ਪ੍ਰਸਿੱਧ ਵਿਦਵਾਨ ਸੁਕਰਾਤ ਅਨੁਸਾਰ ,”ਕਿਸੇ ਵੀ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲਾਂ ਆਪਣੀਆਂ ਮੱਦਾਂ ਨੂੰ ਪਰਿਭਾਸ਼ਿਤ ਕਰ ਲੈਣਾ ਜਰੂਰੀ ਹੈ ।” (It is necessary to define your terms before discussion”)।ਇਸਲਈ ਪਹਿਲਾਂ ਅਸੀਂ ਦਰਸ਼ਨ ਸ਼ਾਸ਼ਤਰ ਜਾਂ ਫਿਲਾਸਫੀ ਕਿਸ ਨੂੰ ਕਹਿੰਦੇ ਹਨ ,ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ । ਫਿਲਾਸਫੀ ਸ਼ਬਦ ਮੂਲ ਰੂਪ ਵਿੱਚ ਯੂਨਾਨੀ ਭਾਸ਼ਾ ਦੇ Philosophia ਤੋਂ ਬਣਿਆ ਹੈ , ਜਿਸਦਾ ਅਰਥ ਹੈ ਗਿਆਨ ਦਾ ਪ੍ਰੇਮ (Philo =ਪ੍ਰੇਮ ,Sophia= ਗਿਆਨ) ਜਾਂ ਸਮਝਣ ਦੀ ਇੱਛਾ ।। ਇਸਤੋਂ ਸਪਸ਼ਟ ਹੈ ਕਿ ਫਿਲਾਸਫੀ ਇੱਕ ਐਸੀ ਵਿੱਦਿਆ ਹੈ ਜੋ ਗਿਆਨ, ਸੱਚਾਈ ,ਜੀਵਨ ਦੀ ਸਮਝ ਅਤੇ ਤਰਕ ਨੂੰ ਆਪਣੇ ਕੇਂਦਰ ਵਿੱਚ ਰੱਖਦੀ ਹੈ। ਪੰਜਾਬੀ ਵਿੱਚ ਫਿਲਾਸਫੀ ਨੂੰ ਦਰਸ਼ਨ ਕਿਹਾ ਜਾਂਦਾ ਹੈ ਜੋ ਕਿ ਸੰਸਕ੍ਰਿਤ ਸ਼ਬਦ ਦਰਸ਼ਨ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ “ਦੇਖਣਾ “, “ਸਮਝਣਾ ” ਜਾਂ “ਦ੍ਰਿਸ਼ਟੀਕੋਣ “। ਇਸਨੂੰ ਮਨੁੱਖੀ ਜੀਵਨ, ਸੂਚਨਾ,ਜਿੰਦਗੀ ਅਤੇ ਬ੍ਰਹਿਮੰਡ ਦੇ ਸਾਰੇ ਮੂਲ ਪ੍ਰਸ਼ਨਾਂ ਦੀ ਗੰਭੀਰ ਤਰਕਸੰਗਤ ਖੋਜ ਵੀ ਕਿਹਾ ਜਾ ਸਕਦਾ ਹੈ। ਇਹ ਸਿਧਾਂਤ ਤਰਕਪੂਰਨ ਸਥਿਤੀਆਂ ਅਤੇ ਜੀਵਨ ਮੁੱਲਾਂ ਦੀ ਨਿਰਣਾਇਕ ਜਾਂ ਵਿਸ਼ਲੇਸ਼ਣਾਤਮਕ ਪੜਚੋਲ ਹੈ ਜੋ ਮਨੁੱਖੀ ਸੂਝ ਬੂਝ ਨੂੰ ਬਿਹਤਰੀਨ ਬਣਾਉਂਦੀ ਹੈ।
