ਫ਼ਤਹਿਗੜ੍ਹ ਸਾਹਿਬ – “ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਅਤੇ ਉਸ ਉਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਦਾ ਅਹੁਦਾ ਕੇਵਲ ਸਿੱਖ ਕੌਮ ਵਿਚ ਹੀ ਨਹੀ ਬਲਕਿ ਸੰਸਾਰ ਵਿਚ ਵੀ ਅਤਿ ਸਤਿਕਾਰਿਤ ਅਤੇ ਸਰਬਉੱਚ ਹੈ । ਜਦੋ ਵੀ ਕੋਈ ਹੁਕਮਰਾਨ ਜਾਂ ਸਰਕਾਰੀ ਅਹੁਦੇਦਾਰ ਜਥੇਦਾਰ ਸਾਹਿਬ ਨੂੰ ਸੁਬੋਧਿਤ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਅਤੇ ਸਿੱਖ ਮਰਿਯਾਦਾ ਦੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਕਿਸ ਸਥਾਨ ਤੇ ਕਿਸ ਅਹੁਦੇ ਅਤੇ ਕਿਸ ਸਖਸ਼ੀਅਤ ਸੰਬੰਧੀ ਗੱਲ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਦੇ ਰੁਤਬੇ ਦੇ ਮੁਤਾਬਿਕ ਕੁਝ ਵੀ ਕਹਿੰਦੇ ਹੋਏ ਉਨ੍ਹਾਂ ਦੇ ਸਤਿਕਾਰ ਮਾਣ ਤੇ ਸੰਸਾਰ ਪੱਧਰ ਦੇ ਰੁਤਬੇ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੇ ਸਤਿਕਾਰ ਦੇ ਉਲਟ ਵਿਵਹਾਰ ਕਰਦੇ ਹੋਏ ਆਪਣੀ ਅਕਲ ਦਾ ਜਨਾਜ਼ਾਂ ਕੱਢਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਮੰਤਰੀ ਪੰਜਾਬ ਵੱਲੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਬੰਧ ਵਿਚ ਸੁਬੋਧਿਤ ਹੁੰਦੇ ਹੋਏ ਜੋ ਬਹੁਤ ਹੇਠਲੇ ਹਲਕੇ ਦੀ ਬਿਆਨਬਾਜੀ ਕਰਦੇ ਹੋਏ ਉਨ੍ਹਾਂ ਦੇ ਅਹੁਦੇ ਦੇ ਸਤਿਕਾਰ ਮਾਣ ਨੂੰ ਕਾਇਮ ਨਾ ਰੱਖਣ ਅਤੇ ਆਪਣੀ ਹੀ ਤਹਿਜੀਬ ਤੇ ਸਲੀਕੇ ਦਾ ਜਨਾਜ਼ਾਂ ਕੱਢਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਹਕੂਮਤ ਪੱਖੀ ਜਾਂ ਸਿੱਖ ਕੌਮ ਵਿਰੋਧੀ ਨਫਰਤ ਰੱਖਣ ਵਾਲਾ ਇਨਸਾਨ ਜਥੇਦਾਰ ਨੂੰ ਸੁਬੋਧਿਤ ਹੁੰਦੇ ਹੋਏ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਦਾ ਹੈ, ਉਸ ਵਿਰੁੱਧ ਸਾਡੇ ਜਥੇਦਾਰ ਸਾਹਿਬ ਨਹੀ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਹੁਦਿਆ ਤੇ ਬੈਠੇ ਸੀਨੀਅਰ ਮੈਬਰਾਂ ਨੂੰ ਫੌਰੀ ਐਕਸਨ ਕਰਦੇ ਹੋਏ ਆਪਣੀਆ ਰਵਾਇਤਾ ਅਨੁਸਾਰ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਸਿਰਫਿਰਿਆ ਸਾਡੇ ਇਸ ਮਹਾਨ ਰੁਤਬੇ ਦਾ ਅਪਮਾਨ ਕਰਨ ਜਾਂ ਉਨ੍ਹਾਂ ਦੇ ਸੰਸਾਰ ਪੱਧਰ ਦੇ ਰੁਤਬੇ ਨੂੰ ਛੁਟਿਆਉਣ ਦੀ ਗੁਸਤਾਖੀ ਨਾ ਕਰ ਸਕੇ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ ਪੰਜਾਬ ਦੇ ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਉਸ ਸਮੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਤਿਕਾਰ ਦਿੰਦੇ ਹੋਏ ਖੁਦ ਮੁੱਖ ਮੰਤਰੀ ਹੁੰਦੇ ਹੋਏ ਉਨ੍ਹਾਂ ਦੇ ਪੈਰੀ ਹੱਥ ਲਗਾਕੇ ਸਤਿਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਤੋ ਕਿਤੇ ਜਿਆਦਾ ਹੇਠਾ ਹੈ । ਜਥੇਦਾਰ ਅਕਾਲ ਤਖਤ ਸਾਹਿਬ ਉਤੇ ਕੋਈ ਵੀ ਸਰਕਾਰ ਜਾਂ ਹੁਕਮਰਾਨ ਕਿਸੇ ਤਰ੍ਹਾਂ ਦਾ ਵੀ ਹੁਕਮ ਨਹੀ ਕਰ ਸਕਦਾ । ਉਨ੍ਹਾਂ ਇਹ ਵੀ ਕਿਹਾ ਕਿ ਅਸੀ ਅਨੇਕਾ ਵਾਰ ਅੰਗਰੇਜੀ ਅਖਬਾਰਾਂ ਦੇ ਸੰਪਾਦਕਾਂ ਅਤੇ ਪ੍ਰਬੰਧਕ ਕਮੇਟੀਆ ਨੂੰ ਲਿਖਤੀ ਰੂਪ ਵਿਚ ਦੇ ਚੁੱਕੇ ਹਾਂ ਕਿ ਕਿਸੇ ਵੀ ਸਿੱਖ ਸਿਆਸੀ ਲੀਡਰ ਦੀ ਗੱਲ ਕਰਦੇ ਹੋਏ ਉਸਦੇ ਨਾਮ ਨਾਲ ‘ਸਿੰਘ’ ਅਤੇ ਬੀਬੀ ਦੇ ਨਾਮ ਨਾਲ ‘ਕੌਰ’ ਅਵੱਸ ਲਿਖਿਆ ਜਾਵੇ । ਕਿਉਂਕਿ ਜੇਕਰ ਕੌਰ ਤੇ ਸਿੰਘ ਨਹੀ ਲਿਖਿਆ ਜਾਵੇਗਾ ਤਾਂ ਇਹ ਉਨ੍ਹਾਂ ਸੰਪਾਦਕਾਂ ਤੇ ਸਰਾਰਤੀ ਸੋਚ ਰੱਖਣ ਵਾਲੇ ਪੱਤਰਕਾਰਾਂ ਦੀ ਸਿੱਖ ਕੌਮ ਦੀ ਤੋਹੀਨ ਕਰਨ ਦੇ ਅਮਲ ਹੋਣਗੇ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ । ਪਰ ਇਸਦੇ ਬਾਵਜੂਦ ਵੀ ਹਕੂਮਤ ਪੱਖੀ ਸੰਪਾਦਕ ਅਤੇ ਪੱਤਰਕਾਰ ਸਿੱਖ ਸਿਆਸਤਦਾਨਾਂ ਦੇ ਨਾਮ ਨਾਲ ਸਿੰਘ ਅਤੇ ਕੌਰ ਨਾ ਲਿਖਣ ਦੀ ਗੁਸਤਾਖੀ ਕਰਨ ਤੋ ਬਾਜ ਨਹੀ ਆ ਰਹੇ । ਇਸੇ ਤਰ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹੋਏ ਜੋ ਕੇਵਲ ‘ਗੜਗੱਜ’ ਲਿਖਿਆ ਗਿਆ ਹੈ, ਇਹ ਅਮਲ ਵੀ ਸਾਡੇ ਮਹਾਨ ਸਥਾਂਨ ਅਤੇ ਉਸ ਮਹਾਨ ਜਥੇਦਾਰ ਦੇ ਰੁਤਬੇ ਦੀ ਸੋਚੀ ਸਮਝੀ ਸਾਜਿਸ ਦੀ ਕੜੀ ਹੈ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ ਅਤੇ ਉਮੀਦ ਕਰੇਗੀ ਕਿ ਇਹ ਸੰਪਾਦਕ ਤੇ ਸਰਾਰਤੀ ਸੋਚ ਰੱਖਣ ਵਾਲੇ ਪੱਤਰਕਾਰ ਆਪਣੇ ਇਸ ਅਮਲ ਤੋ ਤੋਬਾ ਕਰਕੇ ਪੰਜਾਬ ਦੇ ਅੱਛੇ ਮਾਹੌਲ ਨੂੰ ਸੱਟ ਮਾਰਨ ਦੀ ਗੁਸਤਾਖੀ ਨਹੀ ਕਰਨਗੇ ਅਤੇ ਆਪਣੀਆ ਗਲਤੀਆ ਨੂੰ ਸੁਧਾਰਨਗੇ ।
