ਤੁਰ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਬਣਾਉਣ ਵਾਲਾ ਚਿਤਰਕਾਰ ਗੋਬਿੰਦਰ ਸੋਹਲ

images(12).resizedਗੋਬਿੰਦਰ ਸੋਹਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਤਸਵੀਰ ਬਣਾਉਣ ਵਾਲਾ ਪੇਂਟਰ ਸਵਰਗਵਾਸ ਹੋ ਗਿਆ। ਉਹ ਗੁਰਦਿਆਂ ਦੀ ਬਿਮਾਰੀ ਦਾ ਲੰਬਾ ਸਮੇਂ ਤੋਂ ਪੀੜਤ ਸੀ। ਉਸਦੀ ਉਮਰ 68 ਸਾਲ ਸੀ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਜਗਤ ਪ੍ਰਸਿੱਧ ਸ਼ਾਹਕਾਰ ਚਿਤਰ ਬਣਾਕੇ ਗੋਬਿੰਦਰ ਸੋਹਲ ਨੇ ਸਿੱਖ ਜਗਤ ਨੂੰ ਆਪਣਾ ਰਿਣੀ ਬਣਾ ਲਿਆ ਸੀ। ਗੋਬਿੰਦਰ ਸੋਹਲ ਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਬਣਾਈ ਤਸਵੀਰ ਲੋਕਾਂ ਦੇ ਮਨਾ ਉੁਪਰ ਰਾਜ ਕਰਨ ਲੱਗ ਗਈ ਕਿਉਂਕਿ ਤਸਵੀਰ ਵਿਚ ਦੋਵੇਂ ਸਾਹਿਬਜ਼ਾਦੇ ਅਣਭੋਲ, ਸ਼ਹਿਨਸ਼ਾਹ ਪ੍ਰੰਤੂ ਹੌਸਲੇ ਵਿਚ ਆਪਣੀ ਦਾਦੀ ਦੀ ਬੁਕਲ ਵਿਚ ਸ਼ਾਂਤਚਿਤ ਸਬਰ ਸੰਤੋਖ ਨਾਲ ਖਲੋਤੇ ਵਿਖਾਏ ਗਏ ਹਨ। ਇਹ ਇੱਕ ਸਿੰਬਾਲਿਕ ਚਿਤਰ ਹੈ, ਜਿਹੜਾ ਬਿਨ ਬੋਲਿਆਂ ਹੀ ਬਹੁਤ ਕੁਝ ਕਹਿ ਦਿੰਦਾ ਹੈ। ਇਹੋ ਗੋਬਿੰਦਰ ਸੋਹਲ ਦੀ ਕਮਾਲ ਹੈ। ਪੰਜਾਬੀ ਵਿਰਾਸਤ ਅਤੇ ਇਸਦੇ ਇਤਿਹਾਸ ਨੂੰ ਚਿਤਰਣ ਵਾਲਾ ਸ਼ੋਖ਼ ਰੰਗਾਂ ਦੇ ਚਿਤੇਰੇ ਗੋਬਿੰਦਰ ਸੋਹਲ ਦੀਆਂ ਕਲਾ ਕ੍ਰਿਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰਦੀਆਂ ਰਹਿਣਗੀਆਂ।  ਗੋਬਿੰਦਰ ਸੋਹਲ ਭਾਵੇਂ ਸਰੀਰਕ ਤੌਰ ‘ਤੇ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਹੈ ਪ੍ਰੰਤੂ ਸਿੱਖ ਵਿਰਾਸਤ ਨੂੰ ਪੇਂਟ ਕਰਕੇ ਉਹ ਰਹਿੰਦੀ ਦੁਨੀਆਂ ਤੱਕ ਸਿੱਖ ਜਗਤ ਦੇ ਦਿਲਾਂ ਤੇ ਰਾਜ ਕਰਦਾ ਰਹੇਗਾ। ਸਿੱਖ ਧਰਮ ਦੀ ਬੁਨਿਆਦ ਹੀ ਕੁਰਬਾਨੀਆਂ ਅਤੇ ਜਦੋਜਹਿਦ ਤੇ ਅਧਾਰਤ ਹੈ।

