ਬੇਪਰਵਾਹੀਆਂ…!!!

ਸਿਆਣੇ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਗੱਲਾਂ ਅਤੇ ਯਾਦਾਂ ਨੂੰ ਚੇਤੇ ਰੱਖਣ ਵਾਲਾ ਇਨਸਾਨ ਅਕਸਰ ਹੀ ਪ੍ਰੇਸ਼ਾਨੀ ਦੇ ਆਲਮ ’ਚ ਘਿਰਿਆ ਰਹਿੰਦਾ ਹੈ। ਨਿੱਕੀ ਤੋਂ ਨਿੱਕੀ ਗੱਲ ਅਤੇ ਘਟਨਾ ਨੂੰ ਸਾਲਾਂਬੱਧੀ ਜ਼ਿਹਨ ਵਿਚ ਬਿਠਾਈ ਰੱਖਣਾ ਹੀ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਕਲੀਫ਼ਾਂ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਖ਼ੌਰੇ! ਇਸੇ ਲਈ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਆਪਣੇ ਜੀਵਨ ਵਿਚ ਕੁਝ ਗੱਲਾਂ ਅਤੇ ਘਟਨਾਵਾਂ ਨੂੰ ਭੁੱਲਣਾ ਵੀ ਸਿੱਖਣਾ ਚਾਹੀਦਾ ਹੈ।

ਬੇਪਰਵਾਹੀਆਂ ਕਦੇ- ਕਦਾਈਂ ਮਨੁੱਖ ਦੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਭਰ ਦਿੰਦੀਆਂ ਹਨ। ਇਸ ਲਈ ਨਿੱਕੀਆਂ- ਮੋਟੀਆਂ ਗੱਲਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦੇਣੀ ਚਾਹੀਦੀ। ਬਹੁਤ ਜ਼ਿਆਦਾ ਸੋਚਣ ਵਾਲੇ ਬੰਦੇ ਦੇ ਘਰ ਵਿਚ ਕਲੇਸ਼ ਅਤੇ ਦੁੱਖ ਆਮ ਹੀ ਦੇਖਣ ਨੂੰ ਮਿਲਦੇ ਹਨ। ਅਜਿਹੇ ਲੋਕ ਬਹੁਤ ਸੋਚ- ਵਿਚਾਰ ਕੇ ਗੱਲ ਕਰਨ ਦੇ ਆਦੀ ਹੋ ਜਾਂਦੇ ਹਨ। ਅਮੁਮਨ ਘੱਟ ਬੋਲਣ ਲੱਗਦੇ ਹਨ ਅਤੇ ਦੂਜਿਆਂ ਦੁਆਰਾ ਕਹੀਆਂ ਗੱਲਾਂ ਦੇ ਆਪਣੇ ਮਨ ਦੇ ਸੁਭਾਅ ਅਤੇ ਸਥਿਤੀ ਮੁਤਾਬਿਕ ਅਰਥ ਕੱਢਣੇ ਸ਼ੁਰੂ ਕਰ ਦਿੰਦੇ ਹਨ। ਫਿਰ ਸਹਿਜੇ- ਸਹਿਜੇ ਘਰਾਂ ਵਿਚ ਦੂਰੀਆਂ ਵੱਧਣ ਲੱਗਦੀਆਂ ਹਨ ਅਤੇ ਪਰਿਵਾਰਿਕ ਮੈਂਬਰਾਂ ਵਿਚ ਆਪਸੀ ਬੋਲਚਾਲ ਘੱਟਣ ਲੱਗਦੀ ਹੈ ਜਾਂ ਫਿਰ ਉੱਕਾ ਹੀ ਬੰਦ ਹੋ ਜਾਂਦੀ ਹੈ।

