ਸਾਲਟ ਲੇਕ ਸਿਟੀ, ਯੂਟਾ : ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਾਣ ਵਾਲਾ ਅਤੇ ਇਤਿਹਾਸਿਕ ਬਣ ਗਿਆ ਜਦੋ ਅਮਰੀਕਾ ਦੀ ਯੂਟਾ ਸਟੇਟ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਬਹੁਤ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੁਰੂ ਸਾਹਿਬ ਵੱਲੋਂ ਧਰਮ ਦੀ ਅਜਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਮਾਨਤਾ ਦਿੱਤੀ ਗਈ।
ਇਸ ਲਈ ਯੂਟਾ ਸਟੇਟ ਦੀ ਸਿੱਖ ਲੀਡਰਸ਼ਿਪ ਅਤੇ ਸੰਗਤ, ਵਰਲਡ ਸਿੱਖ ਪਾਰਲੀਮੈਂਟ (WSP), ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC), ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (SCCEC), ਅਤੇ ਸਿੱਖ ਕਾਕਸ ਕਮੇਟੀ (SCC) ਦੇ ਸਾਂਝੇ ਯਤਨਾਂ ਸਦਕਾ ਯੂਟਾ ਸਟੇਟ ਦੀ ਕੈਪੀਟਲ ਬਿਲਡਿੰਗ ਵਿੱਚ ਸਿੱਖਾਂ ਦੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ (24 ਨਵੰਬਰ 1675 — 24 ਨਵੰਬਰ 2025) ਸ਼ਹੀਦੀ ਦਿਹਾੜੇ ਉੱਪਰ ਉੱਨਾਂ ਦੀ ਮਹਾਨ ਕੁਰਬਾਨੀ ਨੂੰ ਰੈਕੋਗਨਾਈਜ਼ ਕਰਨ ਦਾ ਐਲਾਨ ਕੀਤਾ ਗਿਆ।
ਇਸ ਖਾਸ ਪ੍ਰੋਗਰਾਮ ਵਿੱਚ ਯੂਟਾਹ ਸਟੇਟ ਦੇ ਹੇਠ ਲਿਖੇ ਚੁਣੇ ਹੋਏ ਨੁਮਾਇੰਦੇ, ਮਾਨਯੋਗ ਡੀੲਡਰਾ ਹੈਂਡਰਿਕਸ (ਲੈਫ਼ਟੀਨੈਂਟ ਗਵਰਨਰ), ਮਾਈਕ ਮੋਵਰ (ਗਵਰਨਰ ਦੇ ਸੀਨੀਅਰ ਸਲਾਹਕਾਰ), ਐਂਥਨੀ ਲੂਬੇਟ (ਸਟੇਟ ਪ੍ਰਤਿਨਿਧੀ), ਮਾਈਕ ਕੇਰੀ (ਸਾਲਟ ਲੇਕ ਕਾਊਂਟੀ ਰਿਪਬਲਿਕਨ ਚੇਅਰ), ਕਰਿਸ ਨਲ (ਸਾਲਟ ਲੇਕ ਕਾਊਂਟੀ ਰਿਪਬਲਿਕਨ ਸਕੱਤਰ, ਸਾਬਕਾ ਚੇਅਰ), ਕੌਨਰ ਹਾਊਸ (ਕਾਂਗਰਸਵੁਮਨ ਸਲੇਸਟ ਮੈਲੋਈ ਦੇ ਕਮਿਊਨਿਟੀ ਆਉਟਰੀਚ ਕੋਆਰਡੀਨੇਟਰ), ਜ਼ੈਕ ਸ਼ੈਪਰਡ (ਕਾਂਗਰਸਵੁਮਨ ਸਲੇਸਟ ਮੈਲੋਈ ਆਫ਼ਿਸ ਦੇ ਕਮਿਊਨਿਟੀ ਆਉਟਰੀਚ, ਸਾਲਟ ਲੇਕ ਅਤੇ ਡੇਵਿਸ ਕਾਊਂਟੀਜ਼), ਕਾਰਲੋਸ ਮੋਰੈਨੋ (ਸਾਲਟ ਲੇਕ ਕਾਊਂਟੀ ਕਾਊਂਸਿਲਮੈਨ) ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਜਿੱਥੇ ਭਾਰਤ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸਮਾਗਮ ਨੂੰ ਮਨਾਉਣ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਨਾਲ ਕੁਝ ਭੇਖੀ ਸਿੱਖਾਂ ਰਾਹੀਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਬਹੁਤ ਛੋਟਾ ਕਰਕੇ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਿੱਖ ਧਰਮ ਦੀ ਵਿਲੱਖਣਤਾ ਖਤਮ ਕਰਕੇ ਹਿੰਦੂਤਵਾ ਦੇ ਖਾਰੇ ਸਮੁੰਦਰ ਵਿੱਚ ਜਜਬ ਕੀਤਾ ਜਾਵੇ। ਉੱਥੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਸਿੱਖ ਸੰਸਥਾਵਾਂ ਦੇ ਯਤਨਾਂ ਦੁਆਰਾ ਸ਼੍ਰਿਸ਼ਟ ਦੀ ਚਾਦਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਾਰਮਿਕ ਆਜ਼ਾਦੀ ਦੇ ਰਾਖੇ ਅਤੇ ਮਨੁੱਖੀ ਅਧਿਕਾਰਾਂ ਦੇ ਪਿਤਾਮਾ ਵਜੋਂ ਮਾਨਤਾ ਦੇਣ ਦੇ ਘੋਸ਼ਣਾ ਪੱਤਰ ਜਾਰੀ ਕੀਤੇ ਜਾ ਰਹੇ ਹਨ ।
