ਆਓ ! ਬਜ਼ੁਰਗਾਂ ਦੀ ਲਚਕਤਾ ਅਤੇ ਸ਼ਾਂਤ ਪਸੰਦ ਸੁਭਾਅ ਨੂੰ ਸਨਮਾਨ ਦੇਈਏ

ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ:–

ਹਰ ਸਾਲ 1ਅਕਤੂਬਰ ਬਜ਼ੁਰਗ ਦਿਵਸ ਵਜੋਂ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਹਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਇਹਨਾਂ ਨੂੰ ਪੇਸ਼ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨ, ਅਤੇ ਬਜੁਰਗ ਵਿਅਕਤੀਆਂ ਨੂੰ ਆਪਣੀ ਸਮਰੱਥਾ ਅਤੇ ਅਧਿਕਾਰਾਂ ਬਾਰੇ ਜਾਗ੍ਰਤ ਕਰਨ ਲਈ ਇਹ ਦਿਨ ਮਨਾਉਂਦਾ ਹੈ।14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਆਪਣੇ ਮਤੇ ਰਾਹੀਂ 1 ਅਕਤੂਬਰ ਦੇ ਦਿਨ ਨੂੰ ਬਜੁਰਗਾਂ ਦੇ ਦਿਨ ਵਜੋਂ ਐਲਾਨ ਕੀਤਾ ਸੀ।ਇਹ ਵੀਆਨਾ ਦੇ ਬੁਢਾਪੇ ਬਾਰੇ ਅੰਤਰਰਾਸ਼ਟਰੀ ਐਕਸ਼ਨ ਪਲੈਨ ਦੇ ਸਿੱਟੇ ਵਜੋਂ ਸੀ,ਜਿਸ ਨੂੰ ਬੁਢਾਪੇ ਬਾਰੇ ਬਣੀ ਵਿਸਵ-ਅਸੈਂਬਲੀ ਨੇ 1982 ਵਿੱਚ ਸਵੀਕਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਯੂ.ਐਨ.ਦੀ ਜਨਰਲ ਅਸੈਂਬਲੀ ਨੇ ਵੀ ਇਸਦੀ ਪ੍ਰੋੜਤਾ ਕਰ ਦਿੱਤੀ ਸੀ।

ਪਿਛਲੇ ਦਹਾਕਿਆਂ ਵਿੱਚ ਵਿਸ਼ਵ-ਜਨਸੰਖਿਆ ਦੀ ਬਣਤਰ ਵਿੱਚ ਵੱਡੀ ਤਬਦੀਲੀ ਆਈ ਹੈ। ਔਸਤ ਉਮਰ 46 ਸਾਲ ਤੋਂ ਵੱਧ ਕੇ 68 ਸਾਲ ਹੋਈ ਹੈ। 2019 ਵਿੱਚ ਵਿਸ਼ਵ ਦੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 703 ਮਿਲੀਅਨ ਸੀ ,ਜੋ ਕਿ ਇੱਕ ਅਨੁਮਾਨ ਅਨੁਸਾਰ 2050 ਤੱਕ ਇਹ ਲੱਗਭੱਗ 1.5 ਬਿਲੀਅਨ ਤੋਂ ਵੱਧ (ਦੁੱਗਣੇ ਤੋਂ ਵੀ ਵੱਧ ),ਹੋ ਜਾਵੇਗੀ। ਤ੍ਰਾਸਦੀ ਇਹ ਵੀ ਕਿ ਇਸ ਦੀ ਦੋ-ਤਿਹਾਈ ਤੋਂ ਵੀ ਵੱਧ (1.1 ਬਿਲੀਅਨ) ਘੱਟ-ਵਿਕਸਿਤ ਅਤੇ ਅਵਿਕਸਿਤ ਦੇਸ਼ਾਂ ਵਿੱਚ ਹੋੇੲਗੀ। ਇਸ ਤਰਾਂ ਵਿਸਵ-ਜਨਸੰਖਿਆ ਦਾ ਵੱਡਾ ਹਿੱਸਾ ਸਾਡੇ ਸਭ ਦਾ ਧਿਆਨ ਮੰਗਦਾ ਹੈ।

ਸਾਨੂੰ ਬਜੁਰਗ ਵਿਅਕਤੀਆਂ ਲਈ ਇਹ ਦਿਨ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਪਹਿਲੀ ਗੱਲ ਉਹ ਸਭ ਸਾਡੇ ਸਤਿਕਾਰ ਦੇ ਪਾਤਰ ਹਨ। ਦੂਜੀ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਕਰਨਾ ਚਾਹੁੰਦੇ ਹਾਂ ਅਤੇ ਤੀਸਰੀ ਇਹ ਕਿ ਅਸੀਂ ਸਭ ਕੁਝ ਨਹੀਂ ਜਾਣਦੇ ਜਦਕਿ ਉਹਨਾਂ ਕੋਲ ਜੀਵਨ-ਤਜਰਬੇ ਦਾ ਵੱਡਾ ਖਜਾਨਾ  ਹੈ।

ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਇੱਕ ਥੀਮ (ਉਦੇਸ਼) ਦਿੰਦਾ ਹੈ,ਸਾਰੀਆਂ ਗਤੀਵਿਧੀਆਂ ਇਸ ਥੀਮ ਤੇ ਹੀ ਕੇਂਦਰਿਤ ਹੁੰਦੀਆਂ ਹਨ।

2025 ਦਾ ਬਜ਼ੁਰਗ ਦਿਵਸ ਦਾ ਥੀਮ :-  ਇਸ ਸਾਲ ਲਈ ਯੂ ਐਨ ਓ ਵਲੋਂ ਦਿੱਤਾ ਗਿਆ ਥੀਮ ਹੈ — : Older Persons Driving Local and Global Action: Our Aspirations, Our Well-Being and Our Rights ਬਜ਼ੁਰਗ ਵਿਅਕਤੀ ਸਥਾਨਕ ਅਤੇ ਵਿਸ਼ਵ ਪੱਧਰੀ ਕਾਰਵਾਈ ਦੇ ਪ੍ਰੇਰਕ – ਸਾਡੀਆਂ ਕਾਮਨਾਵਾਂ , ਸਾਡੀ ਭਲਾਈ ਅਤੇ ਸਾਡੇ ਅਧਿਕਾਰ ।। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਬਜ਼ੁਰਗ ਸਿਰਫ ਲਾਭ ਪਾਤਰੀ ਨਹੀਂ, ਸਗੋਂ ਤਰੱਕੀ ਦੇ ਪ੍ਰੇਰਕ ਹਨ।ਜੋ ਆਰਥਿਕ,ਸਿਹਤ,ਸੁਚੱਜੇਪਣ, ਕੌਮਾਂਤਰੀ ਲਚਕੀਲੇਪਣ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। 2002 ਦਾ “ਮੈਡਰਿਡ ਅੰਤਰਰਾਸ਼ਟਰੀ ਕਾਰਵਾਈ ਯੋਜਨਾ ਬਾਰੇ ਬੁਢਾਪਾ”(MIPAA-Madridd International Plan of Action for Aging) ਅਤੇ ਰਾਜਨੀਤਿਕ ਘੋਸ਼ਣਾ ਪੱਤਰ ਅੱਜ ਵੀ ਬਜ਼ੁਰਗਾਂ ਲਈ ਵਿਸ਼ਵ ਪੱਧਰੀ ਨੀਤੀਆਂ ਦੇ ਮੂਲ ਹਨ। 2025 ਦਾ ਵਿਸ਼ਾ ਇਸ ਗੱਲ ਤੇ ਜੋਰ ਦਿੰਦਾ ਹੈ ਕਿ ਬਜ਼ੁਰਗ ਵਿਅਕਤੀ ਤਬਦੀਲੀ ਦੇ ਨਿਰਮਾਤਾ ਹਨ। ਅਪ੍ਰੈਲ 2025 ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ 81 ਦੇਸ਼ਾਂ ਦੇ ਸਹਿਯੋਗ ਨਾਲ ਫ਼ੈਸਲਾ ਕੀਤਾ ਕਿ ਬਜ਼ੁਰਗ ਵਿਅਕਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨੀ ਉਪਕਰਣ ਤਿਆਰ ਕੀਤਾ ਜਾਵੇ। ਇਹ ਇੱਕ ਇਤਿਹਾਸਕ ਕਦਮ ਹੈ ਜੋ ਬਜ਼ੁਰਗਾਂ ਨੂੰ ਅਧਿਕਾਰ-ਧਾਰੀ ਅਤੇ ਬਦਲਾਅ ਲਿਆਉਣ ਵਾਲੇ ਵਜੋਂ ਮੰਨਦਾ ਹੈ। ਅੱਜ ਦੇ ਤੇਜੀ ਨਾਲ ਬਦਲਦੇ ਲੋਕ-ਅੰਕੜਿਆਂ ਵਿੱਚ ਬਜ਼ੁਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਨੀਤੀਆਂ ਬਣਾਉਣਾ, ਸਿਹਤ ਸੇਵਾਵਾਂ ਤੇ ਸਮਾਜਿਕ ਸੁਰੱਖਿਆ ਤੱਕ ਨਿਆਂਯੋਗ ਪਹੁੰਚ ਦੇਣੀ, ਭੇਦ ਭਾਵ ਮਿਟਾਉਣਾ ਅਤੇ ਉਹਨਾਂ ਦੇ ਸਨਮਾਨ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਬਹੁਤ ਜਰੂਰੀ ਹੈ। ਇਸ ਦਿਵਸ ਦਾ ਸੰਦੇਸ਼ ਇਹ ਹੈ ਕਿ ਬਜ਼ੁਰਗ ਸਮਾਜ ਲਈ ਬੋਝ ਨਹੀਂ ਹਨ, ਸਗੋਂ ਉਹ ਆਪਣੀ ਸਿਆਣਪ ਅਤੇ ਤਜਰਬੇ ਨਾਲ ਭਵਿੱਖ ਨੂੰ ਹੋਰ ਲਚਕੀਲਾ ਅਤੇ ਨਿਆਂ ਸੰਗਤ ਬਣਾਉਣ ਦੇ ਹੱਕਦਾਰ ਹਨ।

