ਅੰਮ੍ਰਿਤਸਰ – ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਇਕ ਅਹਿਮ ਪ੍ਰੈਸ ਕਾਨਫਰੰਸ ਬੁਲਾਈ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਤੋਂ ਪਾਰਟੀ ਦੇ ਖ਼ਾਸ ਆਗੂ, ਡਾਇਰੈਕਟਰ ਡੇਅਰੀ ਡਿਵੈਲਪਮੈਂਟ ਬੋਰਡ ਪੰਜਾਬ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਭਾਈ ਦਲਜੀਤ ਸਿੰਘ ਮਿਆਦੀਆਂ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਗਏ। ਇਹ ਪ੍ਰੈਸ ਕਾਨਫਰੰਸ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਦੀ ਅਗਵਾਈ ਵਿੱਚ ਹੋਈ ਅਤੇ ਉਹਨਾਂ ਦੇ ਨਾਲ ਪਾਰਟੀ ਆਗੂ ਭਾਈ ਪਰਮਜੀਤ ਸਿੰਘ ਜੀ ਜੌਹਲ, ਭਾਈ ਅਮਰਜੀਤ ਸਿੰਘ ਜੀ ਵੰਨਚਿੜੀ, ਭਾਈ ਦਇਆ ਸਿੰਘ ਜੀ, ਭਾਈ ਸੁਖਬੀਰ ਸਿੰਘ ਵਲਟੋਹਾ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਜੁਗਰਾਜ ਸਿੰਘ, ਮਹਿੰਦਰਪਾਲ ਸਿੰਘ ਤੁੰਗ ਜੀ ਤੋਂ ਇਲਾਵਾ ਭਾਈ ਮਿਆਦੀਆਂ ਨਾਲ ਸ਼ਾਮਿਲ ਹੋਣ ਵਾਲਿਆਂ ਵਿੱਚ ਸਰਪੰਚ ਕੁਲਦੀਪ ਸਿੰਘ ਨੱਥੂਪੁਰ, ਸਰਪੰਚ ਹਰਜਿੰਦਰ ਸਿੰਘ ਮਿਆਦੀਆਂ, ਸ੍ਰ ਜਸਪਾਲ ਸਿੰਘ ਬੋਹਲੀਆਂ, ਸ੍ਰ ਚਰਨਜੀਤ ਸਿੰਘ ਜਸਤਰਵਾਲ, ਨੰਬਰਦਾਰ ਸਰਬਜੀਤ ਸਿੰਘ ਉਮਰਪੁਰਾ, ਸ੍ਰ ਨਰਿੰਦਰ ਸਿੰਘ ਕੋਹਾਲਾ, ਸ੍ਰ ਹਰਜੀਤ ਸਿੰਘ ਸਰਕਲ ਇੰਚਾਰਜ ਸ੍ਰੋਮਣੀ ਅਕਾਲੀ ਦਲ ਬਾਦਲ, ਸ੍ਰ ਹਰਦੀਪ ਸਿੰਘ ਬੋਪਾਰਾਏ, ਸ੍ਰ ਕਸ਼ਮੀਰ ਸਿੰਘ ਕੋਟਲੀ ਖਹਿਰਾ, ਸ੍ਰ ਭੁਪਿੰਦਰ ਸਿੰਘ ਭਿੰਦਾ ਪਹਿਲਵਾਨ, ਸ੍ਰ ਅਵਤਾਰ ਸਿੰਘ, ਸ੍ਰ ਮਹਾਂਬੀਰ ਸਿੰਘ ਅਤੇ ਸ੍ਰ ਕੁਲਜੀਤ ਸਿੰਘ ਤੋਂ ਇਲਾਵਾਂ 150 ਦੇ ਕਰੀਬ ਵੱਖ-ਵੱਖ ਪਿੰਡਾਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ। ਇਸ ਸ਼ਮੂਲੀਅਤ ਦੌਰਾਨ ਬਾਪੂ ਤਰਸੇਮ ਸਿੰਘ ਜੀ ਨੇ ਇਹ ਸਪੱਸ਼ਟ ਕੀਤਾ ਕਿ ਹੁਣ ਪੰਜਾਬ ਦਾ ਸੱਚਾ ਤੇ ਪੰਥਕ ਵਰਗ ਉਹੀ ਰਾਹ ਚੁਣ ਰਿਹਾ ਹੈ ਜੋ ਗੁਰੂ ਸਿੱਖੀ ਦੇ ਅਸੂਲਾਂ ਤੇ ਸਰਬੱਤ ਦੇ ਭਲੇ ਲਈ ਖੜ੍ਹਾ ਹੈ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾਂ ’ਤੇ ਹਰ ਪਾਸੇ ਵਾਰ ਕੀਤਾ ਹੈ ਕਦੇ ਪੰਜਾਬ ਦਾ ਪਾਣੀ ਹੋਰ ਰਾਜਾਂ ਨੂੰ ਸੌਂਪਣ ਵਾਲੇ ਸਮਝੌਤਿਆਂ ’ਤੇ ਮੋਹਰ ਲਾਈ ਅਤੇ ਕਦੇ ਪੰਜਾਬ ਦੇ ਜਜ਼ਬੇ ਨੂੰ ਝੂਠੇ ਵਾਅਦਿਆਂ ਨਾਲ ਰੌੰਦਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਤੇ ਭਾਈ ਦਲਜੀਤ ਸਿੰਘ ਮਿਆਦੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਖੁਲਾਸਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਪੰਥ ਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿੱਖ ਤੇ ਝੂਠੇ ਕੇਸ ਪਾਕੇ ਉਹਨਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਆਪਣੇੰ ਆਪ ਨੂੰ ਪਹਿਲਾਂ ਤੋਂ ਪੰਥਕ ਪਾਰਟੀਆਂ ਦਾ ਟੈਗ ਲਗਾ ਕੇ ਵਿਚਰਨ ਵਾਲਿਆਂ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਥਾਂ ਕੇਵਲ ਸਿਆਸਤ ਨੂੰ ਹੀ ਤਰਜੀਹ ਦਿੱਤੀ। ਇਹ ਸ਼ਮੂਲੀਅਤ ਅਕਾਲੀ ਦਲ ਵਾਰਿਸ ਪੰਜਾਬ ਦੇ ਲਈ ਇੱਕ ਵੱਡੀ ਤਾਕਤ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜੋ ਦਰਸਾਉਂਦੀ ਹੈ ਕਿ ਪੰਜਾਬ ਦਾ ਜਾਗਰੂਕ ਵਰਗ ਹੁਣ ਝੂਠੀ ਰਾਜਨੀਤੀ ਨਹੀਂ ਸਗੋਂ ਪੰਥਕ ਆਦਰਸ਼ਾਂ ਤੇ ਅਧਾਰਿਤ ਸੱਚੇ ਸੰਘਰਸ਼ ਨਾਲ ਜੁੜਨਾ ਚਾਹੁੰਦਾ ਹੈ।
ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ,ਰਾਜਾਸਾਂਸੀ ਤੋਂ ਦਲਜੀਤ ਸਿੰਘ ਮਿਆਦੀਆਂ ਆਪਣੇਂ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸ਼ਾਮਿਲ
This entry was posted in ਪੰਜਾਬ.