IMG_4263.resizedਧਾਰਮਿਕ, ਇਤਿਹਾਸਕ, ਦੇਸ਼ ਭਗਤਾਂ, ਸੰਸਾਰ ਦੀਆਂ ਮਹੱਤਵਪੂਰਨ ਸ਼ਖ਼ਸ਼ੀਅਤਾਂ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਅਤੇ ਖ਼ਾਸ ਤੌਰ ਤੇ ਸਿੱਖ ਸਭਿਆਚਾਰ ਨੂੰ ਆਪਣੇ ਬੁਰਛ ਦੀ ਛੁਹ ਨਾਲ ਜੀਵਤ ਰੂਪ ਵਿਚ ਪੇਂਟ ਕਰਕੇ ਪ੍ਰਸਿਧੀ ਪ੍ਰਾਪਤ ਕਰਨ ਵਾਲੇ ਗੋਬਿੰਦਰ ਸੋਹਲ ਕੋਮਲ ਕਲਾ ਦੇ ਖ਼ੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿਚ ਸਫਲ ਹੋਏ ਹਨ। ਗੋਬਿੰਦਰ ਸੋਹਲ ਦੀ ਕਲਾਤਮਿਕ ਪ੍ਰਬੀਨਤਾ ਇਸ ਵਿਚ ਸੀ ਕਿ ਉਹ ਪੋਰਟਰੇਟ ਵਿਚ ਜਾਨ ਪਾ ਦਿੰਦਾ ਸੀ। ਉਸਦੇ ਬਣਾਏ ਕੁਝ ਚਿਤਰ ਸੰਸਾਰ ਵਿਚ ਪ੍ਰਸਿਧ ਹੋਏ ਜਿਨ੍ਹਾਂ ਵਿਚ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ, ਭਗਤ ਸਿੰਘ ਦੇ ਹੱਥ ਵਿੱਚ ਪਿਸਤੌਲ, ਊਧਮ ਸਿੰਘ, ਭਾਈ ਕਨ੍ਹਈਆ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਊਧਮ ਸਿੰਘ ਦੀ ਪਗੜੀ ਵਾਲੀ ਫੋਟੋ ਜਿਹੜੀ ਕੈਕਸਟਨ ਹਾਲ ਵਿਚ ਲੱਗੀ ਹੋਈ ਹੈ, ਉਸ ਤੇ ਅਧਾਰਤ ਉਸ ਦੁਆਰਾ ਬਣਾਇਆ ਗਿਆ ਚਿਤਰ ਕਾਬਲੇ ਤਾਰੀਫ਼ ਹੈ। ਆਧੁਨਿਕਤਾ ਦੇ ਦੌਰ ਵਿਚ ਪੁਰਾਤਨ ਵਸਤਾਂ ਜਿਨ੍ਹਾਂ ਵਿਚ ਹੱਥ ਕਰਘਾ, ਫੁਲਕਾਰੀਆਂ, ਬਾਗ, ਦਰੀਆਂ, ਖੇਸ, ਪਸ਼ੂ ਪੰਛੀ ਤਕਨਾਲੋਜੀ ਦੀ ਭੇਂਟ ਚੜ੍ਹ ਰਹੇ ਹਨ। ਉਸਦਾ ਚਿਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ, ਪ੍ਰਸਿੱਧ ਸਿਆਸਤਦਾਨਾ ਤੋਂ ਇਲਾਵਾ ਪ੍ਰਮੁੱਖ ਭਾਰਤੀ ਓਲੰਪੀਅਨ ਜਿਨ੍ਹਾਂ ਵਿਚ ਮਿਲਖਾ ਸਿੰਘ, ਧਿਆਨ ਚੰਦ, ਗਾਮਾ ਪਹਿਲਵਾਨ, ਸੁਰਜੀਤ ਸਿੰਘ, ਸੰਗੀਤਕਾਰ ਮੁਹੰਮਦ ਰਫੀ, ਗਾਇਕਾ ਸੁਰਿੰਦਰ ਕੌਰ, ਫ਼ੌਜੀ, ਵਿਦਿਅਕ ਮਾਹਿਰ, ਡਾ.