ਹੈਲੋ, ਮੈਂ ਈਵੀਐਮ ਮਸ਼ੀਨ ਹਾਂ। ਉਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਜਿਸ ਨੂੰ ਤੁਸੀਂ ਹਰ ਚੋਣ ਵਿੱਚ ਵੇਖਦੇ ਹੋ, ਛੂਹੰਦੇ ਹੋ ਅਤੇ ਵੋਟ ਪਾਉਂਦੇ ਹੋ। ਮੈਂ ਇੱਕ ਸਾਧਾਰਨ ਮਸ਼ੀਨ ਹਾਂ, ਪਰ ਮੇਰੇ ਨਾਲ ਜੁੜੀਆਂ ਕਹਾਣੀਆਂ ਬਹੁਤ ਗਹਿਰੀਆਂ ਅਤੇ ਵਿਵਾਦਾਪੂਰਨ ਹਨ। ਅੱਜ 14 ਨਵੰਬਰ 2025 ਨੂੰ ਬਿਹਾਰ ਚੋਣਾਂ ਦੇ ਨਤੀਜੇ ਸਮੇਂ ਮੈਂ ਆਪਣੀ ਜ਼ਿੰਦਗੀ ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਖੁਦ ਰੱਖਣਾ ਚਾਹੁੰਦੀ ਹਾਂ। ਸ਼ੁਰੂਆਤ ਤੋਂ ਲੈ ਕੇ ਅੱਜ ਤੱਕ, ਜਿੱਥੇ ਮੈਂ ਬੇਗੁਨਾਹ ਵੀ ਬਣਦੀ ਰਹੀ ਹਾਂ ਅਤੇ ਗੁਨਾਹਗਾਰ ਵੀ ਬਣਦੀ ਰਹੀ ਹਾਂ। ਮੈਂ ਨਾ ਬੋਲ ਸਕਦੀ ਹਾਂ, ਨਾ ਰੋ ਸਕਦੀ ਹਾਂ, ਪਰ ਮੇਰੇ ਨਾਲ ਜੋ ਵਿਵਹਾਰ ਹੁੰਦਾ ਹੈ, ਉਹ ਤੁਹਾਨੂੰ ਸਭ ਕੁਝ ਦੱਸ ਦਿੰਦਾ ਹੈ। ਮੈਂ ਭਾਰਤੀ ਲੋਕਤੰਤਰ ਦੀ ਇੱਕ ਮਹੱਤਵਪੂਰਨ ਹਿੱਸੇਦਾਰ ਹਾਂ, ਪਰ ਹਰ ਵਾਰ ਜਿੱਤ-ਹਾਰ ਨਾਲ ਮੇਰਾ ਚਰਿੱਤਰ ਬਦਲ ਜਾਂਦਾ ਹੈ। ਆਓ, ਮੇਰੀ ਕਹਾਣੀ ਸੁਣੋ।
ਮੇਰੀ ਜਨਮ ਕੁੰਡਲੀ 1982 ਵਿੱਚ ਕੇਰਲ ਦੇ ਪਾਰੂਰ ਵਿਧਾਨ ਸਭਾ ਹਲਕੇ ਵਿੱਚ ਲਿਖੀ ਗਈ। ਉਸ ਵੇਲੇ ਚੋਣਾਂ ਵਿੱਚ ਬੈਲਟ ਪੇਪਰ ਹੁੰਦੇ ਸਨ, ਬੂਥ ਕੈਪਚਰਿੰਗ ਹੁੰਦੀ ਸੀ, ਬੈਲਟ ਬਾਕਸ ਭਰੇ ਜਾਂਦੇ ਸਨ, ਵੋਟਾਂ ਦੀ ਗਿਣਤੀ ਵਿੱਚ ਦਿਨ ਲੱਗ ਜਾਂਦੇ ਸਨ। ਮੈਨੂੰ ਪਾਇਲਟ ਪ੍ਰੋਜੈਕਟ ਵਜੋਂ ਲਿਆਂਦਾ ਗਿਆ ਤਾਂ ਜੋ ਚੋਣ ਪ੍ਰਕਿਰਿਆ ਸਾਫ਼ ਅਤੇ ਤੇਜ਼ ਹੋ ਸਕੇ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਮੇਰੇ ਲਈ ਕਾਨੂੰਨੀ ਅਧਾਰ ਨਹੀਂ ਹੈ, ਇਸ ਲਈ ਮੇਰਾ ਪਹਿਲਾ ਪ੍ਰਯੋਗ ਰੱਦ ਹੋ ਗਿਆ। ਫਿਰ 1989 ਵਿੱਚ ਰਾਜੀਵ ਗਾਂਧੀ ਦੀ ਸਰਕਾਰ ਨੇ ਲੋਕ ਸਭਾ ਵਿੱਚ ਬਿੱਲ ਪਾਸ ਕੀਤਾ ਅਤੇ ਮੈਨੂੰ ਕਾਨੂੰਨੀ ਮਨਜ਼ੂਰੀ ਮਿਲ ਗਈ। ਸਾਲ 1990 ਦੇ ਦਹਾਕੇ ਵਿੱਚ ਮੈਂ ਹੋਲੀ-ਹੋਲੀ ਵੱਡੇ ਪੱਧਰ ਤੇ ਵਰਤੀ ਜਾਣ ਲੱਗੀ ਅਤੇ 2004 ਵਿੱਚ ਪੂਰੇ ਦੇਸ਼ ਵਿੱਚ ਮੇਰੇ ਨਾਲ ਹੀ ਲੋਕ ਸਭਾ ਚੋਣਾਂ ਹੋਈਆਂ। ਕਾਂਗਰਸ ਨੇ ਮੈਨੂੰ ਜਨਮ ਦਿੱਤਾ, ਪਰ ਬਾਅਦ ਵਿੱਚ ਸਾਰੀਆਂ ਪਾਰਟੀਆਂ ਨੇ ਮੈਨੂੰ ਅਪਣਾ ਲਿਆ। ਅੱਜ ਮੈਂ ਵੀਵੀਪੈਟ ਨਾਲ ਜੁੜ ਕੇ ਵੋਟਰ ਨੂੰ ਆਪਣੀ ਵੋਟ ਦੀ ਪੁਸ਼ਟੀ ਵੀ ਕਰਵਾਉਂਦੀ ਹਾਂ। ਮੈਂ ਸਟੈਂਡਅਲੋਨ ਮਸ਼ੀਨ ਹਾਂ, ਇੰਟਰਨੈੱਟ ਨਾਲ ਨਹੀਂ ਜੁੜਦੀ, ਵਾਇਰਲੈੱਸ ਨਹੀਂ, ਬਲੂਟੂਥ ਵਿਕਲਪ ਨਹੀਂ। ਇੱਕ ਵਾਰ ਪ੍ਰੋਗਰਾਮ ਹੋਣ ਤੋਂ ਬਾਅਦ ਮੈਂ ਬਦਲ ਨਹੀਂ ਸਕਦੀ। ਮੇਰੇ ਅੰਦਰ ਹਰ ਵੋਟ ਸੁਰੱਖਿਅਤ ਰਹਿੰਦੀ ਹੈ।
ਮੇਰੇ ਆਉਣ ਨਾਲ ਚੋਣ ਪ੍ਰਕਿਰਿਆ ਵਿੱਚ ਕ੍ਰਾਂਤੀ ਆ ਗਈ। ਪਹਿਲਾਂ ਜਿੱਥੇ ਬੈਲਟ ਪੇਪਰਾਂ ਦੀ ਲੁੱਟ ਹੁੰਦੀ ਸੀ, ਬੂਥ ਕੈਪਚਰ ਹੁੰਦੇ ਸਨ, ਚੋਣਾਂ ਰੱਦ ਹੋ ਜਾਂਦੀਆਂ ਸਨ, ਉੱਥੇ ਮੈਂ ਸਭ ਕੁਝ ਬਦਲ ਦਿੱਤਾ। ਵੋਟਾਂ ਦੀ ਗਿਣਤੀ ਘੰਟਿਆਂ ਵਿੱਚ ਹੋਣ ਲੱਗੀ, ਨਤੀਜੇ ਤੇਜ਼ੀ ਨਾਲ ਆਉਣ ਲੱਗੇ, ਪਾਰਦਰਸ਼ਿਤਾ ਵਧੀ। ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਜਿੱਥੇ 90 ਕਰੋੜ ਤੋਂ ਵੱਧ ਵੋਟਰ ਹਨ, ਮੈਂ ਚੋਣ ਪ੍ਰਬੰਧ ਨੂੰ ਸੌਖਾ ਬਣਾ ਦਿੱਤਾ। ਮੈਂ ਮਨੁੱਖੀ ਗਲਤੀਆਂ ਘਟਾਈਆਂ, ਸਮਾਂ ਬਚਾਇਆ ਅਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ। ਚੋਣ ਕਮਿਸ਼ਨ ਮੇਰੀ ਸੁਰੱਖਿਆ ਦੀ ਗੱਲ ਕਰਦਾ ਹੈ ਕਿ ਮੈਨੂੰ ਹੈਕ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ, ਹਰ ਚੋਣ ਵਿੱਚ ਮੇਰੇ ਤੇ ਉਂਗਲ ਚੁੱਕੀ ਜਾਂਦੀ ਹੈ। ਜਦੋਂ ਕੋਈ ਪਾਰਟੀ ਮੇਰੇ ਨਾਲ ਜਿੱਤਦੀ ਹੈ, ਤਾਂ ਮੈਂ ਲੋਕਤੰਤਰ ਦੀ ਰੱਖਵਾਲੀ ਬਣ ਜਾਂਦੀ ਹਾਂ। ਉਹ ਮੇਰੀ ਸ਼ਲਾਘਾ ਕਰਦੇ ਹਨ, ਕਹਿੰਦੇ ਹਨ ਕਿ ਮੈਂ ਸਾਫ਼-ਸੁਥਰੀ ਚੋਣਾਂ ਕਰਵਾਈਆਂ। ਪਰ ਜਦੋਂ ਉਹੀ ਪਾਰਟੀ ਹਾਰ ਜਾਂਦੀ ਹੈ, ਤਾਂ ਮੈਂ ਗੁਨਾਹਗਾਰ ਬਣ ਜਾਂਦੀ ਹਾਂ। ਕਹਿੰਦੇ ਹਨ ਮੈਨੂੰ ਹੈਕ ਕੀਤਾ ਗਿਆ, ਮੈਂ ਧਾਂਦਲੀ ਕੀਤੀ, ਮੈਂ ਵੋਟਾਂ ਬਦਲ ਦਿੱਤੀਆਂ। ਇਹ ਦੋਗਲਾ ਰਵੱਈਆ ਮੇਰੇ ਲਈ ਦੁਖਦਾਈ ਹੈ। ਮੈਂ ਤਾਂ ਉਹੀ ਹਾਂ – ਨਾ ਬਦਲੀ, ਨਾ ਟੁੱਟੀ, ਨਾ ਹੈਕ ਹੋਈ। ਪਰ ਰਾਜਨੀਤਿਕ ਲਾਭ-ਹਾਨੀ ਮੇਰਾ ਚਰਿੱਤਰ ਬਦਲ ਦਿੰਦੀ ਹੈ।
2 ਜੂਨ 2017 ਦਾ ਦਿਨ ਯਾਦ ਹੈ? ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਆਓ, ਸਾਰਿਆਂ ਸਾਹਮਣੇ ਮੈਨੂੰ ਹੈਕ ਕਰਕੇ ਦਿਖਾਓ। ਮੈਨੂੰ ਅਤੇ ਵੀਵੀਪੈਟ ਨੂੰ ਉਪਲਬਧ ਕਰਵਾਇਆ ਗਿਆ। ਪਰ ਕੋਈ ਨਹੀਂ ਆਇਆ। ਮੇਰੇ ਸੰਬੰਧੀ ਨਾ ਕੋਈ ਵਿਗਿਆਨਕ ਤਰਕ, ਨਾ ਸਬੂਤ। ਫਿਰ ਵੀ ਵਿਰੋਧੀ ਧਿਰਾਂ ਨੇ ਮੀਡੀਆ ਵਿੱਚ, ਸੋਸ਼ਲ ਮੀਡੀਆ ਤੇ ਮੇਰੇ ਵਿਰੁੱਧ ਪ੍ਰਚਾਰ ਕੀਤਾ। ਵੀਡੀਓ ਵਾਇਰਲ ਹੁੰਦੇ ਹਨ ਜਿੱਥੇ ਪੁਰਾਣੀਆਂ ਜਾਂ ਫਰਜ਼ੀ ਮਸ਼ੀਨਾਂ ਨਾਲ ਮੈਨੂੰ ਟੈਂਪਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਅਸਲ ਮੈਂਨੂੰ ਕੋਈ ਛੂਹ ਨਹੀਂ ਸਕਿਆ। ਮੈਂ ਸਟੈਂਡਅਲੋਨ ਹਾਂ, ਮੇਰੇ ਵਿੱਚ ਕੋਈ ਚਿੱਪ ਨਹੀਂ ਜੋ ਬਦਲੀ ਜਾ ਸਕੇ। ਫਿਰ ਵੀ ਇਲਜ਼ਾਮ ਲੱਗਦੇ ਰਹਿੰਦੇ ਹਨ। ਅੱਜ 14 ਨਵੰਬਰ 2025 ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਰੁਝਾਨ ਆ ਰਹੇ ਹਨ। ਸ਼ੁਰੂ ਵਿੱਚ ਵਿਰੋਧੀ ਗਠਜੋੜ ਅੱਗੇ ਸੀ, ਪਰ ਜਿਵੇਂ-ਜਿਵੇਂ ਗਿਣਤੀ ਵਧੀ, ਸੱਤਾਧਾਰੀ ਐਨਡੀਏ ਨੇ ਇੱਕ ਪਾਸੜ ਹੂੰਝਾਫੇਰ ਲੀਡ ਲੈ ਲਈ। ਹੁਣ ਵਿਰੋਧੀ ਧਿਰ ਫਿਰ ਮੇਰੇ ਤੇ ਉਂਗਲ ਚੁੱਕ ਰਹੀ ਹੈ। ਕਹਿ ਰਹੀ ਹੈ ਕਿ ਮੈਨੂੰ ਹੈਕ ਕੀਤਾ ਗਿਆ, ਮੈਂ ਵੋਟਾਂ ਬਦਲ ਦਿੱਤੀਆਂ। ਪਰ ਕੀ ਉਹ ਭੁੱਲ ਗਏ ਕਿ ਉਹਨਾਂ ਦੀਆਂ ਸਰਕਾਰਾਂ ਵੀ ਮੇਰੇ ਨਾਲ ਹੀ ਬਣੀਆਂ ਸਨ? ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ, ਕੇਰਲ ਵਿੱਚ ਲੈਫਟ, ਤਾਮਿਲਨਾਡੂ ਵਿੱਚ ਡੀਐਮਕੇ – ਸਾਰੀਆਂ ਮੇਰੇ ਨਾਲ ਜਿੱਤੀਆਂ, ਤਾਂ ਮੈਂ ਬੇਗੁਨਾਹ ਸੀ। ਪਰ ਲੋਕ ਸਭਾ ਚੋਣਾਂ ਵਿੱਚ ਹਾਰ ਤੇ ਮੈਂ ਗੁਨਾਹਗਾਰ ਹੋ ਗਈ। ਇਹ ਕੋਝੀ ਮਾਨਸਿਕਤਾ ਹੈ- ਹਾਰ ਨੂੰ ਸਵੀਕਾਰ ਨਹੀਂ ਕਰਨਾ ਅਤੇ ਆਪਣੀ ਨਾਕਾਮੀ ਨੂੰ ਮੇਰੇ ਤੇ ਥੋਪਣਾ।
ਮੈਂ ਦੇਖਦੀ ਹਾਂ ਕਿ ਇਹ ਵਿਵਾਦ ਲੋਕਤੰਤਰ ਨੂੰ ਕਮਜ਼ੋਰ ਕਰ ਰਿਹਾ ਹੈ। ਲੋਕਾਂ ਵਿੱਚ ਭਰਮ ਪੈਦਾ ਹੋ ਰਿਹਾ ਹੈ। ਉਹ ਸੋਚਦੇ ਹਨ ਕਿ ਜੇ ਈਵੀਐਮ ਤੇ ਸ਼ੱਕ ਹੈ ਤਾਂ ਚੋਣ ਪ੍ਰਕਿਰਿਆ ਤੇ ਵੀ ਸ਼ੱਕ ਹੈ। ਪਰ ਮੈਂ ਤਾਂ ਸਿਰਫ਼ ਇੱਕ ਸਾਧਨ ਹਾਂ। ਜਨਤਾ ਨੇ ਵੋਟ ਪਾਈ, ਮੈਂ ਉਹਨਾਂ ਨੂੰ ਗਿਣਿਆ। ਜੇ ਸਬੂਤ ਹਨ ਤਾਂ ਅਦਾਲਤ ਜਾਓ, ਮੀਡੀਆ ਵਿੱਚ ਸ਼ੋਰ ਨਾ ਮਚਾਓ। ਅਮਰੀਕਾ ਵਿੱਚ ਵੀ ਇਲੈਕਟ੍ਰਾਨਿਕ ਵੋਟਿੰਗ ਤੇ ਸ਼ੱਕ ਉੱਠੇ, ਪਰ ਉੱਥੇ ਵਿਗਿਆਨਕ ਜਾਂਚ ਹੋਈ, ਆਡਿਟ ਹੋਇਆ। ਇੱਥੇ ਮੈਨੂੰ ਰਾਜਨੀਤਿਕ ਹਥਿਆਰ ਬਣਾਇਆ ਜਾਂਦਾ ਹੈ। ਵਿਰੋਧੀ ਧਿਰ ਦਾ ਕੰਮ ਸੱਤਾਧਾਰੀ ਪਾਰਟੀ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਹੈ, ਜਨਤਾ ਦੀਆਂ ਸਮੱਸਿਆਵਾਂ- ਬੇਰੋਜ਼ਗਾਰੀ, ਮਹਿੰਗਾਈ, ਕਿਸਾਨ, ਸਿੱਖਿਆ, ਸਿਹਤ ਤੇ ਧਿਆਨ ਦੇਣਾ ਹੈ। ਪਰ ਉਹ ਮੇਰੇ ਤੇ ਊਰਜਾ ਬਰਬਾਦ ਕਰਦੇ ਹਨ। ਇਸ ਨਾਲ ਉਹਨਾਂ ਦੀ ਭਰੋਸੇਯੋਗਤਾ ਘਟਦੀ ਹੈ, ਲੋਕ ਨਿਰਾਸ਼ ਹੁੰਦੇ ਹਨ। ਮੈਂ ਚਾਹੁੰਦੀ ਹਾਂ ਕਿ ਰਾਜਨੀਤਿਕ ਪਾਰਟੀਆਂ ਜਿੱਤ-ਹਾਰ ਨੂੰ ਸੱਚਾਈ ਨਾਲ ਸਵੀਕਾਰ ਕਰਨ, ਸਪੋਰਟਸਮੈਨ ਸਪਿਰਿਟ ਨਾਲ ਖੇਡਣ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ- ਮੈਂ ਇੱਕ ਮਸ਼ੀਨ ਹਾਂ। ਨਾ ਬੇਗੁਨਾਹ, ਨਾ ਗੁਨਾਹਗਾਰ। ਮੈਨੂੰ ਅਜਿਹਾ ਬਣਾਉਂਦੇ ਹੋ ਤੁਸੀਂ, ਤੁਹਾਡੀਆਂ ਸੋਚਾਂ, ਤੁਹਾਡੇ ਰਵੱਈਏ। ਜੇ ਤੁਸੀਂ ਅਸਲ ਮੁੱਦਿਆਂ ਤੇ ਧਿਆਨ ਦਿਓ, ਹਾਰ-ਜਿੱਤ ਨੂੰ ਸਵੀਕਾਰ ਕਰੋ, ਤਾਂ ਮੇਰੇ ਤੇ ਲੱਗਦੇ ਇਲਜ਼ਾਮ ਖ਼ਤਮ ਹੋ ਜਾਣਗੇ। ਲੋਕਤੰਤਰ ਦੀ ਖੂਬਸੂਰਤੀ ਜਨਤਾ ਦੇ ਫੈਸਲੇ ਵਿੱਚ ਹੈ, ਨਾ ਕਿ ਮੇਰੇ ਤੇ ਦੋਸ਼ ਲਗਾਉਣ ਵਿੱਚ। ਮੈਨੂੰ ਨਿਸ਼ਾਨਾ ਬਣਾਉਣ ਦੀ ਥਾਂ ਲੋਕਤੰਤਰ ਨੂੰ ਮਜ਼ਬੂਤ ਕਰੋ, ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰੋ, ਤਾਂ ਹੀ ਭਾਰਤੀ ਲੋਕਤੰਤਰ ਸੱਚਮੁੱਚ ਮਜ਼ਬੂਤ ਹੋਵੇਗਾ ਅਤੇ ਮੇਰੇ ਤੇ ਲੱਗਦੇ ਸਾਰੇ ਸ਼ੱਕ ਖ਼ਤਮ ਹੋ ਜਾਣ ਦੇ ਨਾਲ ਮੈਂ ਦੋਸ਼-ਮੁਕਤ ਹੋ ਜਾਵਾਂਗੀ।