ਸੰਯੁਕਤ ਰਾਸ਼ਟਰ ਦੇ ਸਕੱਤਰ ਐਂਟੋਨਿਓ ਗੁਟਰਸ ਦਾ ਇਸ ਦਿਵਸ ਲਈ ਸੰਦੇਸ਼ ਹੈ –

As this year’s theme reminds us, older persons are powerful agents of change. Their voices must be heard in shaping policies, ending age-discrimination, and building inclusive societies. —UN Secretary-General António Guterres

” ਜਿਵੇ ਇਸ ਸਾਲ ਦਾ ਵਿਸ਼ਾ ਸਾਨੂੰ ਯਾਦ ਕਰਾਉਂਦਾ ਹੈ  ਕਿ ਬਜ਼ੁਰਗ ਤਬਦੀਲੀ ਦੇ ਸ਼ਕਤੀਸ਼ਾਲੀ ਕਾਰਕ ਹਨ। ਨੀਤੀਆਂ ਬਣਾਉਣ ਸਮੇਂ, ਉਮਰ-ਵਿਤਕਰਾ ਦੂਰ ਕਰਨ ਸੰਬੰਧੀ, ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਸੰਬੰਧੀ ਉਹਨਾਂ ਦੀ ਆਵਾਜ ਨੂੰ ਸੁਣਨਾ ਚਾਹੀਦਾ ਹੈ।”

ਬਜ਼ੁਰਗਾਂ ਅਤੇ ਨੌਜਵਾਨਾਂ ਵਿੱਚ ਪਾੜਾ ਦਿਨੋ ਦਿਨ ਵੱਧ ਰਿਹਾ ਹੈ। ਦੋਵਾਂ ਦੀ ਸੋਚ, ਰੁਚੀਆਂ, ਵਿਚਾਰ, ਲਚਕੀਲੇਪਣ, ਪਸੰਦ-ਨਾਪਸੰਦ, ਆਦਿ ਵਿੱਚ ਅੰਤਰ ਬਹੁਤ ਜਿਆਦਾ ਬਣ ਗਿਆ ਹੈ। ਸਿਤਮ ਜਰੀਫੀ ਇਹ ਹੈ ਕਿ ਖ਼ਾਸ ਕਰਕੇ ਨੌਜਵਾਨ ,ਬਜ਼ੁਰਗਾਂ ਦੀ ਗੱਲ ਸੁਣਨ ਅਤੇ ਉਸਤੇ ਵਿਚਾਰ ਕਰਨ ਲਈ ਵੀ ਤਿਆਰ ਨਹੀਂ, ਅਮਲ ਕਰਨਾ ਤਾਂ ਦੂਰ ਦੀ ਗੱਲ ਹੈ। ਕੁਝ ਕੁ ਨੁਕਤੇ ਅਤੇ ਸੁਝਾਅ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਬੱਚਿਆਂ ਦੇ ਕਰਨ ਯੋਗ ਕੰਮ :-

1.ਸਿਹਤ ਪੱਖ :- ਬਹੁਤ ਮਹੱਤਵਪੂਰਨ ਪੱਖ ਹੈ ਵੱਧ ਉਮਰ ਵਿੱਚ ਵੀ  ਤੰਦਰੁਸਤੀ ਨੂੰ ਮਾਨਣਾ । ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਜਿਥੇ ਸਰਕਾਰ ਵਲੋਂ ਕੋਈ ਠੋਸ ਉਪਾਅ ਨਹੀਂ ਕੀਤੇ ਗਏ। ਉੱਥੇ ਸਿਹਤ ਸੇਵਾਵਾਂ ਅਤੇ ਦਵਾਈਆਂ ਆਦਿ ਦਾ ਖਰਚਾ ਔਲਾਦ ਨੇ ਹੀ ਕਰਨਾ ਹੁੰਦਾ ਹੈ। ਨੌਜਵਾਨ ਖੁਦ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਸੰਘਰਸ਼ ਕਰ ਰਹੇ ਹੁੰਦੇ ਹਨ। ਮੈਡੀਕਲ ਬੀਮਾ ਸਾਡੇ ਦੇਸ਼ ਵਿਚ ਜਰੂਰੀ ਨਹੀਂ ਹੈ। ਕਿੰਨੇ ਦੁੱਖ ਅਤੇ ਹੈਰਾਨੀ ਦੀ ਗੱਲ ਹੈ ਕਿ ਵਾਹਨਾਂ ਦਾ ਬੀਮਾ ਹੋਣਾ ਜਰੂਰੀ ਹੈ ਪਰ ਮਨੁੱਖੀ ਜੀਵਨ ਦਾ ਜਾਂ ਮੈਡੀਕਲ ਬੀਮਾ ਕਰਵਾਉਣਾ ਸਰਕਾਰ ਵਲੋਂ ਜਰੂਰੀ ਨਹੀਂ ਹੈ। ਸਰਕਾਰੀ ਮੁਲਾਜਮਾਂ ਲਈ ਤਾਂ ਚਲੋ ਫਿਰ ਵੀ ਕੁਝ ਸਿਹਤ ਸਹੂਲਤਾਂ ਹਨ, ਭਾਵੇ ਉਹ ਵੀ ਜਿਆਦਾ ਨਹੀਂ ਹਨ, ਪਰ ਜੋ ਸਰਕਾਰੀ ਨੌਕਰੀ ਨਹੀਂ ਕਰਦੇ, ਉਹਨਾਂ ਲਈ ਕੋਈ ਪ੍ਰਬੰਧ ਨਹੀਂ ਹੈ। ਪ੍ਰਾਈਵੇਟ ਬੀਮਾ ਕੰਪਨੀਆਂ ਕੁਝ ਹਨ, ਪਰ ਜਰੂਰੀ ਨਾ ਹੋਣ ਕਾਰਨ ਬਹੁਤੇ ਪੁਰਾਣੇ ਵਿਅਕਤੀਆਂ ਦਾ ਬੀਮਾ ਜਾਂ ਮੈਡੀਕਲ ਬੀਮਾ ਨਹੀਂ ਕਰਵਾਇਆ ਹੁੰਦਾ। ਅਤੇ ਉਹਨਾਂ ਦਾ ਭਵਿੱਖ ਖ਼ਤਰੇ ਵਿੱਚ ਹੈ।

2.ਸਨਮਾਨ ਪੱਖ :- ਦੂਸਰੀ ਮੁੱਖ ਲੋੜ ਜੋ ਇਸ ਉਮਰ ਵਿਚ ਹੁੰਦੀ ਹੈ, ਉਹ ਹੈ ਮਾਣ ਸਨਮਾਨ ਦੀ।  ਇਹ ਮਨੁੱਖ ਦੀ ਸਭ ਤੋਂ ਵੱਡੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਪਰਿਵਾਰ ਦੇ ਅੰਦਰੋਂ ਪੁੱਤਰ ਨੂੰਹਾਂ ਦੀ ਜਿੰਮੇਵਾਰੀ ਬਣਦੀ ਹੈ। ਸੁੱਖ ਸਹੂਲਤਾਂ ਨਾਲੋਂ ਵੀ ਇਸਦੀ ਲੋੜ ਵੱਡੀ ਹੈ। ਇਹਨਾਂ ਬਜ਼ੁਰਗਾਂ ਨੇ ਜਿੰਦਗੀ ਵਿੱਚ ਬਹੁਤ ਸੰਘਰਸ਼ ਦੇਖੇ ਹੁੰਦੇ ਹਨ, ਉਹ ਆਰਥਿਕ ਘਾਟ ,ਸਹੂਲਤਾਂ ਦੀ ਘਾਟ ਨੂੰ ਫਿਰ ਵੀ ਸਹਿਣ ਕਰ ਲੈਣਗੇ, ਪਰ ਉਹਨਾਂ ਦੀ ਰੂਹ ਉਦੋਂ ਜਖਮੀ ਹੋ ਜਾਂਦੀ ਹੈ, ਜਦੋਂ ਉਹਨਾਂ ਦੀ ਆਪਣੀ ਔਲਾਦ ਹੀ ਆਪਣੇ ਆਪ ਨੂੰ ਜਿਆਦਾ ਸਮਝਦਾਰ ਸਮਝਦੀ ਹੋਈ, ਉਹਨਾਂ ਦੀ ਗੱਲ ਸੁਣਨੀ ਜਾਂ ਸਲਾਹ ਲੈਣੀ ਤਾਂ ਦੂਰ, ਉਲਟਾ ਉਹਨਾਂ ਨੂੰ ਨਸੀਹਤਾਂ ਦੇ ਰਹੇ ਹੁੰਦੇ ਹਨ। ਅਤੇ ਉਹਨਾਂ ਨਾਲ ਮਿੱਠਤ ਨਾਲ ਗੱਲ ਕਰਨ ਦੀ ਜਗ੍ਹਾ ਰੁੱਖੇਪਣ ਨਾਲ ਪੇਸ਼ ਆਉਂਦੇ ਹਨ। ਕੁਝ ਕੁ ਤਬਦੀਲੀ ਬਜ਼ੁਰਗਾਂ ਨੂੰ ਵੀ ਆਪਣੇ ਸੁਭਾਅ ਵਿੱਚ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੀ ਕੁਝ ਕੱਟੜਤਾ ਛੱਡਣ ਦੀ ਲੋੜ ਹੈ।

ਇੱਕ ਸ਼ੇਅਰ ਯਾਦ ਆ ਰਿਹਾ ਹੈ, ਜੋ ਬੇਸ਼ਕ ਗੁਰੂ ਸ਼ਿਸ਼ ਦੇ ਆਰਥਿਕ ਪੱਖ ਲਈ ਠੀਕ ਹੈ, ਪਰ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਸਨਮਾਨ ਪੱਖ ਤੇ ਪੂਰਾ ਢੁੱਕਦਾ ਹੈ। ਇਹ ਸ਼ੇਅਰ ਹੈ …

ਸ਼ਿਸ਼ ਕੋ ਐਸਾ ਚਾਹੀਏ, ਗੁਰ ਕਉ ਸਰਬਸੁ ਦੇਇ ।।
ਗੁਰ ਕਉ ਐਸਾ ਚਾਹੀਏ, ਸ਼ਿਸ਼ ਕਾ ਕਿਛੂ ਨ ਲੇਇ ।।

ਹੁਣ ਇਸੇ ਤਰਾਂ ਕਹਿ ਸਕਦੇ ਹਾਂ ਕਿ ਬੱਚੇ ਅਜਿਹੇ ਹੋਣ ਜਿਹੜੇ ਹਰ ਕਦਮ ਤੇ ਮਾਪਿਆਂ ਦੀ ਇਜਾਜ਼ਤ ਲੈ ਕੇ ਚੱਲਣ, ਉਹਨਾਂ ਦੀ ਹਰ ਗੱਲ ਆਪਣੀ ਜਿੰਦਗੀ ਲਈ ਵੀ ਮੰਨਣ ਲਈ ਤਿਆਰ ਹੋਣ, ਪਰ ਦੂਜੇ ਪਾਸੇ ਬਜ਼ੁਰਗ ਇਹੋ ਜਿਹੀ ਮਾਨਸਿਕ ਅਵਸਥਾ ਦੇ ਹੋਣ ਕਿ ਉਹ ਔਲਾਦ ਤੇ ਬਹੁਤੀਆਂ ਆਸਾਂ ਨਾ ਰੱਖਦੇ ਹੋਣ। ਜਿਆਦਾ ਨਿਰਭਰਤਾ ਔਲਾਦ ਤੇ ਨਾ ਹੋਵੇ। ਜਿੰਨਾ ਉਹ ਆਪ ਕੰਮ ਕਰ ਸਕਦੇ ਹੋਣ, ਜਰੂਰ ਕਰਨ। ਬੱਚਿਆਂ ਨੂੰ ਉਹਨਾਂ ਦੇ ਆਪਣੇ ਅੰਦਾਜ ਵਿੱਚ ਜਿਊਣ ਦੇਣ। ਉਹਨਾਂ ਦੇ ਖਾਣ, ਪਹਿਨਣ ਜਾਂ ਹੋਰ ਆਧੁਨਿਕ ਯੁੱਗ ਦੇ ਰਹਿਣ ਸਹਿਣ ਤੇ ਫਜ਼ੂਲ ਦੀ ਟੋਕਾ ਟਾਕੀ ਨਾ ਕਰਨ। ਬੱਚੇ ਜੇ ਸ਼ਬਦਾਂ ਵਿੱਚ ਹੀ ਮਿੱਠਤ ਅਤੇ ਮਾਣ ਸਤਿਕਾਰ ਬਣਾਈ ਰੱਖਣ, ਇਸ ਨਾਲ ਵੀ ਉਹਨਾਂ ਨੂੰ ਵੱਡੀ ਮਾਨਸਿਕ ਤੱਸਲੀ ਮਿਲਦੀ ਰਹੇਗੀ । ਕਦੇ ਉਹਨਾਂ ਦੀ ਪਸੰਦ ਦਾ ਖਾਣਾ ਬਣਾ ਦਿਓ, ਕਦੇ ਉਹਨਾਂ ਨੂੰ ਚੰਗਾ ਲੱਗਦਾ ਕੋਈ ਪ੍ਰੋਗਰਾਮ ਉਹਨਾਂ ਦੇ ਨਾਲ ਬੈਠ ਕੇ ਦੇਖੋ। ਸਦਾ ਹੀ ਮੰਦਰ ਗੁਰਦੁਆਰੇ ਹੀ ਨਾ ਲੈ ਕੇ ਜਾਓ, ਕਦੇ ਕਦੇ ਨਵੇਂ ਜਗਤ ਦੀਆਂ ਨਵੀਆਂ ਚੀਜਾਂ ਵੀ ਉਹਨਾਂ ਨੂੰ ਦਿਖਾਓ। ਕੋਈ ਨਵੀਂ ਜਾਣਕਾਰੀ ਸਾਂਝੀ ਕਰਦੇ ਰਹੋ। ਆਪਣੀਆਂ ਪ੍ਰਾਪਤੀਆਂ ਉਹਨਾਂ ਨੂੰ ਜਰੂਰ ਦੱਸੋ। ਕਦੇ ਕੋਈ ਪੁਰਾਣੇ ਗੁਰ ਸਿੱਖੋ, ਉਹਨਾਂ ਦੇ ਤਜਰਬੇ ਸੁਣੋ। ਉਹਨਾਂ ਤੋਂ ਨਵੇਂ ਜਮਾਨੇ ਦੀ ਫੀਡਬੈਕ ਜਰੂਰ ਲਵੋ।