ਦਰਸ਼ਨ ਸ਼ਾਸ਼ਤਰ ਦੇ ਮੁੱਖ ਖੇਤਰ ਹਨ :- ਗਿਆਨ ਵਿਗਿਆਨ (Epistemology), ਨੈਤਿਕਤਾ (Ethics), ਅਸਤਿਤਵਵਾਦ( Meta Physics) , ਤਰਕ (Logic) ਅਤੇ ਮਨੋਦਰਸ਼ਨ (Philisophy of mind)। ਇਹ ਖੇਤਰ ਮਨੁੱਖੀ ਬੁੱਧੀ ਨੂੰ ਵਿਸ਼ੇਬੱਧ ਤਰੀਕੇ ਨਾਲ ਵਿਕਸਿਤ ਕਰਦੇ ਹਨ ਅਤੇ ਤਰਕ ਦੇ ਨਾਲ ਜਿੰਦਗੀ ਦੇ ਮੂਲ ਮਾਮਲਿਆਂ ਦੀ ਸੂਝ ਕਰਵਾਉਂਦੇ ਹਨ। ਭਾਸ਼ਾਈ ਪੱਖ ਤੋਂ ਕਿਹਾ ਜਾ ਸਕਦਾ ਹੈ ਕਿ ਇਹ ਉਹ ਵਿੱਦਿਆ ਹੈ ਜੋ ਜੀਵਨ ਦੇ ਮੁੱਢਲੇ ਹਨੇਰੇ ਅਤੇ ਗੁਪਤ ਸਵਾਲਾਂ ਨੂੰ ਪ੍ਰਗਟ ਕਰਦੀ ਹੈ ਅਤੇ ਸੋਚਣਯੋਗ ਬਣਾਉਂਦੀ ਹੈ।
ਜਿੰਦਗੀ ਦੇ ਮੁੱਢਲੇ ਅਤੇ ਬੁਨਿਆਦੀ ਸਵਾਲ ਜਿਵੇਂ ਕਿ ਮਨੁੱਖੀ ਜੀਵਨ ਦਾ ਮਨੋਰਥ ਕੀ ਹੈ ?? ਜਿੰਮੇਵਾਰੀ, ਜਰੂਰੀ ਕਦਰਾਂ ਕੀਮਤਾਂ ਅਤੇ ਮਨ ਦੀ ਸੰਰਚਨਾ ਦੇ ਅਸਲ ਹਿੱਸੇ ਕਿਹੜੇ ਹਨ ??ਇਸ ਵਿੱਚ ਤਰਕ ਸੰਵਾਦੀ ਸੋਚ ਅਤੇ ਸਿੱਖਣ ਦੀ ਤਾਂਘ ਪ੍ਰਮੁੱਖ ਹੁੰਦੀ ਹੈ। ਫਿਲਾਸਫੀ ਰਾਹੀਂ ਸਪਸ਼ਟ, ਤਰਕ ਸੰਗਤ ਅਤੇ ਪਰੰਪਰਾਵਾਦੀ ਲੇਖਣੀ ਦੀ ਯੋਗਤਾ ਆਉਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਗੰਭੀਰ ਅਧਿਐਨ, ਸਮਦ੍ਰਿਸ਼ਟੀ, ਮਨੁੱਖੀ ਜੀਵਨ ਮਨੋਰਥ, ਅਤੇ ਲੌਜਿਕੀ ਤਰਕ ਦੀ ਕਲਾ ਮਿਲਦੀ ਹੈ। ਮਨੁੱਖੀ ਹੋਂਦ , ਅਸਲੀਅਤ ,ਅਸਤਿਤਵਵਾਦ ਆਦਿ ਸੰਕਲਪਾਂ ਨੂੰ ਸਮਝਦੇ ਹੋਏ ਇਨ੍ਹਾਂ ਕੋਰਾਂ ਨਾਲ ਜੁੜੇ ਤਰਕ ਦੀਆਂ ਟੂਕਾਂ ਕੀ ਹਨ ? ਵੱਖ ਵੱਖ ਦਰਸ਼ਨ ਇਸ ਤੇ ਵਿਚਾਰ ਕਰਦੇ ਹਨ ਕਿ ਅਸੀਂ ਦੁਨੀਆਂ ਨੂੰ ਕਿਵੇਂ ਵੇਖਦੇ ਹਾਂ ,ਕਿਵੇਂ ਜੀਊਣਾ ਚਾਹੀਦਾ ਹੈ। ਫਿਲਾਸਫੀ ਅਸਲ ਵਿੱਚ ਜਿੰਦਗੀ ਦੇ ਉਹਨਾਂ ਭੇਦਾਂ ਬਾਰੇ ਚਰਚਾ ਹੈ ਜਿਹਨਾਂ ਬਾਰੇ ਆਮ ਵਿਅਕਤੀ ਸੋਚਦਾ ਵੀ ਨਹੀਂ, ਪਰ ਦਾਰਸ਼ਨਿਕ ਲੋਕ ਆਪਣੀ ਸਾਰੀ ਜਿੰਦਗੀ ਉਹਨਾਂ ਭੇਦਾਂ ਨੂੰ ਲੱਭਣ ਵਿੱਚ ਲਗਾ ਦਿੰਦੇ ਹਨ।।
