ਨਾਲ ਸਮੇਂ ਦੇ ਆਇਓ ਚੰਨ ਜੀ,
ਬਹੁਤਾ ਨਾ ਤੜਪਾਇਓ ਚੰਨ ਜੀ।
ਰਾਜਾ ਜੀ ਦੀ ਕੋਈ ਰਾਣੀ,
ਹੋਣੀ ਬੈਠੀ ਭੁੱਖੀ ਭਾਣੀ।
ਤੜਕੇ ਦੀ ਉਹ ਉੱਠੀ ਹੋਣੀ,
ਪਿਆਸੀ ਹੋਣੀ ਭੁੱਖੀ ਹੋਣੀ।
ਅਪਣਾ ਪਿਆਰ ਜਤਾਵੇ ਏਦਾਂ,
ਕਰਵਾ ਚੌਥ ਮਨਾਵੇ ਏਦਾਂ।
ਦਾਣਾ ਅੰਨ ਨਾ ਮੂੰਹ ਤੇ ਧਰਿਆ,
ਫਿਰਦਾ ਮਾਹੀ ਅੰਦਰੋਂ ਡਰਿਆ।
ਉਸ ਦੀ ਕਰਨਾ ਮਾਣ ਵਧਾਈ,
ਦੇ ਜਾਣਾ ਜੀ ਆਪ ਦਿਖਾਈ।
ਬਾਹਲੀ ਨਾ ਜੀ ਦੇਰ ਲਗਾਇਓ,
ਮਰ ਜਾਣੀ ਦਾ ਵਰਤ ਖੁਲਾਇਓ।
ਦਾਤਾ ਜੋੜੀ ਹਸਦੀ ਰੱਖੀਂ
ਜੁਗ-ਜੁਗ ਤੀਕਰ ਵਸਦੀ ਰੱਖੀਂ।