3.ਛੋਟੇ ਬੱਚਿਆਂ ਵਾਂਗ ਖਿਆਲ ਰੱਖਣਾ :- ਜੀ ਹਾਂ, ਬਜ਼ੁਰਗਾਂ ਦਾ ਧਿਆਨ ਬਹੁਤ ਛੋਟੇ ਬੱਚਿਆਂ ਵਾਂਗ ਰੱਖੇ ਜਾਣ ਦੀ ਲੋੜ ਹੈ। ਜਿਵੇਂ ਛੋਟੇ ਬੱਚਿਆਂ ਦੇ ਸਰਬੁ ਪੱਖੀ ਵਿਕਾਸ ਬਾਰੇ ਮਾਪੇ ਫਿਕਰ ਕਰਦੇ ਹਨ ਅਤੇ ਉਹਨਾਂ ਨੂੰ ਹਰ ਤਰਾਂ ਦੀ ਸਿਖਲਾਈ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਸ਼ੌਕ ਅਤੇ ਮਨੋਰੰਜਨ ਲਈ ਵੀ ਮਾਪੇ ਆਪਣਾ ਸਮਾਂ, ਧਨ ਅਤੇ ਊਰਜਾ ਖਰਚਣ ਲੱਗਿਆਂ ਕਦੇ ਔਖ ਮਹਿਸੂਸ ਨਹੀਂ ਕਰਦੇ, ਸਗੋਂ ਇਹ ਸਭ ਖੁਸ਼ੀ ਨਾਲ ਕਰਦੇ ਹਨ। ਪਰ ਜਦੋਂ ਇਹ ਬਜ਼ੁਰਗਾਂ ਨਾਲ ਸੰਬੰਧਿਤ ਗੱਲ ਆਉਂਦੀ ਹੈ, ਉੱਥੇ ਕਦੇ ਖਰਚ ਵੱਧ ਲੱਗਣ ਲੱਗਦਾ ਹੈ, ਕਦੇ ਉਹਨਾਂ ਲਈ ਸਮਾਂ ਨਹੀਂ ਹੈ। ਕਦੇ ਖੇਚਲ ਵਾਹਵਾ ਮੰਨਦੇ ਹਨ। ਜਿਹਨਾਂ ਨੇ ਤੁਹਾਨੂੰ ਆਪਣੇ ਪੈਰਾਂ ਤੇ ਖੜ੍ਹੇ ਕੀਤਾ ਹੈ, ਤੁਹਾਨੂੰ ਤੁਰਨਾ ਬੋਲਣਾ ਸਿਖਾਇਆ ਹੈ, ਕੁਝ ਫਰਜ ਹੁਣ ਤੁਹਾਡੇ ਵੀ ਹਨ। ਉਹਨਾਂ ਨੂੰ ਤੁਹਾਡੇ ਵਕਤ ਦੀ ਖ਼ਾਸ ਲੋੜ ਹੈ। ਉਹਨਾਂ ਦੀ ਪਸੰਦ ਅਤੇ ਰੁਚੀਆਂ ਲਈ ਵੀ ਕੁਝ ਸਮਾਂ ਅਤੇ ਧਨ ਖਰਚਣ ਤੋਂ ਝਿਜਕ ਨਾ ਦਿਖਾਓ। ਤੁਹਾਡੀ ਵਲੋਂ ਦਿਖਾਏ ਗਏ ਹਲਕੇ ਸਤਿਕਾਰ ਨਾਲ ਹੀ ਉਹਨਾਂ ਦੀਆਂ ਬਹੁਤ ਬਿਮਾਰੀਆਂ ਠੀਕ ਹੋ ਜਾਣਗੀਆਂ। ਕਿਉਂਕਿ ਮਨ ਜੇ ਸ਼ਾਂਤ ਅਤੇ ਸੰਤੁਸ਼ਟ ਹੈ ਉਹ ਕਾਫੀ ਹੱਦ ਤੱਕ ਸਰੀਰ ਨੂੰ ਵੀ ਕਾਇਮ ਰੱਖ ਸਕਦਾ ਹੈ।