ਪੂਰਬ ਦੇ ਮੁੱਖ ਦਰਸ਼ਨ :- ਸੰਖੇਪ ਵਿੱਚ ਹੁਣ ਤੱਕ ਦੇ ਮੁੱਖ ਦਰਸ਼ਨਾਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ।
* ਵੇਦਾਂਤ(Vedanta):- ਇਹ ਦਰਸ਼ਨ ਵੇਦਾਂ ਅਤੇ ਉਪਨਿਸ਼ਦਾਂ ਦੁਆਰਾ ਦਿੱਤਾ ਗਿਆ ਹੈ। ਇਹ ਲੱਗਭੱਗ 1500 ਈਸਵੀ ਪੂਰਵ ਦਾ ਹੈ। ਇਸ ਦੇ ਮੁੱਖ ਨੁਕਤੇ ਹਨ ਆਤਮਾ (ਜੀਵਾਤਮਾ ) ਅਤੇ ਪਰਮਾਤਮਾ(ਬ੍ਰਹਮ)ਦਾ ਏਕੀਕਰਨ, ਮਾਇਆ(ਦੁਨੀਆ) ਦੀ ਅਸਥਿਰਤਾ , ਮੋਕਸ਼ ਦੀ ਪ੍ਰਾਪਤੀ ।
* ਬੌਧ ਫਿਲਾਸਫੀ (Buddism):- ਮਹਾਤਮਾ ਬੁੱਧ ਇਸ ਦਰਸ਼ਨ ਦੇ ਖੋਜੀ ਹਨ। ਇਹ ਲੱਗਭੱਗ 600 ਈਸਾ ਪੂਰਵ ਦਾ ਦਰਸ਼ਨ ਹੈ। ਇਸ ਵਿੱਚ ਸੱਚ ਅਹਿੰਸਾ, ਕਰਮ, ਮੁਕਤੀ(ਨਿਰਵਾਣ) ਤੇ ਜੋਰ ਦਿੱਤਾ ਗਿਆ ਹੈ।
* ਜੈਨ ਫਿਲਾਸਫੀ(Jainism):-ਇਹ ਦਰਸ਼ਨ ਲੱਗਭੱਗ 600 ਈਸਾ ਪੂਰਵ ਵਿੱਚ ਮਹਾਂਵੀਰ ਜੀਂ ਨੇ ਦਿੱਤਾ ਸੀ। ਇਸਦੇ ਮੁੱਖ ਨੁਕਤੇ ਅਹਿੰਸਾ,ਸਤਿ,ਬ੍ਰਹਮਚਰਜ, ਅਪਰਿਗ੍ਰਹ, ਆਤਮਾ ਦੀ ਸਵਤੰਤਰਤਾ ।
* ਸਿੱਖ ਫਿਲਾਸਫੀ (Sikhism):- 15ਵੀਂ ਸਦੀ ਵਿੱਚ ਇਹ ਦਰਸ਼ਨ ਗੁਰੂ ਨਾਨਕ ਜੀ ਵੱਲੋਂ ਦਿੱਤਾ ਗਿਆ ਹੈ। ਇਸ ਵਿੱਚ ਇੱਕ ਪਰਮਾਤਮਾ, ਸਤਿ, ਸੰਗਤ, ਸਿਮਰਨ, ਸੇਵਾ ,ਕੀਰਤਨ ਅਤੇ ਪ੍ਰੇਮਾ ਭਗਤੀ ਤੇ ਜੋਰ ਦਿੱਤਾ ਗਿਆ ਹੈ ।
ਪੱਛਮ ਦੇ ਮੁੱਖ ਦਰਸ਼ਨ :- ਇੱਕ ਝਲਕ ਪੱਛਮ ਦੇ ਦਰਸ਼ਨਾਂ ਉੱਤੇ ਵੀ ..