ਰਾਧਾ ਕ੍ਰਿਸ਼ਨ, ਅਬਦੁਲ ਕਲਾਮ ਅਤੇ ਫੂਲਾਂ ਰਾਣੀ ਦੇ ਚਿਤਰ ਬਣਾਏ ਜਿਨ੍ਹਾਂ ਨੇ ਸੋਹਲ ਦੀ ਪ੍ਰਸਿੱੱਧੀ ਨੂੰ ਚਾਰ ਚੰਨ ਲਾਏ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ, ਗਾਇਕਾਂ ਅਤੇ ਸਿੱਖ ਇਤਿਹਾਸ ਵਿਚੋਂ ਬਹੁਤ ਸਾਰੇ ਚਿਤਰ ਬਣਾਏ। ਫ਼ੌਜੀ ਦੀ ਮਾਨਸਿਕਤਾ ਨੂੰ ਉਸਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਂਟ ਕੀਤਾ ਹੈ, ਜਦੋਂ ਫ਼ੌਜੀ ਛੁਟੀ ਆਉਂਦਾ ਹੈ ਤਾਂ ਦਰਵਾਜੇ ਵਿਚ ਆਪਣੀ ਮਾਂ ਨੂੰ ਗਲਵਕੜੀ ਪਾਉਂਦਾ ਵਿਖਾਇਆ ਗਿਆ ਹੈ, ਉਸਦੀ ਵੱਡੀ ਭਰਜਾਈ ਬੈਠੀ ਹੈ ਤੇ ਫ਼ੌਜੀ ਦਾ ਭਤੀਜਾ ਭੱਜ ਕੇ ਨਾਲ ਬੁਣ ਰਹੀ ਆਪਣੀ ਚਾਚੀ ਨੂੰ ਦੱਸਦਾ ਹੈ ਕਿ ਚਾਚਾ ਛੁਟੀ ਆ ਗਿਆ ਹੈ। ਘਰ ਦੇ ਦਰਵਾਜੇ ਵਿਚੋਂ ਹੀ ਬਾਹਰ ਗੁਹਾਰੇ ਦਿਸ ਰਹੇ ਹਨ ਅਤੇ ਇੱਕ ਵਿਅਕਤੀ ਫ਼ੌਜੀ ਦਾ ਟਰੰਕ ਘੜੀਸਦਾ ਆ ਰਿਹਾ ਹੈ। ਇੱਕ ਚਿਤਰ ਵਿਚ ਹੀ ਸਮੁੱਚੇ ਪੰਜਾਬੀ ਸਭਿਆਚਾਰ ਨੂੰ ਪੇਂਟ ਕਰ ਦਿੱਤਾ ਹੈ। ਫ਼ੌਜੀ ਗਲਵਕੜੀ ਤਾਂ ਆਪਣੀ ਮਾਂ ਨੂੰ ਪਾ ਰਿਹਾ ਹੈ ਪ੍ਰੰਤੂ ਉਪਰੋਂ ਪਿਛੱਲੇ ਪਾਸੇ ਖੜ੍ਹੀ ਆਪਣੀ ਪਤਨੀ ਨੂੰ ਭਾਵਪੂਰਤ ਢੰਗ ਨਾਲ ਤ੍ਰਿਹਾਈਆਂ ਨਜ਼ਰਾਂ ਨਾਲ ਵੇਖਦਾ ਹੈ। ਇਹ ਚਿਤਰ ਦੇਰ ਬਾਅਦ ਛੁਟੀ ਆਏ ਫ਼ੌਜੀ ਦੀ ਮਾਨਸਿਕਤਾ ਦੀ ਮੂੰਹ ਬੋਲਦੀ ਤਸਵੀਰ ਹੈ।