4.ਦਿਮਾਗ ਨਾਲ ਨਹੀਂ, ਦਿਲ ਨਾਲ ਰਿਸ਼ਤੇ ਨਿਭਾਓ :- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਪੀੜ੍ਹੀ ਦੇ ਨੌਜਵਾਨਾਂ ਕੋਲ ਵਧੇਰੇ ਗਿਆਨ ਹੈ। ਉਹ ਹਾਈ ਟੈਕ ਹਨ ਅਤੇ ਸਕਿੰਟਾਂ ਵਿੱਚ ਦੇਸ਼ ਵਿਦੇਸ਼ ਦੀ ਮਨਚਾਹੀ ਵਸਤੂ ਜਾਂ ਘਟਨਾ ਬਾਰੇ ਜਾਣਕਾਰੀ ਲੈ ਸਕਦੇ ਹਨ। ਪਰ ਇਹ ਮੰਨ ਕੇ ਚੱਲੋ ਕਿ ਪੂਰਨ ਕੋਈ ਵੀ ਨਹੀਂ ਹੁੰਦਾ ਅਤੇ ਬਜ਼ੁਰਗ ਹੁਣ ਢਲਦੀ ਛਾਂ ਹੋਣ ਕਾਰਨ ਆਪਣੇ ਗਿਆਨ ਨੂੰ ਬਹੁਤਾ ਨਵਿਆ ਨਹੀਂ ਰਹੇ। ਉਹਨਾਂ ਦੀ ਗਤੀਸ਼ੀਲਤਾ ਵੀ ਘੱਟ ਹੈ ਅਤੇ ਨਵੇਂ ਤਜਰਬੇ ਵੀ ਘਟ ਗਏ ਹਨ। ਕੁਝ ਸਿਖਣ ਬਿਰਤੀ ਅਤੇ ਯਾਦ ਵੀ ਪਹਿਲਾਂ ਜਿੰਨੀ ਨਹੀਂ ਰਹੀ। ਇਸਲਈ ਜੇ ਕਿਧਰੇ ਉਹ ਤੁਹਾਡੇ ਗਿਆਨ ਜਾਂ ਤਕਨਾਲੌਜੀ ਪੱਖ ਦੇ ਬਰਾਬਰ ਨਹੀਂ ਹਨ, ਤਾਂ ਖੁਸ਼ੀ ਨਾਲ ਅਤੇ ਸਤਿਕਾਰ ਨਾਲ ਉਹਨਾਂ ਦੀ ਮੱਦਦ ਕਰੋ। ਤੁਸੀਂ ਜਰਾ ਕੁ ਅੱਗੇ ਲੱਗੋ ,ਤਾਂ ਉਹ ਨਵੀ ਤਕਨਾਲੌਜੀ ਦੇ ਉਪਕਰਣ ਵੀ ਵਰਤਣਾ ਸਿੱਖ ਜਾਣਗੇ। ਹਰ ਨਵਾਂ ਗਿਆਨ ਉਹਨਾਂ ਨੂੰ ਮਿੱਠਤ ਪਿਆਰ ਅਤੇ ਸਤਿਕਾਰ ਨਾਲ ਦਿੱਤਾ ਜ਼ਾ ਸਕਦਾ ਹੈ। ਆਪਣੇ ਵਧੇਰੇ ਗਿਆਨਵਾਨ ਹੋਣ ਤੇ ਹੰਕਾਰੀ ਨਾ ਹੋ ਜਾਵੋ, ਉਹਨਾਂ ਦੇ ਪੁਰਾਣੇ ਗਿਆਨ ਨੂੰ ਅਤੇ ਤਜਰਬੇ ਨੂੰ ਇੱਕਦਮ ਹੀ ਰੱਦ ਨਾ ਕਰਦੇ ਚੱਲੋ। ਕੁਝ ਜੋ ਲੈ ਸਕਦੇ ਹੋ, ਲਓ ਵੀ । ਵਰਨਾ ਸਤਿਕਾਰ ਨਾਲ ਮੁਆਫੀ ਮੰਗ ਲਵੋ, ਉਹ ਗੁੱਸਾ ਨਹੀਂ ਕਰਨਗੇ ਜਦੋ ਤੁਸੀਂ ਵਕਤ ਤਬਦੀਲੀ, ਦੇ ਨਾਲ ਨਾਲ ਪੁਰਾਤਨਤਾ ਨੂੰ ਅਪਨਾਉਣ ਤੋਂ ਇਨਕਾਰ ਵੀ ਕਰੋ। ਖਿਆਲ ਸਿਰਗ ਇਹ ਰੱਖਣਾ ਹੈ ਕਿ ਉਹਨਾਂ ਦੇ ਦਿਲ ਨੂੰ ਠੇਸ ਨਾ ਪਹੁੰਚੇ। ਕਾਫੀ ਹੱਦ ਤੱਕ ਉਹ ਆਪਣੇ ਬੱਚਿਆਂ ਦੀ ਹਰ ਗੱਲ ਮੰਨ ਹੀ ਰਹੇ ਹਨ।

ਬਜ਼ੁਰਗਾਂ ਲਈ ਕੁਝ ਸੁਝਾਅ :- ਸਭ ਤੋਂ ਵੱਡੀ ਗੱਲ ਕਿ ਆਪਣੇ ਆਪ ਨੂੰ ਬੇਕਾਰ ਅਤੇ ਫਜ਼ੂਲ ਨਾ ਸਮਝੋ। ਆਪਣੀ ਨਿਗਾਹ ਵਿਚ ਆਪਣਾ ਸਨਮਾਨ ਬਣਾ ਕੇ ਰੱਖੋ। ਕੁਝ ਨੁਕਤੇ ਪੇਸ਼ ਕਰ ਰਹੇ ਹਾਂ

1 ਸਾਰੀ ਸੰਪਤੀ ਅਤੇ ਆਮਦਨ ਬੱਚਿਆਂ ਨੂੰ ਨਾ ਦੇਵੋ, ਭਾਵੇਂ ਉਹ ਕਿੰਨੇ ਵੀ ਆਗਿਆਕਾਰ ਕਿਉ ਨਾ ਹੋਣ। ਕੁਝ ਆਪਣੇ ਹੱਥ ਵਿਚ ਜਰੂਰ ਰੱਖੋ। ਸਮੇਂ ਸਮੇਂ ਤੇ ਕੁਝ ਹਿੱਸਾ ਬੱਚਿਆਂ ਨੂੰ ਦਿੰਦੇ ਵੀ ਰਹੋ। ਸਤਿਕਾਰ ਬਣਿਆ ਰਹੇਗਾ।

2.ਆਪਣੀ ਸਿਹਤ ਦਾ ਆਪ ਖਿਆਲ ਰੱਖਣਾ ਸਿੱਖੋ। ਸੰਤੁਲਿਤ ਭੋਜਨ, ਲੋੜ ਅਨੁਸਾਰ ਸੈਰ ਜਾਂ ਹਲਕੀ ਕਸਰਤ, ਠੀਕ ਅਰਾਮ ਅਤੇ ਨੀਂਦ ਇੱਕ ਤੰਦਰੁਸਤ ਵਿਅਕਤੀ ਲਈ ਬਹੁਤ ਜਰੂਰੀ ਹਨ।