* ਯੂਨਾਨੀ ਫਿਲਾਸਫੀ : 600-300 ਈਸਵੀ ਪੂਰਵ ਵਿਚ ਪੈਦਾ ਹੋਏ ਇਸ ਦਰਸ਼ਨ ਦੇ ਮੁੱਖ ਖੋਜੀ ਸਨ ਥੈਲਜ਼(Thales), ਸੁਕਰਾਤ(Socrates), ਪਲੈਟੋ(Plato),ਅਰਸਤੂ (Aristotle) ਮੁੱਖ ਨੁਕਤੇ : ਤਰਕ, ਨੈਤਿਕਤਾ, ਜੀਵਨ ਦਾ ਅਰਥ, ਰਾਜਨੀਤੀ, ਵਿਗਿਆਨ, ਮਨੁੱਖੀ ਸੁਭਾਅ ।
* ਈਸਾਈ ਫਿਲਾਸਫੀ (Christian Philosophy):- ਸੇਂਟ ਆਗਸਟਾਈਨ (ਸ਼ੳਨਿਟ ਅੁਗੁਸਟਨਿੲ), ਥੌਮਸ ਐਕੁਇਨਸ( ਠਹੋਮੳਸ ਅਤੁਨਿੁਸ) 4-13ਵੀ ਸਦੀ ਵਿੱਚ ਹੋਏ। ਅਤੇ ਇਹਨਾਂ ਨੇ ਮੁੱਖ ਰੂਪ ਵਿੱਚ ਈਸ਼ਵਰ, ਆਤਮਾ,ਪਰਲੋਕ,ਪਾਪ-ਪੁੰਨ, ਵਿਸ਼ਵਾਸ਼ ਅਤੇ ਤਰਕ ਤੇ ਵਿਚਾਰ ਦਿੱਤੇ ।
* ਆਧੁਨਿਕ ਫਿਲਾਸਫੀ (Modern Philosophy):- ਇਹ 17ਵੀਂ 18ਵੀਂ ਸਦੀ ਵਿੱਚ ਵਿਕਸਿਤ ਹੋਈ । ਇਸਦੇ ਦਾਰਸ਼ਨਿਕ ਨੇ ਰੇਨੇ ਦੇਸਕਾਰਟੇਸ(Rene Descartes), ਜਾਨ ਲਾਕ(John Locke), ਇਮੈਨੁਅਲ ਕਾਂਟ (Immaneul Kant) ਇਸ ਦਰਸ਼ਨ ਦੇ ਮੁੱਖ ਨੁਕਤੇ ਹਨ ਵਿਅਕਤੀਵਾਦ, ਸਵੈ ਚੇਤਨਾ, ਤਰਕ ,ਵਿਗਿਆਨਕ ਵਿਧੀ, ਸਮਾਜਿਕ ਸਮਝ ।
* ਮਾਰਕਸਵਾਦ (Marxism):- 19ਵੀ ਸਦੀ ਦੇ ਕਾਰਲ ਮਾਰਕਸ(Karl Marx),ਫਰੈਡਰਿਕ ਏਂਗਲਜ਼(Fredrik Angels) ਮੁੱਖ ਨੁਕਤੇ ਸਮਾਜਿਕ ਵਿਗਿਆਨ, ਵਰਗ ਸੰਘਰਸ਼, ਸਮਾਜਿਕ ਬਦਲਾਅ, ਸਮਾਜਿਕ ਨਿਆਂ ।
* ਹੋਂਦਵਾਦ (Existentialism):- 19ਵੀ 20ਵੀ ਸਦੀ ਦੇ ਇਸ ਦਰਸ਼ਨ ਦੇ ਖੋਜੀ ਹਨ -ਸੇਰੇਨ ਕੀਰਕੇਗਾਰਦ(Seren Kirkegaard), ਫਰੈਡਰਿਕ ਨੀਤਸ਼ੇ(Fredrik Nietshte),ਜੀਨ ਪਾਲ ਸਾਰਤਰ (Jean Paul Sartre) ਮੁੱਖ ਨੁਕਤੇ ਹਨ ਵਿਅਕਤੀਗਤ ਸੁਤੰਤਰਤਾ, ਜੀਵਨ ਦਾ ਅਰਥ, ਚੋਣ, ਜਿੰਮੇਵਾਰੀ,ਅਸਥਿਰਤਾ ।