ਫੇਰ ਜਦੋਂ ਸੰਵਾਦ (ਗੱਲਬਾਤ) ਦਾ ਸਿਲਸਿਲਾ ਉੱਕਾ ਹੀ ਬੰਦ ਹੋ ਜਾਂਦਾ ਹੈ ਤਾਂ ਫਿਰ ਵੱਖਰੇਵੇਂ ਹੋ ਜਾਂਦੇ ਹਨ। ਇਹ ਵੱਖਰੇਵੇਂ ਕਈ ਵਾਰ ਦੁਸ਼ਮਣੀ, ਵੈਰ- ਵਿਰੋਧ ਅਤੇ ਨਫ਼ਰਤ ਦਾ ਰੂਪ ਵੀ ਧਾਰਨ ਕਰ ਲੈਂਦੇ ਹਨ। ਪਰਿਵਾਰਾਂ ਵਿਚ ਅਜਿਹੀ ਸਥਿਤੀ ਦਾ ਕਾਰਨ ਹੁੰਦਾ ਹੈ ਕਿ ਆਪਸੀ ਸੰਵਾਦ (ਗੱਲਬਾਤ) ਦਾ ਸਿਲਸਿਲਾ ਉੱਕਾ ਹੀ ਖ਼ਤਮ ਹੋ ਚੁਕਾ ਹੁੰਦਾ ਹੈ ਅਤੇ ਦੂਜੇ ਲੋਕ ਅਤੇ ਰਿਸ਼ਤੇਦਾਰ ਮਾਮੂਲੀ ਗੱਲਾਂ ਅਤੇ ਘਟਨਾਵਾਂ ਨੂੰ ਤੋੜ- ਮਰੋੜ ਕੇ, ਵੱਡੀਆਂ ਕਰਕੇ ਪੇਸ਼ ਕਰਦੇ ਹਨ। ਇਸ ਲਈ ਪਰਿਵਾਰਿਕ ਮੈਂਬਰਾਂ ਦੇ ਮਨਾਂ ਵਿਚ ਇਕ- ਦੂਜੇ ਲਈ ਹੋਰ ਜ਼ਿਆਦਾ ਖਟਾਸ ਅਤੇ ਨਫ਼ਰਤ ਪੈਦਾ ਹੋ ਜਾਂਦੀ ਹੈ।

ਇਨ੍ਹਾਂ ਘਟਨਾਵਾਂ ਦਾ ਮੂਲ ਕਾਰਨ ਹੁੰਦਾ ਹੈ; ਬਹੁਤ ਜ਼ਿਆਦਾ ਸੋਚ- ਵਿਚਾਰ ਕਰਨਾ ਅਤੇ ਆਪਣੇ ਮਨ ਦੀ ਸਥਿਤੀ ਅਤੇ ਸੁਭਾਅ ਦੇ ਮੁਤਾਬਿਕ ਗੱਲਾਂ ਅਤੇ ਘਟਨਾਵਾਂ ਦੇ ਅਰਥ ਕੱਢਣਾ। ਇਸ ਲਈ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਆਮ ਜੀਵਨ ਦੀਆਂ ਨਿੱਕੀਆਂ- ਮੋਟੀਆਂ ਗੱਲਾਂ ਨੂੰ ਹੱਸ ਕੇ ਟਾਲ ਦੇਣਾ ਚਾਹੀਦਾ ਹੈ ਜਾਂ ਜ਼ਿਹਨ ’ਚੋਂ ਵਿਸਾਰ ਦੇਣਾ ਚਾਹੀਦਾ ਹੈ।

ਇੱਥੇ ਖ਼ਾਸ ਗੱਲ ਇਹ ਹੈ ਕਿ ਹੱਦੋਂ ਵੱਧ ਸੋਚ- ਵਿਚਾਰ ਦੇ ਇਸ ਸਿਲਸਿਲੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?, ਤਾਂ ਇਸ ਦਾ ਸਭ ਤੋਂ ਕਾਰਗਰ ਉਪਾਅ ਇਹ ਹੈ ਕਿ ਮਨੁੱਖ ਨੂੰ ਆਪਣੇ- ਆਪ ਨੂੰ ‘ਮਸ਼ਰੂਫ਼’ ਰੱਖਣਾ ਚਾਹੀਦਾ ਹੈ। ਅਸਲ ਵਿਚ ਬਹੁਤੀ ਸੋਚ- ਵਿਚਾਰ ਦਾ ਸਿਲਸਿਲਾ ਉਦੋਂ ਆਰੰਭ ਹੁੰਦਾ ਹੈ ਜਦੋਂ ਮਨੁੱਖ ਵਿਹਲਾ ਹੁੰਦਾ ਹੈ ਅਤੇ ਇਕੱਲਾ ਹੁੰਦਾ ਹੈ। ਇਸ ਨਾਲ ਬੰਦਾ ਉਨ੍ਹਾਂ ਗੱਲਾਂ ਅਤੇ ਯਾਦਾਂ ਉੱਤੇ ਆਪਣੇ ਧਿਆਨ ਨੂੰ ਕੇਂਦਰਿਤ ਕਰ ਲੈਂਦਾ ਹੈ ਜਿਨ੍ਹਾਂ ਦਾ ਅਸਲ ਜੀਵਨ ਵਿਚ ਕੋਈ ਮਹੱਤਵ ਅਤੇ ਲਾਭ ਨਹੀਂ ਹੁੰਦਾ ਅਤੇ ਜਿਨ੍ਹਾਂ ਬਾਰੇ ਸੋਚ- ਵਿਚਾਰ ਕਰਕੇ ਜੀਵਨ ਵਿਚ ਕੋਈ ਤਬਦੀਲੀ ਵੀ ਨਹੀਂ ਹੁੰਦੀ।

ਕਈ ਵਾਰ ਮਨੁੱਖ ਜਾਣਬੁਝ ਕੇ ਸੋਚ- ਵਿਚਾਰ ਦੇ ਸਾਗਰ ਵਿਚ ਨਹੀਂ ਗੁਆਚਦਾ ਬਲਕਿ ਜਾਣਚੱਕ ਹੀ ਇਸ ਭਵਸਾਗਰ ਵਿਚ ਡੁੱਬ ਜਾਂਦਾ ਹੈ। ਫੇਰ ਲੱਖ ਯਤਨ ਕਰਨ ਦੇ ਬਾਵਜੂਦ ਵੀ ਇਸ ਦਲਦਲ ਵਿਚੋਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਲਈ ਮਨੋਵਿਗਿਆਨੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਬੰਦਾ ਆਪਣੇ- ਆਪ ਨੂੰ ਮਸ਼ਰੂਫ਼ ਰੱਖੇ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੀ ਨਾ ਹੋ ਸਕੇ। ਫੇਰ ਵੀ ਜੇ ਕਦੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਆਪਸੀ ਸੰਵਾਦ (ਗੱਲਬਾਤ) ਦਾ ਪੱਲਾ ਨਾ ਛੱਡੇ। ਆਪਣੇ ਸ਼ੌਕ ਜਿਉਂਦੇ ਰੱਖੇ ਅਤੇ ਉਨ੍ਹਾਂ ਲਈ ਸਮਾਂ ਕੱਢੇ। ਅਸਲ ਵਿਚ ਜਿਸ ਮਨੁੱਖ ਦੇ ਸ਼ੌਕ ਜਿਉਂਦੇ ਹਨ, ਉਹੀ ਮਨੁੱਖ ਸਹੀ ਅਰਥਾਂ ਵਿਚ ਜਿਉਂਦਾ ਹੈ। ਇਸ ਲਈ ਮਨੁੱਖ ਨੂੰ ਜਿਉਂਦੇ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿਚ ਸੋਚਾਂ ਦੀ ਘੁੰਮਣਘੇਰੀ ਤੋਂ ਬਚਣਾ ਚਾਹੀਦਾ ਹੈ। ਜ਼ਿੰਦਗੀ ਖੁੱਲ੍ਹਦਿਲੀ ਨਾਲ ਜਿਉਣੀ ਚਾਹੀਦੀ ਹੈ। ਇਕ ਸ਼ੇਅਰ ਹੈ;

