੀਆਂ।
ਹੈ ਬਚੀ ਜੋ ਲਾਜ ਹਨ ਇਹ ਝੁਰੜੀਆਂ।
ਧੁਨ ਅਗੰਮੀ ਪਿਆਰ ਦੀ ਵੱਜਦੀ ਰਹੇ,
ਇੱਕ ਨਿਰਾਲਾ ਸਾਜ ਹਨ ਇਹ ਝੁਰੜੀਆਂ।
ਬਾਅਦ ਲੰਮੀ ਦੇਰ ਦੇ ਮਿਲਿਆ ਏ ਜੋ,
ਖੂਬਸੂਰਤ ਤਾਜ ਹਨ ਇਹ ਝੁਰੜੀਆਂ।
ਖ਼ਤਮ ਨਾ ਹੋਵੇ ਦੁਆਵਾਂ ਦੀ ਲੜੀ,
ਕਰਦੀਆਂ ਆਗਾਜ਼ ਹਨ ਇਹ ਝੁਰੜੀਆਂ।
ਕੱਤਿਆ ਹੈ ਵਕਤ ਵਾਲੇ ਚਰਖੜੇ,
ਕੰਤ ਖਾਤਰ ਦਾਜ ਹਨ ਇਹ ਝੁਰੜੀਆਂ।
ਲੱਖ ਸਾਗਰ ਹੇਠ ਇਹਨਾਂ ਦੇ ਛੁਪੇ,
ਇੱਕ ਗਹਿਰਾ ਰਾਜ਼ ਹਨ ਇਹ ਝੁਰੜੀਆਂ।
ਸਾਂਭ ਲਏ ਨੇ ਸਾਥ ਦੇ ਪਲ ਯਾਦ ਵਿਚ,
ਹਮ-ਉਮਰ ਲਈ ਨਾਜ਼ ਹਨ ਇਹ ਝੁਰੜੀਆਂ।
ਮੂਲ ਉਹ ਕਿਹੜਾ ਸੀ ਕਿੱਥੇ ਰਹਿ ਗਿਆ,
ਨਿਤ ਵਧੇ ਜੋ ਵਿਆਜ ਹਨ ਇਹ ਝੁਰੜੀਆਂ।
ਰੇਲ ਹੌਲੀ ਹੋਏ ਮੰਜ਼ਲ ਦੇ ਕਰੀਬ,
ਰੁਕਣ ਖਾਤਰ ਰਿਆਜ ਹਨ ਇਹ ਝੁਰੜੀਆਂ।
ਜਿੰਦਗੀ ਦੇ ਵਾਰਸੋ ਕੁਝ ਸਿੱਖ ਲਓ,
ਵਕਤ ਦਾ ਸਿਰਤਾਜ ਹਨ ਇਹ ਝੁਰੜੀਆਂ।
ਸਹਿਜ ਵਿਚ ਅਗਿਆਤ ਅੰਬਰ ਵੱਲ ਨੂੰ,
ਭਰਦੀਆਂ ਪਰਵਾਜ਼ ਹਨ ਇਹ ਝੁਰੜੀਆਂ।
ਤਰਸੀਆਂ ਪੋਤੇ ਦਾ ਮੁੱਖ ਚੁੰਮਣ ਨੂੰ ਕਿਉਂ ?
ਹੋ ਗਈਆਂ ਮੁਹਤਾਜ ਹਨ ਇਹ ਝੁਰੜੀਆਂ।
ਰਿਸ਼ਤਿਆਂ ਦੀ ਸਾਂਝ ਨਾ ਟੁੱਟੇ ਕਦੇ
ਕਹਿਣ ਦਾ ਅੰਦਾਜ ਹਨ ਇਹ ਝੁਰੜੀਆਂ।
ਕਾਸ਼ ਸਾਰੇ ਸਮਝ ਸਕਦੇ ਓਸ ਨੂੰ,
ਕਰਦੀਆਂ ਜੋ ਨਿਆਜ ਹਨ ਇਹ ਝੁਰੜੀਆਂ।
ਤੂੰ “ਰੁਪਾਲ” ਐਵੇਂ ਨਾ ਖੁਸ਼ੀਆਂ ਭਾਲ ਹੁਣ,
ਜਾਪਦੈ ਨਾਰਾਜ਼ ਹਨ ਇਹ ਝੁਰੜੀਆਂ।