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਪੁਰਾਤਨ ਸਮੇਂ ਤੋਂ ਅੱਜ ਤੱਕ ਵੱਖ ਵੱਖ ਦਾਰਸ਼ਨਿਕਾਂ ਨੇ ਕੁਦਰਤ, ਬ੍ਰਹਮ, ਮਨੁੱਖੀ ਜੀਵਨ ਦੇ ਮਕਸਦ , ਅਤੇ ਜੀਵਨ ਨੂੰ ਵਧੀਆ ਤਰਾਂ ਜਿਊਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਕੀਤਾ ਹੈ। ਇਹ ਯਾਦ ਰੱਖਣ ਵਾਲੀ ਹੈ ਕਿ ਅਸਿੱਧੇ ਤੌਰ ਤੇ ਫਿਲਾਸਫੀ ਧਰਮ ਅਤੇ ਵਿਗਿਆਨ ਨਾਲ ਵੀ ਜੁੜੀ ਹੋਈ ਹੈ। ਪਰ ਨਾ ਤਾਂ ਇਹ ਧਰਮ ਹੀ ਹੈ ਅਤੇ ਨਾ ਹੀ ਵਿਗਿਆਨ। ਸ਼ੁਰੂ ਸ਼ੁਰੂ ਵਾਲੇ ਦਾਰਸ਼ਨਿਕ ਹੀ ਵਿਗਿਆਨਕ ਹੁੰਦੇ ਸਨ ਜਿਵੇਂ ਪਲੈਟੋ ਅਰਸਤੂ ਆਦਿ । ਪਰ ਵਿਗਿਆਨ ਦੀ ਤਰੱਕੀ ਨਾਲ ਇਹ ਇੱਕ ਵੱਖਰਾ ਵਿਸ਼ਾ ਬਣ ਗਿਆ। ਅਤੇ ਅਜੋਕਾ ਵਿਗਿਆਨ ਸਿਰਫ ਅਤੇ ਸਿਰਫ ਮਾਦੇ ਅਤੇ ਕੁਦਰਤ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਅਜੋਕੇ ਧਰਮ ਵਿਚ ਕਰਮ ਕਾਂਡ ਆਦਿ ਵਧੇਰੇ ਹਨ ਅਤੇ ਗੰਭੀਰਤਾ ਦੀ ਘਾਟ ਨਜਰ ਆਉਂਦੀ ਹੈ। ਦਾਰਸ਼ਨਿਕ ਹਮੇਸ਼ਾ ਹੀ ਗੰਭੀਰਤਾ ਨਾਲ ਡੂੰਘੇ ਵਿਸ਼ਿਆਂ ਤੇ ਡੂੰਘੀ ਗੱਲ ਕਰਦੇ ਆਏ ਹਨ।
ਵਿਸ਼ਵ ਫਿਲਾਸਫੀ ਦਿਵਸ :- ਵਿਸ਼ਵ ਫਿਲਾਸਫੀ ਦਿਵਸ ਹਰ ਸਾਲ ਨਵੰਬਰ ਮਹੀਨੇ ਦੇ ਤੀਸਰੇ ਵੀਰਵਾਰ (ਜੋ ਇਸ ਸਾਲ 20 ਨਵੰਬਰ 2025 ਨੂੰ ਹੈ) ਨੂੰ ਮਨਾਇਆ ਜਾਂਦਾ ਹੈ ਅਤੇ ਸਾਡੀ ਰੋਜ਼ਾਨਾ ਦੀ ਜਿੰਦਗੀ ਅਤੇ ਸਮਾਜ ਵਿੱਚ ਦਾਰਸ਼ਨਿਕ ਪ੍ਰਭਾਵ, ਵਿਚਾਰ ਅਤੇ ਇਹਨਾਂ ਦੀ ਮਹੱਤਤਾ ਨੂੰ ਸਮਰਪਿਤ ਇਹ ਦਿਨ ਮਨਾਇਆ ਜਾਂਦਾ ਹੈ। ਵਿਸ਼ਵ ਫਿਲਾਸਫੀ ਦਿਵਸ ਸਭ ਤੋਂ ਪਹਿਲਾਂ ਯੂਨੈਸਕੋ ਵੱਲੋਂ 21 ਨਵੰਬਰ 2002 ਨੂੰ ਪੈਰਿਸ ਵਿੱਚ ਇਸਦੇ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੀ। ਇਸਦਾ ਵਿਸ਼ਵ ਪੱਧਰ ਤੇ 2005 ਵਿੱਚ ਸੰਸਥਾਗਤ ਰੂਪ ਵਿਚ ਮਨਾਇਆ ਜਾਣਾ ਆਰੰਭ ਹੋ ਗਿਆ ਸੀ। ਆਰੰਭ ਵਿੱਚ ਇਸਦਾ ਮੁੱਖ ਨਿਸ਼ਾਨਾ ਇਨਸਾਨੀ ਵਿਚਾਰ, ਹਰੇਕ ਸੱਭਿਆਚਾਰ ਅਤੇ ਹਰੇਕ ਵਿਅਕਤੀ ਲਈ ਫਿਲਾਸਫੀ ਦੇ ਮਹੱਤਵ ਨੂੰ ਉਘਾੜਨਾ ਸੀ। ਯੂਨੈਸਕੋ ਜੋਰ ਦਿੰਦਾ ਹੈ ਕਿ ਦਰਸ਼ਨ ਸਿਰਫ ਕਾਲਪਨਿਕ ਅਤੇ ਆਦਰਸ਼ਕ ਵਿਚਾਰ ਹੀ ਨਹੀਂ ਹੈ ਬਲਕਿ ਇਹ ਤਾਂ ਇੱਕ ਆਲੋਚਨਾਤਮਕ ਅਤੇ ਪ੍ਰਸ਼ਨ ਮੁਲਕ ਅਨੁਸਾਸ਼ਨ ਹੈ ਜਿਹੜਾ ਸੁਤੰਤਰ ਅਤੇ ਵਿਸ਼ਲੇਸ਼ਣਾਤਮਕ ਸੋਚ ਨੂੰ ਉਤਸ਼ਾਹਿਤ ਕਰਦਾ ਹੈ।
ਥੀਮ ਅਤੇ ਗਤੀਵਿਧੀਆਂ :- ਹਰ ਸਾਲ ਯੂਨੈਸਕੋ ਅਤੇ ਇਸਦੇ ਸਹਿਯੋਗੀ ਸੰਸਾਰ ਲਈ ਵਿਸ਼ਵ ਫਿਲਾਸਫੀ ਦਿਵਸ ਲਈ ਵਿਲੱਖਣ ਵਿਸ਼ੇ ਚੁਣਦੇ ਹਨ, ਜਿਹੜੇ ਦਾਰਸ਼ਨਿਕ ਵਿਚਾਰਾਂ ਨੂੰ ਸਮਕਾਲੀ ਚੁਣੌਤੀਆਂ ਨਾਲ ਜੋੜਨ । ਉਦਾਹਰਣ ਵਜੋਂ ਤਾਜਾ ਗਤੀਵਿਧੀਆਂ ਸਮਾਜਿਕ ਊਰਜਾ ਉੱਤੇ ਅਤੇ ਸੰਕਟਾਂ ਤੇ ਆਲੋਚਨਾਤਮਕ ਚਿੰਤਨ ਅਤੇ ਸੰਵਾਦ ਰਾਹੀਂ ਸਮੂਹਿਕ ਤੌਰ ਤੇ ਪ੍ਰਤੀਕਿਰਿਆ ਕਰਨ ਤੇ ਕੇਂਦਰਿਤ ਰਹੀਆਂ ਹਨ। ਦਿਵਸ ਨੂੰ ਮਨਾਉਣ ਵਜੋਂ ਗਤੀਵਿਧੀਆਂ ਵਿੱਚ ਸੰਸਾਰ ਭਰ ਤੋਂ ਦਾਰਸ਼ਨਿਕਾਂ ,ਵਿਗਿਆਨਕਾਂ, ਸਿੱਖਿਆ ਸ਼ਾਸ਼ਤਰੀਆਂ ਅਤੇ ਵਿਦਿਆਰਥੀਆਂ ਦੁਆਰਾ ਦਾਰਸ਼ਨਿਕ ਵਿਚਾਰ ਚਰਚਾਵਾਂ,, ਕਾਨਫਰੰਸਾਂ, ਵਰਕਸ਼ਾਪਾਂ, ਜਨਤਕ ਲੈਕਚਰ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਸ ਦਿਵਸ ਦਾ 2024 ਦਾ ਥੀਮ ਸੀ “ਆਲੋਚਨਾਤਮਕ ਚਿੰਤਨ ਰਾਹੀਂ ਵੰਡਾਂ ਨੂੰ ਜੋੜਨਾ ” “Bridging Divides through Critical Reflection ”
2025 ਲਈ ਵਿਸ਼ਵ ਫਿਲਾਸਫੀ ਦਿਵਸ ਦਾ ਥੀਮ ਹੈ – ” ਇੱਕ ਸਮਾਵੇਸ਼ੀ ਅਤੇ ਟਿਕਾਊ ਭਵਿੱਖ ਲਈ ਦਰਸ਼ਨਸ਼ਾਸ਼ਤਰ” (Philosophy for an inclusive and sustainable future)
