ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਝਟਕਾ ਦਿੰਦੇ ਹੋਏ ਇਟਲੀ ਦੀ ਨਿਓਸ ਏਅਰ ਨੇ 8 ਅਕਤੂਬਰ, 2025 ਤੋਂ ਮਿਲਾਨ ਰਾਹੀਂ ਆਪਣੀ ਅੰਮ੍ਰਿਤਸਰ-ਟੋਰਾਂਟੋ ਸੇਵਾ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਵੱਲੋਂ ਆਪਣੀ ਵੈਬਸਾਈਟ ‘ਤੇ ਜਾਰੀ ਕੀਤੇ ਬਿਆਨ ਅਨੁਸਾਰ, ਮਿਲਾਨ ਰਾਹੀਂ ਟੋਰਾਂਟੋ ਲਈ ਉਡਾਣ ਬੰਦ ਕਰਨ ਦਾ ਕਾਰਨ “ਮੌਜੂਦਾ ਅੰਤਰਰਾਸ਼ਟਰੀ ਜੀਓ-ਪੋਲਿਟਿਕਲ (ਭੂ-ਰਾਜਨੀਤਿਕ) ਅਸਥਿਰਤਾ ਅਤੇ ਇਸ ਰੂਟ ਲਈ ਸਵਾਰੀਆਂ ਦੀ ਬੁਕਿੰਗ ਵਿੱਚ ਕਮੀ” ਦੱਸਿਆ ਗਿਆ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜੋ ਕਿ ਅੰਮ੍ਰਿਤਸਰ ਤੋਂ ਬਿਹਤਰ ਹਵਾਈ ਸੇਵਾਵਾਂ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਨੇ ਇਸ ਉਡਾਣ ਦੇ ਮੁਅੱਤਲ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ, ਇਨੀਸ਼ੀਏਟਿਵ ਦੇ ਅਮਰੀਕਾ ਸਥਿੱਤ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕੈਨੇਡਾ ਤੋਂ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕਿਹਾ, “ਇਹਨਾਂ ਉਡਾਣਾਂ ਦਾ ਮੁਅੱਤਲ ਹੋਣਾ ਕੈਨੇਡਾ ਵਿੱਚ ਹਜ਼ਾਰਾਂ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਲਈ ਇੱਕ ਵੱਡਾ ਝਟਕਾ ਹੈ ਜੋ ਅੰਮ੍ਰਿਤਸਰ ਲਈ ਇਸ ਸੁਵਿਧਾਜਨਕ ਹਵਾਈ ਸੰਪਰਕ ‘ਤੇ ਨਿਰਭਰ ਕਰਦੇ ਹਨ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਤੋਂ ਕੈਨੇਡਾ ਅਤੇ ਹੋਰਨਾਂ ਮੁਲਕਾਂ ਤੱਕ ਹਵਾਈ ਸੰਪਰਕ ਲਈ ਸਰਕਾਰਾਂ ਅਤੇ ਏਅਰਲਾਈਨਾਂ ਨਾਲ ਉਡਾਣਾਂ ਸ਼ੁਰੂ ਕਰਨ ਲਈ ਵਕਾਲਤ ਜਾਰੀ ਰੱਖਾਂਗੇ।”
ਉਨ੍ਹਾਂ ਅੱਗੇ ਜ਼ੋਰ ਦਿੱਤਾ, “ਨਿਓਸ ਏਅਰ ਨੇ ਅਪ੍ਰੈਲ 2023 ਤੋਂ ਏਅਰ ਇੰਡੀਆ ਅਤੇ ਹੋਰਨਾਂ ਦੇ ਮੁਕਾਬਲੇ ਇੱਕ ਛੋਟੀ ਏਅਰਲਾਈਨ ਹੋਣ ਦੇ ਬਾਵਜੂਦ ਇਸ ਹਵਾਈ ਸੰਪਰਕ ਨੂੰ ਇਹਨੇ ਲੰਮੇ ਸਮੇਂ ਲਈ ਚਲਾਇਆ। ਹੁਣ ਸਮਾਂ ਆ ਗਿਆ ਹੈ ਕਿ ਏਅਰ ਇੰਡੀਆ ਇਸ ਰੂਟ ਦੀ ਮਹੱਤਤਾ ਨੂੰ ਸਮਝੇ ਅਤੇ ਭਵਿੱਖ ਵਿੱਚ ਅੰਮ੍ਰਿਤਸਰ-ਟੋਰਾਂਟੋ ਦਰਮਿਆਨ ਸਿੱਧੀ ਉਡਾਣ ਜਲਦ ਹੀ ਸ਼ੁਰੂ ਕਰੇ। ਏਅਰ ਇੰਡੀਆ ਹੀ ਪੰਜਾਬੀ ਭਾਈਚਾਰੇ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੈ।”
ਹਾਲਾਂਕਿ ਹਫਤੇ ‘ਚ ਸਿਰਫ ਇੱਕ ਦਿਨ ਚਲਦੀ ਇਸ ਉਡਾਣ ਦੀ ਮੁਅੱਤਲੀ ਨਿਰਾਸ਼ਾਜਨਕ ਹੈ, ਯਾਤਰੀਆਂ ਕੋਲ ਅਜੇ ਵੀ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਕਤਰ ਏਅਰਵੇਜ਼ ‘ਤੇ ਟੋਰਾਂਟੋ ਪਹੁੰਚਣ ਦੇ ਵਿਕਲਪ ਹਨ। ਗੁਮਟਾਲਾ ਨੇ ਅੱਗੇ ਕਿਹਾ, “ਏਅਰ ਇੰਡੀਆ ਵੀ ਅੰਮ੍ਰਿਤਸਰ ਨੂੰ ਦਿੱਲੀ ਰਾਹੀਂ ਆਪਣੀ ਸਿੱਧੀ ਉਡਾਣ ਨਾਲ ਜੋੜਦੀ ਹੈ। ਅੰਮ੍ਰਿਤਸਰ ਤੋਂ ਹੋਰ ਅੰਤਰਰਾਸ਼ਟਰੀ ਸੇਵਾਵਾਂ ਨੂੰ ਜਾਇਜ਼ ਠਹਿਰਾਉਣ ਵਾਸਤੇ ਏਅਰਲਾਈਨਾਂ ਲਈ, ਯਾਤਰੀਆਂ ਦੀ ਗਿਣਤੀ ਬਹੁਤ ਮਹੱਤਵਪੂਰਨ ਹੈ। ਪੰਜਾਬੀਆਂ ਨੂੰ ਵੱਧ ਤੋਂ ਵੱਧ ਭਾਂਵੇ ਦਿੱਲੀ ਰਾਹੀਂ ਹੀ ਹੋਵੇ, ਅੰਮ੍ਰਿਤਸਰ ਲਈ ਉਡਾਣ ਲੈਣ ਦੀ ਚੋਣ ਕਰਨੀ ਕਰਨੀ ਚਾਹੀਦੀ ਹੈ। ਅੰਮ੍ਰਿਤਸਰ ਤੋਂ ਮਜ਼ਬੂਤ ਯਾਤਰੀ ਆਵਾਜਾਈ ਏਅਰ ਇੰਡੀਆ ਅਤੇ ਹੋਰਨਾਂ ਏਅਰਲਾਈਨਾਂ ਨਾਲ ਭਵਿੱਖ ਵਿੱਚ ਸਿੱਧੀਆਂ ਸੇਵਾਵਾਂ ਦਾ ਵਿਸਤਾਰ ਕਰਨ ਵਿੱਚ ਸਾਡੀ ਮੰਗ ਨੂੰ ਮਜਬੂਤ ਕਰੇਗੀ।”
ਢਿੱਲੋਂ ਨੇ ਅਪੈ੍ਰਲ 2023 ਤੋਂ ਟੋਰਾਂਟੋ ਲਈ ਚਲਾਈ ਜਾ ਰਹੀ ਇਸ ਉਡਾਣ ਸੇਵਾ ਲਈ ਨਿਓਸ ਏਅਰ ਦੀ ਸ਼ਲਾਘਾ ਕੀਤੀ। ਉਹਨਾਂ ਅੱਗੇ ਕਿਹਾ, “ਸਾਨੂੰ ਉਮੀਦ ਹੈ ਕਿ ਜਦੋਂ ਸਥਿਤੀ ‘ਚ ਸੁਧਾਰ ਹੋਵੇਗਾ, ਤਾਂ ਨਿਓਸ ਏਅਰ ਇਸ ਰੂਟ ਨੂੰ ਮੁੜ ਸ਼ੁਰੂ ਕਰਨ ਲਈ ਵਿਚਾਰ ਕਰੇਗੀ। ਨਾਲ ਹੀ ਉਹਨਾਂ ਆਸ ਪ੍ਰਗਰ ਕੀਤੀ ਕਿ ਏਅਰਲਾਈਨ ਪੰਜਾਬ ਨਾਲ ਹਵਾਈ ਸੰਪਰਕ ਨੂੰ ਹੋਰ ਮਜਬੂਤ ਕਰਨ ਲਈ ਵੈਨਕੂਵਰ-ਮਿਲਾਨ-ਅੰਮ੍ਰਿਤਸਰ ਰੂਟ ਦੀ ਵੀ ਖੋਜ ਕਰੇਗੀ।“
ਇਸ ਦੌਰਾਨ, ਨਿਓਸ ਏਅਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਏਅਰਲਾਈਨ ਦੀ ਵੈਬਸਾਈਟ ‘ਤੇ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਈਮੇਲ ਰਾਹੀਂ ਰਿਫੰਡ ਨਿਰਦੇਸ਼ ਪ੍ਰਾਪਤ ਹੋਣਗੇ, ਜਦੋਂ ਕਿ ਜਿਨ੍ਹਾਂ ਨੇ ਟ੍ਰੈਵਲ ਏਜੰਸੀਆਂ ਰਾਹੀਂ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਆਪਣੇ ਏਜੰਟਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