ਗੋਬਿੰਦਰ ਸੋਹਲ ਨੂੰ ਇਸ ਗੱਲ ਦਾ ਮਾਣ ਜਾਂਦਾ ਰਿਹਾ ਹੈ ਕਿ ਉਸਨੇ ਨਾਰਵੇ ਦੇ ਗੁਰੂ ਨਾਨਕ ਦਰਬਾਰ, ਕੈਨੇਡਾ ਓਨਟਾਰੀਓ ਦੇ ਖਾਲਸਾ ਦਰਬਾਰ ਅਤੇ ਭਾਰਤ ਵਿਚ ਖਡੂਰ ਸਾਹਿਬ, ਸਭਰਾਵਾਂ ਅਤੇ ਗਵਾਲੀਅਰ ਵਿਖੇ ਕਈ ਗੁਰੂ ਘਰਾਂ ਵਿਚ ਉਥੇ ਜਾ ਕੇ ਚਿਤਰ ਪੇਂਟ ਕਰਕੇ ਆਜਾਇਬ ਘਰ ਬਣਾਏ ਸਨ। ਉਸਦਾ ਚਿਤਰ ਬਣਾਉਣ ਦਾ ਖੇਤਰ ਵੱਖਰਾ ਹੀ ਸੀ।  ਉਸ ਦੇ ਬਣਾਏ ਚਿਤਰ ਜਿਨ੍ਹਾਂ ਨੇ ਸੋਹਲ ਦੀ ਪ੍ਰਸਿੱੱਧੀ ਨੂੰ ਚਾਰ ਚੰਨ ਲਾਏ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ, ਗਾਇਕਾਂ ਅਤੇ ਸਿੱਖ ਇਤਿਹਾਸ ਵਿਚੋਂ ਬਹੁਤ ਸਾਰੇ ਚਿਤਰ ਬਣਾਏ। ਵਿਦਿਆਰਥੀਆਂ ਵਿਚ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਉਸ ਵੱਲੋਂ ਬਣਾਏ ਗਏ ਚਿਤਰ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਲਗਾਏ ਗਏ ਹਨ ਤਾਂ ਜੋ ਬੱਚੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।  ਉਸਦਾ ਬਣਾਇਆ ਪੋਰਟਰੇਟ ਜਿਉਂਦਾ ਜਾਗਦਾ ਲੱਗਦਾ ਹੈ।

ਗੋਬਿੰਦਰ ਸਿੰਘ ਸੋਹਲ ਨੂੰ ਸਕੂਲ ਸਮੇਂ ਵਿਚ ਹੀ ਪੇਂਟਿੰਗ ਕਰਨ ਦੀ ਰੁਚੀ ਪੈਦਾ ਹੋ ਗਈ ਸੀ। ਉਸਦੀ ਜ਼ਿੰਦਗੀ ਵਿਚ ਇੱਕ ਘਟਨਾ ਨੇ ਅਜ਼ੀਬ ਮੋੜ ਲੈ ਆਂਦਾ, ਜਦੋਂ ਉਹ ਚੌਥੀ ਜਮਾਤ ਵਿਚ ਪੜ੍ਹ ਰਿਹਾ ਸੀ ਤਾਂ ਹਿਸਾਬ ਦੇ ਪੀਰੀਅਡ ਵਿਚ ਉਹ ਬੈਠਾ ਚਿਤਰ ਬਣਾ ਰਿਹਾ ਸੀ। ਅਧਿਆਪਕ ਨੇ ਉਸਨੂੰ ਮੁੱਖ ਅਧਿਆਪਕ ਕੋਲ ਲਿਜਾਕੇ ਸ਼ਿਕਾਇਤ ਲਗਾਈ ਕਿ ਉਹ ਪੜ੍ਹਨ ਵਿਚ ਦਿਲਚਸਪੀ ਨਹੀਂ ਲੈਂਦਾ ਸਗੋਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ, ਪ੍ਰੰਤੂ ਜਦੋਂ ਮੁੱਖ ਅਧਿਆਪਕ ਨੇ ਉਸਦਾ ਬਣਾਇਆ ਚਿਤਰ ਵੇਖਿਆ ਤਾਂ ਉਸਨੂੰ ਸਜਾ ਦੇਣ ਦੀ ਥਾਂ ਸ਼ਾਬਾਸ਼ ਦਿੰਦਿਆਂ ਇਨਾਮ ਵੀ ਦਿੱਤਾ, ਜਿਸ ਤੋਂ ਬਾਅਦ ਉਸਨੂੰ ਚਿਤਰ ਕਲਾ ਲਈ ਉਤਸ਼ਾਹ ਮਿਲਿਆ। ਛੇਵੀਂ ਕਲਾਸ ਵਿਚ ਡਰਾਇੰਗ ਦਾ ਵਿਸ਼ਾ ਲੈ ਕੇ ਉਸਨੇ ਪੇਂਟਿੰਗ ਨੂੰ ਆਪਣਾ ਚਹੇਤਾ ਵਿਸ਼ਾ ਬਣਾ ਲਿਆ। ਫਿਰ ਉਸਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਰੰਗਾਂ ਨਾਲ ਖੇਡਣ ਲੱਗ ਗਿਆ।

