ਕੀ ਮਾਈ ਭਾਗੋ ਦੇ ਵਾਰਸ ਬਣਨਾ ਇੰਨਾ ਆਸਾਨ ਹੈ…?

ਮਾਈ ਭਾਗੋ, ਇਹ ਨਾਂ ਸਿਰਫ਼ ਇਤਿਹਾਸ ਦੀ ਕਿਤਾਬ ਦਾ ਪੰਨਾ ਨਹੀਂ, ਸਗੋਂ ਪੰਜਾਬ ਦੀ ਧਰਤੀ ਤੇ ਲਿਖੀ ਗਈ ਇੱਕ ਅਜਿਹੀ ਦਾਸਤਾਨ ਹੈ ਜਿਸ ਵਿੱਚ ਇੱਕ ਔਰਤ ਨੇ ਆਪਣੇ ਪਤੀ, ਭਰਾ, ਪੁੱਤਰਾਂ ਨੂੰ ਗਵਾ ਕੇ ਵੀ ਹਾਰ ਨਹੀਂ ਮੰਨੀ। ਜਦੋਂ ਚਾਲੀ ਮੁਕਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡਣ ਦਾ ਫੈਸਲਾ ਕਰਿਆ ਸੀ, ਤਦ ਮਾਈ ਭਾਗੋ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਛਾਵਰ ਕਰ ਦਿੱਤਾ। ਉਹ ਘੋੜੀ ਤੇ ਚੜ੍ਹੀ, ਹਥਿਆਰ ਫੜ੍ਹ ਕੇ ਮੁਕਤਸਰ ਦੀ ਜੰਗ ਵਿੱਚ ਲੜੀ, ਜ਼ਖ਼ਮੀ ਹੋਈ, ਪਰ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਲਈ ਆਪਣੀ ਜਾਨ ਵੀ ਦੇਣ ਤੋਂ ਨਹੀਂ ਡਰੀ। ਉਸ ਦੀ ਕੁਰਬਾਨੀ ਨੇ ਚਾਲੀ ਮੁਕਤਿਆਂ ਨੂੰ ਵੀ ਸ਼ਰਮਿੰਦਾ ਕੀਤਾ ਅਤੇ ਉਹ ਫਿਰ ਲੜਨ ਲਈ ਉੱਠੇ। ਇਹ ਸੀ ਮਾਈ ਭਾਗੋ ਦਾ ਜਜ਼ਬਾ, ਜੋ ਜ਼ੁਲਮ ਦੇ ਖਿਲਾਫ਼ ਖੜ੍ਹੀ ਹੋਈ, ਪਰ ਕਦੇ ਵੀ ਬਦਤਮੀਜ਼ੀ, ਹੰਕਾਰ ਜਾਂ ਧਮਕੀ ਦਾ ਸਹਾਰਾ ਨਹੀਂ ਲਿਆ। ਪਰ ਅੱਜ ਦਾ ਸਮਾਂ ਵੇਖੋ, ਸਿਰਫ਼ ਦੋ-ਚਾਰ ਲਲਕਾਰੇ ਮਾਰਨੇ, ਗੁੱਸੇ ਵਿੱਚ ਦੋ ਸ਼ਬਦ ਬੋਲ ਦੇਣੇ ਜਾਂ ਕਿਸੇ ਅਧਿਕਾਰੀ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰ ਲੈਣ ਨੂੰ ਹੀ ਕਈ ਲੋਕ “ਮਾਈ ਭਾਗੋ ਦੀ ਵਾਰਸ”ਜਾਂ “ਪੰਜਾਬ ਦੀ ਸ਼ੇਰਨੀ” ਐਲਾਨ ਕੇ ਅਵਾਰਡ ਤੱਕ ਦੇ ਦਿੰਦੇ ਹਨ। ਸੋਸ਼ਲ ਮੀਡੀਆ ਤੇ ਦੋ ਘੰਟੇ ਵਿੱਚ ਵਾਇਰਲ ਹੋ ਜਾਣਾ, ਕੁਝ ਰਾਜਨੇਤਾ ਜਾਂ ਜਥੇਬੰਦੀਆਂ ਦੀ ਹਵਾ ਲੱਗ ਜਾਣੀ,  ਬੱਸ ਫਿਰ ਕੀ, ਇੱਕ ਆਮ ਕੁੜੀ ਨੂੰ ਮਾਈ ਭਾਗੋ ਦੀ ਵਾਰਸ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਪਰ ਕੀ ਅਸਲ ਵਿੱਚ ਮਾਈ ਭਾਗੋ ਦੀ ਵਾਰਸ ਬਣਨਾ ਇੰਨਾ ਸੌਖਾ ਹੈ?

