ਅੰਮ੍ਰਿਤਸਰ – ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਸਾਬਕਾ ਸੀਨੀਅਰ ਜੰਗਲਾਤ ਅਧਿਕਾਰੀ ਅਤੇ ਪ੍ਰਸਿੱਧ ਆਈਐਫਐਸ ਅਧਿਕਾਰੀ ਸ. ਜਸਜੀਤ ਸਿੰਘ ਸਮੁੰਦਰੀ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਧਾਰਮਿਕ ਬਿਰਤੀ ਵਾਲੇ ਸ. ਜਸਜੀਤ ਸਿੰਘ, ਸਾਬਕਾ ਅਮਰੀਕੀ ਰਾਜਦੂਤ ਅਤੇ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਦੇ ਵੱਡੇ ਭਰਾ ਸਨ ਅਤੇ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਵਿੱਚ ਅੱਜ ਸਵੇਰੇ ਆਪਣੇ ਅਖੀਰਲੇ ਸਾਹ ਲਏ।
ਪ੍ਰੋ. ਖਿਆਲਾ ਨੇ ਕਿਹਾ ਕਿ ਸ. ਜਸਜੀਤ ਸਿੰਘ ਸਮੁੰਦਰੀ ਦਾ ਪਰਿਵਾਰ ਸਿੱਖ ਇਤਿਹਾਸ ਅਤੇ ਜਨਸੇਵਾ ਦੀਆਂ ਮਹਾਨ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਉਹ ਸ. ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਅਤੇ ਮਹਾਨ ਸਿੱਖ ਸ਼ਖ਼ਸੀਅਤ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤੇ ਸਨ। ਸ. ਤੇਜਾ ਸਿੰਘ ਸਮੁੰਦਰੀ ਦਾ ਨਾਮ ਸਿੱਖ ਪੰਥ ਦੀ ਆਜ਼ਾਦੀ, ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਤੇ ਗੁਰਮਤਿ ਅਧਾਰਿਤ ਮੋਰਚਿਆਂ ਨਾਲ ਸਦਾ ਜੁੜਿਆ ਰਹੇਗਾ।
ਪ੍ਰੋ. ਖਿਆਲਾ ਨੇ ਕਿਹਾ ਕਿ ਸਮੁੰਦਰੀ ਪਰਿਵਾਰ ਨੇ ਹਮੇਸ਼ਾਂ ਪ੍ਰਸ਼ਾਸਨਿਕ, ਸਮਾਜਿਕ ਅਤੇ ਧਾਰਮਿਕ ਮੈਦਾਨ ਵਿੱਚ ਕੌਮ ਅਤੇ ਦੇਸ਼ ਲਈ ਅਮੁੱਲੀਆਂ ਸੇਵਾਵਾਂ ਨਿਭਾਈਆਂ ਹਨ। ਇਸ ਵੱਡੀ ਵਿਰਾਸਤ ਦੇ ਉੱਤਰਾਧਿਕਾਰੀ ਸ. ਜਸਜੀਤ ਸਿੰਘ ਦਾ ਵਿਛੋੜਾ ਸਿਰਫ ਪਰਿਵਾਰ ਲਈ ਨਹੀਂ ਸਗੋਂ ਸਮੁੱਚੀ ਸੰਗਤ ਅਤੇ ਸਮਾਜ ਲਈ ਵੀ ਅਪੂਰਣੀਯ ਘਾਟਾ ਹੈ।
ਇਸ ਦੁਖਦ ਘੜੀ ਵਿੱਚ ਪ੍ਰੋ. ਖਿਆਲਾ ਨੇ ਸਮੁੰਦਰੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰੇ।