ਗੋਬਿੰਦਰ ਸਿੰਘ ਸੋਹਲ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਰਾਮਗੜ੍ਹੀਆ ਪਰਿਵਾਰ ਵਿਚ ਮਾਤਾ ਦਲੀਪ ਕੌਰ ਅਤੇ ਪਿਤਾ ਬਾਬੂ ਸਿੰਘ ਸੋਹਲ ਦੇ ਘਰ 15 ਜੁਲਾਈ 1957 ਨੂੰ ਹੋਇਆ। ਕੋਮਲ ਕਲਾ ਅਤੇ ਚਿਤਰਕਲਾ ਦਾ ਸ਼ੌਕ ਗੋਬਿੰਦਰ ਸੋਹਲ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਗੁੜ੍ਹਤੀ ਦੇ ਨਾਲ ਹੀ ਮਿਲ ਗਿਆ ਸੀ ਕਿਉਂਕਿ ਪਰਿਵਾਰ ਦੀਆਂ ਇਸਤਰੀਆਂ ਘਰ ਵਿਚ ਹੀ ਦਰੀਆਂ ਅਤੇ ਖੇਸ ਬੁਣਦੀਆਂ ਅਤੇ ਫੁਲਕਾਰੀਆਂ ਅਤੇ ਬਾਗ ਦੀ ਕਢਾਈ ਕਰਦੀਆਂ, ਮੰਜੇ ਬੁਣਦੀਆਂ ਰਹਿੰਦੀਆਂ ਸਨ, ਜਿਨ੍ਹਾਂ ਵਿਚ ਮੋਰ, ਮੁਰਗੀਆਂ ਅਤੇ ਹਿਰਨ ਬਣਾਉਂਦੀਆਂ ਰਹਿੰਦੀਆਂ ਸਨ। ਉਸਦਾ ਦਾਦਾ ਲੱਕੜ ਦਾ ਕੰਮ ਕਰਦਾ ਸੀ ਅਤੇ ਖ਼ੂਬਸੂਰਤ ਚਰਖੇ ਪਿੱਤਲ ਦੇ ਕੋਕਿਆਂ ਵਾਲੇ ਗੱਡੇ ਵੀ ਬਣਾਉਂਦਾ ਸੀ। ਘਰ ਦਾ ਮਾਹੌਲ ਹੀ ਕਲਾਕਾਰੀ ਦਾ ਸੀ, ਜਿਸਨੇ ਗੋਬਿੰਦਰ ਸੋਹਲ ਦੇ ਅੱਲੜ੍ਹ ਮਨ ਤੇ ਚਿਤਰਕਾਰੀ ਕਰਨ ਦਾ ਪ੍ਰਭਾਵ ਪਾਇਆ। ਉਸਦੀ ਚਿਤਰਕਲਾ ਵਿਚ ਨਿਖ਼ਾਰ ਦਾ ਕਾਰਨ ਉਸਦਾ ਕਈ ਖੇਤਰਾਂ ਵਿਚ ਪੜ੍ਹਾਈ ਕਰਨਾ ਵੀ ਹੈ। ਗੋਬਿੰਦਰ ਸੋਹਲ ਨੇ ਫਾਈਨ ਆਰਟਸ ਵਿਚ ਡਿਪਲੋਮਾ ਨਾਰਵੇ ਤੋਂ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪਰਸਨਲ ਮੈਨੇਜਮੈਂਟ ਅਤੇ ਇਨਡਸਟੀਅਲ ਟ੍ਰੇਨਿੰਗ ਦਾ ਡਿਪਲੋਮਾ ਪਾਸ ਕੀਤਾ ਹੈ। ਉਹ ਫੁਟਬਾਲ ਅਤੇ ਅਥਲੈਟਿਕਸ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਸੀ।