ਇਸਦਾ ਕੇਂਦਰੀ ਵਿਚਾਰ ਇਹ ਹੈ ਕਿ ਦਾਰਸ਼ਨਿਕ ਚਿੰਤਣ ਅਤੇ ਵਿਚਾਰ-ਵਟਾਂਦਰਾ ਸਾਨੂੰ ਕਿਸ ਤਰਾਂ ਇੱਕ ਜਿਆਦਾ ਨਿਆਂਕਾਰੀ ਅਤੇ ਟਿਕਾਊ ਸੰਸਾਰ ਦੀ ਰਚਨਾ ਵੱਲ ਪ੍ਰੇਰਿਤ ਕਰ ਸਕਦੇ ਹਨ। ਇਹ ਵਿਸ਼ਾ ਆਲੋਚਨਾਤਮਕ ਸੋਚ ਅਤੇ ਨੈਤਿਕ ਤਰਕ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ ਜੋ ਵਿਸ਼ਵ ਪੱਧਰ ਦੀਆਂ ਚੁਣੌਤੀਆਂ, ਸਮਾਜਿਕ ਵਿਭਾਜਨਾਂ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਨਿਸ਼ਾਨਿਆਂ ਦੀ ਪ੍ਰਾਪਤੀ ਨਾਲ ਜੁੜੀ ਹੋਈ ਹੈ।
ਇਹ ਵਿਸ਼ਾ ਇਸ ਗੱਲ ਤੇ ਚਰਚਾ ਦੀ ਪ੍ਰੇਰਨਾ ਕਰਦਾ ਹੈ ਕਿ ਦਰਸ਼ਨ ਸ਼ਾਸ਼ਤਰ ਕਿਸ ਤਰਾਂ ਇੱਕ ਵਧੇਰੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾ ਸਕਦਾ ਹੈ – ਉਹ ਸਮਾਜ ਜਿੱਥੇ ਹਰ ਆਵਾਜ ਦਾ ਸਤਿਕਾਰ ਹੋਵੇ – ਅਤੇ ਇੱਕ ਐਸਾ ਟਿਕਾਊ ਭਵਿੱਖ ਬਣਾਇਆ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਯਕੀਨੀ ਬਣਾਵੇ। ਵਿਵਹਾਰਕ ਤੌਰ ਤੇ ਇਹ ਵਿਸ਼ਾ ਸਪਸ਼ਟ ਕਰਦਾ ਹੈ ਕਿ ਦਰਸ਼ਨ ਸ਼ਾਸ਼ਤਰ ਸਿਰਫ ਸੂਖਮ ਜਾਂ ਅਧਿਆਤਮਕ ਚਿੰਤਨ ਤੱਕ ਸੀਮਿਤ ਨਹੀਂ ਹੈ, ਇਹ ਵਿਅਕਤੀਗਤ ਅਤੇ ਸਮਾਜਿਕ ਪੱਧਰ ਤੇ ਨੈਤਿਕ ਅਤੇ ਸੋਚ-ਵਿਚਾਰ ਕਰਕੇ ਫ਼ੈਸਲੇ ਲੈਣ ਲਈ ਇੱਕ ਵਿਹਾਰਕ ਮਾਰਗ- ਦਰਸ਼ਕ ਹੈ। ਇਹ ਵਿਸ਼ਾ ਯੂਨੈਸਕੋ ਦੇ ਵਿਆਪਕ ਉਦੇਸ਼ਾਂ ਨਾਲ ਮੇਲ ਖਾਂਦਾ ਹੈ ਜਿਸਦਾ ਮੰਤਵ ਹੈ ਦਰਸ਼ਨ ਸ਼ਾਸ਼ਤਰ ਰਾਹੀਂ ਆਲੋਚਨਾਤਮਕ ਚਿੰਤਨ ਨੂੰ ਉਤਸ਼ਾਹਿਤ ਕਰਨਾ ਅਤੇ ਮਨੁੱਖਤਾ ਅੱਗੇ ਖੜ੍ਹੀਆਂ ਵੱਡੀਆਂ ਵੱਡੀਆਂ ਚਣੌਤੀਆ ਜਿਵੇਂ ਪਰਵਾਸ, ਵਾਤਾਵਰਣ ਤਬਦੀਲੀ ਅਤੇ ਕ੍ਰਿਤਿਮ ਬੁੱਧੀ ਦੇ ਉਭਾਰ ਨਾਲ ਨਜਿੱਠਣਾ।