3. ਜਿੰਨਾ ਹੋ ਸਕੇ, ਕੁਝ ਕੰਮ ਜਰੂਰ ਕਰਦੇ ਰਹੋ। ਸਿਰਫ ਧਨ ਪ੍ਰਾਪਤੀ ਲਈ ਹੀ ਨਹੀਂ, ਕੰਮ ਤੁਹਾਡਾ ਵਿਸ਼ਵਾਸ਼ ਵੀ ਵਧਾਏਗਾ ਅਤੇ ਤਨ ਮਨ ਨੂੰ ਵੀ ਠੀਕ ਰੱਖੇਗਾ।

4.ਹਰ ਨਵੀਨਤਾ ਦਾ ਸਵਾਗਤ ਕਰੋ। ਨਵੀਂ ਪੀੜ੍ਹੀ ਦੀਆਂ ਨਵੀਆਂ ਗੱਲਾਂ ਐਵੇਂ ਹੀ ਨਿੰਦੀ ਨਾ ਜਾਵੋ। ਜਮਾਨੇ ਦੇ ਵਿਕਾਸ ਲਈ ਕੁਝ ਪੁਰਾਣੀਆਂ ਗੱਲਾਂ ਨੇ ਖਤਮ ਵੀ ਹੋਣਾ ਹੁੰਦਾ ਹੈ। ਧਾਰਮਿਕ ਵਿਚਾਰ ਤੇ ਨੈਤਿਕ ਕੀਮਤਾਂ ਸਿਰਫ ਪਿਆਰ ਨਾਲ ਹੀ ਨਵੀਂ ਪੀੜ੍ਹੀ ਨੂੰ ਸਿਖਾਈਆ ਜਾ ਸਕਦੀਆਂ ਹਨ, ਐਵੇਂ ਠੋਸਣ ਦੀ ਜਿੱਦ ਨਾ ਕਰ ਬੈਠਣਾ ।

5. ਆਪਣੇ ਮਨ ਨੂੰ ਰੁੱਝੇ ਰੱਖਣ ਲਈ ਕੋਈ ਸ਼ੌਕ ਜਰੂਰ ਪਾਲੋ। ਕੋਈ ਪੜ੍ਹਨਾ, ਲਿਖਣਾ, ਸੰਗੀਤ, ਜੋ ਵੀ ਤੁਹਾਡੀ ਰੁਚੀ ਹੈ,ਉਸ ਅਨੁਸਾਰ ਆਪਣੇ ਗਿਆਨ ਨੂੰ ਨਵਿਆਉਂਦੇ ਰਹੋ। ਨਵੀਆਂ ਦੋਸਤੀਆਂ ਜਰੂਰ ਬਣਾਓ। ਸਭਾ ਸੋਸਾਇਟੀਆਂ ਦੇ ਮੈਂਬਰ ਬਣ ਕੇ ਸਮਾਜ ਲਈ ਵੀ ਕੁਝ ਕਰਦੇ ਰਹੋ।

6. ਜਿੱਥੋਂ ਤੱਕ ਹੋ ਸਕੇ, ਪਰਿਵਾਰ ਦੇ ਕੰਮ ਜਰੂਰ ਆਓ। ਪੋਤੇ ਪੋਤੀਆਂ ਨਾਲ ਹੀ ਨਹੀਂ, ਗੁਆਂਢੀ ਬੱਚਿਆਂ ਨਾਲ ਵੀ ਪਿਆਰ ਪਾ ਕੇ ਰੱਖੋ।

7.ਨਵੀਆਂ ਥਾਵਾਂ ਤੇ ਮੌਕਾ ਮਿਲੇ, ਜਰੂਰ ਜਾਓ। ਹੋ ਸਕੇ ਨਵੀਆਂ ਭਾਸ਼ਾਵਾਂ ਵੀ ਸਿੱਖੋ।

ਭਾਵ ਇਹ ਕਿ ਜ਼ਿੰਦਾਦਿਲੀ ਨਾਲ ਰਹੋ। ਆਪਣੇ ਖੁਦ ਨੂੰ ਪਹਿਚਾਣੋ। ਤੁਹਾਡੇ ਵਿੱਚ ਬਹੁਤ ਸਮਰਥਾਵਾ ਹਨ। ਤੁਸੀਂ ਬਿਲਕੁਲ ਕਮਜ਼ੋਰ ਨਹੀਂ ਹੋ। ਆਪਣੇ ਆਖਰੀ ਸਾਹ ਤੱਕ ਸਮਾਜ ਨੂੰ ਆਪਣੀ ਲੋੜ ਮਹਿਸੂਸ ਕਰਵਾਉਂਦੇ ਰਹੋ। ਤਦ ਹੀ ਜੀਵਨ ਦਾ ਇਹ ਆਖਰੀ ਪੰਧ ਸੁਖਾਵਾਂ ਹੋ

 

 

 

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>