ਹਰ ਕਲਾਕਾਰ ਆਪਣੀ ਮਾਨਸਿਕ ਤ੍ਰਿਪਤੀ ਅਤੇ ਆਪਣੀ ਰੋਜੀ ਰੋਟੀ ਦੇ ਮਕਸਦ ਨਾਲ ਚਿਤਰ ਬਣਾਉਂਦਾ ਹੈ ਪ੍ਰੰਤੂ ਕੁਝ ਕਲਾਕਾਰ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਵਿਰਾਸਤ ਨੂੰ ਚਿਤਰਕੇ ਸਦਾ ਲਈ ਲੋਕਾਂ ਦੇ ਮਨਾਂ ਤੇ ਰਾਜ ਕਰਨ ਲਗਦੇ ਹਨ। ਗੋਵਿੰਦਰ ਸੋਹਲ ਵੀ ਉਨ੍ਹਾਂ ਕਲਾਕਾਰਾਂ ਵਿਚੋਂ ਹੈ, ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਸਦੇ ਸਿੱਖ ਧਰਮ ਬਾਰੇ ਬਣਾਏ ਗਏ ਚਿਤਰਾਂ ਦੀ ਨਾਂ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਨਾ ਹੀ ਪੰਜਾਬ ਸਰਕਾਰ ਨੇ ਕਦਰ ਪਾਈ ਸੀ, ਪ੍ਰੰਤੂ ਕੁਝ ਹੋਰ ਕਲਾ ਦੇ ਖੇਤਰ ਦੀਆਂ 20 ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਸਤਿਕਾਰਿਆ ਹੈ। ਗੋਬਿੰਦਰ ਸੋਹਲ ਨੂੰ ਕਈ ਬਿਮਾਰੀਆਂ ਨੇ ਘੇਰਿਆ ਹੋਇਆ ਸੀ। ਪਹਿਲਾਂ ਦੀਆਂ ਅੱਖਾਂ  ਵਿੱਚ ਨੁਕਸ ਪੈ ਗਿਆ ਸੀ, ਜਿਸ ਕਰਕੇ ਪਿਛਲੇ ਇੱਕ ਸਾਲ ਤੋਂ ਉਹ ਪੇਂਟਿੰਗ ਬਣਾਉਣ ਤੋਂ ਅਸਮਰੱਥ ਸੀ। ਫਿਰ ਉਸਨੂੰ ਗੁਰਦੇ ਦੀ ਬੀਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ। ਅਖ਼ੀਰ 3 ਨਵੰਬਰ 2025 ਨੂੰ ਉਹ ਸਵਰਗ ਸਿਧਾਰ ਗਿਆ। ਉਹ ਆਪਣੇ ਪਿੱਛੇ ਪਤਨੀ ਸੀਮਾ ਸੋਹਲ, ਸਪੁੱਤਰੀ ਸੀਰਤ ਸੋਹਲ ਅਤੇ ਇੱਕ ਸਪੁੱਤਰ ਅੰਗਦ ਸੋਹਲ ਨੂੰ ਛੱਡ ਗਿਆ ਹੈ। ਅੱਜ 15 ਨਵੰਬਰ 2025 ਨੂੰ ਭੋਗ, ਅੰਤਮ ਅਰਦਾਸ ਅਤੇ ਕੀਰਤਨ 12.00 ਤੋਂ 100.ਵਜੇ ਤੱਕ ਗੁਰਦੁਆਰਾ ਜੈ ਸਿੰਘ ਖਲਕਟ ਪਿੰਡ ਬਾਰਨ ਵਿਖੇ ਹੋਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>