ਵਿਸ਼ਵ ਫਿਲਾਸਫੀ ਦਿਵਸ ਦੀ ਹੇਠ ਲਿਖੇ ਮੰਤਵਾਂ ਨੂੰ ਪੂਰਾ ਕਰਨ ਵਿੱਚ ਖਾਸ ਮਹੱਤਤਾ ਹੈ -
* ਵਿਸ਼ਾਲ ਰੂਪ ਵਿੱਚ ਸੰਸਾਰ ਦੀ ਸਮਝ ਅਤੇ ਸਹਿਣਸ਼ੀਲਤਾ ਲਈ ਸੁਤੰਤਰ ਅਤੇ ਆਲੋਚਨਾਤਮਕ ਸੋਚਣੀ ਨੂੰ ਉਤਸ਼ਾਹਿਤ ਕਰਨਾ ।
* ਵਿਭਿੰਨਤਾ ਰੱਖਣ ਵਾਲੀਆਂ ਸਭਿਅਤਾਵਾਂ ਅਤੇ ਸਭਿਆਚਾਰਾਂ ਵਿੱਚ ਬੌਧਿਕ ਸੰਵਾਦ ਪੈਦਾ ਕਰਨਾ ਅਤੇ ਉਹਨਾਂ ਵਿਚਕਾਰਲੇ ਪਾੜੇ ਨੂੰ ਘਟਾਉਣਾ।
* ਸ਼ਾਮਲ ਹੋਣ ਵਾਲਿਆਂ ਖਾਸ ਕਰਕੇ ਨੌਜਵਾਨ ਵਰਗ ਨੂੰ ਗਲੋਬਲ ਅਤੇ ਸਥਾਨਕ ਚੁਣੌਤੀਆਂ ਪ੍ਰਤੀ ਵਿਸ਼ਲੇਸ਼ਣਾਤਮਕ ਅਤੇ ਵਿਚਾਰਕ ਚਿੰਤਨ ਨਾਲ ਹੱਲ ਕਰਨਾ ।
* ਸਾਂਝੇ ਮਨੁੱਖੀ ਖਤਰਿਆਂ ਪ੍ਰਤੀ ਸ਼ਾਂਤੀ , ਆਪਸੀ ਸਤਿਕਾਰ, ਅਤੇ ਡੂੰਘੇ ਚਿੰਤਨ ਨੂੰ ਉਤਸ਼ਾਹਿਤ ਕਰਨਾ ।
ਸਾਲਾਨਾ ਗਤੀਵਿਧੀਆਂ ਫਿਲਾਸਫੀ ਨੂੰ ਵਿਸ਼ਵ ਪੱਧਰ ਤੇ ਸਿੱਖਣ ਸਿਖਾਉਣ , ਭਖਦੇ ਵਿਸ਼ਿਆਂ ਤੇ ਦਾਰਸ਼ਨਿਕ ਖੋਜਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਦੀਆਂ ਚੁਣੌਤੀਆਂ ਉੱਤੇ ਜਨਤਕ ਬਹਿਸਾਂ ਕਰਵਾਉਣ ਵੱਲ ਸੇਧਿਤ ਹੁੰਦੀਆਂ ਹਨ। ਯੂਨੈਸਕੋ ਦੇਖਦੀ ਹੈ ਕਿ ਕੌਣ ਕੌਣ ਹਿੱਸਾ ਲੈ ਰਿਹਾ ਹੈ । ਭਾਵੇਂ ਦਾਰਸ਼ਨਿਕ ਸੁਸਾਇਟੀਆਂ, ਯੂਨੀਵਰਸਿਟੀਆਂ, ਸਕੂਲ,ਕਾਲਜ, ਮੀਡੀਆ ਅਤੇ ਆਮ ਜਨਤਾ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਮੁੱਖ ਰੂਪ ਵਿੱਚ ਇਹ ਦਿਨ ਸੰਸਾਰ ਦੇ ਮਸਲਿਆਂ ਨੂੰ ਖੁੱਲ੍ਹੇ ਦਿਲ ਨਾਲ ਅਤੇ ਸਿਆਣਪ ਨਾਲ ਵਿਚਾਰ ਕਰਨ ਦਾ ਦਿਨ ਹੈ । ਜਿਹੜਾ ਸਮਾਜ ਵਿੱਚ ਸਕਾਰਾਤਮਕ ਅਤੇ ਉਸਾਰੂ ਤਬਦੀਲੀਆਂ ਨੂੰ ਜਨਮ ਦੇਣ ਵਿਚ ਸਹਾਈ ਹੋਏਗਾ ।