ਮੌਜੂਦਾ ਸਮੇਂ ਵਿੱਚ ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਹਿਲੀ ਘਟਨਾ ਰਾਜਸਥਾਨ ਹਾਈਕੋਰਟ ਦੀ ਜੱਜ ਬਣਨ ਦੀ ਪ੍ਰੀਖਿਆ ਵਾਲੀ ਹੈ। ਇੱਕ ਸਿੱਖ ਕੁੜੀ ਨੂੰ ਸਿਰਫ਼ ਇਸ ਲਈ ਪ੍ਰੀਖਿਆ ਕੇਂਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸ ਨੇ ਛੋਟੀ ਕਿਰਪਾਨ ਅਤੇ ਕੜਾ ਪਹਿਣਿਆ ਹੋਇਆ ਸੀ। ਇਹ ਗਲਤ ਸੀ, ਬਿਲਕੁਲ ਗਲਤ। ਇਹ ਧਾਰਮਿਕ ਅਜ਼ਾਦੀ ਦਾ ਸਵਾਲ ਸੀ ਅਤੇ ਉਸ ਦਾ ਵਿਰੋਧ ਕਰਨਾ ਉਸ ਕੁੜੀ ਦਾ ਹੱਕ ਵੀ ਸੀ। ਪਰ ਉਸ ਵਿਰੋਧ ਨੂੰ ਕਾਨੂੰਨੀ ਲੜਾਈ ਵਿੱਚ ਬਦਲਣ ਦੀ ਬਜਾਏ ਕੁਝ ਲੋਕਾਂ ਨੇ ਉਸ ਨੂੰ “ਮਾਈ ਭਾਗੋ ਦੀ ਵਾਰਸ” ਐਲਾਨ ਕੇ ਅੱਗੇ ਕਰ ਦਿੱਤਾ। ਫਿਰ ਕੀ ਹੋਇਆ? ਉਹ ਕੁੜੀ ਸਵੇਰੇ-ਸਵੇਰੇ ਹਨੇਰੇ ਵਿੱਚ ਪਰਿਵਾਰ ਸਮੇਤ ਪਿੰਡਾਂ ਵਿੱਚ ਘੁੰਮਣ ਲੱਗ ਪਈ, ਜਲਸਿਆਂ ਵਿੱਚ ਸਨਮਾਨ ਲੈਣ ਲੱਗ ਪਈ, ਅਵਾਰਡ ਲੈਣ ਲੱਗ ਪਈ। ਪਰ ਉਸ ਦੀ ਅਸਲ ਮੰਜ਼ਿਲ, ਜੱਜ ਬਣਨਾ, ਕਾਨੂੰਨੀ ਤੌਰ ਤੇ ਆਪਣਾ ਹੱਕ ਹਾਸਲ ਕਰਨਾ, ਉਹ ਤਾਂ ਪਿੱਛੇ ਰਹਿ ਗਿਆ। ਉਹ ਰਾਹ ਭਟਕ ਗਈ। ਅੱਜ ਉਸ ਦੀ ਲੜਾਈ ਕਿੱਥੇ ਪਹੁੰਚੀ? ਕੋਈ ਨਹੀਂ ਜਾਣਦਾ। ਪਰ ਮੀਡੀਆ ਵਿੱਚ ਉਹ ਕੁਝ ਦਿਨਾਂ ਦੀ “ਸ਼ੇਰਨੀ” ਜ਼ਰੂਰ ਬਣੀ ਰਹੀ।

ਦੂਜੀ ਘਟਨਾ ਤਾਜ਼ਾ ਹੈ, ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਵਿਰੋਧ ਲਹਿਰ ਦੀ ਹੈ। ਇੱਕ ਕੁੜੀ ਨੇ ਗੇਟ ਅੰਦਰ ਜਾਣ ਲਈ ਪੁਲਿਸ ਨਾਲ ਧੱਕਾ-ਮੁੱਕੀ ਕੀਤੀ ਅਤੇ ਬੋਲੀ, “ਅਗਰ ਮੈਨੂੰ ਕੁਝ ਕਿਹਾ ਤਾਂ ਆਪਣਾ ਹਿਸਾਬ ਲਾ ਲਿਓ”। ਕਾਨੂੰਨ ਦੀ ਨਜ਼ਰ ਵਿੱਚ ਇਹ ਸ਼ਬਦ ਸਿੱਧੇ ਧਮਕੀ ਦੇ ਦਾਇਰੇ ਵਿੱਚ ਆਉਂਦੇ ਹਨ। ਭਾਰਤੀ ਦੰਡਾਵਲੀ ਦੀ ਧਾਰਾ 503, ਧਾਰਾ 506 (ਧਮਕੀ ਦੇਣ ਦੀ ਸਜ਼ਾ)  ਅਤੇ ਜੇ ਡਿਊਟੀ ਤੇ ਮੌਜੂਦ ਸਰਕਾਰੀ ਮੁਲਾਜ਼ਮ ਨਾਲ ਹੋਵੇ ਤਾਂ ਧਾਰਾ 186 (ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣਾ) ਅਤੇ 353 (ਡਿਊਟੀ ਕਰ ਰਹੇ ਅਧਿਕਾਰੀ ਤੇ ਜ਼ੋਰ ਜਾਂ ਧਮਕੀ ਵਰਤਣਾ) ਲੱਗ ਸਕਦੀ ਹੈ। ਇਹ ਕੋਈ ਛੋਟੀ ਗੱਲ ਨਹੀਂ। ਪਰ ਇਸ ਤੋਂ ਬਾਅਦ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ। ਕਈ ਰਾਜਨੇਤਾ, ਜਥੇਬੰਦੀਆਂ ਅਤੇ ਮੀਡੀਆ ਨੇ ਉਸ ਨੂੰ “ਪੰਜਾਬ ਦੀ ਸ਼ੇਰਨੀ” ਅਤੇ “ਮਾਈ ਭਾਗੋ ਦੀ ਵਾਰਸ”ਐਲਾਨ ਦਿੱਤਾ। ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇ ਮਹਿਲਾ ਪੁਲਿਸ ਵਾਲੀ ਨੇ ਹੱਥ ਚੁੱਕਿਆ ਹੁੰਦਾ ਤਾਂ ਕੀ ਕਰਦੀ? ਉਸ ਨੇ ਕਿਹਾ, “ਫਿਰ ਮੈਂ ਵੀ ਚਪੇੜਾਂ ਮਾਰਦੀ”। ਇਹ ਸ਼ਬਦ ਵੀ ਕੈਮਰੇ ਤੇ ਰਿਕਾਰਡ ਹਨ। ਕਾਨੂੰਨੀ ਤੌਰ ਤੇ ਇਹ ਵੀ ਧਾਰਾ 506 ਅਤੇ ਸੰਭਵ ਤੌਰ ਤੇ ਧਾਰਾ 355 (ਹਮਲੇ ਜਾਂ ਅਪਰਾਧਿਕ ਮਾਨਸਿਕਤਾ ਨਾਲ ਸਰਕਾਰੀ ਮੁਲਾਜ਼ਮ ਨੂੰ ਡਿਊਟੀ ਤੋਂ ਰੋਕਣ ਦੀ ਧਮਕੀ) ਅਧੀਨ ਆਉਂਦੇ ਹਨ। ਪਰ ਇਸ ਸਭ ਦੇ ਬਾਵਜੂਦ ਉਸ ਨੂੰ ਮਾਈ ਭਾਗੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਐਮ.ਐਲ.ਏ. ਬਣਾਉਣ ਦੇ ਸੁਪਨੇ ਦਿਖਾਏ ਗਏ। ਇੱਕ ਪਲ ਲਈ ਸੋਚੋ, ਜੇ ਉਸ ਦੇ ਖਿਲਾਫ਼ ਪਰਚਾ ਦਰਜ ਹੋ ਜਾਂਦਾ, ਜੇ ਉਹ ਜੱਜ ਸਾਹਮਣੇ ਖੜ੍ਹੀ ਹੁੰਦੀ, ਤਾਂ ਕੀ ਜੱਜ ਉਸ ਨੂੰ ਇਹ ਕਹਿ ਕੇ ਛੱਡ ਦਿੰਦਾ ਕਿ “ਬਹੁਤ ਦਲੇਰੀ ਕੀਤੀ ਬੇਟੀ”? ਬਿਲਕੁਲ ਨਹੀਂ। ਡਿਊਟੀ ਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਤੇ ਹੱਥ ਚੁੱਕਣ ਦੀ ਧਮਕੀ ਦੇਣ ਵਾਲੇ ਨੂੰ ਕਾਨੂੰਨ ਸਖ਼ਤ ਸਜ਼ਾ ਦਿੰਦਾ ਹੈ। ਇੱਕ ਵਿਦਿਆਰਥਣ ਜੋ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਯੋਗਤਾ ਰੱਖਦੀ ਹੈ, ਉਸ ਦਾ ਕਰੀਅਰ ਇੱਕ ਪਲ ਵਿੱਚ ਖਤਮ ਹੋ ਸਕਦਾ ਹੈ। ਪਰ ਸਾਡੇ ਸਮਾਜ ਨੇ ਫੌਕੀ ਹਵਾ ਦੇਕੇ ਉਸ ਨੂੰ ਸ਼ੇਰਨੀ ਬਣਾ ਕੇ ਉਸ ਦੇ ਹੱਥ ਵਿੱਚ ਅਜਿਹਾ ਹਥਿਆਰ ਫੜਾ ਦਿੱਤਾ ਜਿਸ ਦਾ ਨੁਕਸਾਨ ਉਸ ਨੂੰ ਖੁਦ ਭੁਗਤਣਾ ਪਵੇਗਾ।

ਸੰਘਰਸ਼ ਕਰਨਾ ਹਰ ਨਾਗਰਿਕ ਦਾ ਹੱਕ ਹੈ। ਪਰ ਸੰਘਰਸ਼ ਅਤੇ ਬਦਤਮੀਜ਼ੀ ਵਿੱਚ ਫ਼ਰਕ ਹੁੰਦਾ ਹੈ। ਹੰਕਾਰ ਅਤੇ ਧਮਕੀ ਦਾ ਰਾਹ ਕਦੇ ਵੀ ਸਤਿਕਾਰਯੋਗ ਨਹੀਂ ਹੁੰਦਾ। ਜਿਸ ਕੁੜੀ ਨੂੰ ਪੜ੍ਹ ਕੇ ਸਮਾਜ ਲਈ ਮਿਸਾਲ ਬਣਨਾ ਚਾਹੀਦਾ ਸੀ, ਉਸ ਦੇ ਅਜਿਹੇ ਵਿਵਹਾਰ ਨੇ ਕਿੰਨੇ ਹੀ ਮਾਪਿਆਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੋਵੇਗਾ ਕਿ “ਸਾਡੀ ਧੀ ਵੀ ਜੇ ਅਜਿਹੀ ਹਵਾ ਵਿੱਚ ਉੱਡ ਗਈ ਤਾਂ?”। ਅਸਲ ਮਾਈ ਭਾਗੋ ਦੀ ਵਾਰਸ ਕੌਣ ਹੈ? ਜੇ ਸੱਚਮੁੱਚ ਕਿਸੇ ਨੂੰ ਇਹ ਸਨਮਾਨ ਦੇਣਾ ਹੈ ਤਾਂ ਪੰਜਾਬ ਦੀਆਂ ਉਹਨਾਂ ਮਾਵਾਂ ਨੂੰ ਦੋ ਜੋ ਸਾਰੀ ਉਮਰ ਦੁੱਖ-ਤਕਲੀਫ਼ਾਂ ਸਹਿੰਦੀਆਂ ਹਨ, ਪਰਿਵਾਰ ਨੂੰ ਜੋੜ ਕੇ ਰੱਖਦੀਆਂ ਹਨ, ਬੱਚਿਆਂ ਨੂੰ ਪਾਲਦੀਆਂ-ਪੋਸਦੀਆਂ ਹਨ, ਰਿਸ਼ਤੇ ਨਿਭਾਉਂਦੀਆਂ ਹਨ ਅਤੇ ਆਪਣੇ ਆਪ ਨੂੰ ਪਰਿਵਾਰ ਲਈ ਪੂਰੀ ਤਰ੍ਹਾਂ ਨਿਛਾਵਰ ਕਰ ਦਿੰਦੀਆਂ ਹਨ। ਉਹ ਕਦੇ ਸਟੇਜ ਤੇ ਨਹੀਂ ਚੜ੍ਹਦੀਆਂ, ਕੋਈ ਅਵਾਰਡ ਨਹੀਂ ਲੈਂਦੀਆਂ, ਪਰ ਉਨ੍ਹਾਂ ਦੀ ਕੁਰਬਾਨੀ ਮਾਈ ਭਾਗੋ ਤੋਂ ਘੱਟ ਨਹੀਂ ਹੁੰਦੀ। ਪਰ ਉਨ੍ਹਾਂ ਨੂੰ ਕੋਈ “ਸ਼ੇਰਨੀ” ਨਹੀਂ ਆਖਦਾ, ਕਿਉਂਕਿ ਉਨ੍ਹਾਂ ਦਾ ਸੰਘਰਸ਼ ਚੁੱਪ-ਚੁਪੀਤੇ ਹੁੰਦਾ ਹੈ, ਉਹ ਰਾਜਨੀਤੀ ਦੀ ਰੋਟੀ ਸੇਕਣ ਲਈ ਵਰਤੀਆਂ ਨਹੀਂ ਜਾ ਸਕਦੀਆਂ।