“ਖੁੱਲ੍ਹਦਿਲੀ ਵੀ ਆਪਣੀ ਥਾਂ ਇਕ ਗਹਿਣਾ ਹੈ,
ਹਰ ਬੰਦੇ ਦੇ ਹਿੱਸੇ ਪਰ ਇਹ ਆਉਂਦਾ ਨਹੀਂ।” (ਨਿਸ਼ਾਨ ਸਿੰਘ ਰਾਠੌਰ)

ਖੁੱਲ੍ਹਦਿਲੀ ਅਤੇ ਬੇਪਰਵਾਹੀ ਬਾਰੇ ਜ਼ਿਕਰ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ ਕਿ ਗੁਰਬਾਣੀ ਵਿਚ ਰੱਬ (ਪ੍ਰਮਾਤਮਾ) ਨੂੰ ਵੀ ਬੇਪਰਵਾਹ ਕਿਹਾ ਗਿਆ ਹੈ, ਜਿਹੜਾ ਆਪਣੇ ਭਗਤਾਂ (ਪਿਆਰਿਆਂ) ਦੇ ਗੁਨਾਹਾਂ (ਭੁੱਲਾਂ) ਦੀ ਗਿਣਤੀ ਨਹੀਂ ਕਰਦਾ ਬਲਕਿ ਬਖ਼ਸ਼ ਦਿੰਦਾ ਹੈ ਅਤੇ ਆਪਣੇ ਨਾਲ ਮਿਲਾ ਲੈਂਦਾ ਹੈ;

ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1379)

ਭਾਵ ਉਹ ਜੀਵ ਰੂਪੀ ਇਸਤਰੀ ਸੁਹਾਗਣ ਹੈ ਜਿਹੜੀ ਬੇਪਰਵਾਹ (ਰੱਬ) ਨੂੰ ਭਾਉਂਦੀ (ਚੰਗੀ) ਲੱਗਦੀ ਹੈ।
ਅਤੇ

ਪਾਰਬ੍ਰਹਮ ਗੁਰ ਬੇਪਰਵਾਹੇ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 869)

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਨੁੱਖ ਦਾ ਜੀਵਨ ਕੁਦਰਤ ਦੀ ਸਭ ਤੋਂ ਵੱਡਮੁੱਲੀ ਅਤੇ ਖ਼ੂਬਸੂਰਦ ਦਾਤ ਹੈ। ਇਸ ਨੂੰ ਖੁੱਲ੍ਹਦਿਲੀ ਅਤੇ ਜ਼ਿੰਦਾਦਿਲੀ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਬੇਲੋੜੀ ਸੋਚ- ਵਿਚਾਰ ਦੀ ਆਦਤ ਦਾ ਖਹਿੜਾ ਛੱਡਣਾ ਚਾਹੀਦਾ ਹੈ ਤਾਂ ਕਿ ਮਨੁੱਖੀ ਜ਼ਿੰਦਗੀ ਦਾ ਲੁਤਫ਼ (ਆਨੰਦ) ਲਿਆ ਜਾ ਸਕੇ ਅਤੇ ਪਰਿਵਾਰਾਂ ਵਿਚ ਆਪਸੀ ਮੋਹ- ਮੁਹੱਬਤ ਦਾ ਸਿਲਸਿਲਾ ਬਰਕਰਾਰ ਰਹੇ। ਪੰਜਾਬੀ ਸੂਫ਼ੀ ਗਾਇਕ ਅਤੇ ਸ਼ਾਇਰ ਡਾ. ਸਤਿੰਦਰ ਸਰਤਾਜ ਦੇ ਇਕ ਗੀਤ ਦੀਆਂ ਇਨ੍ਹਾਂ ਸਤਰਾਂ ਨਾਲ ਟਿੱਪਣੀ ਸਮਾਪਤ ਕਰਦੇ ਹਾਂ;

ਰੱਬ ਦੀਆਂ ਬੇਪਰਵਾਹੀਆਂ, ਸਾਨੂੰ ਹਾਲੇ ਸਮਝ ਨਹੀਂ ਆਈਆਂ।

ਰੱਬ ਦੀਆਂ ਬੇਪਰਵਾਹੀਆਂ।
ਜਿਉਂਦੇ- ਵੱਸਦੇ ਰਹੋ ਸਾਰੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>