ਮਾਈ ਭਾਗੋ ਦਾ ਨਾਂ ਇਤਿਹਾਸ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਬਦਲੇ ਲਿਖਿਆ ਹੈ। ਉਸ ਨਾਂ ਨੂੰ ਹਲਕਾ ਕਰਨਾ ਸਾਡੇ ਮਹਾਨ ਇਤਿਹਾਸ ਨਾਲ ਧੱਕਾ ਹੈ। ਸਿਰਫ਼ ਦੋ ਲਲਕਾਰੇ ਮਾਰਨ ਨਾਲ, ਦੋ ਗੁੱਸੇ ਵਾਲੇ ਬੋਲ ਬੋਲਣ ਨਾਲ ਕੋਈ ਮਾਈ ਭਾਗੋ ਦੀ ਵਾਰਸ ਨਹੀਂ ਬਣ ਸਕਦਾ। ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਹ ਅਸਲ ਵਿੱਚ ਉਨ੍ਹਾਂ ਨੌਜਵਾਨਾਂ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਹਨ ਜਿਨ੍ਹਾਂ ਨੂੰ ਆਪਣੇ ਭਵਿੱਖ ਵਿੱਚ ਅੱਗੇ ਵਧਣਾ ਚਾਹੀਦਾ ਹੈ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਮਹਾਨ ਕਿਰਦਾਰਾਂ ਦੇ ਨਾਂ ਨੂੰ ਬਚਾਈਏ। ਉਨ੍ਹਾਂ ਨੂੰ ਰਾਜਨੀਤੀ ਦੀ ਭੇਟ ਨਾ ਚੜ੍ਹਾਈਏ। ਸੱਚੀ ਦਲੇਰੀ ਚੁੱਪ-ਚਾਪ ਜਿਊਣ ਵਿੱਚ ਵੀ ਹੁੰਦੀ ਹੈ, ਸਹੀ ਰਾਹ ਤੇ ਚੱਲਣ ਵਿੱਚ ਵੀ ਹੁੰਦੀ ਹੈ  ਅਤੇ ਸਭ ਤੋਂ ਵੱਡੀ ਦਲੇਰੀ ਤਾਂ ਆਪਣੀ ਗਲਤੀ ਸਵੀਕਾਰ ਕਰਨ ਅਤੇ ਸੁਧਾਰ ਕਰਨ ਵਿੱਚ ਹੁੰਦੀ ਹੈ। ਮਾਈ ਭਾਗੋ ਦੀ ਵਾਰਸ ਬਣਨਾ ਬਹੁਤ ਔਖਾ ਹੈ। ਇਹ ਸਿਰਫ਼ ਲਲਕਾਰੇ ਮਾਰਨ ਨਾਲ ਨਹੀਂ ਹੁੰਦਾ। ਇਹ ਤਾਂ ਜੀਵਨ ਨੂੰ ਪੂਰੀ ਤਰ੍ਹਾਂ ਨਿਛਾਵਰ ਕਰਨ ਨਾਲ ਹੁੰਦਾ ਹੈ ਅਤੇ ਉਹ ਜਜ਼ਬਾ ਅੱਜ ਵੀ ਜਿਊਂਦਾ ਹੈ, ਸਾਡੀਆਂ ਮਾਵਾਂ ਵਿੱਚ, ਸਾਡੀਆਂ ਧੀਆਂ ਵਿੱਚ,  ਜੋ ਚੁੱਪ-ਚਾਪ, ਸਤਿਕਾਰ ਨਾਲ, ਪਰ ਅਡੋਲ ਹੋ ਕੇ ਜ਼ਿੰਦਗੀ ਦੀ ਜੰਗ ਲੜ ਰਹੀਆਂ ਹਨ। ਉਨ੍ਹਾਂ ਨੂੰ ਸਲਾਮ ਕਰੋ। ਉਨ੍ਹਾਂ ਨੂੰ ਮਾਈ ਭਾਗੋ ਦੀ ਅਸਲ ਵਾਰਸ ਮੰਨੋ। ਬਾਕੀ ਸਿਰਫ਼ ਸ਼ੋਰ ਹੈ, ਸੱਚ ਨਹੀਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>